ਲਗਜ਼ਰੀ ਕਾਰ ਕੰਪਨੀਆਂ ਨੂੰ ਭਾਰਤ 'ਚ ਇਸ ਸਾਲ ਘੱਟ ਵਿਕਰੀ ਹੋਣ ਦਾ ਡਰ

04/16/2018 9:20:24 AM

ਨਵੀਂ ਦਿੱਲੀ - ਲਗਜ਼ਰੀ ਕਾਰ ਕੰਪਨੀ ਆਡੀ, ਜੈਗੁਆਰ ਲੈਂਡ ਰੋਵਰ ਅਤੇ ਮਰਸਡੀਜ਼ ਬੈਂਜ਼ ਦਾ ਕਹਿਣਾ ਹੈ ਕਿ ਵਾਹਨਾਂ ਦੀ ਕੀਮਤ 'ਚ ਵਾਧੇ ਦਾ ਅਸਰ ਮੌਜੂਦਾ ਵਿੱਤੀ ਸਾਲ 'ਚ ਭਾਰਤ 'ਚ ਉਨ੍ਹਾਂ ਦੀ ਵਿਕਰੀ 'ਤੇ ਰਹੇਗਾ। ਇਨ੍ਹਾਂ ਵਾਹਨ ਕੰਪਨੀਆਂ ਨੇ ਬਜਟ 'ਚ ਇੰਪੋਰਟ ਡਿਊਟੀ ਵਧਾਏ ਜਾਣ ਤੋਂ ਬਾਅਦ ਵਾਹਨਾਂ ਦੇ ਮੁੱਲ ਵਧਾਏ ਹਨ। ਇਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਵਿੱਤੀ ਸਾਲ 'ਚ ਉਦਯੋਗ ਦਾ ਕੁਲ ਵਾਧਾ ਸਪਾਟ ਜਾਂ 10 ਫ਼ੀਸਦੀ ਤੋਂ ਘੱਟ ਹੀ ਰਹੇਗਾ, ਜਦੋਂ ਕਿ ਪਹਿਲਾਂ ਉਮੀਦ ਸੀ ਕਿ ਵਾਧਾ 10 ਫ਼ੀਸਦੀ ਤੋਂ ਜ਼ਿਆਦਾ ਰਹੇਗਾ।    
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ 2018-19 ਦੇ ਆਮ ਬਜਟ 'ਚ ਮੋਟਰ ਵਾਹਨਾਂ, ਮੋਟਰ ਕਾਰ, ਮੋਟਰਸਾਈਕਲ ਦੇ ਪੁਰਜ਼ਿਆਂ ਦੇ ਸੀ. ਕੇ. ਡੀ. ਦੇ ਰੂਪ 'ਚ ਦਰਾਮਦ 'ਤੇ ਕਸਟਮ ਡਿਊਟੀ ਨੂੰ 10 ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤਾ ਸੀ। ਇਸ ਤੋਂ ਬਾਅਦ ਵਾਹਨ ਕੰਪਨੀਆਂ ਨੇ ਆਪਣੇ ਵਾਹਨਾਂ ਦੇ ਮੁੱਲ 1 ਲੱਖ ਤੋਂ 10 ਲੱਖ ਰੁਪਏ ਤੱਕ ਵਧਾਏ ਹਨ।  
ਯਾਤਰੀ ਵਾਹਨਾਂ ਦੀ ਬਰਾਮਦ 1.51 ਫ਼ੀਸਦੀ ਘਟੀ  
ਦੇਸ਼ ਤੋਂ ਯਾਤਰੀ ਵਾਹਨਾਂ ਦੀ ਬਰਾਮਦ 'ਚ 2017-18 'ਚ 1.51 ਫ਼ੀਸਦੀ ਦੀ ਗਿਰਾਵਟ ਆਈ। 7 ਸਾਲ 'ਚ ਪਹਿਲੀ ਵਾਰ ਬਰਾਮਦ 'ਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪ੍ਰਮੁੱਖ ਵਾਹਨ ਕੰਪਨੀਆਂ ਵੱਲੋਂ ਘਰੇਲੂ ਬਾਜ਼ਾਰ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਕਾਰਨ ਬੀਤੇ ਵਿੱਤੀ ਸਾਲ 'ਚ ਬਰਾਮਦ 'ਚ ਇਹ ਕਮੀ ਆਈ। ਇਸ ਦੇ ਨਾਲ ਹੀ ਜੀ. ਐੱਸ. ਟੀ. ਰੀਫੰਡ ਮਾਮਲੇ ਦਾ ਅਸਰ ਵੀ ਬਰਾਮਦ 'ਤੇ ਰਿਹਾ। ਭਾਰਤੀ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਅਨੁਸਾਰ ਯਾਤਰੀ ਵਾਹਨਾਂ ਦੀ ਬਰਾਮਦ 2017-18 'ਚ 7,47,287 ਇਕਾਈ ਰਹੀ ਜੋ ਪਿਛਲੇ ਸਾਲ 'ਚ 7,58,727 ਇਕਾਈ ਰਹੀ ਸੀ


Related News