Health Tips: ਨਿੰਬੂ ਪਾਣੀ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ, ਭਾਰ ਘੱਟ ਹੋਣ ਸਣੇ ਹੋਣਗੇ ਕਈ ਫ਼ਾਇਦੇ
Wednesday, Apr 10, 2024 - 06:35 PM (IST)
ਜਲੰਧਰ - ਨਿੰਬੂ ਪਾਣੀ ਸਿਹਤ ਲਈ ਬਹੁਤ ਫ਼ਾਇਦੇਮਦ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਪੋਟਾਸ਼ਿਅਮ, ਫਾਈਬਰ ਵਰਗੇ ਕਈ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ। ਸਵੇਰੇ ਉੱਠਦੇ ਸਾਰ ਖਾਲੀ ਢਿੱਡ ਨਿੰਬੂ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਗਰਮੀਆਂ ਦੇ ਮੌਸਮ ਵਿੱਚ ਨਿੰਬੂ ਪਾਣੀ ਤਾਜ਼ਗੀ ਦੇਣ ਵਾਲਾ ਡਰਿੰਕ ਹੈ, ਜੋ ਥਕਾਵਟ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਸਰੀਰ ਵਿੱਚ ਊਰਜਾ ਦਾ ਸੰਚਾਰ ਹੋਣ ਦੇ ਨਾਲ-ਨਾਲ ਭਾਰ ਵੀ ਘੱਟ ਹੁੰਦਾ ਹੈ। ਨਿੰਬੂ ਪਾਣੀ ਸਰੀਰ 'ਚੋਂ ਨਾ ਸਿਰਫ਼ ਗੰਦਗੀ ਬਾਹਰ ਕੱਢਦਾ ਹੈ ਸਗੋਂ ਖ਼ੂਨ ਵੀ ਸਾਫ਼ ਕਰਦਾ ਹੈ। ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਨਾਲ ਕਰਨ 'ਤੇ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਸਰੀਰ ਹਾਈਡਰੇਟ ਰਹਿੰਦਾ
ਸਰੀਰ ਨੂੰ ਹਾਈਡਰੇਟ ਰੱਖਣ ਲਈ ਨਿੰਬੂ ਪਾਣੀ ਦਾ ਸੇਵਨ ਕਰੋ। ਨਿੰਬੂ ਪਾਣੀ ਸਰੀਰ ਵਿੱਚ ਤੇਜ਼ੀ ਨਾਲ ਪਾਣੀ ਦੀ ਸਪਲਾਈ ਕਰਦਾ ਹੈ ਅਤੇ ਗੰਦਲੇ ਪਦਾਰਥ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਨਾਲ ਸਰੀਰ 'ਚ ਜਮ੍ਹਾ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਤਣਾਅ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।
ਪਾਚਨ ਸ਼ਕਤੀ ਮਜ਼ਬੂਤ
ਸਵੇਰੇ ਖਾਲੀ ਢਿੱਡ ਨਿੰਬੂ ਪਾਣੀ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਨਿੰਬੂ ਨੂੰ ਵਿਟਾਮfਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ-ਸੀ, ਪੋਟਾਸ਼ਿਅਮ, ਫਾਈਬਰ ਮਿਲਦਾ ਹੈ, ਜੋ ਪਾਚਨ ਨੂੰ ਦਰੁਸਤ ਰੱਖਦਾ ਹੈ। ਨਿੰਬੂ ਪਾਣੀ ਪੀਣ ਨਾਲ ਐਸਿਡੀਟੀ ਤੋਂ ਨਿਜ਼ਾਤ ਮਿਲਦੀ ਹੈ।
ਭਾਰ ਘੱਟ ਕਰਨ 'ਚ ਫ਼ਾਇਦੇਮੰਦ
ਲਗਾਤਾਰ ਵੱਧ ਰਹੇ ਭਾਰ ਨੂੰ ਘੱਟ ਕਰਨ 'ਚ ਨਿੰਬੂ ਪਾਣੀ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ। ਨਿੰਬੂ ਵਿੱਚ ਪਾਏ ਜਾਣ ਵਾਲੇ ਪੇਕਟਿਨ ਫਾਈਬਰ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਨਿੰਬੂ ਪਾਣੀ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਕੱਢ ਕੇ ਭਾਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਸਰੀਰ ਨੂੰ ਊਰਜਾ ਮਿਲਦੀ ਹੈ
ਗਰਮੀਆਂ ਦੇ ਮੌਸਮ 'ਚ ਸਰੀਰ ਦੀ ਊਰਜਾ ਨੂੰ ਕਾਇਮ ਰੱਖਣ ਲਈ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰੋ। ਇਸ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਦਿੰਦਾ ਹੈ। ਗਰਮੀਆਂ ਵਿੱਚ ਚਾਹ-ਕੌਫ਼ੀ ਦੀ ਥਾਂ 'ਤੇ ਨਿੰਬੂ ਪਾਣੀ ਪੀਣ ਦੀ ਆਦਤ ਪਾਓ, ਜਿਸ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
ਚਿਹਰੇ 'ਤੇ ਆਉਂਦਾ ਹੈ ਨਿਖ਼ਾਰ
ਨਿੰਬੂ ਪਾਣੀ 'ਚ ਵਿਟਾਮਿਨ-ਸੀ ਅਤੇ ਐਂਟੀ-ਆਕਸੀਡੇਂਟ ਦੇ ਗੁਣ ਹੁੰਦੇ ਹਨ। ਇਸ ਨਾਲ ਚਮੜੀ 'ਤੇ ਹੋਣ ਵਾਲੇ ਦਾਗ-ਧੱਬੇ ਦੂਰ ਹੋ ਜਾਂਦੇ ਹਨ, ਜਿਸ ਨਾਲ ਨਿਖ਼ਾਰ ਆਉਂਦਾ ਹੈ। ਜੇਕਰ ਤੁਸੀਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਫੇਸ 'ਤੇ ਲਗਾਉਂਦੇ ਹੋ ਤਾਂ ਚਿਹਰਾ ਚਮਕਦਾਰ ਹੋ ਜਾਵੇਗਾ।