EPFO ਨੇ ਨਵੰਬਰ 2021 ’ਚ ਜੋੜੇ 13.95 ਲੱਖ ਨਵੇਂ ਸ਼ੇਅਰਧਾਰਕ
Friday, Jan 21, 2022 - 10:24 AM (IST)
ਨਵੀਂ ਦਿੱਲੀ–ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਨਵੰਬਰ 2021 ’ਚ ਸ਼ੁੱਧ ਰੂਪ ਨਾਲ 13.95 ਲੱਖ ਸ਼ੇਅਰਧਾਰਕ ਜੋੜੇ ਹਨ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ ’ਚ ਲਗਭਗ 38 ਫੀਸਦੀ ਵੱਧ ਹੈ। ਨਿਸ਼ਚਿਤ ਤਨਖਾਹ ’ਤੇ ਰੱਖੇ ਗਏ (ਪੇਰੋਲ) ਕਰਮਚਾਰੀਆਂ ਦੇ ਤਾਜ਼ਾ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਈ. ਪੀ. ਐੱਫ. ਓ. ਦੇ ਅਸਥਾਈ ਪੇਰੋਲ ਅੰਕੜਿਆਂ ਮੁਤਾਬਕ ਪਿਛਲੇ ਸਾਲ ਨਵੰਬਰ ’ਚ 13.95 ਲੱਖ ਸ਼ੇਅਰਧਾਰਕ ਜੋੜੇ ਗਏ ਹਨ। ਇਹ ਅਕਤੂਬਰ 2021 ਦੀ ਤੁਲਨਾ ’ਚ 2.85 ਲੱਖ ਜਾਂ 25.65 ਫੀਸਦੀ ਵੱਧ ਹੈ।
ਕਿਰਤ ਮੰਤਰਾਲਾ ਨੇ ਕਿਹਾ ਕਿ ਸਾਲਾਨਾ ਆਧਾਰ ’ਤੇ ਤੁਲਨਾ ਕੀਤੀ ਜਾਵੇ ਤਾਂ ਸ਼ੇਅਰਧਾਰਕਾਂ ਦੀ ਗਿਣਤੀ ’ਚ 3.84 ਲੱਖ ਦਾ ਵਾਧਾ ਹੋਇਆ ਹੈ। ਨਵੰਬਰ 2020 ’ਚ ਈ. ਪੀ. ਐੱਫ. ਓ. ਨੇ ਸ਼ੁੱਧ ਰੂਪ ਨਾਲ 10.11 ਲੱਖ ਸ਼ੇਅਰਧਾਰਕ ਜੋੜੇ ਸਨ।
ਇਹ ਅੰਕੜੇ ਦੇਸ਼ ’ਚ ਸੰਗਠਿਤ ਰੁਜ਼ਗਾਰ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹਨ। ਨਵੰਬਰ 2021 ’ਚ ਜੋੜੇ ਗਏ ਕੁੱਲ 13.95 ਸ਼ੇਅਰਧਾਰਕਾਂ ’ਚੋਂ 8.28 ਲੱਖ ਮੈਂਬਰ ਪਹਿਲੀ ਵਾਰ ਈ. ਪੀ. ਐੱਫ. ਓ. ਦੇ ਸਮਾਜਿਕ ਸੁਰੱਖਿਆ ਘੇਰੇ ’ਚ ਆਏ ਹਨ।