ਡੀਪ ਫਰੀਜ਼ਰ, ਹਲਕੇ ਕਮਰਸ਼ੀਅਲ AC ਸਟਾਰ ਰੇਟਿੰਗ ਪ੍ਰੋਗਰਾਮ ਦੇ ਘੇਰੇ ’ਚ, ਹੋਵੇਗੀ ਬਿਜਲੀ ਦੀ ਬੱਚਤ
Tuesday, Mar 03, 2020 - 11:18 AM (IST)
ਨਵੀਂ ਦਿੱਲੀ — ਬਿਜਲੀ ਮੰਤਰਾਲਾ ਦੇ ਅਧੀਨ ਆਉਣ ਵਾਲੇ ਊਰਜਾ ਯੋਗਤਾ ਬਿਊਰੋ (ਬੀ. ਈ. ਈ.) ਨੇ ਡੀਪ ਫਰੀਜ਼ਰ ਅਤੇ ਹਲਕੇ ਕਮਰਸ਼ੀਅਲ ਏਅਰ ਕੰਡੀਸ਼ਨਰ ਨੂੰ ਸਟਾਰ ਲੇਬਲਿੰਗ ਯਾਨੀ ਸਟਾਰ ਰੇਟਿੰਗ ਪ੍ਰੋਗਰਾਮ ਦੇ ਘੇਰੇ ’ਚ ਲਿਆਉਣ ਦਾ ਐਲਾਨ ਕੀਤਾ। ਸਟਾਰ ਲੇਬਲ ਦੇ ਮਾਧਿਅਮ ਨਾਲ ਉਪਕਰਨ ਵਿਨਿਰਮਾਤਾ ਇਹ ਦੱਸਦਾ ਹੈ ਕਿ ਉਸ ਦਾ ਕੋਈ ਉਪਕਰਨ ਬਿਜਲੀ ਖਰਚੇ ਦੇ ਹਿਸਾਬ ਨਾਲ ਕਿੰਨਾ ਰਿਆਇਤੀ ਹੈ। ਇਸ ਨਾਲ ਸਿਰਫ ਇਨ੍ਹਾਂ 2 ਕਿਸਮ ਦੇ ਬਿਜਲੀ ਯੰਤਰਾਂ ਦੀ ਵਰਤੋਂ ’ਚ 2030 ਤੱਕ ਕੁੱਲ 9 ਅਰਬ ਯੂਨਿਟ ਬਿਜਲੀ ਦੀ ਬੱਚਤ ਹੋ ਸਕਦੀ ਹੈ ਅਤੇ 77 ਲੱਖ ਟਨ ਕਾਰਬਨ ਨਿਕਾਸੀ ’ਚ ਕਮੀ ਆਉਣ ਦਾ ਅੰਦਾਜ਼ਾ ਹੈ। ਅਜੇ ਇਨ੍ਹਾਂ ਲਈ ਇਹ ਲੇਬਲਿੰਗ ਸਵੈ-ਇੱਛੁਕ ਰੱਖੀ ਗਈ ਹੈ।
ਡੀਪ ਫਰੀਜ਼ਰ ਦੀ ਵਰਤੋਂ ਖਾਣ-ਪੀਣ ਦਾ ਸਾਮਾਨ, ਫਲ, ਸਬਜ਼ੀਆਂ ਵਰਗੇ ਪਦਾਰਥਾਂ ਦੇ ਲੰਮੇ ਸਮੇਂ ਤੱਕ ਸੰਭਾਲੇ ਰੱਖਣ ’ਚ ਹੁੰਦੀ ਹੈ। ਉਥੇ ਹੀ ਹਲਕੇ ਕਮਰਸ਼ੀਅਲ ਏਅਰ ਕੰਡੀਸ਼ਨਰ 3 ਤੋਂ 5 ਟਨ ਤੱਕ ਦੀ ਸਮਰੱਥਾ ਦੇ ਆਉਂਦੇ ਹਨ। ਬੀ. ਈ. ਈ. ਦੇ 19ਵੇਂ ਸਥਾਪਨਾ ਦਿਨ ਦੇ ਮੌਕੇ ’ਤੇ ਆਯੋਜਿਤ ਪ੍ਰੋਗਰਾਮ ’ਚ ਬਿਜਲੀ ਸਕੱਤਰ ਐੱਸ. ਐੱਨ. ਸਹਾਏ ਨੇ ਇਨ੍ਹਾਂ ਉਪਕਰਨਾਂ ਨੂੰ ਸਟਾਰ ਰੇਟਿੰਗ ਪ੍ਰੋਗਰਾਮ ਦੇ ਘੇਰੇ ’ਚ ਲਿਆਉਣ ਦਾ ਐਲਾਨ ਕੀਤਾ ਹੈ। ਫਿਲਹਾਲ ਡੀਪ ਫਰੀਜ਼ਰ ਲਈ ਸਟਾਰ ਰੇਟਿੰਗ ਸਵੈ-ਇੱਛੁਕ ਹੋਵੇਗਾ ਅਤੇ ਊਰਜਾ ਖਪਤ ਪੈਮਾਨਾ 31 ਦਸੰਬਰ 2021 ਤੱਕ ਲਾਗੂ ਹੋਵੇਗਾ। ਉਥੇ ਹੀ ਹਲਕੇ ਕਮਰਸ਼ੀਅਲ ਏਅਰ ਕੰਡੀਸ਼ਨਰ ਲਈ ਇਹ 2 ਮਾਰਚ 2020 ਤੋਂ 31 ਦਸੰਬਰ 2021 ਤੱਕ ਸਵੈ-ਇੱਛੁਕ ਹੋਵੇਗਾ। ਉਸ ਤੋਂ ਬਾਅਦ ਬਾਜ਼ਾਰ ਦੀ ਸਥਿਤੀ ਦਾ ਮੁਲਾਂਕਣ ਕਰ ਕੇ ਇਨ੍ਹਾਂ ਉਪਕਰਨਾਂ ਲਈ ਸਟਾਰ ਰੇਟਿੰਗ ਪ੍ਰੋਗਰਾਮ ਨੂੰ ਲਾਜ਼ਮੀ ਬਣਾਇਆ ਜਾਵੇਗਾ।
ਸੰਸਥਾਨ ਅਨੁਸਾਰ ਜਿੱਥੇ ਡੀਪ ਫਰੀਜ਼ਰ ਨੂੰ ਸਟਾਰ ਰੇਟਿੰਗ ਪ੍ਰੋਗਰਾਮ ’ਚ ਲਿਆਉਣ ਨਾਲ 2030 ਤੱਕ 6.2 ਅਰਬ ਯੂਨਿਟ ਬਿਜਲੀ ਦੀ ਬੱਚਤ ਹੋਵੇਗੀ ਉਥੇ ਹੀ ਹਲਕੇ ਕਮਰਸ਼ੀਅਲ ਏ. ਸੀ. ਦੇ ਮਾਮਲੇ ’ਚ 2.8 ਅਰਬ ਯੂਨਿਟ ਬਿਜਲੀ ਬੱਚਤ ਦਾ ਅੰਦਾਜ਼ਾ ਹੈ। ਯਾਨੀ ਕੁਲ ਮਿਲਾ ਕੇ ਇਸ ਨਾਲ 9 ਅਰਬ ਯੂਨਿਟ ਬਿਜਲੀ ਦੀ ਬੱਚਤ ਹੋਵੇਗੀ। ਉਥੇ ਹੀ ਇਸ ਨਾਲ ਕਾਰਬਨ ਨਿਕਾਸੀ ’ਚ ਕੁਲ 77 ਲੱਖ ਟਨ ਦੀ ਕਮੀ ਆਉਣ ਦਾ ਅੰਦਾਜ਼ਾ ਹੈ।