ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨਾਲ ਜੁੜੀ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ
Thursday, Nov 27, 2025 - 09:39 AM (IST)
ਲੁਧਿਆਣਾ (ਖੁਰਾਣਾ) : ਪਾਵਰਕਾਮ ਦੇ ਮੁਲਾਜ਼ਮਾਂ (ਮੀਟਰ ਰੀਡਰਾਂ) ਵਲੋਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ’ਚ ਕੀਤੀ ਗਈ ਬਿਜਲੀ ਮੀਟਰਾਂ ਦੀ ਮੈਨੂਅਲ ਰੀਡਿੰਗ ਅਤੇ ਬਿਲਿੰਗ ’ਚ ਵੱਡੇ ਘਪਲੇ ਦੀਆਂ ਚਰਚਾਵਾਂ ਨੇ ਵਿਭਾਗੀ ਗਲਿਆਰਿਆਂ ’ਚ ਹਫੜਾ-ਦਫੜੀ ਮਚਾ ਕੇ ਰੱਖ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ’ਚ ਤਾਇਨਾਤ ਆਈ. ਟੀ. ਸੈੱਲ ਦੇ ਅਧਿਕਾਰੀਆਂ ਨੇ ਪੰਜਾਬ ਭਰ ਦੇ ਲਗਭਗ ਸਾਰੇ ਚੀਫ ਇੰਜੀਨੀਅਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗੀ ਸੂਤਰਾਂ ਮੁਤਾਬਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਬਿਜਲੀ ਖ਼ਪਤਕਾਰਾਂ ਦੇ ਘਰਾਂ, ਵਪਾਰ ਥਾਵਾਂ, ਉਦਯੋਗਿਕ ਖੇਤਰਾਂ ਅਤੇ ਫੈਕਟਰੀਆਂ ਆਦਿ ’ਚ ਲੱਗੇ ਬਿਜਲੀ ਦੇ ਮੀਟਰਾਂ ਦੀ ਓ. ਸੀ. ਆਰ. ਸਕੈਨਿੰਗ ਐੱਪ ਤਕਨੀਕ ਜ਼ਰੀਏ ਬਿਲਿੰਗ ਕਰਵਾਉਣ ਦੀ ਅਤਿ-ਆਧੁਨਿਕ ਮੁਹਿੰਮ ਛੇੜੀ ਹੈ, ਤਾਂ ਕਿ ਸਬੰਧਿਤ ਮੀਟਰ ਰੀਡਰ ਖ਼ਤਕਾਰਾਂ ਵਲੋਂ ਬਿਜਲੀ ਦੇ ਬਾਲੇ ਗਏ ਯੂਨਿਟਾਂ ਨੂੰ ਘੱਟ-ਜ਼ਿਆਦਾ ਕਰ ਕੇ ਮੀਟਰ ਦੀ ਰੀਡਿੰਗ ਕਰਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਘਪਲਾ ਨਾ ਕਰ ਸਕਣ।
ਇਸ ਦੇ ਲਈ ਪਾਵਰਕਾਮ ਵਲੋਂ ਮੀਟਰ ਰੀਡਰਾਂ ਨੂੰ ਬਾਕਾਇਦਾ ਹਾਈ ਤਕਨੀਕ ਨਾਲ ਲੈਸ ਇਲੈਕਟ੍ਰਾਨਿਕ ਡਿਵਾਈਸ ਵੀ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਮੀਟਰ ਰੀਡਰਾਂ ਵਲੋਂ ਖ਼ਪਤਕਾਰਾਂ ਦੇ ਨਾਲ ਮੀਟਿੰਗ ਕਰ ਕੇ ਬਿਜਲੀ ਦੇ ਬਿੱਲਾਂ ’ਚ ਸੰਭਾਵਿਤ ਹੇਰਾ-ਫੇਰੀ ਕਰਨ ਦੀਆਂ ਸੰਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਬਿਜਲੀ ਮੀਟਰ ਦੀ ਮੈਨੂਅਲ ਰੀਡਿੰਗ ਲੈਣ ਦੀ ਬਜਾਏ ਓ. ਸੀ. ਆਰ. ਤਕਨੀਕ ਨਾਲ ਆਟੋਮੈਟਿਕ ਰੀਡਿੰਗ ਕਰਨ ਸਬੰਧੀ ਪ੍ਰਾਜੈਕਟ ਨੂੰ ਯੋਜਨਾ ’ਤੇ ਉਤਾਰਿਆ ਗਿਆ ਹੈ, ਤਾਂ ਕਿ ਪਾਵਰਕਾਮ ਵਿਭਾਗ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦੇ ਨਾਲ ਹੀ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਰਗੇ ਗੰਭੀਰ ਮਾਮਲਿਆਂ ਦੇ ਖ਼ਿਲਾਫ਼ ਨਕੇਲ ਕੱਸੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖਬ਼ਰੀ, CM ਮਾਨ ਨੇ ਆਉਣ ਵਾਲੇ ਦਿਨਾਂ ਲਈ ਕੀਤਾ ਵੱਡਾ ਐਲਾਨ (ਵੀਡੀਓ)
ਦੂਜੇ ਪਾਸੇ ਪਿਛਲੇ ਕੁੱਝ ਸਮੇਂ ਦੌਰਾਨ ਜ਼ਿਆਦਾਤਰ ਮੀਟਰ ਰੀਡਰਾਂ ਵਲੋਂ ਖ਼ਪਤਕਾਰਾਂ ਦੇ ਬਿਜਲੀ ਬਿੱਲ ਓ. ਸੀ. ਆਰ. ਤਕਨੀਕ ਨਾਲ ਬਣਾਉਣ ਦੀ ਬਜਾਏ ਮੈਨੂਅਲ ਤੌਰ ’ਤੇ ਬਣਾਏ ਗਏ ਹਨ। ਹਾਲਾਂਕਿ ਇਸ ਦੌਰਾਨ ਮੀਟਰ ਰੀਡਰਾਂ ਵਲੋਂ ਤਰਕ ਦਿੱਤਾ ਗਿਆ ਹੈ ਕਿ ਓ. ਸੀ. ਆਰ. ਡਿਵਾਈਸ ਵਿਚ ਤਕਨੀਕੀ ਫਾਲਟ ਪੈਣ ਕਾਰਨ ਉਨ੍ਹਾਂ ਵਲੋਂ ਖ਼ਪਤਕਾਰਾਂ ਦੇ ਬਿੱਲ ਮੈਨੂਅਲ ਬਣਾਏ ਗਏ ਹਨ ਪਰ ਇਸ ਮਾਮਲੇ ’ਚ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਮਾਗ ਵਿਚ ਸ਼ੱਕ ਦੀ ਸੂਈ ਇਸ ਲਈ ਤੇਜ਼ੀ ਨਾਲ ਘੁੰਮ ਰਹੀ ਹੈ, ਕਿਉਂਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ ਮੀਟਰ ਰੀਡਰਾਂ ਵਲੋਂ ਬਣਾਏ ਗਏ ਬਿਜਲੀ ਖ਼ਪਤਕਾਰਾਂ ਦੇ ਬਿੱਲ ਜ਼ੀਰੋ ਬਣਾਏ ਗਏ ਹਨ ਅਤੇ ਇਹ ਅੰਕੜੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੇ ਗਲੇ ਤੋਂ ਥੱਲੇ ਨਹੀਂ ਉੱਤਰ ਰਹੇ। ਅਜਿਹੇ ਵਿਚ ਮੀਟਰ ਰੀਡਰਾਂ ਵਲੋਂ ਕੀਤੇ ਗਏ ਸੰਭਾਵਿਤ ਵੱਡੇ ਘਪਲੇ ਦੀਆਂ ਸ਼ੰਕਾਵਾਂ ਨੂੰ ਦੇਖਦੇ ਹੋਏ ਪਾਵਰਕਾਮ ਆਈ. ਟੀ. ਐੱਸ. ਵਲੋਂ ਉਕਤ ਸਾਰੇ ਖ਼ਪਤਕਾਰਾਂ ਨੂੰ ਜਾਰੀ ਕੀਤੇ ਗਏ ਬਿਜਲੀ ਦੇ ਬਿੱਲਾਂ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
