ਵਿਧਾਨ ਸਭਾ ਇਜਲਾਸ : ਅਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨਾ ਮੇਰਾ ਵਡਭਾਗ : ਹਰਜੋਤ ਬੈਂਸ
Monday, Nov 24, 2025 - 01:47 PM (IST)
ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਰੰਭ ਹੋ ਗਿਆ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਵੱਡਾ ਮਾਣ ਅਤੇ ਵੱਡਾ ਵਡਭਾਗ ਹੈ। ਹਰਜੋਤ ਬੈਂਸ ਨੇ ਕਿਹਾ ਕਿ ਇਹ ਉਹ ਮਹਾਨ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੇ ਧਰਮ ਦੀ ਰੱਖਿਆ ਲਈ ਫਰਿਆਦ ਲੈ ਕੇ ਆਏ ਸਨ ਅਤੇ ਗੁਰੂ ਜੀ ਨੇ ਉਨ੍ਹਾਂ ਦੀ ਰੱਖਿਆ ਲਈ ਵੱਡਾ ਧਰਮ-ਯੁੱਧ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਬੇਅੰਤ ਸ਼ਰਧਾ ਅਤੇ ਅਦਬ ਨਾਲ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗਲ ਲਾਇਆ ਅਤੇ "ਰੰਗਰੇਟੇ ਗੁਰੂ ਕੇ ਬੇਟੇ" ਦਾ ਸਨਮਾਨ ਬਖ਼ਸ਼ਿਆ।
ਇਹ ਵੀ ਪੜ੍ਹੋ : ਰਜਿਸਟਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਨੇ ਕਿਹਾ ਕਿ ਇਸ ਧਰਤੀ ਨੇ ਉਹ ਇਤਿਹਾਸਕ ਪਲ ਵੀ ਵੇਖੇ, ਜਦੋਂ ਗੁਰੂ ਸਾਹਿਬ ਨੇ ਦਿੱਲੀ ਵੱਲ ਚਾਲੇ ਪਾਏ। ਇਹੋ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਬੈਂਸ ਨੇ ਇਹ ਵੀ ਕਿਹਾ ਕਿ ਅਨੰਦਪੁਰ ਸਾਹਿਬ ਦੀ ਪਵਿੱਤਰ ਮਿੱਟੀ ਨੇ ਚਾਰੇ ਸਾਹਿਬਜ਼ਾਦਿਆਂ ਦੇ ਬਚਪਨ ਦੇ ਖੇਡਾਂ ਦਾ ਨਜ਼ਾਰਾ ਵੀ ਵੇਖਿਆ ਹੈ। ਇਹ ਧਰਤੀ ਸਿੱਖ ਇਤਿਹਾਸ, ਬਲੀਦਾਨ ਅਤੇ ਸ਼ੌਰਿਆਂ ਦੀਆਂ ਬੇਅੰਤ ਕਹਾਣੀਆਂ ਨੂੰ ਆਪਣੇ ਅੰਦਰ ਸੰਜੋਏ ਬੈਠੀ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਇਲਾਕੇ ਦੀ ਸੇਵਾ ਕਰਨਾ ਅਤੇ ਇਸ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਆਤਮਕ ਤੌਰ 'ਤੇ ਸਭ ਤੋਂ ਵੱਡੀ ਦਾਤ ਹੈ।
