26 ਨਵੰਬਰ ਨੂੰ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿਖੇ ਹੋਵੇਗੀ SKM ਦੀ ਰੈਲੀ
Tuesday, Nov 25, 2025 - 02:07 PM (IST)
ਚੰਡੀਗੜ੍ਹ (ਮਨਪ੍ਰੀਤ) : ਸਯੁੰਕਤ ਕਿਸਾਨ ਮੋਰਚੇ (ਐੱਸ. ਕੇ. ਐੱਮ.) ਪੰਜਾਬ ਵਲੋਂ 26 ਨਵੰਬਰ ਨੂੰ ਦਿੱਲੀ ਕਿਸਾਨ ਅੰਦਲੋਨ 2020 ਦੀ ਪੰਜਵੀਂ ਵਰੇਗੰਢ ਮੌਕੇ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿਖੇ ਕੀਤੀ ਜਾਵੇਗੀ। ਸਯੁੰਕਤ ਕਿਸਾਨ ਮੋਰਚੇ ਦੇ ਆਗੂ ਰਮਿੰਦਰ ਪਟਿਆਲ ਨੇ ਜਗਬਾਣੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਐੱਸ. ਕੇ. ਐੱਮ. ਵਲੋਂ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਸੈਕਟਰ-34 ਦੇ ਰੈਲੀ ਗਰਾਊਂਡ ਵਿਖੇ ਵੱਡੀ ਇਕੱਤਰਤਾ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਸੀ ਪਰ ਪ੍ਰਸ਼ਾਸ਼ਨ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੈਕਟਰ-34 ਦੇ ਕਰੀਬ ਪਹਿਲਾ ਹੀ ਧਾਰਮਿਕ ਸਮਾਗਮ ਕੀਤੇ ਜਾ ਰਹੇ ਸਨ। ਇਸ ਦੇ ਚੱਲਦਿਆ 26 ਨਵੰਬਰ ਦੀ ਇਸ ਰੈਲੀ ਦੌਰਾਨ ਕਿਸਾਨਾਂ ਨੂੰ ਪਾਰਕਿੰਗ ਸਬੰਧੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਕਾਰਨ ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਇਹ ਰੈਲੀ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿਖੇ ਕਰਨ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਐਸ. ਕੇ. ਐੱਮ. ਨੇ ਇਹ ਰੈਲੀ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿਖੇ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਦੱਸਣਯੋਗ ਹੈ ਕਿ ਐੱਸ. ਕੇ. ਐੱਮ. ਦੀ ਇਸ ਰੈਲੀ ਮੌਕੇ ਦਿੱਲੀ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸਣੇ ਪੰਜਾਬ ਅਤੇ ਕੇਂਦਰ ਨਾਲ ਜੁੜੇ ਅਹਿਮ ਕਿਸਾਨੀ ਮੁੱਦਿਆ ਤੋਂ ਇਲਾਵਾ ਇਸ ਮੌਕੇ ਹਾਲ ਹੀ ‘ਚ ਪੰਜਾਬ ਯੂਨੀਵਰਸਿਟੀ ਦੀ ਸੈਨਟ ਚੋਣਾਂ ਵਰਗੇ ਅਹਿਮ ਮੁੱਦੇ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਮੋਰਚੇ ਵਲੋਂ ਪੰਜਾਬ ਸਰਕਾਰ ਨਾਲ ਜੁੜੇ ਮੁੱਦਿਆ ਨੂੰ ਲੈ ਕੇ ਰੈਲੀ ਦੌਰਾਨ ਪ੍ਰਸ਼ਾਸ਼ਨਿਕ ਨੁਮਾਇੰਦਿਆ ਨੂੰ ਇਕ ਮੰਗ ਪੱਤਰ ਸੌਂਪਿਆ ਜਾ ਸਕਦਾ ਹੈ। ਇਸ ਰੈਲੀ ਦੌਰਾਨ ਚੰਡੀਗੜ੍ਹ ‘ਚ ਕਿਸਾਨਾਂ ਦੀ ਵੱਡੀ ਇਕੱਤਰਤਾ ਦੇਖਣ ਨੂੰ ਮਿਲੇਗੀ। ਜਦਕਿ ਸਯੁੰਕਤ ਕਿਸਾਨ ਮੋਰਚਾ ਭਾਰਤ ਚੈਪਟਰ ਨੇ ਵੀ ਇਸ ਦਿਨ ਦੇਸ਼ ਭਰ ‘ਚ ਜ਼ਿਲ੍ਹਾ ਅਤੇ ਰਾਜਧਾਨੀਆਂ ‘ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
