ਕੋਲ ਇੰਡੀਆ 35 ਕਰੋੜ ਰੁਪਏ ਦੇ ਨਿਵੇਸ਼ ਨਾਲ ਲਾਵੇਗੀ ਆਕਸੀਜਨ ਪਲਾਂਟ
Tuesday, May 18, 2021 - 06:04 PM (IST)
ਨਵੀਂ ਦਿੱਲੀ- ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਨੇ ਕਿਹਾ ਕਿ ਉਹ ਕੋਵਿਡ-19 ਸੰਕਟ ਨੂੰ ਦੇਖਦੇ ਹੋਏ ਆਕਸੀਜਨ ਦੀ ਸਪਲਾਈ ਵਧਾਉਣ ਦੇ ਮਕਸਦ ਨਾਲ 22 ਹਸਪਤਾਲਾਂ ਵਿਚ 25 ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰਨ ਲਈ 35 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਜਨਤਕ ਖੇਤਰ ਦੇ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਲਾਂਟ ਕੋਲ ਇੰਡੀਆ ਦੇ ਆਪਣੇ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਸਥਾਪਤ ਕੀਤੇ ਜਾਣਗੇ ਜਿੱਥੇ ਇਸ ਦੀਆਂ ਚਾਰ ਸਹਾਇਕ ਕੰਪਨੀਆਂ 3,328 ਬਿਸਤਰਿਆਂ ਦੀ ਆਕਸੀਜਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀਆਂ ਹਨ।
ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਨਾਲ ਭਾਰਤ ਨੂੰ ਮੈਡੀਕਲ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਕੋਲ ਇੰਡੀਆ ਆਕਸੀਜਨ ਸਪਲਾਈ ਵਧਾਉਣ ਦੇ ਉਦੇਸ਼ ਨਾਲ 22 ਹਸਪਤਾਲਾਂ ਵਿਚ 25 ਆਕਸੀਜਨ ਉਤਪਾਦਨ ਪਲਾਂਟ ਲਗਾਉਣ ਲਈ 35 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।".
ਕੋਲ ਇੰਡੀਆ ਨੇ ਕਿਹਾ ਕਿ ਜਿੱਥੇ 20 ਪਲਾਂਟਾਂ ਦੀ ਆਕਸੀਜਨ ਉਤਪਾਦਨ ਸਮਰੱਥਾ 12,700 ਲਿਟਰ ਪ੍ਰਤੀ ਮਿੰਟ ਤੋਂ ਥੋੜ੍ਹੀ ਵੱਧ ਹੋਵੇਗੀ, ਉੱਥੇ ਹੀ ਉਸ ਦੇ ਚਾਰ ਪਲਾਂਟ ਮਿਲ ਕੇ 750 ਕਿਊਬਿਕ ਮੀਟਰ ਪ੍ਰਤੀ ਘੰਟਾ ਆਕਸੀਜਨ ਦਾ ਉਤਪਾਦਨ ਕਰਨਗੇ। ਇਸ ਤੋਂ ਇਲਾਵਾ ਇਕ ਰੀਫਿਲ ਪਲਾਂਟ ਹੈ। ਮਹਾਰਤਨ ਕੰਪਨੀ ਨੇ ਕਿਹਾ ਕਿ 25 ਵਿਚੋਂ ਪੰਜ ਪਲਾਂਟ ਕੋਲ ਇੰਡੀਆ ਦੇ ਆਪਣੇ ਹਸਪਤਾਲਾਂ ਵਿਚ ਸਥਾਪਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨਾਲ 332 ਬਿਸਤਰਿਆਂ ਦੀ ਆਕਸੀਜਨ ਜਰੂਰਤਾਂ ਪੂਰੀ ਹੋਵੇਗੀ। ਕੰਪਨੀ ਇਸ ਲਈ 4.25 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।