ਚੰਡੀਗੜ੍ਹ ''ਚ ਔਰਤ ਦਾ ਬੇਰਹਿਮੀ ਨਾਲ ਕਤਲ, ਲਾਸ਼ ਕੋਲ ਬੈਠਾ ਦੇਖਦਾ ਰਿਹਾ ਮੋਬਾਇਲ
Sunday, Feb 22, 2026 - 11:58 AM (IST)
ਚੰਡੀਗੜ੍ਹ (ਸੁਸ਼ੀਲ) : ਦੜਵਾ ’ਚ ਗੁਆਂਢੀ ਹੀ ਔਰਤ ਦੇ ਕਮਰੇ ’ਚ ਦਾਖ਼ਲ ਹੋ ਕੇ ਜ਼ਬਰਦਸਤੀ ਕਰਨ ਲੱਗਾ ਤਾਂ ਔਰਤ ਨੇ ਵਿਰੋਧ ਕੀਤਾ ਅਤੇ ਉਸ 'ਤੇ ਚਾਕੂ ਨਾਲ 10-12 ਵਾਰ ਕੀਤੇ। ਫਿਰ ਉਸਨੇ ਹਥੌੜੇ ਨਾਲ ਉਸਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਔਰਤ ਕੋਲ ਬੈਠ ਕੇ ਮੋਬਾਇਲ ਫੋਨ ਦੇਖਦਾ ਰਿਹਾ। ਕਮਰੇ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਕਾਬੂ ਕੀਤਾ ਗਿਆ ਅਤੇ ਔਰਤ ਨੂੰ ਜੀ. ਐੱਮ. ਸੀ. ਐੱਚ. 32 ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਸੀਮਾ ਵਜੋਂ ਹੋਈ। ਇੰਡਸਟ੍ਰੀਅਲ ਏਰੀਆ ਪੁਲਸ ਨੇ ਮੁਲਜ਼ਮ ਵਿਨੋਦ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਮਦਦ ਲਈ ਕਮਰੇ ’ਚ ਇੱਧਰ-ਉੱਧਰ ਭੱਜਦੀ ਰਹੀ ਔਰਤ
ਸ਼ਿਕਾਇਤਕਰਤਾ ਪ੍ਰਦੀਪ ਨੇ ਦੱਸਿਆ ਕਿ ਪਰਿਵਾਰ ਦੜਵਾ ਰੇਲਵੇ ਸਟੇਸ਼ਨ ਨੇੜੇ ਗਲੀ ਨੰਬਰ 3 ’ਚ ਸਨਬੀਮ ਹੋਟਲ ਨੇੜੇ ਕਿਰਾਏ ਦੇ ਕਮਰੇ ’ਚ ਰਹਿੰਦਾ ਹੈ। ਜੋੜੇ ਦੇ ਦੋ ਬੱਚੇ ਹਨ। ਇਸ ’ਚ 12 ਸਾਲ ਦੀ ਧੀ ਤੇ 8 ਸਾਲਾ ਪੁੱਤਰ ਹੈ। ਪ੍ਰਦੀਪ ਸ਼ਨੀਵਾਰ ਸਵੇਰੇ ਕੰਮ ’ਤੇ ਗਿਆ ਸੀ ਤੇ ਬੱਚੇ ਸਕੂਲ ਗਏ ਹੋਏ ਸਨ। ਸੀਮਾ ਦੁਪਹਿਰ ਕਰੀਬ 1 ਵਜੇ ਘਰ ’ਚ ਇਕੱਲੀ ਸੀ। ਵਿਨੋਦ ਕੁਮਾਰ ਗੁਆਂਢ ਵਿਚ ਰਹਿੰਦਾ ਹੈ। ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਵਿਨੋਦ ਪਹਿਲਾਂ ਛੱਤ ’ਤੇ ਗਿਆ ਤੇ ਆਲੇ-ਦੁਆਲੇ ਦਾ ਜਾਇਜ਼ਾ ਲੈਣ ਤੋਂ ਬਾਅਦ ਸੀਮਾ ਦੇ ਕਮਰੇ ’ਚ ਦਾਖ਼ਲ ਹੋਇਆ। ਅੰਦਰ ਜਾਂਦੇ ਹੀ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਜਦੋਂ ਸੀਮਾ ਨੇ ਵਿਰੋਧ ਕੀਤਾ ਤਾਂ ਗੁਆਂਢੀ ਨੇ ਚਾਕੂ ਕੱਢਿਆ ਤੇ ਉਸ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤਾ। ਔਰਤ ਮਦਦ ਮੰਗਦੀ ਹੋਈ ਕਮਰੇ ’ਚ ਇੱਧਰ-ਉੱਧਰ ਭੱਜਦੀ ਰਹੀ ਪਰ ਨੇੜੇ-ਤੇੜੇ ਕੋਈ ਵੀ ਤੁਰੰਤ ਨਹੀਂ ਪਹੁੰਚ ਸਕਿਆ। ਹੇਠਾਂ ਦੁਕਾਨ ਚਲਾ ਰਹੇ ਵਿਅਕਤੀ ਨੇ ਆਵਾਜ਼ਾਂ ਸੁਣੀਆਂ ਪਰ ਇਸ ਨੂੰ ਘਰੇਲੂ ਝਗੜਾ ਸਮਝ ਕੇ ਉਹ ਉੱਪਰ ਨਹੀਂ ਗਿਆ। ਲਗਾਤਾਰ ਹਮਲਿਆਂ ਕਾਰਨ ਸੀਮਾ ਗੰਭੀਰ ਜ਼ਖ਼ਮੀ ਹੋ ਗਈ। ਫਿਰ ਵਿਨੋਦ ਨੇ ਉਸ ਦੇ ਸਿਰ ’ਤੇ ਹਥੌੜੇ ਨਾਲ ਵਾਰ ਕੀਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਔਰਤ ਦਾ ਰਿਸ਼ਤੇਦਾਰ ਲਲਿਤ ਉੱਥੇ ਪਹੁੰਚਿਆ। ਉਸਨੇ ਖਿੜਕੀ ’ਚੋਂ ਦੇਖਿਆ ਤਾਂ ਸੀਮਾ ਖ਼ੂਨ ਨਾਲ ਲੱਥਪੱਥ ਪਈ ਸੀ ਤੇ ਮੁਲਜ਼ਮ ਕਮਰੇ ’ਚ ਬੈਠਾ ਮੋਬਾਇਲ ਦੇਖ ਰਿਹਾ ਸੀ। ਉਸਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਵਿਨੋਦ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਨਾਲ ਉਹ ਜ਼ਖ਼ਮੀ ਹੋ ਗਿਆ। ਨੇੜੇ ਇਕੱਠੇ ਹੋਏ ਲੋਕ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ। ਗੰਭੀਰ ਹਾਲਤ ’ਚ ਸੀਮਾ ਨੂੰ ਆਟੋ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਕਈ ਵਾਰ ਸੂਚਨਾ ਦੇਣ ’ਤੇ ਵੀ ਨਹੀਂ ਪਹੁੰਚੀ ਪੁਲਸ
ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੌਰਾਨ ਪੁਲਸ ਨੂੰ ਕਈ ਵਾਰ ਸੂਚਨਾ ਦੇਣ ਦੇ ਬਾਵਜੂਦ ਪੁਲਸ ਤੁਰੰਤ ਘਟਨਾ ਸਥਾਨ ’ਤੇ ਨਹੀਂ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਸੀਮਾ ਨੂੰ ਉਸਦੇ ਪਰਿਵਾਰ ਨੇ ਜ਼ਖ਼ਮੀ ਹਾਲਤ ’ਚ ਹਸਪਤਾਲ ਪਹੁੰਚਾਇਆ। ਪੁਲਸ ਨੇ ਕਤਲ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੋਂ ਹਥਿਆਰ ਬਰਾਮਦ ਕੀਤੇ ਗਏ ਹਨ। ਮੌਤ ਦੇ ਸਹੀ ਕਾਰਨ ਤੇ ਹੋਰ ਤੱਥਾਂ ਦੀ ਪੁਸ਼ਟੀ ਪੋਸਟਮਾਰਟਮ ਜਾਂਚ ਤੋਂ ਬਾਅਦ ਕੀਤੀ ਜਾਵੇਗੀ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਖ਼ੂਨ ਨਾਲ ਲੱਥਪੱਥ ਚਾਕੂ ਤੇ ਤਲਾ ਜ਼ਬਤ
ਸੀਮਾ ਦਾ ਕਮਰਾ ਖ਼ੂਨ ਨਾਲ ਲੱਥਪਥ ਸੀ। ਪੁਲਸ ਨੇ ਜਾਂਚ ਲਈ ਮੋਬਾਇਲ ਫਾਰੈਂਸਿਕ ਟੀਮ ਨੂੰ ਘਟਨਾ ਸਥਾਨ ’ਤੇ ਬੁਲਾਇਆ। ਪੁਲਸ ਨੇ ਘਟਨਾ ਸਥਾਨ ’ਤੇ ਮਿਲੇ ਖ਼ੂਨ ਦੇ ਨਮੂਨੇ ਜ਼ਬਤ ਕੀਤੇ। ਇਸ ਤੋਂ ਇਲਾਵਾ ਪੁਲਸ ਨੇ ਖ਼ੂਨ ਨਾਲ ਲੱਥਪਥ ਚਾਕੂ ਤੇ ਤਲਾ ਜ਼ਬਤ ਕੀਤਾ ਹੈ। ਪੁਲਸ ਨੇ ਕਿਹਾ ਕਿ ਮੁਲਜ਼ਮ ਮਾਨਸਿਕ ਤੌਰ ’ਤੇ ਪਰੇਸ਼ਾਨ ਲੱਗ ਰਿਹਾ ਹੈ।
