Jet Airways Crisis : ਸੁਰੇਸ਼ ਪ੍ਰਭੂ ਨੇ ਸਿਵਲ ਐਵੀਏਸ਼ਨ ਸਕੱਤਰ ਕੋਲੋਂ ਮੰਗੀ ਰਿਪੋਰਟ

Friday, Apr 12, 2019 - 01:55 PM (IST)

ਨਵੀਂ ਦਿੱਲੀ — ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਦੀ ਡੋਲ ਰਹੀ ਸਥਿਤੀ 'ਤੇ ਹੁਣ ਸਰਕਾਰ ਨੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸਿਵਲ ਐਵੀਏਸ਼ਨ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਮੰਤਰਾਲੇ ਦੇ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੂੰ ਜੈੱਟ ਏਅਰਵੇਜ਼ ਨਾਲ ਸੰਬੰਧਿਤ ਮੁੱਦਿਆਂ ਦੀ ਸਮੀਖਿਆ ਕਰਨ ਦਾ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ। ਸੁਰੇਸ਼ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪ੍ਰਦੀਪ ਨੂੰ ਕਿਹਾ ਹੈ ਕਿ ਯਾਤਰੀਆਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।

 

ਉਦਯੋਗਿਕ ਸੂਤਰਾਂ ਅਨੁਸਾਰ ਜੈੱਟ ਏਅਰਵੇਜ਼ ਸ਼ੁੱਕਰਵਾਰ ਨੂੰ ਸਿਰਫ 9 ਜਹਾਜ਼ ਦੋ ਬੋਇੰਗ 737 ਅਤੇ 7 ਖੇਤਰੀ ਜੈੱਟ ਏ.ਟੀ.ਆਰ. ਸੰਚਾਲਨ ਕਰੇਗਾ। ਇਕ ਸੂਤਰ ਨੇ ਕਿਹਾ, 'ਜੈੱਟ ਸ਼ੁੱਕਰਵਾਰ ਨੂੰ ਸਿਰਫ 9 ਜਹਾਜ਼ਾਂ ਦਾ ਸੰਚਾਲਨ ਕਰ ਰਿਹਾ ਹੈ।' ਨਕਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਜੈੱਟ ਏਅਰਵੇਜ਼ ਨੇ ਵੀਰਵਾਰ ਨੂੰ ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਲਈ ਆਪਣੀ ਉਡਾਣ ਬੰਦ ਕਰ ਦਿੱਤੀ ਹੈ। ਉਸਨੇ ਦੋ ਦਿਨਾਂ ਲਈ ਆਪਣੀਆਂ ਅੰਤਰਾਸ਼ਟਰੀ ਸੇਵਾਵਾਂ ਵੀ ਰੋਕ ਦਿੱਤੀਆਂ ਹਨ। ਇਸ ਦੇ ਨਤੀਜੇ ਵਜੋਂ ਕਈ ਯਾਤਰੀ ਹਵਾਈ ਅੱਡਿਆਂ 'ਤੇ ਫਸ ਗਏ ਹਨ।

ਸੂਤਰਾਂ ਅਨੁਸਾਰ ਸਿਰਫ ਉਡਾਣਾਂ ਰੱਦ ਹੋਣ ਕਾਰਨ ਏਅਰਲਾਈਨ 'ਤੇ 3,500 ਕਰੋੜ ਤੋਂ ਜ਼ਿਆਦਾ ਦਾ ਬਕਾਇਆ ਖੜ੍ਹਾ ਹੋ ਗਿਆ ਹੈ। ਵੀਰਵਾਰ ਦੁਪਹਿਰ ਤੱਕ ਏਅਰਲਾਈਨ ਨੇ ਸਿਰਫ 14 ਜਹਾਜ਼ਾਂ ਦਾ ਸੰਚਾਲਨ ਕੀਤਾ। ਉਹ ਵੀ ਸਮਾਂ ਸੀ ਜਦੋਂ ਜੈੱਟ ਦੇ ਬੇੜੇ 'ਚ 123 ਜਹਾਜ਼  ਦੇਸ਼-ਵਿਦੇਸ਼ 'ਚ ਉਡਾਣਾ ਭਰਦੇ ਸਨ।

ਸਟੇਟ ਬੈਂਕ ਦੇ ਚੇਅਰਮੈਨ ਨੇ ਕਿਹਾ ਸੀ- ਗੋਇਲ ਵੀ ਬੋਲੀ ਲਗਾ ਸਕਦੇ ਹਨ

ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਏਅਰਲਾਈਨ ਵਿਚ ਹਿੱਸੇਦਾਰੀ ਲੈਣ ਲਈ ਬੋਲੀ ਜਮ੍ਹਾਂ ਕਰਵਾ ਸਕਦੇ ਹਨ। ਸਟੇਟ ਬੈਂਕ ਕੈਪ ਨੇ 8 ਅਪ੍ਰੈਲ ਨੂੰ ਜੈੱਟ ਏਅਰਵੇਜ਼ 'ਚ ਹਿੱਸੇਦਾਰੀ ਵਿਕਰੀ ਲਈ ਰੁਚੀ ਪੱਤਰ ਮੰਗਿਆ ਹੈ। ਉਸਨੇ ਆਖਰੀ ਬੋਲੀ ਜਮ੍ਹਾ ਕਰਵਾਉਣ ਦੀ ਤਾਰੀਖ 10 ਅਪ੍ਰੈਲ ਤੋਂ ਵਧਾ ਕੇ 12 ਅਪ੍ਰੈਲ ਕਰ ਦਿੱਤੀ ਹੈ। ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਵਲੋਂ ਸਟੇਟ ਬੈਂਕ ਕੈਪ ਨੂੰ ਕਰਜ਼ੇ 'ਚ ਡੁੱਬੀ ਏਅਰਲਾਈਨ ਵਿਚ ਹਿੱਸੇਦਾਰੀ ਵਿਕਰੀ ਦੀ ਜਿੰਮੇਵਾਰੀ ਮਿਲੀ ਹੈ। ਵਿਕਰੀ ਲਈ 31 ਤੋਂ ਲੈ ਕੇ 75 ਫੀਸਦੀ ਤੱਕ ਦੀ ਹਿੱਸੇਦਾਰੀ ਰੱਖੀ ਗਈ  ਹੈ।

ਗੋਇਲ ਨਾਲ ਜੁੜੇ ਸੂਤਰਾਂ ਨੇ ਦੱਸਿਆ,'ਨਰੇਸ਼ ਗੋਇਲ ਬੋਲੀ ਜਮ੍ਹਾਂ ਕਰਵਾ ਸਕਦੇ ਹਨ।' ਬੋਲੀ ਦੇ ਨਿਯਮ ਗੋਇਲ ਨੂੰ ਵਿਕਰੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਦੀ ਆਗਿਆ ਦਿੰਦੇ ਹਨ। ਸਟੇਟ ਬੈਂਕ ਚੇਅਰਮੈਨ ਰਜਨੀਸ਼ ਕੁਮਾਰ ਨੇ ਪਿਛਲੇ ਮਹੀਨੇ ਕਿਹਾ ਸੀ, 'ਬੋਲੀ ਵਿਚ ਨਰੇਸ਼ ਗੋਇਲ, ਏਤਿਹਾਦ ਸਮੇਤ ਵਿੱਤੀ ਨਿਵੇਸ਼ਕ ਅਤੇ ਕਈ ਏਅਰਲਾਈਨ ਹਿੱਸਾ ਲੈ ਸਕਦੇ ਹਨ। ਨਿਯਮਾਂ ਅਨੁਸਾਰ ਬੋਲੀ ਵਿਚ ਹਿੱਸਾ ਲੈਣ ਨੂੰ ਲੈ ਕੇ ਕਿਸੇ 'ਤੇ ਵੀ ਪਾਬੰਦੀ ਨਹੀਂ ਹੈ।' ਜੈੱਟ ਏਅਰਵੇਜ਼ ਦੇ ਸੰਸਥਾਪਕ ਦੇ ਸੰਸਥਾਪਕ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਪਿਛਲੇ ਮਹੀਨੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੈਂਕ ਸਮੂਹ ਹੱਲ ਯੋਜਨਾ ਦੇ ਤਹਿਤ ਜੈੱਟ ਏਅਰਵੇਜ਼ 'ਚ ਗੋਇਲ ਦੀ ਹਿੱਸੇਦਾਰੀ ਘੱਟ ਕੇ ਹੇਠਾਂ ਆ ਗਈ ਹੈ। ਜੈੱਟ ਏਅਰਵੇਜ਼ 'ਤੇ ਫਿਲਹਾਲ ਕਰਜ਼ਦਾਤਿਆਂ ਦਾ 8,000 ਕਰੋੜ ਬਕਾਇਆ ਹੈ।


Related News