ਪੰਜਾਬ ਸਰਕਾਰ ਦਾ ਐਕਸ਼ਨ! ਸਿਵਲ ਸਰਜਨ ਤੇ ਸੀਨੀਅਰ ਸਹਾਇਕ ਮੁਅੱਤਲ

Tuesday, Sep 17, 2024 - 10:03 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਭ੍ਰਿਸ਼ਟਾਚਾਰ ਵਿਰੁੱਧ ਨੌ ਟੋਲਰੈਂਸ ਦੀ ਨੀਤੀ ਨੂੰ ਲੈ ਕੇ ਅੱਗੇ ਵੱਧ ਰਹੀ ਭਗਵੰਤ ਸਰਕਾਰ ਨੇ ਅੱਜ ਭ੍ਰਿਸ਼ਟਾਚਾਰ ਵਿਰੁੱਧ ਇਕ ਵੱਡਾ ਐਕਸ਼ਨ ਲੈਂਦਿਆਂ ਸਿਵਲ ਸਰਜਨ ਬਰਨਾਲਾ ਅਤੇ ਸੀਨੀਅਰ ਸਹਾਇਕ ਨੂੰ ਪੰਜਾਬ ਸਿਵਿਲ ਸੇਵਾਵਾਂ ਨਿਯਮਾਂਵਲੀ 1970 ਦੇ ਨਿਯਮ 4 ਏ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡਕੁਆਰਟਰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਫਿਕਸ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਬਿੱਲ ਪਾਸ; ਰਾਜਪਾਲ ਕਟਾਰੀਆ ਨੇ ਪਹਿਲੇ ਬਿੱਲ 'ਤੇ ਲਾਈ ਮੋਹਰ

ਕੀ ਸੀ ਮਸਲਾ 

ਇੱਥੇ ਜ਼ਿਕਰਯੋਗ ਹੈ ਕਿ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਨੇ ਸਿਵਲ ਸਰਜਨ ਬਰਨਾਲਾ ਉੱਤੇ ਕਥਿਤ ਤੌਰ 'ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਵਾਉਣ ਲਈ ਵੀ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ 'ਤੇ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਅਨਿਲ ਗੋਇਲ ਨੂੰ ਜਾਂਚ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ 27 ਅਗਸਤ ਨੂੰ ਬਰਨਾਲਾ ਵਿਖੇ ਆ ਕੇ ਜਾਂਚ ਕੀਤੀ ਸੀ ਜਿਸ ਵਿਚ ਉਨ੍ਹਾਂ ਸਿਵਲ ਸਰਜਨ ਨੂੰ ਲੰਬੀ ਛੁੱਟੀ, ਪਰਮੋਸ਼ਨ 4-9-14 ਦੀ ਪਲੇਸਮੈਂਟ ਅਤੇ ਪੈਨਸ਼ਨ ਕੇਸ ਨਾਲ ਸਬੰਧਤ ਰਿਕਾਰਡ ਲਿਆਉਣ ਲਈ ਵੀ ਨਿਰਦੇਸ਼ ਦਿੱਤੇ ਸਨ। ਸੂਤਰਾਂ ਤੋਂ ਪਤਾ ਚੱਲਿਆ ਸੀ ਕਿ ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਨੇ ਜਾਂਚ ਦੌਰਾਨ ਡਾਇਰੈਕਟਰ ਸਾਹਮਣੇ ਕਾਫੀ ਕੁਝ ਮੰਨਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਨੌਜਵਾਨਾਂ ਨੇ ਉੱਤਰਾਖੰਡ 'ਚ ਕਰ 'ਤਾ ਵੱਡਾ ਕਾਂਡ! ਸਾਥੀ ਦੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ

ਮਲਟੀ ਪਰਪਜ਼ ਹੈਲਥ ਵਰਕਰ ਦੀ ਤਾਇਨਾਤੀ ਦੀ ਵੀ ਛਿੜੀ ਚਰਚਾ

ਇੱਥੇ ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫਤਰ ਵਿਚ ਰਿਸ਼ਵਤ ਦੀ ਗੂੰਜ ਕਈ ਵਾਰ ਸੁਣਾਈ ਦਿੱਤੀ ਹੈ। ਜਦੋਂ ਦਾ ਬਰਨਾਲਾ ਜ਼ਿਲ੍ਹਾ ਬਣਿਆ ਹੈ ਉਸ ਵੇਲੇ 2006 ਤੋਂ ਲੈ ਕੇ ਹੁਣ ਤੱਕ ਇਕ ਮਲਟੀ ਪਰਪਜ਼ ਹੈਲਥ ਵਰਕਰ ਜਿਸ ਦੀ ਡਿਊਟੀ ਸਰਵੇ ਕਰਨ ਦੀ ਹੈ, ਉਸ ਨੂੰ ਸਿਵਲ ਸਰਜਨ ਦਫਤਰ ਵਿਖੇ ਇਕ ਮਹੱਤਵਪੂਰਨ ਪੋਸਟ ਉੱਤੇ ਪਿਛਲੇ ਲਗਾਤਾਰ 18 ਸਾਲਾਂ ਤੋਂ ਤਾਇਨਾਤ ਕੀਤਾ ਹੋਇਆ ਹੈ। ਇਸ ਪਿੱਛੇ ਅਫਸਰਾਂ ਦੀ ਕੀ ਮਜਬੂਰੀ ਰਹੀ ਹੋਵੇਗੀ ਇਸ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਪਰ ਇਸ ਨੂੰ ਲੈ ਕੇ ਵੀ ਹੁਣ ਸਿਵਲ ਸਰਜਨ ਦਫਤਰ ਵਿਚ ਗੱਲਾਂ ਸ਼ੁਰੂ ਹੋ ਗਈਆਂ ਹਨ। ਕੀ ਵਿਭਾਗ ਨੂੰ 18 ਸਾਲਾਂ ਵਿਚ ਕੋਈ ਤਜ਼ਰਬੇਕਾਰ ਕਲਰਕ ਇਸ ਸੀਟ ਲਈ ਨਹੀਂ ਮਿਲਿਆ ਜਾਂ ਇਸ ਪਿੱਛੇ ਵੀ ਕੁਝ ਹੋਰ ਕਾਰਨ ਹਨ ਇਹ ਵੀ ਜਾਂਚ ਦਾ ਵਿਸ਼ਾ ਬਣ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਹੋਇਆ Blast! ਮਾਸੂਮ ਬੱਚੀ ਸਣੇ 4 ਲੋਕਾਂ ਦੀ ਗਈ ਜਾਨ

ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਪ੍ਰੀਤ ਸਿੰਘ ਨੂੰ ਮਿਲਿਆ ਵਾਧੂ ਚਾਰਜ

ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਦੀ ਮੁਅੱਤਲੀ ਕਾਰਨ ਸਿਵਲ ਸਰਜਨ ਬਰਨਾਲਾ ਦੀ ਅਸਾਮੀ ਦਾ ਵਾਧੂ ਚਾਰਜ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਬਰਨਾਲਾ ਡਾਕਟਰ ਜਸਪ੍ਰੀਤ ਸਿੰਘ ਨੂੰ ਦਿੱਤਾ ਗਿਆ ਹੈ, ਅਜੇ ਤੱਕ ਜਦੋਂ ਵੀ ਸਿਵਲ ਸਰਜਨ ਛੁੱਟੀ 'ਤੇ ਗਏ ਹਨ ਤਾਂ ਹਮੇਸ਼ਾ ਉਨ੍ਹਾਂ ਦਾ ਵਾਧੂ ਚਾਰਜ ਸੀਨੀਅਰ ਮੋਸਟ ਅਧਿਕਾਰੀ ਨੂੰ ਦਿੱਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਡਾ. ਜਸਬੀਰ ਸਿੰਘ ਔਲਖ ਜਦੋਂ ਛੁੱਟੀ ਤੇ ਗਏ ਸਨ ਤਾਂ ਉਨ੍ਹਾਂ ਦੀ ਸੀਟ ਦਾ ਵਾਧੂ ਚਾਰਜ ਐੱਸ.ਐੱਮ.ਓ. ਡਾਕਟਰ ਤਪਿੰਦਰਜੋਤ ਕੌਸ਼ਲ ਨੂੰ ਦਿੱਤਾ ਗਿਆ ਸੀ, ਪਰ ਇਸ ਵਾਰ ਇਹ ਚਾਰਜ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਦੇ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News