ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਮਿਲਿਆ Expired ਦਵਾਈਆਂ ਦਾ ਭੰਡਾਰ
Sunday, Sep 15, 2024 - 05:05 PM (IST)
ਸਮਰਾਲਾ (ਬੰਗੜ, ਗਰਗ) : ਇਕ ਪਾਸੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਲਈ ਆਮ ਆਦਮੀ ਕਲੀਨਿਕ ਖੋਲ੍ਹ ਕੇ ਉਨ੍ਹਾਂ ਨੂੰ ਨੇੜੇ ਤੋਂ ਸਿਹਤ ਸਹੂਲਤਾਂ ਦੇਣ ਦੇ ਉਪਰਾਲੇ ਕਰ ਰਹੀ ਹੈ, ਪਰ ਦੂਜੇ ਪਾਸੇ ਸਿਹਤ ਵਿਭਾਗ ਦੀਆ ਅਣਗਹਿਲੀਆਂ ਦੀ ਬਦੌਲਤ ਹਸਪਤਾਲਾਂ ਅੰਦਰ ਦਵਾਈਆਂ ਦੀ ਮਿਆਦ ਖ਼ਤਮ ਹੋ ਰਹੀ ਹੈ ਤੇ ਮਰੀਜ਼ ਦਵਾਈਆਂ ਨੂੰ ਤਰਸ ਰਹੇ ਹਨ। ਅਜਿਹਾ ਹੀ ਮਾਮਲਾ ਸਿਵਲ ਹਸਪਤਾਲ ਸਮਰਾਲਾ ਵਿਖੇ ਸਾਹਮਣੇ ਆਇਆ ਹੈ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਹਸਪਤਾਲ ’ਚ ਅਚਾਨਕ ਛਾਪੇਮਾਰੀ ਕਰਦਿਆਂ ਦਵਾਈਆਂ ਦੇ ਸਟੋਰ ’ਚੋਂ ਲੱਖਾਂ-ਕਰੋੜਾਂ ਰੁਪਏ ਦੀਆਂ ਮਿਆਦ ਪੁੱਗ ਚੁੱਕੀਆਂ ਦਵਾਈਆਂ ਦਾ ਭੰਡਾਰ ਫੜ੍ਹਿਆ।
ਸਿਵਲ ਹਸਪਤਾਲ ’ਚ ਉਸ ਸਮੇਂ ਹਫੜਾ-ਤਫੜੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਵਿਧਾਇਕ ਦਿਆਲਪੁਰਾ ਨੇ ਅਚਾਨਕ ਛਾਪੇਮਾਰੀ ਕੀਤੀ। ਉਨ੍ਹਾਂ ਜਦ ਸਟਾਫ ਕਰਮਚਾਰੀਆਂ ਤੋਂ ਦਵਾਈਆਂ ਦੇ ਬੰਦ ਪਏ ਸਟੋਰ ਦੀ ਚਾਬੀ ਮੰਗੀ ਤਾਂ ਮੁਲਾਜ਼ਮਾਂ ਵੱਲੋਂ ਚਾਬੀ ਦੇਣ ਤੋਂ ਆਨਾਕਾਨੀ ਕੀਤੀ ਗਈ। ਉਪਰੰਤ ਵਿਧਾਇਕ ਨੇ ਇੱਟ ਨਾਲ ਖੁਦ ਤਾਲਾ ਤੋੜਦਿਆਂ ਸਟੋਰ ਅੰਦਰੋਂ ਮਿਆਦ ਮੁਕੀਆਂ ਦਵਾਈਆਂ ਦਾ ਜਖੀਰਾ ਬਰਾਮਦ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਅਨੁਸਾਰ ਇਮਾਨਦਾਰੀ ਨਾਲ ਸਿਹਤ ਵਿਭਾਗ ਰਾਹੀਂ ਮੁਫ਼ਤ ’ਚ ਦਵਾਈਆਂ ਦੇਣ ਦਾ ਕੰਮ ਕਰ ਰਹੀ ਹੈ ਪਰ ਇਹ ਵਿਭਾਗ ਦੀ ਅਣਗਹਿਲੀ ਹੈ ਕਿ ਇੱਥੇ ਲੱਖਾਂ-ਕਰੋੜਾਂ ਦੀਆਂ ਦਵਾਈਆਂ ਆਪਣੀਆਂ ਮਿਆਦ ਪੂਰੀ ਕਰ ਕੇ ਮਿੱਟੀ ਹੋ ਰਹੀਆਂ ਹਨ।
ਵਿਧਾਇਕ ਨੇ ਕਿਹਾ ਕਿ ਮਾਮਲੇ ’ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲੇ ’ਚ ਸਿਹਤ ਮੰਤਰੀ ਨਾਲ ਗੱਲ ਕਰ ਕੇ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ : ਐੱਸ.ਐੱਮ.ਓ.
ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਿਕਜੋਤ ਸਿੰਘ ਨੇ ਦੱਸਿਆ ਕਿ ਮਿਆਦ ਪੁੱਗੀਆਂ ਦਵਾਈਆਂ ਦੇ ਮਾਮਲੇ ’ਚ ਇਕ ਚਾਰ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਇਸ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹਸਪਤਾਲ ਦੇ ਅੰਦਰ ਸਟਾਫ਼ ਦੀ ਵੱਡੀ ਘਾਟ ਕਾਰਨ ਕੁਝ ਦਵਾਈਆਂ ਦਾ ਸਹੀ ਰੱਖ-ਰਖਾਅ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਦੀ ਮਿਆਦ ਖ਼ਤਮ ਹੋ ਗਈ। ਅੱਜ ਤੱਕ ਹਸਪਤਾਲ ਵੱਲੋਂ ਕਦੇ ਵੀ ਕਿਸੇ ਨੂੰ ਮਿਆਦ ਪੁੱਗੀ ਹੋਈ ਦਵਾਈ ਨਹੀਂ ਦਿੱਤੀ ਗਈ। ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਸਹੀ ਮਿਆਦ ਵਾਲੀਆਂ ਦਵਾਈਆਂ ਅੰਦਰ ਤੋਂ ਹੀ ਦਿੱਤੀਆਂ ਜਾਂਦੀਆਂ ਹਨ।
ਮਿਆਦ ਪੁੱਗੀਆਂ ਦਵਾਈਆਂ ਦਾ ਭੰਡਾਰ ਵੇਖੇ ਕੇ ਮਨ ਦੁਖੀ ਹੋਇਆ : ਦਿਆਲਪੁਰਾ
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਹਸਪਤਾਲ ’ਚੋਂ ਮਿਆਦ ਪੂਰੀ ਕਰ ਚੁੱਕੀਆਂ ਦਵਾਈਆਂ ਦਾ ਭੰਡਾਰ ਵੇਖ ਕੇ ਮਨ ਦੁਖੀ ਹੋਇਆ ਹੈ। ਕਿਉਂਕਿ ਸਰਕਾਰ ਵੱਲੋਂ ਇਹ ਦਵਾਈਆਂ ਉਨ੍ਹਾਂ ਗਰੀਬ ਮਰੀਜ਼ਾਂ ਲਈ ਭੇਜੀਆਂ ਗਈਆਂ ਸਨ, ਜਿਹੜੇ ਮਹਿੰਗੇ ਇਲਾਜ ਤੋਂ ਅਸਮਰਥ ਹੋਣ ਕਰਕੇ ਸਰਕਾਰੀ ਹਸਪਤਾਲ ’ਚ ਹੀ ਇਲਾਜ ਲਈ ਆਉਂਦੇ ਸਨ। ਉਨ੍ਹਾਂ ਕਿਹਾ ਕਿ ਪਿੱਛਲੇ ਲੰਬੇ ਸਮੇਂ ਤੋਂ ਲਗਾਤਾਰ ਦਵਾਈਆਂ ਦਾ ਇਸ ਤਰ੍ਹਾਂ ਦਾ ਐਕਸਪਾਇਰ ਹੁੰਦੇ ਰਹਿਣਾ ਆਪਣੇ ਆਪ ’ਚ ਗੰਭੀਰ ਮਾਮਲਾ ਹੈ। ਇਸ ਪੂਰੇ ਮਾਮਲੇ ਲਈ ਅਜੇ ਕੌਣ ਜ਼ਿੰਮੇਵਾਰ ਹੈ ਜਾਂ ਇਸ ਦੇ ਕੀ ਕਾਰਨ ਹਨ, ਇਸ ਦਾ ਪਤਾ ਨਹੀਂ ਚੱਲ ਸਕਿਆ ਪਰ ਕਾਰਨ ਜੋ ਵੀ ਹੋਣ ਇਹ ਬੇਹੱਦ ਮੰਦਭਾਗਾ ਮਾਮਲਾ ਹੈ।
ਦਵਾਈਆਂ ਦੀ ਸੰਭਾਲ ਲਈ ਕੋਈ ਸਟਾਫ਼ ਹੀ ਨਿਯੁਕਤ ਨਹੀਂ
ਸਿਵਲ ਹਸਪਤਾਲ ਸਮਰਾਲਾ ਵਿਖੇ ਮਿਆਦ ਪੁੱਗੀਆਂ ਦਵਾਈਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਦੂਜਾ ਹੈਰਾਨੀਜਨਕ ਪਹਿਲੂ ਇਹ ਉਭਰ ਕਿ ਆਇਆ ਹੈ, ਕਿ ਇੱਥੇ ਦਵਾਈਆਂ ਦੀ ਸਾਭ-ਸੰਭਾਲ ਲਈ ਕੋਈ ਜ਼ਿੰਮੇਵਾਰ ਸਟਾਫ਼ ਹੀ ਨਿਯੁਕਤ ਨਹੀਂ ਸੀ। ਪਤਾ ਲੱਗਾ ਹੈ ਕਿ ਹਸਪਤਾਲ ਦਾ ਫਾਰਾਮਾਸਿਸਟ ਚੀਫ ਅਫ਼ਸਰ ਡੈਪੂਟੇਸ਼ਨ ’ਤੇ ਚੰਡੀਗੜ੍ਹ ਡਿਊਟੀ ’ਤੇ ਹੈ। ਜਦਕਿ ਦੂਜੇ ਫਾਰਮਾਸਿਸਟ ਅਫ਼ਸਰ ਦੀ ਡੈਪੂਟੇਸ਼ਨ ਡਿਊਟੀ ਸੈਂਟਰਲ ਜੇਲ੍ਹ ਲੁਧਿਆਣਾ ਵਿਖੇ ਲੱਗੀ ਹੋਈ ਹੈ। ਇਕ ਹੋਰ ਫਾਰਾਮਾਸਿਸਟ ਲੰਬੇ ਸਮੇਂ ਤੋਂ ਛੁੱਟੀ ’ਤੇ ਗਿਆ ਹੋਇਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਵਿਭਾਗ ਨੂੰ ਲਿੱਖੇ ਜਾਣ ’ਤੇ ਅਜੇ ਪਿੱਛਲੇ ਹਫਤੇ ਹੀ ਇੱਥੇ ਇਕ ਹੋਰ ਨਵੇਂ ਫਾਰਾਸਿਸਟ ਅਫ਼ਸਰ ਨੂੰ ਨਿਯੁਕਤ ਕੀਤਾ ਗਿਆ ਸੀ।