ਪੰਜਾਬ ਦੇ ਇਸ ਸ਼ਹਿਰ ''ਤੇ ਬਲੈਕਆਊਟ ਦਾ ਖ਼ਤਰਾ, ਜਾਣੋ ਕੀ ਹੈ ਕਾਰਨ
Friday, Sep 20, 2024 - 06:57 PM (IST)
ਜਲੰਧਰ (ਖੁਰਾਣਾ)– ਪੰਜਾਬ ਦੇ ਇਕ ਵੱਡੇ ਮਹਾਨਗਰ 'ਤੇ ਇਸ ਵੇਲੇ ਬਲੈਕਆਊਟ ਦਾ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਲੈ ਕੇ ਪਿਆ ਰੌਲਾ ਹੁਣ ਅਦਾਲਤ ਵਿਚ ਪਹੁੰਚ ਗਿਆ ਹੈ, ਜਿਸ ਕਰਕੇ ਸ਼ਹਿਰ ਦੀਆਂ ਬੰਦ ਪਈਆਂ ਲਗਭਗ 10 ਹਜ਼ਾਰ ਸਟਰੀਟ ਲਾਈਟਾਂ ਕਾਰਨ ਅੱਧਾ ਸ਼ਹਿਰ ਹਨ੍ਹੇਰੇ ਵਿਚ ਹੈ ਅਤੇ ਬਾਕੀ ਸ਼ਹਿਰ ਵੀ ਹਨ੍ਹੇਰੇ ਵਿਚ ਡੁੱਬਣ ਦੀ ਕਗਾਰ 'ਤੇ ਹੈ।
ਜਾਣਕਾਰੀ ਮੁਤਾਬਕ ਲਗਭਗ 60 ਕਰੋੜ ਰੁਪਏ ਖ਼ਰਚ ਕਰਕੇ ਜਲੰਧਰ ਨਗਰ ਨਿਗਮ ਨੇ ਹਾਲ ਹੀ ਵਿਚ ਸ਼ਹਿਰ ਵਿਚ 72 ਹਜ਼ਾਰ ਰੁਪਏ ਤੋਂ ਵੱਧ ਨਵੀਂ ਐੱਲ. ਈ. ਡੀ. ਸਟਰੀਟ ਲਾਈਟਾਂ ਲਗਵਾਈਆਂ ਹਨ ਪਰ ਇਸ ਸਿਸਟਮ ਦਾ ਕੋਈ ਲਾਭ ਸ਼ਹਿਰ ਨੂੰ ਨਹੀਂ ਮਿਲ ਪਾ ਰਿਹਾ ਕਿਉਂਕਿ ਇਸ ਸਮੇਂ ਵੀ 10 ਹਜ਼ਾਰ ਤੋਂ ਵੱਧ ਨਵੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਅਤੇ ਕਈ ਇਲਾਕੇ ਤਾਂ ਪੂਰੀ ਤਰ੍ਹਾਂ ਨਾਲ ਹਨੇਰੇ ਵਿਚ ਡੁੱਬੇ ਹੋਏ ਹਨ।
ਲਾਈਟਾਂ ਲਗਾਉਣ ਵਾਲੀ ਕੰਪਨੀ ਅਤੇ ਨਗਰ ਨਿਗਮ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚਲਿਆ ਆ ਰਿਹਾ ਹੈ ਅਤੇ ਪੂਰਾ ਪ੍ਰਾਜੈਕਟ ਹੀ ਗੜਬੜੀ ਨਾਲ ਭਰਿਆ ਹੋਇਆ ਹੈ। ਇਸ ਦੀ ਵਿਜੀਲੈਂਸ ਜਾਂਚ ਦੇ ਹੁਕਮ ਤਕ ਹੋ ਚੁੱਕੇ ਹਨ। ਨਿਗਮ ਜਿੱਥੇ ਕੰਪਨੀ ਨੂੰ ਮੇਨਟੀਨੈਂਸ ਦੀ ਰਕਮ ਦੇਣ ਵਿਚ ਆਨਾਕਾਨੀ ਕਰ ਰਿਹਾ ਹੈ, ਉਥੇ ਹੀ ਕੰਪਨੀ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦਾ ਭੁਗਤਾਨ ਸਮੇਂ ’ਤੇ ਨਹੀਂ ਕਰ ਰਹੀ, ਜਿਸ ਕਾਰਨ ਕੰਪਨੀ ਦੇ ਕਰਮਚਾਰੀ ਹੁਣ ਲੇਬਰ ਕੋਰਟ ਦੀ ਸ਼ਰਨ ਵਿਚ ਚਲੇ ਗਏ ਹਨ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਲਾਈਟਾਂ ਐੱਚ. ਪੀ. ਐੱਲ. ਕੰਪਨੀ ਵੱਲੋਂ ਲਾਈਆਂ ਗਈਆਂ ਅਤੇ ਮੇਨਟੀਨੈਂਸ ਦਾ ਕੰਮ ਉਨ੍ਹਾਂ ਦੇ ਹੀ ਇਕ ਯੂਨਿਟ ਮਨਖਾ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਲਗਭਗ 50 ਕਰਮਚਾਰੀ ਲਾਈਟਾਂ ਦੀ ਮੇਨਟੀਨੈਂਸ ਲਈ ਰੱਖੇ ਹੋਏ ਹਨ ਪਰ ਫਰਵਰੀ 2024 ਤੋਂ ਉਨ੍ਹਾਂ ਨੂੰ ਤਨਖ਼ਾਹ ਤਕ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਗੁਰਦੁਆਰਾ ਸਾਹਿਬ 'ਚ ਲੱਗੀ ਭਿਆਨਕ ਅੱਗ, ਅਗਨ ਭੇਟ ਹੋਇਆ ਸ੍ਰੀ ਅੰਮ੍ਰਿਤਬਾਣੀ ਦਾ ਸਰੂਪ
ਇਸ ਕਾਰਨ ਕਰਮਚਾਰੀਆਂ ਦੇ ਘਰਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਟਰੀਟ ਲਾਈਟਾਂ ਦਾ ਸੰਕਟ ਹੋਰ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਵਿਵਾਦਿਤ ਪ੍ਰਾਜੈਕਟ ਹੋਣ ਕਾਰਨ ਨਿਗਮ ਕੰਪਨੀ ਨੂੰ ਰੈਗੂਲਰ ਭੁਗਤਾਨ ਨਹੀਂ ਕਰ ਪਾਵੇਗਾ ਅਤੇ ਕੰਪਨੀ ਦੀ ਆਨਾਕਾਨੀ ਵੀ ਬਣੀ ਰਹੇਗੀ, ਇਸ ਲਈ ਸ਼ਹਿਰ ਨਿਵਾਸੀਆਂ ਨੂੰ ਲੰਮੇ ਸਮੇਂ ਤਕ ਬੰਦ ਸਟਰੀਟ ਲਾਈਟਾਂ ਦਾ ਸੰਤਾਪ ਝੱਲਣਾ ਪੈ ਸਕਦਾ ਹੈ।
ਦਿਨ ਸਮੇਂ ਵੀ ਜਗਦੀਆਂ ਰਹਿੰਦੀਆਂ ਹਨ ਵਧੇਰੇ ਸਟਰੀਟ ਲਾਈਟਾਂ
ਪਤਾ ਲੱਗਾ ਹੈ ਕਿ ਐੱਲ. ਈ. ਡੀ. ਸਟਰੀਟ ਲਾਈਟਾਂ ਲਗਾਉਣ ਵਾਲੀ ਕੰਪਨੀ ਨੇ ਇਨ੍ਹੀਂ ਦਿਨੀਂ ਜੋ ਸਟਾਫ਼ ਦਿਹਾੜੀ ’ਤੇ ਰੱਖਿਆ ਹੋਇਆ ਹੈ, ਉਸ ਨੇ ਵਧੇਰੇ ਸਟਰੀਟ ਲਾਈਟਾਂ ਦਾ ਕੁਨੈਕਸ਼ਨ ਸਿੱਧਾ ਪਾਵਰਕਾਮ ਦੀਆਂ ਲਾਈਨਾਂ ਨਾਲ ਕਰ ਦਿੱਤਾ ਹੈ, ਜਿਸ ਕਾਰਨ ਦਿਨ ਸਮੇਂ ਵੀ ਵਧੇਰੇ ਲਾਈਟਾਂ ਜਗਦੀਆਂ ਰਹਿੰਦੀਆਂ ਹਨ। ਕਈ ਥਾਵਾਂ ’ਤੇ ਸਟਰੀਟ ਲਾਈਟਾਂ ਨੂੰ ਡਿਸਕੋ ਲਾਈਟਾਂ ਵਾਂਗ ਜਗਦੇ-ਬੁਝਦੇ ਵੀ ਵੇਖਿਆ ਜਾ ਰਿਹਾ ਹੈ। ਇਸ ਕਾਰਨ ਨਗਰ ਨਿਗਮ ਦੀ ਭਾਰੀ ਬਦਨਾਮੀ ਹੋ ਰਹੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਲੈ ਕੇ ਇਕ ਹੋਰ ਖ਼ਬਰ ਆਈ ਸਾਹਮਣੇ, ਖੜ੍ਹਾ ਹੋਇਆ ਵੱਡਾ ਵਿਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ