ਮੋਦੀ ਨੇ ਟਰੰਪ ਦੀ ਸ਼ਲਾਘਾ ਕਰਨ ਲਈ ਕਿਉਂ ਦਿਖਾਈ ਇੰਨੀ ਬੇਚੈਨੀ
Sunday, Oct 12, 2025 - 02:38 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 4 ਦਿਨਾਂ ਦੇ ਵਕਫੇ ’ਚ ਇਕ ਵਾਰ ਨਹੀਂ ਸਗੋਂ 2 ਵਾਰ ਕਿਸੇ ਵਿਅਕਤੀ ਦੀ ਸ਼ਲਾਘਾ ਕਰਨਾ ਗੈਰ-ਸਾਧਾਰਨ ਸੀ ਪਰ ਉਨ੍ਹਾਂ ਨੇ ਅਜਿਹਾ ਕੀਤਾ, ਸ਼ਲਾਘਾ ਦਾ ਵਿਸ਼ਾ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਸਨ। ਵਿਸ਼ਾ 20-ਸੂਤਰੀ ‘ਸ਼ਾਂਤੀ ਯੋਜਨਾ’ ਸੀ, ਜਿਸ ਨੂੰ ਟਰੰਪ ਨੇ ‘ਇਜ਼ਰਾਈਲ ਅਤੇ ਹਮਾਸ ’ਚ ਜੰਗ ਨੂੰ ਖਤਮ ਕਰਨ ਲਈ ਪ੍ਰਸਤਾਵਿਤ ਕੀਤਾ ਸੀ।
30 ਸਤੰਬਰ, 2025 ਨੂੰ ਮੋਦੀ ਨੇ ਇਸ ਨੂੰ ‘ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਇਕ ਵਿਆਪਕ ਯੋਜਨਾ’ ਦੱਸਿਆ। ਇਹ ਫਿਲਿਸਤੀਨੀ ਅਤੇ ਇਜ਼ਰਾਈਲੀ ਲੋਕਾਂ ਦੇ ਨਾਲ-ਨਾਲ ਵਿਆਪਕ ਪੱਛਮੀ ਏਸ਼ੀਆ ਖੇਤਰ ਲਈ ਲੰਮੇ ਸਮੇਂ ਦੀ ਅਤੇ ਸਥਾਈ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਦਾ ਇਕ ਵਿਵਹਾਰਿਕ ਮਾਰਗ ਪ੍ਰਦਾਨ ਕਰਦੀ ਹੈ।’ ਮੋਦੀ ਨੇ 7 ਭਾਸ਼ਾਵਾਂ-ਅਰਬੀ, ਚੀਨੀ, ਅੰਗਰੇਜ਼ੀ, ਫ੍ਰੈਂਚ, ਰੂਸੀ ਅਤੇ ਸਪੈਨਿਸ਼, ਨਾਲ ਹੀ ਹਿਬਰੂ ਅਤੇ ਨਿਸ਼ਚਿਤ ਤੌਰ ’ਤੇ ਹਿੰਦੀ ’ਚ ਬਿਆਨ ਜਾਰੀ ਕਰਨ ਦਾ ਗੈਰ-ਸਾਧਾਰਨ ਕਦਮ ਵੀ ਚੁੱਕਿਆ। 4 ਅਕਤੂਬਰ ਨੂੰ ਮੋਦੀ ਨੇ ਕਿਹਾ, ‘‘ਗਾਜ਼ਾ ’ਚ ਸ਼ਾਂਤੀ ਯਤਨਾਂ ’ਚ ਫੈਸਲਾਕੁੰਨ ਪ੍ਰਗਤੀ ਲਈ ਅਸੀਂ ਰਾਸ਼ਟਰਪਤੀ ਟਰੰਪ ਦੀ ਅਗਵਾਈ ਦਾ ਸਵਾਗਤ ਕਰਦੇ ਹਾਂ।’’
ਜਦੋਂ ਮੈਂ ਇਹ ਲਿਖ ਰਿਹਾ ਹਾਂ, ਹਮਾਸ ਅਤੇ ਇਜ਼ਰਾਈਲ ਯੋਜਨਾ ਦੇ ਪਹਿਲੇ ਪੜਾਅ ’ਤੇ ਸਹਿਮਤ ਹੋ ਗਏ ਹਨ। ਹਮਾਸ ਬੰਦੀਆਂ ਨੂੰ ਰਿਹਾਅ ਕਰੇਗਾ ਅਤੇ ਇਜ਼ਰਾਈਲ ਜੰਗਬੰਦੀ ਕਰੇਗਾ, ਇਹ ਸਪੱਸ਼ਟ ਨਹੀਂ ਹੈ ਕਿ ਕਦੋਂ ਪਰ ਜਲਦ ਹੋਵੇਗਾ। ਜਸ਼ਨ ਦੇ ਕਾਰਨ ਗਾਜ਼ਾ ਅਤੇ ਇਜ਼ਰਾਈਲ ਦੋਵਾਂ ਥਾਵਾਂ ’ਤੇ ਲੋਕ ਸੜਕਾਂ ’ਤੇ ਉਤਰ ਆਏ। ਹਮਾਸ ਨੇ ਅਜੇ ਤੱਕ ਯੋਜਨਾ ਦੇ ਕਈ ਪਹਿਲੂਆਂ ਨੂੰ ਸਵੀਕਾਰ ਨਹੀਂ ਕੀਤਾ ਹੈ, ਖਾਸ ਕਰ ਕੇ ਕਿਸੇ ਬਾਹਰੀ ਅਥਾਰਟੀ ਨੂੰ ਕੰਟਰੋਲ ਸੌਂਪਣ ਦੇ ਮਾਮਲੇ ’ਚ।
ਅਸ਼ੁੱਭ ਸ਼ੁਰੂਆਤ : ਸੁਭਾਵਿਕ ਤੌਰ ’ਤੇ ਇਹ ਸਵਾਲ ਉਠ ਰਿਹਾ ਹੈ ਕਿ ਮੋਦੀ ਨੇ ਟਰੰਪ ਦੀ ਸ਼ਲਾਘਾ ਕਰਨ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਇੰਨੀ ਬੈਚੇਨੀ ਕਿਉਂ ਦਿਖਾਈ, ਜਦਕਿ ਟਰੰਪ ਨੇ 20 ਜਨਵਰੀ 2025 ਨੂੰ ਅਹੁਦਾ ਹਾਸਲ ਕਰਨ ਤੋਂ ਬਾਅਦ ਭਾਰਤ ਨੂੰ ਸਿਰਫ ਸੱਟ ਪਹੁੰਚਾਈ ਹੈ ਅਤੇ ਅਪਮਾਨਿਤ ਕੀਤਾ ਹੈ।
ਰਾਸ਼ਟਰਪਤੀ ਦੇ ਰੂਪ ’ਚ ਆਪਣੇ ਪਹਿਲੇ ਕਾਰਜਕਾਲ (2017-2021) ’ਚ ਟਰੰਪ ਨੇ ਸਟੀਲ (25 ਫੀਸਦੀ) ਅਤੇ ਐਲੂਮੀਨੀਅਮ (10 ਫੀਸਦੀ) ’ਤੇ ਟੈਰਿਫ ਲਗਾ ਕੇ ਭਾਰਤ ਅਤੇ ਹੋਰਨਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਅਤੇ ਭਾਰਤ ਨੂੰ ਮਿਲਣ ਵਾਲੇ ਜੀ. ਐੱਸ. ਪੀ. ਲਾਭਾਂ ਨੂੰ ਖਤਮ ਕਰ ਦਿੱਤਾ। 2020 ’ਚ, ਉਨ੍ਹਾਂ ਨੇ ਭਾਰਤੀਆਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਕਈ ਵੀਜ਼ਾ ਸ਼੍ਰੇਣੀਆਂ, ਖਾਸ ਕਰ ਕੇ ਐੱਚ-1ਬੀ ਨੂੰ ਮੁਅੱਤਲ ਕਰ ਦਿੱਤਾ। ਫਿਰ ਵੀ 22 ਸਤੰਬਰ, 2019 ਨੂੰ ਟੈਕਸਾਸ ਦੇ ਹਿਊਸਟਨ ’ਚ ਇਕ ਰੈਲੀ ’ਚ ਮੋਦੀ ਨੇ ਐਲਾਨ ਕੀਤਾ, ‘‘ਅਬਕੀ ਬਾਰ-ਟਰੰਪ ਸਰਕਾਰ’’।
ਆਪਣੇ ਦੂਜੇ ਕਾਰਜਕਾਲ ਦੇ 9 ਮਹੀਨਿਆਂ ’ਚ ਟਰੰਪ ਨੇ ਭਾਰਤ (ਅਤੇ ਬ੍ਰਾਜ਼ੀਲ) ’ਤੇ ਸਭ ਤੋਂ ਜ਼ਿਆਦਾ ਟੈਰਿਫ ਲਗਾਏ ਹਨ, ਜਿਸ ਨਾਲ ਭਾਰਤ ਦਾ ਅਮਰੀਕਾ ਨੂੰ ਸਟੀਲ, ਐਲੂਮੀਨੀਅਮ, ਕੱਪੜਾ, ਗਹਿਣੇ, ਸਮੁੰਦਰੀ ਭੋਜਨ, ਦਵਾਈਆਂ, ਜੁੱਤੇ, ਫਰਨੀਚਰ, ਕਾਰ ਅਤੇ ਖਿਡੌਣਿਆਂ ਦੀ ਬਰਾਮਦ ਲਗਭਗ ਠੱਪ ਹੋ ਗਈ ਹੈ। ਉਨ੍ਹਾਂ ਭਾਰਤ ’ਤੇ ਰੂਸੀ ਤੇਲ ਖਰੀਦ ਕੇ ‘ਯੂਕਰੇਨ ਦੇ ਵਿਰੁੱਧ ਜੰਗ ਨੂੰ ਵਿੱਤ ਪੋਸ਼ਣ ਕਰਨ’ ਦਾ ਦੋਸ਼ ਲਾਇਆ ਅਤੇ ਭਾਰਤੀ ਵਸਤਾਂ ’ਤੇ 25 ਫੀਸਦੀ ਵਾਧੂ ਟੈਰਿਫ ਲਗਾ ਦਿੱਤਾ। ਉਨ੍ਹਾਂ ਦੇ ਕਰੀਬੀ ਸਹਿਯੋਗੀ ਸੀਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ ਨੂੰ ਕਿਹਾ ਕਿ ਜੇਕਰ ਉਹ ਰੂਸੀ ਤੇਲ ਖਰੀਦਣਾ ਜਾਰੀ ਰੱਖਦਾ ਹੈ ਤਾਂ ਅਮਰੀਕਾ ‘ਤੁਹਾਨੂੰ ਤੇ ਤੁਹਾਡੀ ਅਰਥਵਿਵਸਥਾਂ ਨੂੰ ਤਹਿਸ-ਨਹਿਸ ਕਰ ਦੇਵੇਗਾ’’।
ਟਰੰਪ ਨੇ ਭਾਰਤ ਨੂੰ ‘ਟੈਰਿਫ ਕਿੰਗ’ ਕਿਹਾ ਅਤੇ ਉਨ੍ਹਾਂ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਤਾਂ ਇਸ ਤੋਂ ਵੀ ਬਦਤਰ ਕਿਹਾ। ਭਾਰਤ-ਰੂਸ ਸੰਬੰਧਾਂ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਦੋਵਾਂ ਨੂੰ ‘ਮ੍ਰਿਤ ਅਰਥਵਿਵਸਥਾਵਾਂ ਕਿਹਾ। ਉਨ੍ਹਾਂ ਨੇ ਐੱਚ-1ਬੀ ਵੀਜ਼ਾ ਦੀਆਂ ਅਰਜ਼ੀਆਂ ’ਤੇ ਇਕ ਲੱਖ ਅਮਰੀਕੀ ਡਾਲਰ ਦੀ ਭਾਰੀ-ਭਰਕਮ ਫੀਸ ਵੀ ਲਗਾ ਦਿੱਤੀ ਅਤੇ ਵਿਦਿਆਰਥੀ ਤੇ ਜੀਵਨ ਸਾਥੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖਤ ਕਰ ਦਿੱਤੇ। ਫਰਵਰੀ-ਮਈ 2025 ’ਚ ਕਥਿਤ ਤੌਰ ’ਤੇ ਨਾਜਾਇਜ਼ ਅਪ੍ਰਵਾਸੀ ਇਕ ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਹੱਥਕੜੀ ਅਤੇ ਪੈਰਾਂ ’ਚ ਜ਼ੰਜੀਰਾਂ ਲਗਾ ਕੇ ਫੌਜੀ ਜਹਾਜ਼ਾਂ ਰਾਹੀਂ ਭਾਰਤ ਭੇਜ ਦਿੱਤਾ ਗਿਆ।
ਟਰੰਪ ਨੇ ਪਾਕਿਸਤਾਨ ਦੇ ਪੱਖ ’ਚ : ਪਹਿਲਗਾਮ ਅਤੇ ਭਾਰਤ ਵੱਲੋਂ ਇਸ ਉਦਾਰਤਾ ਦਾ ਵਿਰੋਧ ਕਰਨ ਦੇ ਬਾਵਜੂਦ ਮਈ-ਜੂਨ 2025 ’ਚ ਪਾਕਿਸਤਾਨ ਨੂੰ ਆਈ. ਐੱਮ. ਐੱਫ. (1 ਅਰਬ ਡਾਲਰ) ਏ. ਡੀ. ਬੀ. (80 ਕਰੋੜ ਡਾਲਰ) ਅਤੇ ਵਿਸ਼ਵ ਬੈਂਕ (40 ਅਰਬ ਡਾਲਰ) ਨਾਲ ਅਰਬਾਂ ਡਾਲਰਾਂ ਦੀ ਸਹਾਇਤਾ ਮਿਲੀ, ਜਿਸ ’ਚ ਅਮਰੀਕਾ ਦਾ ਮਹੱਤਵਪੂਰਨ ਸਹਿਯੋਗ ਸੀ। ਭਾਰਤ ਦੇ ਇਨਕਾਰ ਦੇ ਬਾਵਜੂਦ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਜੰਗ ਨੂੰ ਖਤਮ ਕਰਨ ਲਈ ਵਿਚੋਲਗੀ ਕੀਤੀ ਸੀ ਅਤੇ ਹੁਣ ਵੀ ਇਹੀ ਦਾਅਵਾ ਕਰ ਰਹੇ ਹਨ। ਜਨਵਰੀ 2025 ਤੋਂ ਬਾਅਦ ਅਮਰੀਕਾ ਨੇ ਅਜਿਹਾ ਇਕ ਵੀ ਕੰਮ ਨਹੀਂ ਕੀਤਾ, ਜਿਸ ਨੂੰ ਭਾਰਤ ਲਈ ਦੋਸਤਾਨਾ ਕਿਹਾ ਜਾ ਸਕੇ।
ਇਕ ਸੁਪਨੇ ਦਾ ਕਤਲ : ਦਿਲਚਸਪ ਸਵਾਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਸਮਰਥਿਤ ਸ਼ਾਂਤੀ ਯੋਜਨਾ ਦਾ ਲਾਭ ਉਠਾਉਂਦੇ ਹੋਏ ਟਰੰਪ ਦੀ ਸ਼ਲਾਘਾ ਕਿਉਂ ਕੀਤੀ, ਜਿਸ ਨਾਲ ਫਿਲਿਸਤੀਨੀ ਨਿਰਾਸ਼ ਹਨ। ਨੁਕਤਾ 19 ਕਹਿੰਦਾ ਹੈ : ਜਦੋਂ ਗਾਜ਼ਾ ਪੁਨਰਵਿਕਾਸ ਅੱਗੇ ਵਧਦਾ ਹੈ ਅਤੇ ਜਦੋਂ ਪੀ. ਏ. ਸੁਧਾਰ ਪ੍ਰੋਗਰਾਮ ਈਮਾਨਦਾਰੀ ਨਾਲ ਲਾਗੂ ਹੁੰਦਾ ਹੈ, ਫਿਲਿਸਤੀਨੀ ਆਤਮ-ਸਮਰਪਣ ਅਤੇ ਰਾਜ ਦੇ ਦਰਜੇ ਲਈ ਇਕ ਭਰੋਸੇਯੋਗ ਮਾਰਗ ਲਈ ਹਾਲਾਤ ਅਖੀਰ ਤਿਆਰ ਹੋ ਸਕਦੇ ਹਨ’’ (ਮੇਰਾ ਜ਼ੋਰ)।’
ਮੇਰੇ ਵਿਚਾਰ ਨਾਲ ਜੰਗ ਅਖੀਰ ਰੁਕ ਸਕਦਾ ਹੈ, ਬੰਦੀਆਂ (ਜਾਂ ਉਨ੍ਹਾਂ ਦੀਆਂ ਅਸਥੀਆਂ) ਨੂੰ ਜਲਦ ਰਿਹਾਅ ਕੀਤਾ ਜਾ ਸਕਦਾ ਹੈ ਅਤੇ ਗਾਜ਼ਾ ਦੇ ਬੇਵੱਸ ਨਿਵਾਸੀਆਂ ਤੱਕ ਮਨੁੱਖੀ ਸਹਾਇਤਾ ਪਹੁੰਚ ਸਕਦੀ ਹੈ ਪਰ ਗਾਜ਼ਾ ਖੁਦ ਇਕ ‘ਗੈਰ-ਸਿਆਸੀ ਕਮੇਟੀ’ ਦੇ ਅਧੀਨ ਇਕ ਆਭਾਸੀ ਬਸਤੀ ਬਣ ਜਾਵੇਗਾ, ਜਿਸ ਦੀ ਦੇਖ-ਰੇਖ ਟਰੰਪ ਅਤੇ ਬਲੇਅਰ ਵਰਗੇ ਲੋਕਾਂ ਵਾਲੇ ‘ਸ਼ਾਂਤੀ ਬੋਰਡ’ ਵੱਲੋਂ ਕੀਤੀ ਜਾਵੇਗੀ। ਫਿਲਿਸਤੀਨੀ ਸੂਬੇ ਦਾ ਸੁਪਨਾ ਲਗਭਗ ਮਰ ਚੁੱਕਾ ਹੈ।
ਜ਼ਾਹਰ ਹੈ, ਤਮਾਮ ਵਿਅਰਥ ਦੇ ਦਾਅਵਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਦੁਨੀਆ ’ਚ ਭਾਰਤ ਦੇ ਬਹੁਤ ਘੱਟ ਦੋਸਤ ਹਨ ਅਤੇ ਭਾਰਤੀ ਅਰਥਵਿਵਸਥਾ ਆਪਣੇ ਨੇੜੇ-ਤੇੜੇ ਚੱਲ ਰਹੇ ਤੂਫਾਨਾਂ ਦਾ ਸਾਹਮਣਾ ਕਰਨ ਲਈ ਕਾਫੀ ਲਚਕੀਲੀ ਨਹੀਂ ਹੈ। ਚਾਪਲੂਸੀ, ਚਲਾਕੀ ਭਰੀ ਕੂਟਨੀਤੀ ਤੇ ਠੋਸ ਵਪਾਰ ਅਤੇ ਨਿਵੇਸ਼ ਨੀਤੀਆਂ ਦਾ ਬਦਲ ਨਹੀਂ ਹੈ।
ਪੀ.ਚਿਦਾਂਬਰਮ