‘ਕਦੋਂ ਰੁਕੇਗੀ ਭਾਰਤ ’ਚ ਹਵਾਈ ਜਹਾਜ਼ਾਂ ਰਾਹੀਂ ਵਿਦੇਸ਼ਾਂ ਤੋਂ ਸੋਨੇ ਅਤੇ ਨਸ਼ਿਆਂ ਦੀ ਸਮੱਗਲਿੰਗ!''
Tuesday, Jun 24, 2025 - 06:44 AM (IST)

ਹਾਲਾਂਕਿ ਸਰਕਾਰ ਕਈ ਸਾਲਾਂ ਤੋਂ ਦੇਸ਼ ’ਚ ਗੈਰ-ਕਾਨੂੰਨੀ ਢੰਗ ਨਾਲ ਸੋਨਾ ਅਤੇ ਨਸ਼ੀਲੀਆਂ ਵਸਤਾਂ ਆਦਿ ਦੀ ਸਮੱਗਲਿੰਗ ਰੋਕਣ ਦੇ ਯਤਨ ਕਰ ਰਹੀ ਹੈ ਅਤੇ ਇਸ ਲਈ ਕਈ ਕਾਨੂੰਨ ਵੀ ਬਣਾਏ ਹਨ ਪਰ ਸਮੱਗਲਰ ਵੀ ਨਿੱਤ ਨਵੇਂ ਤਰੀਕੇ ਲੱਭ ਕੇ ਸਰਕਾਰ ਦੇ ਯਤਨਾਂ ਨੂੰ ਨਾਕਾਮ ਕਰ ਰਹੇ ਹਨ। ਇੱਥੇ ਸਿਰਫ ਪਿਛਲੇ ਤਿੰਨ ਮਹੀਨਿਆਂ ਦੌਰਾਨ ਦੇਸ਼ ਦੇ ਹਵਾਈ ਅੱਡਿਆਂ ਤੋਂ ਬਰਾਮਦ ਕੀਤੇ ਗਏ ਸੋਨੇ ਅਤੇ ਨਸ਼ਿਆਂ ਦਾ ਵੇਰਵਾ ਹੇਠਾਂ ਦਰਜ ਹੈ :
* 5 ਮਾਰਚ ਨੂੰ ਕਸਟਮ ਅਧਿਕਾਰੀਆਂ ਨੇ ‘ਤਿਰੂਵਨੰਤਪੁਰਮ ਹਵਾਈ ਅੱਡੇ’ ’ਤੇ ‘ਰਿਆਦ’ ਤੋਂ ਆਏ ਇਕ ਮੁਸਾਫਰ ਕੋਲੋਂ 86.20 ਲੱਖ ਰੁਪਏ ਦੀ ਕੀਮਤ ਦਾ 992.6 ਗ੍ਰਾਮ ਸੋਨਾ ਬਰਾਮਦ ਕੀਤਾ। ਇਸੇ ਤਰ੍ਹਾਂ ਇਕ ਹੋਰ ਮੁਸਾਫਰ ਕੋਲੋਂ 35.62 ਲੱਖ ਰੁਪਏ ਦੀ ਕੀਮਤ ਦਾ 407.13 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ।
* 17 ਮਾਰਚ ਨੂੰ ‘ਮੁੰਬਈ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ ਇਕ ਨਿੱਜੀ ਹਵਾਈ ਸੇਵਾ ਦੇ ਤਿੰਨ ਮੁਲਾਜ਼ਮਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 8.47 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ।
* 25 ਮਾਰਚ ਨੂੰ ‘ਅਹਿਮਦਾਬਾਦ ਹਵਾਈ ਅੱਡੇ’ ’ਤੇ (ਆਬੂਧਾਬੀ) ਤੋਂ ਆਏ 2 ਮੁਸਾਫਰਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ’ਚੋਂ 2.76 ਕਰੋੜ ਰੁਪਏ ਦੀ ਕੀਮਤ ਦਾ ਤਿੰਨ ਕਿਲੋ ਸੋਨਾ ਬਰਾਮਦ ਕੀਤਾ ਗਿਆ।
* 8 ਅਪ੍ਰੈਲ ਨੂੰ ‘ਨਵੀਂ ਦਿੱਲੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ਇਕ ਇਰਾਕੀ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ’ਚੋਂ 1203 ਗ੍ਰਾਮ ਸੋਨਾ ਅਤੇ ਚਾਂਦੀ ਦਾ ਪਾਣੀ ਚੜ੍ਹਾਈ ਹੋਈ ਜਿਊਲਰੀ ਬਰਾਮਦ ਕੀਤੀ।
* 2 ਮਈ ਨੂੰ ‘ਹੈਦਰਾਬਾਦ ਹਵਾਈ ਅੱਡੇ’ ’ਤੇ ਦੁਬਈ ਤੋਂ ਆਉਣ ਵਾਲੇ ਇਕ ਮੁਸਾਫਰ ਅਤੇ ਦੋ ਹਵਾਈ ਅੱਡਾ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕਸਟਮ ਅਧਿਕਾਰੀਆਂ ਨੇ ਪੌਣੇ 4 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ 3.5 ਕਿਲੋ ਸੋਨਾ ਜ਼ਬਤ ਕੀਤਾ।
* 18 ਮਈ ਨੂੰ ਮੁੰਬਈ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਵੱਖ-ਵੱਖ ਮਾਮਲਿਆਂ ’ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲਗਭਗ 5.10 ਕਰੋੜ ਰੁਪਏ ਦੀ ਕੀਮਤ ਦਾ 5.75 ਕਿੱਲੋ ਸੋਨਾ ਜ਼ਬਤ ਕੀਤਾ।
* 2 ਅਤੇ 3 ਜੂਨ ਨੂੰ ‘ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਹੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਵੱਖ-ਵੱਖ ਮਾਮਲਿਆਂ ’ਚ ‘ਬੈਂਕਾਕ’ ਤੋਂ ਆਏ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 8.6 ਕਰੋੜ ਰੁਪਏ ਦੀ ਕੀਮਤ ਦੀ ‘ਹਾਈਡ੍ਰੋਪੋਨਿਕ ਕੈਨੇਬਿਸ’ (ਬੇਹੱਦ ਨਸ਼ੀਲੀ ਭੰਗ) ਬਰਾਮਦ ਕੀਤੀ।
*3 ਜੂਨ ਨੂੰ ਫਿਰ ਮੁੰਬਈ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਹੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 51.94 ਕਰੋੜ ਰੁਪਏ ਦੀ 5.19 ਕਿਲੋ ਕੋਕੀਨ ਬਰਾਮਦ ਕੀਤੀ।
* 9 ਜੂਨ ਨੂੰ ‘ਚੇਨਈ’ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਮੁਸਾਫਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 1.3 ਕਰੋੜ ਰੁਪਏ ਦਾ 1427 ਗ੍ਰਾਮ ਸੋਨਾ ਜ਼ਬਤ ਕੀਤਾ।
* ਅਤੇ ਹੁਣ 22 ਜੂਨ ਨੂੰ ਮੁੰਬਈ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ‘ਥਾਈਲੈਂਡ’ ਅਤੇ ‘ਬੈਂਕਾਕ’ ਤੋਂ ਆਏ ਦੋ ਭਾਰਤੀ ਮੁਸਾਫਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 11.88 ਕਰੋੜ ਰੁਪਏ ਦੀ ਕੀਮਤ ਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ ।
*22 ਜੂਨ ਨੂੰ ਹੀ ਮੁੰਬਈ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਹਵਾਈ ਅੱਡੇ ਦੋ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4.24 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਨੇ ਆਪਣੀਆਂ ਗੈਰ-ਕਾਨੂੰਨੀ ਸਰਗਰਮੀਆਂ ਕਿਸ ਹੱਦ ਤੱਕ ਵਧਾ ਦਿੱਤੀਆਂ ਹਨ ਅਤੇ ਭਾਰਤ ਦੀ ਅਰਥਵਿਵਸਥਾ ਨੂੰ ਸੱਟ ਮਾਰ ਰਹੇ ਹਨ।
ਹਾਲਾਂਕਿ ਅਧਿਕਾਰੀ ਅਪਰਾਧੀਆਂ ਨੂੰ ਫੜਨ ’ਚ ਸਫਲ ਹੋ ਰਹੇ ਹਨ ਪਰ ਇਸ ’ਚ ਹੋਰ ਤੇਜ਼ੀ ਲਿਆਉਣ ਅਤੇ ਇਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਫੜੇ ਜਾਣ ਵਾਲੇ ਸਮੱਗਲਰਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਹਵਾਈ ਅੱਡਿਆਂ ਅਤੇ ਹਵਾਈ ਕੰਪਨੀਆਂ ਦੇ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ ਤਾਂ ਜੋ ਇਸ ਬੁਰਾਈ ’ਤੇ ਰੋਕ ਲਾਈ ਜਾ ਸਕੇ।
–ਵਿਜੇ ਕੁਮਾਰ