ਜਦੋਂ ਹਿਮਾਚਲ ਨੇ ਪਣ-ਬਿਜਲੀ ਖੇਤਰ ’ਚ ਸਫਲਤਾ ਦਾ ਰਚਿਆ ਇਤਿਹਾਸ

Wednesday, Sep 18, 2024 - 05:38 PM (IST)

ਇਕ ਖਬਰ ਪੜ੍ਹ ਕੇ ਸਾਰਿਆਂ ਨੂੰ ਖੁਸ਼ੀ ਹੋਵੇਗੀ ਕਿ ਭਾਰਤ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਪਣ-ਬਿਜਲੀ ’ਚ ਵੱਧ ਤੋਂ ਵੱਧ ਸਫਲਤਾ ਹਾਸਲ ਕਰਨ ਲਈ ਸਨਮਾਨਿਤ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ 70 ਲੱਖ ਲੋਕਾਂ ਅਤੇ ਨਿੱਜੀ ਖੇਤਰ ਨੂੰ ਵਧਾਈ। ਯਾਦ ਰਹੇ, ਨਿੱਜੀ ਖੇਤਰ ਦੇ ਸਹਿਯੋਗ ਤੋਂ ਬਿਨਾਂ ਇਹ ਸਫ਼ਲਤਾ ਹਾਸਲ ਨਹੀਂ ਹੋ ਸਕਦੀ ਸੀ।

ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਪੂਰੇ ਦੇਸ਼ ’ਚ ਪਣ-ਬਿਜਲੀ ’ਚ ਨਿੱਜੀ ਖੇਤਰ ਨੂੰ ਲਿਆਉਣ ਦੀ ਪਹਿਲ 1990 ’ਚ ਮੇਰੀ ਅਗਵਾਈ ’ਚ ਹਿਮਾਚਲ ਪ੍ਰਦੇਸ਼ ਨੇ ਕੀਤੀ ਸੀ। 1977 ’ਚ ਹੀ ਕੁਝ ਯੋਗ ਅਧਿਕਾਰੀਆਂ ਨੇ ਮੈਨੂੰ ਹਿਮਾਚਲ ਦੇ ਪਾਣੀ ਤੋਂ ਬਿਜਲੀ ਪੈਦਾ ਕਰਨ ਦਾ ਵਿਚਾਰ ਦਿੱਤਾ ਸੀ ਤਾਂ ਜੋ ਹਿਮਾਚਲ ਦੇ ਵਿਕਾਸ ਲਈ ਸਰੋਤ ਪੈਦਾ ਕੀਤੇ ਜਾ ਸਕਣ। ਮੈਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਰਾਰਜੀ ਦੇਸਾਈ ਨੂੰ ਬੇਨਤੀ ਕੀਤੀ ਕਿ ਹਿਮਾਚਲ ਪ੍ਰਦੇਸ਼ ’ਚ ਪਣ-ਬਿਜਲੀ ਦੇ ਲਈ ਯੋਗਦਾਨ ਕਰੋ। ਸਰਕਾਰ ਦੇ ਕੋਲ ਧਨ ਨਹੀਂ ਹੈ ਤਾਂ ਨਿੱਜੀ ਖੇਤਰ ਨੂੰ ਬੁਲਾਉਣ ਦੀ ਗੱਲ ਸੋਚੀ ਜਾਏ ਪਰ ਉਹ ਯੁਗ ਸਮਾਜਵਾਦ ਦਾ ਸੀ, ਮੇਰੀ ਗੱਲ ਨਹੀਂ ਸੁਣੀ ਗਈ।

ਦੂਸਰੀ ਵਾਰ 1990 ’ਚ ਮੁੱਖ ਮੰਤਰੀ ਬਣਨ ’ਤੇ ਪਹਿਲੇ ਮੰਤਰੀ ਮੰਡਲ ਦਾ ਪਹਿਲਾ ਪ੍ਰਸਤਾਵ ਇਹੀ ਸੀ ਕਿ ਹਿਮਾਚਲ ਪ੍ਰਦੇਸ਼ ਪਣ-ਬਿਜਲੀ ’ਚ ਨਿੱਜੀ ਖੇਤਰ ਨੂੰ ਸੱਦਾ ਦੇਵੇਗਾ। ਜਦੋਂ ਵਿਧਾਨ ਸਭਾ ’ਚ ਇਹ ਪ੍ਰਸਤਾਵ ਆਇਆ ਤਾਂ ਵਿਰੋਧੀ ਦਿਰ ਦੇ ਨੇਤਾ ਨੇ ਕਿਹਾ ਸੀ - ‘ਇਸ ਪ੍ਰਸਤਾਵ ਨਾਲ ਹਿਮਾਚਲ ਪੂਰੇ ਭਾਰਤ ’ਚ ਇਕ ਮਜ਼ਾਕ ਬਣ ਜਾਏਗਾ, ਕਿਤੇ ਵੀ ਅਜਿਹੇ ਕਿਸੇ ਕੰਮ ’ਚ ਨਿੱਜੀ ਖੇਤਰ ਨੂੰ ਕਦੇ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਬੁਲਾਉਣ ਦੀ ਯੋਜਨਾ ਹੈ।’ ਪ੍ਰਸਤਾਵ ਪਾਸ ਹੋ ਗਿਆ, ਫਿਰ ਮੈਨੂੰ ਪਤਾ ਲੱਗਾ ਕਿ ਕੇਂਦਰੀ ਕਾਨੂੰਨ ਦੇ ਅਨੁਸਾਰ ਨਿੱਜੀ ਖੇਤਰ ਦੀ ਕੋਈ ਯੋਜਨਾ ਨਹੀਂ ਦਿੱਤੀ ਜਾ ਸਕਦੀ, ਬਹੁਤ ਚਿੰਤਤ ਹੋਇਆ।

ਦਿੱਲੀ ਗਿਆ, ਸ਼੍ਰੀ ਅਟਲ ਜੀ ਨੇ ਕਿਹਾ ਵਿੱਤ ਮੰਤਰੀ ਸ਼੍ਰੀ ਮਨਮੋਹਨ ਸਿੰਘ ਨੂੰ ਮਿਲੋ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਸ਼੍ਰੀ ਮਨਮੋਹਨ ਸਿੰਘ ਜੀ ਕੋਲ ਜਾ ਕੇ ਮੈਂ ਇਹ ਗੱਲ ਦੱਸੀ ਤਾਂ ਉਹ ਖੁਸ਼ੀ ਨਾਲ ਉਛਲ ਪਏ ਅਤੇ ਉਨ੍ਹਾਂ ਦੇ ਮੂੰਹ ਤੋਂ ਨਿਕਲਿਆ - ਕੋਈ ਸੂਬਾ ਤਾਂ ਹੈ ਜੋ ਮੇਰੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ। ਮੈਂ ਕਿਹਾ - ਕੇਂਦਰ ਦੇ ਕਾਨੂੰਨ ਦੇ ਕਾਰਨ ਅਸੀਂ ਅਜਿਹਾ ਨਹੀਂ ਕਰ ਸਕਦੇ। ਸ਼੍ਰੀ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਮੈਂ ਸ਼੍ਰੀ ਅਟਲ ਜੀ ਅਤੇ ਸ਼੍ਰੀ ਅਡਵਾਨੀ ਜੀ ਨਾਲ ਗੱਲ ਕਰ ਲਵਾਂ, ਉਹ 15 ਦਿਨ ’ਚ ਕੇਂਦਰੀ ਕਾਨੂੰਨ ਦੀ ਸੋਧ ਲੋਕ ਸਭਾ ’ਚ ਪੇਸ਼ ਕਰ ਦੇਣਗੇ।

ਸੋਧ ਪਾਸ ਹੋਈ ਫਿਰ ਮੈਂ ਸ਼ਿਮਲੇ ’ਚ ਬੈਠ ਕੇ ਨਿੱਜੀ ਖੇਤਰ ਦੇ ਲੋਕਾਂ ਨਾਲ ਸੰਪਰਕ ਕਰਨ ਲੱਗਾ। ਇਕ ਮਹੀਨੇ ਦੇ ਅੰਦਰ ਹੀ ਸ਼੍ਰੀ ਜੈਪ੍ਰਕਾਸ਼ ਗੌੜ ਅਤੇ ਉਨ੍ਹਾਂ ਦੇ ਸਹਿਯੋਗੀ ਸ਼੍ਰੀ ਐੱਸ. ਕੇ. ਜੈਨ ਜੀ ਮੈਨੂੰ ਮਿਲੇ ਅਤੇ ਮੇਰਾ ਧੰਨਵਾਦ ਕੀਤਾ ਅਤੇ ਕਹਿਣ ਲੱਗੇ - ਅਸੀਂ ਇਕ ਪ੍ਰਾਜੈਕਟ ਕਰਨ ਲਈ ਤਿਆਰ ਹਾਂ। ਇਹ ਭਾਰਤ ਦੇ ਇਤਿਹਾਸ ’ਚ ਇਕ ਇਤਿਹਾਸਕ ਪਲ ਸੀ। ਸਮਝੌਤਾ ਹੋਇਆ ਅਤੇ ਭਾਰਤ ਦੇ ਇਤਿਹਾਸ ਦੇ ਨਿੱਜੀ ਖੇਤਰ ਦਾ ਪ੍ਰਾਜੈਕਟ, ਹਿਮਾਚਲ ਪ੍ਰਦੇਸ਼ ’ਚ ਸ਼ੁਰੂ ਹੋਇਆ।

ਮੈਨੂੰ ਖੁਸ਼ੀ ਹੈ ਕਿ ਅੱਜ ਪੂਰਾ ਭਾਰਤ ਨਿੱਜੀ ਖੇਤਰ ਪਣ-ਬਿਜਲੀ ਯੋਜਨਾ ’ਚ ਅੱਗੇ ਵਧ ਰਿਹਾ ਹੈ ਪਰ ਇਹ ਰਸਤਾ ਅੱਜ ਤੋਂ ਲਗਭਗ 34 ਸਾਲ ਪਹਿਲਾਂ ਹਿਮਾਚਲ ਨੇ ਦਿਖਾਇਆ ਸੀ। ਮੈਂ ਉਨ੍ਹਾਂ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹ ਵਿਚਾਰ ਦਿੱਤਾ ਅਤੇ ਸ਼੍ਰੀ ਜੈਪ੍ਰਕਾਸ਼ ਗੌੜ ਜੀ ਦਾ ਵੀ ਧੰਨਵਾਦ ਕਰਦਾ ਹਾਂ। ਉਹ ਸਭ ਤੋਂ ਪਹਿਲਾਂ ਇਕ ਨਵਾਂ ਇਤਿਹਾਸ ਬਣਾਉਣ ਦੇ ਲਈ ਮੇਰੇ ਕੋਲ ਆਏ ਸਨ।

ਸ਼ਾਂਤਾ ਕੁਮਾਰ (ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅਤੇ ਸਾਬਕਾ ਕੇਂਦਰੀ ਮੰਤਰੀ)


Rakesh

Content Editor

Related News