ਆਪਣੇ ਅਤੀਤ ਨੂੰ ਫਰੋਲਣ ’ਚ ਜ਼ਿਆਦਾ ਰੁਚੀ ਰੱਖਦੇ ਹਾਂ ਅਸੀਂ
Thursday, Jan 09, 2025 - 06:00 PM (IST)
ਇਹ ਸਾਰਿਆਂ ਨੂੰ ਪਤਾ ਹੈ ਕਿ ਭਾਰਤ ’ਚ ਮੌਜੂਦਾ ਸਮੇਂ ’ਚ ਨੌਜਵਾਨ ਨਾਗਰਿਕਾਂ ਦੀ ਸਭ ਤੋਂ ਵੱਡੀ ਗਿਣਤੀ ਹੈ ਅਤੇ ਦੁਨੀਆ ’ਚ ਨਵਾਂ ਕਾਰਜਬਲ ਹੈ, ਜਿਸ ਦੀ ਅੱਧੀ ਆਬਾਦੀ 27 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਹੁਣ 15-59 ਸਾਲ ਦੀ ਉਮਰ ਦੇ ਵਿਚਾਲੇ ਦੀ 67.3 ਫੀਸਦੀ ਆਬਾਦੀ ਨਾਲ ਭਾਰਤ ਆਪਣੀ ਆਬਾਦੀ ਦੇ ਸਿਖਰ ’ਤੇ ਪਹੁੰਚ ਗਿਆ ਹੈ।
ਜ਼ਾਹਿਰ ਹੈ ਕਿ ਇਹ ਇਕ ਵੱਡਾ ਲਾਭ ਹੈ ਜੋ ਸਾਨੂੰ ਹੋਰਨਾਂ ਦੇਸ਼ਾਂ, ਖਾਸ ਤੌਰ ’ਤੇ ਅਮਰੀਕਾ ਅਤੇ ਚੀਨ ਤੋਂ ਅੱਗੇ ਲੈ ਜਾਂਦਾ ਹੈ, ਜਿਥੇ ਔਸਤ ਉਮਰ ਬਹੁਤ ਜ਼ਿਆਦਾ ਹੈ ਅਤੇ ਆਬਾਦੀ ਵਡੇਰੀ ਉਮਰ ਦੀ ਹੋ ਰਹੀ ਹੈ।
ਮੌਜੂਦਾ ਸਮੇਂ ’ਚ ਸਾਡੇ ਕੋਲ 65 ਸਾਲਾਂ ਤੋਂ ਵੱਧ ਉਮਰ ਦੀ ਸਿਰਫ 7 ਫੀਸਦੀ ਆਬਾਦੀ ਹੈ ਜਦਕਿ ਅਮਰੀਕਾ ’ਚ ਇਹ 17 ਫੀਸਦੀ ਅਤੇ ਯੂਰਪ ’ਚ 21 ਫੀਸਦੀ ਹੈ। ਜਾਪਾਨ ਵਰਗੇ ਦੇਸ਼ਾਂ ਲਈ ਇਹ ਬਹੁਤ ਬੁਰਾ ਹੈ ਜਿਥੇ ਆਬਾਦੀ ਹੋਰ ਵੀ ਤੇਜ਼ੀ ਨਾਲ ਵਡੇਰੀ ਉਮਰ ਦੀ ਹੋ ਰਹੀ ਹੈ।
ਹਾਲਾਂਕਿ ਸਾਡੇ ਯੋਜਨਾਕਾਰਾਂ ਦਰਮਿਆਨ ਗੰਭੀਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਦੇਸ਼ ਲਈ ਇਹ ਆਬਾਦੀ ਲਾਭ ਸਿਰਫ 30 ਸਾਲਾਂ ਤਕ ਹੀ ਰਹੇਗਾ। ਇਸ ਤੋਂ ਬਾਅਦ ਆਬਾਦੀ ਵੱਡੀ ਉਮਰ ਦੀ ਹੋਣ ਲੱਗੇਗੀ।
ਇਸ ਤਰ੍ਹਾਂ ਸਾਡੇ ਕੋਲ ਸ਼ਾਨਦਾਰ ਲਾਭ ਦਾ ਇਹ ਸੁਨਹਿਰੀ ਕਾਲ ਹੈ ਪਰ ਸਵਾਲ ਇਹ ਹੈ ਕਿ ਕੀ ਅਸੀਂ ਮੌਕਿਆਂ ਦਾ ਪੂਰਾ ਫਾਇਦਾ ਲੈਣ ਲਈ ਤਿਆਰ ਹਾਂ ਜਾਂ ਤਿਆਰੀ ਕਰ ਰਹੇ ਹਾਂ।
ਬਦਕਿਸਮਤੀ ਨਾਲ ਸਾਡੀ ਸਿਹਤ ਅਤੇ ਸਿੱਖਿਆ ਦੇ ਮਾਨਦੰਡ ਜੋ ਉਤਪਾਦਕਤਾ ਅਤੇ ਧਨ ਸਿਰਜਨ ਲਈ ਪ੍ਰੇਰਕ ਸ਼ਕਤੀ ਹਨ, ਅਜੇ ਵੀ ਖਰਾਬ ਬਣੇ ਹੋਏ ਹਨ। ਇਹ ਸਾਡੇ ਛੋਟੇ ਬੱਚਿਆਂ ਲਈ ਖਾਸ ਤੌਰ ’ਤੇ ਸੱਚ ਹੈ, ਜੋ ਅਗਲੇ ਕੁਝ ਦਹਾਕਿਆਂ ’ਚ ਦੇਸ਼ ਨੂੰ ਚਲਾਉਣਗੇ। ਸਪੱਸ਼ਟ ਤੌਰ ’ਤੇ ਦੇਸ਼ ਦੇ ਵਿਕਾਸ ਦੇ ਇਨ੍ਹਾਂ 2 ਮਹੱਤਵਪੂਰਨ ਪਹਿਲੂਆਂ ’ਤੇ ਲਗਾਤਾਰ ਸਰਕਾਰਾਂ ਵਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਹੈ।
ਰਾਸ਼ਟਰੀ ਸਿਹਤ ਸਰਵੇਖਣ ਦੀ ਤਾਜ਼ਾ ਰਿਪੋਰਟ ਅਨੁਸਰਾ ਵਧਦੀ ਸਾਖਰਤਾ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਇਹ ਪਾਇਆ ਗਿਆ ਹੈ ਕਿ 15-49 ਸਾਲ ਦੇ ਉਮਰ ਵਰਗ ’ਚ ਸਿਰਫ 42 ਫੀਸਦੀ ਔਰਤਾਂ ਅਤੇ ਲਗਭਗ 50 ਫੀਸਦੀ ਮਰਦ 10 ਸਾਲ ਜਾਂ ਉਸ ਤੋਂ ਵੱਧ ਸਮੇਂ ਤਕ ਸਕੂਲ ਗਏ ਹਨ।
15-19 ਸਾਲ ਦੇ ਉਮਰ ਵਰਗ ਦੇ ਉਹ ਲੋਕ ਜਿਨ੍ਹਾਂ ਨੂੰ ਅਗਲੇ ਦਹਾਕੇ ’ਚ ਸਾਡੇ ਕਾਰਜਬਲ ’ਚ ਸ਼ਾਮਲ ਕੀਤਾ ਜਾਵੇਗਾ, ਸਿਰਫ 34 ਫੀਸਦੀ ਔਰਤਾਂ ਅਤੇ 36 ਫੀਸਦੀ ਔਰਤਾਂ ਨੇ ਘੱਟੋ-ਘੱਟ 12 ਸਾਲਾਂ ਦੀ ਸਿੱਖਿਆ ਪੂਰੀ ਕੀਤੀ ਹੈ ਅਤੇ ਇਹ ਸਿਰਫ ਸਿੱਖਿਆ ਦੇ ਸਾਲਾਂ ਦੀ ਗੱਲ ਨਹੀਂ ਹੈ। ਇਥੋਂ ਤੱਕ ਕਿ ਪ੍ਰਾਇਮਰੀ ਅਤੇ ਮਿਡਲ ਸਿੱਖਿਆ ਦੀ ਗੁਣਵੱਤਾ ਵੀ ਸੰਤੋਖਜਨਕ ਨਹੀਂ ਹੈ।
ਸਾਲਾਨਾ ਸਿੱਖਿਆ ਸਥਿਤੀ ਰਿਪੋਰਟ 2023 ’ਚ ਪਾਇਆ ਗਿਆ ਕਿ ਰਾਸ਼ਟਰੀ ਪੱਧਰ ’ਤੇ 17-18 ਸਾਲ ਦੇ ਉਮਰ ਵਰਗ ’ਚ ਸਿਰਫ 77 ਫੀਸਦੀ ਲੋਕ ਦੂਜੀ ਜਮਾਤ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕੋਵਿਡ ਮਹਾਮਾਰੀ ਨੇ ਸਿੱਖਿਆ ਨੂੰ ਖਾਸ ਤੌਰ ’ਤੇ ਦਿਹਾਤੀ ਇਲਾਕਿਆਂ ’ਚ ਝਟਕਾ ਦਿੱਤਾ ਹੈ ਪਰ ਇਹ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਸੀ ਅਤੇ ਇਸ ਨੂੰ ਜ਼ਰੂਰੀ ਬੜਾਵਾ ਦੇਣ ਲਈ ਬਹੁਤ ਘੱਟ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਉੱਚ ਸਿੱਖਿਆ ਅਤੇ ਕੌਸ਼ਲ ਆਧਾਰਿਤ ਸਿੱਖਿਆ ਦੇ ਮਾਨਕ ਬਹੁਤੇ ਬਿਹਤਰ ਨਹੀਂ ਹਨ। ਸਾਡੇ ਸਿੱਖਿਆ ਸੰਸਥਾਨ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਤਿਆਰ ਕਰ ਰਹੇ ਹਨ ਜੋ ਯੋਗਤਾ ਪ੍ਰੀਖਿਆ ਪਾਸ ਕਰਦੇ ਹਨ ਪਰ ਰੋਜ਼ਗਾਰ ਦੇ ਲਾਇਕ ਨਹੀਂ ਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਲਗਾਤਾਰ ਵਿਕਸਿਤ ਹੋ ਰਹੇ ਨੌਕਰੀ ਬਾਜ਼ਾਰ ਲਈ ਜ਼ਰੂਰੀ ਕੌਸ਼ਲ ਦੀ ਕਮੀ ਹੁੰਦੀ ਹੈ। ਬਿਹਤਰ ਉਤਪਾਦਕਤਾ ਲਈ ਦੂਜਾ ਮਹੱਤਵਪੂਰਨ ਪਹਿਲੂ ਕਾਰਜਬਲ ਦੇ ਨਾਲ-ਨਾਲ ਆਬਾਦੀ ਦੇ ਹੋਰ ਵਰਗਾਂ ਦੀ ਸਿਹਤ ਹੈ।
ਇਸ ਖੇਤਰ ’ਚ ਵੀ ਸਾਡੀ ਤਰੱਕੀ ਪਿਛੜੀ ਹੋਈ ਹੈ ਅਤੇ ਗੰਭੀਰ ਚਿੰਤਾ ਦਾ ਕਾਰਨ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2023 ਤੋਂ ਪਤਾ ਲੱਗਦਾ ਹੈ ਕਿ 57 ਫੀਸਦੀ ਔਰਤਾਂ ਅਤੇ 25 ਫੀਸਦੀ ਮਰਦ ਅਨੀਮੀਆ ਤੋਂ ਪੀੜਤ ਹਨ। ਇਸ ਨੇ ਇਹ ਵੀ ਦੱਸਿਆ ਹੈ ਕਿ 6 ਤੋਂ 23 ਮਹੀਨਿਆਂ ਦੀ ਉਮਰ ਦੇ ਸਿਰਫ 11.3 ਫੀਸਦੀ ਬੱਚਿਆਂ ਨੂੰ ਘੱਟੋ-ਘੱਟ ਲੋੜੀਂਦਾ ਆਹਾਰ ਮਿਲਦਾ ਹੈ। ਇਹ ਬੱਚੇ ਅਗਲੇ 3 ਤੋਂ 5 ਦਹਾਕਿਆਂ ’ਚ ਮੁੱਖ ਕਾਰਜਬਲ ਦਾ ਗਠਨ ਕਰਨਗੇ। ਅੰਦਾਜ਼ੇ ਅਨੁਸਾਰ ਭਾਰਤ 2030 ਤੋਂ ਹਰੇਕ ਲੰਘਦੇ ਸਾਲ ਦੇ ਨਾਲ ਵੱਡੀ ਉਮਰ ਦਾ ਹੋਣਾ ਸ਼ੁਰੂ ਕਰ ਦੇਵੇਗਾ।
ਯੋਜਨਾਕਾਰਾਂ ਨੂੰ ਖਰਾਬ ਸਿਹਤ ਹਾਲਾਤ ਦੇ ਨਾਲ-ਨਾਲ ਕੌਸ਼ਲ ਵਿਹੀਨ, ਵੱਡੀ ਉਮਰ ਦੀ ਹੁੰਦੀ ਆਬਾਦੀ ਦੇ ਗੰਭੀਰ ਮੁੱਦਿਆਂ ਨਾਲ ਨਜਿੱਠਣ ਦੀ ਲੋੜ ਹੈ। ਬਦਕਿਸਮਤੀ ਨਾਲ ਦੇਸ਼ ਦਾ ਧਿਆਨ ਇਨ੍ਹਾਂ ਗੰਭੀਰ ਮੁੱਦਿਆਂ ’ਤੇ ਨਹੀਂ ਲੱਗਦਾ ਹੈ। ਅਸੀਂ ਪਿੱਛੇ ਵੱਲ ਖਿਸਕਦੇ ਜਾ ਰਹੇ ਹਾਂ ਅਤੇ ਆਪਣੇ ਅਤੀਤ ਨੂੰ ਫਰੋਲਣ ’ਚ ਜ਼ਿਆਦਾ ਰੁਚੀ ਰੱਖਦੇ ਹਾਂ।
ਜਦਕਿ ਜ਼ਿਆਦਾਤਰ ਹੋਰ ਦੇਸ਼ ਅੱਗੇ ਵੱਲ ਦੇਖ ਰਹੇ ਹਨ ਅਤੇ ਭਵਿੱਖ ਲਈ ਯੋਜਨਾ ਬਣਾ ਰਹੇ ਹਨ, ਅਸੀਂ ਗੈਰ-ਉਤਪਾਦਕ ਮੁੱਦਿਆਂ ’ਚ ਉਲਝੇ ਹੋਏ ਹਾਂ। ਜੇ ਉਹ ਛੋਟੇ-ਮੋਟੇ ਮੁੱਦਿਆਂ ’ਤੇ ਲੜਦੇ ਰਹਿਣਗੇ ਅਤੇ ਇਕ ਮਜ਼ਬੂਤ ਅਤੇ ਵਿਕਸਿਤ ਦੇਸ਼ ਲਈ ਠੋਸ ਨੀਂਹ ਨਹੀਂ ਰੱਖਣਗੇ ਤਾਂ ਇਤਿਹਾਸ ਯਕੀਨੀ ਤੌਰ ’ਤੇ ਮੌਜੂਦਾ ਸਿਆਸੀ ਨੇਤਾਵਾਂ ਨਾਲ ਸਖਤੀ ਵਰਤੇਗਾ।
ਵਿਪਿਨ ਪੱਬੀ