ਕਦੇ-ਕਦੇ ਜੋਸ਼ ’ਚ ਹੋਸ਼ ਕਿਉਂ ਗੁਆ ਦਿੰਦੇ ਹਨ ਰਾਹੁਲ?

Thursday, Aug 07, 2025 - 11:30 AM (IST)

ਕਦੇ-ਕਦੇ ਜੋਸ਼ ’ਚ ਹੋਸ਼ ਕਿਉਂ ਗੁਆ ਦਿੰਦੇ ਹਨ ਰਾਹੁਲ?

ਹਾਲ ਹੀ ’ਚ ਸਾਲਾਨਾ ਕਾਨੂੰਨ ਸੰਮੇਲਨ 2025 ’ਚ ਰਾਹੁਲ ਗਾਂਧੀ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਉਥੇ ਮੌਜੂਦ ਲੋਕ ਖੁਦ ਨੂੰ ਤਾੜੀਆਂ ਵਜਾਉਣ ਤੋਂ ਨਹੀਂ ਰੋਕ ਸਕੇ। ਇਸ ਪ੍ਰੋਗਰਾਮ ’ਚ ਲੋਕ ਨਾਅਰੇ ਲਗਾ ਰਹੇ ਸਨ, ‘ਦੇਸ਼ ਦਾ ਰਾਜਾ ਕਿਹੋ ਜਿਹਾ ਹੋਵੇ, ਰਾਹੁਲ ਗਾਂਧੀ ਵਰਗਾ ਹੋਵੇ।’ ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਰਾਜਾ ਨਹੀਂ ਬਣਨਾ ਚਾਹੁੰਦਾ ਹਾਂ। ਮੈਂ ਰਾਜਾ ਦੀ ਧਾਰਨਾ ਦੇ ਵਿਰੁੱਧ ਹਾਂ। ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਰਾਹੁਲ ਗਾਂਧੀ ਕਿੰਨੀ ਸਾਦੀ ਸੋਚ ਵਾਲੇ ਹਨ।
ਇਹ ਵੱਖਰੀ ਗੱਲ ਹੈ ਕਿ ਉਹ ਅੱਜ ਦੀ ਸਿਆਸਤ ’ਚ ਫਿੱਟ ਨਹੀਂ ਹੋ ਰਹੇ ਹਨ। ਉਨ੍ਹਾਂ ’ਚ ਨੇਤਾਵਾਂ ਵਾਲੇ ਗੁਣ ਨਹੀਂ ਹਨ। ਭਾਵ ਇਸ ਦੌਰ ਦੇ ਰਾਜਨੇਤਾ ਜਿਸ ਤਰ੍ਹਾਂ ਸੋਚ-ਸਮਝ ਕੇ ਵਿਵਹਾਰ ਕਰਦੇ ਹਨ, ਰਾਹੁਲ ਗਾਂਧੀ ਦਾ ਵਿਵਹਾਰ ਉਹੋ ਜਿਹਾ ਨਹੀਂ ਹੁੰਦਾ। ਉਹ ਆਪਣੀ ਗੱਲ ਬਹੁਤ ਸਰਲਤਾ ਨਾਲ ਕਹਿੰਦੇ ਹਨ। ਉਹ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਸ਼ਬਦਾਂ ਦਾ ਸਮਾਜ ’ਤੇ ਕੀ ਪ੍ਰਭਾਵ ਪਵੇਗਾ ਜਾਂ ਸਮਾਜ ਉਨ੍ਹਾਂ ਬਾਰੇ ਕੀ ਸੋਚੇਗਾ।
ਸਵਾਲ ਇਹ ਵੀ ਹੈ ਕਿ ਰਾਹੁਲ ਗਾਂਧੀ ਕਈ ਵਾਰ ਜੋਸ਼ ’ਚ ਆਪਣੇ ਹੋਸ਼ ਕਿਉਂ ਗੁਆ ਬੈਠਦੇ ਹਨ। ਹਾਲ ਹੀ ’ਚ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਰਥਵਿਵਸਥਾ ਨੂੰ ਮੁਰਦਾ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਇਕ ਮੁਰਦਾ ਅਰਥਵਿਵਸਥਾ ਹੈ। ਇਸ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਡੋਨਾਲਡ ਟਰੰਪ ਦੇ ਬਿਆਨ ਦਾ ਸਮਰਥਨ ਕੀਤਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ’ਤੇ 25 ਫੀਸਦੀ ਟੈਰਿਫ ਲਗਾਉਣ ਅਤੇ ਭਾਰਤ ਨੂੰ ‘ਡੈੱਡ ਇਕਾਨਮੀ’ ਕਹਿਣ ਦੇ ਸਵਾਲ ’ਤੇ ਰਾਹੁਲ ਗਾਂਧੀ ਨੇ ਕਿਹਾ, ‘‘ਟਰੰਪ ਸਹੀ ਕਹਿ ਰਹੇ ਹਨ। ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਤੋਂ ਸਿਵਾਏ ਹਰ ਕੋਈ ਜਾਣਦਾ ਹੈ ਕਿ ਭਾਰਤ ‘ਡੈੱਡ ਇਕਾਨਮੀ’ ਹੈ। ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਟਰੰਪ ਨੇ ਤੱਥ ਸਾਹਮਣੇ ਰੱਖਿਆ ਹੈ। ਭਾਜਪਾ ਨੇ ਅਰਥਵਿਵਸਥਾ ਨੂੰ ਖਤਮ ਕਰ ਦਿੱਤਾ ਹੈ। ਭਾਰਤ ਦੇ ਸਾਹਮਣੇ ਅੱਜ ਮੁੱਖ ਮੁੱਦਾ ਹੈ ਕਿ ਇਸ ਸਰਕਾਰ ਨੇ ਸਾਡੀ ਆਰਥਿਕ ਨੀਤੀ ਨੂੰ ਤਬਾਹ ਕਰ ਦਿੱਤਾ ਹੈ, ਸਾਡੀ ਰੱਖਿਆ ਨੀਤੀ ਨੂੰ ਤਬਾਹ ਕਰ ਦਿੱਤਾ ਅਤੇ ਸਾਡੀ ਵਿਦੇਸ਼ ਨੀਤੀ ਨੂੰ ਤਬਾਹ ਕਰ ਦਿੱਤਾ। ਉਹ ਦੇਸ਼ ਨੂੰ ਰਸਾਤਲ ’ਚ ਲਿਜਾ ਰਹੇ ਹਨ।’’
ਆਰਥਿਕ ਨੀਤੀ, ਰੱਖਿਆ ਨੀਤੀ ਅਤੇ ਵਿਦੇਸ਼ ਨੀਤੀ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ ਸਹੀ ਹੋ ਸਕਦੇ ਹਨ ਪਰ ਰਾਹੁਲ ਗਾਂਧੀ ਵੱਲੋਂ ਡੋਨਾਲਡ ਟਰੰਪ ਦੇ ਬਿਆਨ ਦਾ ਸਮਰਥਨ ਕਰਨਾ ਦਰਸਾਉਂਦਾ ਹੈ ਕਿ ਕਈ ਵਾਰ ਉਹ ਉਤਸ਼ਾਹ ’ਚ ਆਪਣੇ ਹੋਸ਼ ਗੁਆ ਬੈਠਦੇ ਹਨ। ਰਾਹੁਲ ਗਾਂਧੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਡੋਨਾਲਡ ਟਰੰਪ ਭਾਰਤ ਦੀਆਂ ਵਿਰੋਧੀ ਪਾਰਟੀਆਂ ਲਈ ਰੋਲ ਮਾਡਲ ਨਹੀਂ ਹੋ ਸਕਦੇ। ਜੇਕਰ ਡੋਨਾਲਡ ਟਰੰਪ ਨੇ ਭਾਰਤ ਵਿਰੁੱਧ ਕੋਈ ਬਿਆਨ ਦਿੱਤਾ ਹੈ, ਤਾਂ ਕੀ ਉਸ ਬਿਆਨ ਦਾ ਇਸ ਲਈ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਭਾਰਤ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ?
ਕੀ ਟਰੰਪ ਦੇ ਬਿਆਨ ਦੀ ਵਰਤੋਂ ਨਰਿੰਦਰ ਮੋਦੀ ਵਿਰੁੱਧ ਕਰਨੀ ਜ਼ਰੂਰੀ ਹੈ? ਯਕੀਨਨ, ਇਸ ਸਮੇਂ ਰਾਹੁਲ ਗਾਂਧੀ ਸਰਕਾਰ ਵਿਰੁੱਧ ਬਹੁਤ ਜ਼ੋਰਦਾਰ ਆਵਾਜ਼ ਉਠਾ ਰਹੇ ਹਨ। ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਵਿਰੋਧੀ ਧਿਰ ਦੀ ਇਕ ਵੱਡੀ ਆਵਾਜ਼ ਵੀ ਹਨ।
ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਉਹ ਲਗਾਤਾਰ ਜਨਤਕ ਚਿੰਤਾ ਨਾਲ ਜੁੜੇ ਕਈ ਮੁੱਦੇ ਉਠਾ ਰਹੇ ਹਨ ਪਰ ਇਨ੍ਹਾਂ ਸੱਚਾਈਆਂ ਦੇ ਬਾਵਜੂਦ ਰਾਹੁਲ ਗਾਂਧੀ ਕਈ ਵਾਰ ਬਹੁਤ ਜ਼ਿਆਦਾ ਉਤਸ਼ਾਹ ਨਾਲ ਬੋਲਦੇ ਹਨ। ਰਾਹੁਲ ਗਾਂਧੀ ਕਈ ਸਾਲਾਂ ਤੋਂ ਰਾਜਨੀਤੀ ਕਰ ਰਹੇ ਹਨ। ਇਸ ਲਈ ਹੁਣ ਉਹ ਪੁਰਾਣੇ ਰਾਜਨੇਤਾ ਹੋ ਚੁੱਕੇ ਹਨ। ਪੁਰਾਣੇ ਰਾਜਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਇਹ ਲੱਗ ਵੀ ਰਿਹਾ ਹੈ ਕਿ ਡੋਨਾਲਡ ਟਰੰਪ ਸਹੀ ਕਹਿ ਰਹੇ ਹਨ ਤਾਂ ਇਹ ਗੱਲ ਜਨਤਕ ਥਾਂ ’ਤੇ ਨਹੀਂ ਬੋਲਣੀ ਚਾਹੀਦੀ।
ਰਾਹੁਲ ਗਾਂਧੀ ਪਹਿਲਾਂ ਵੀ ਕਈ ਵਾਰ ਜੋਸ਼ ’ਚ ਅਜਿਹਾ ਵਿਵਹਾਰ ਕਰ ਜਾਂਦੇ ਹਨ ਜੋ ਉਨ੍ਹਾਂ ਵਰਗੇ ਨੇਤਾ ਦੀ ਸ਼ਾਨ ਲਈ ਠੀਕ ਨਹੀਂ ਹੈ। ਹੋ ਸਕਦਾ ਹੈ ਇਹ ਗੱਲ ਰਾਹੁਲ ਗਾਂਧੀ ਦੇ ਭਗਤਾਂ ਨੂੰ ਠੀਕ ਨਾ ਲੱਗੇ ਪਰ ਸੱਚਾਈ ਤੋਂ ਮੂੰਹ ਮੋੜਨਾ ਆਖਿਰ ਠੀਕ ਨਹੀਂ ਹੁੰਦਾ।
ਕਿਸੇ ਵੀ ਪਰਿਪੱਕ ਰਾਜਨੇਤਾ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਰਾਹੁਲ ਗਾਂਧੀ ਕਈ ਵਾਰ ਜੋਸ਼ ’ਚ ਅਜਿਹੀਆਂ ਗੱਲਾਂ ਬੋਲ ਜਾਂਦੇ ਹਨ ਜਿਨ੍ਹਾਂ ਨੂੰ ਭਾਜਪਾ ਦੇ ਆਰ. ਟੀ. ਸੈੱਲ ਵਾਲੇ ਵਾਇਰਲ ਕਰ ਦਿੰਦੇ ਹਨ ਅਤੇ ਫਿਰ ਕਾਂਗਰਸ ਰਾਹੁਲ ਦੀਆਂ ਜੋਸ਼ ’ਚ ਬੋਲੀਆਂ ਗਈਆਂ ਗੱਲਾਂ ਦੀ ਸਫਾਈ ਦਿੰਦੀ ਰਹਿੰਦੀ ਹੈ। ਕਈ ਵਾਰ ਕਾਂਗਰਸ ਰਾਹੁਲ ਦੀਆਂ ਕਹੀਆਂ ਗਈਆਂ ਗੱਲਾਂ ’ਤੇ ਚੁੱਪ ਹੋ ਜਾਂਦੀ ਹੈ। ਰਾਹੁਲ ਗਾਂਧੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਸਹੀ ਗੱਲ ਵੀ ਗਲਤ ਤਰੀਕੇ ਨਾਲ ਬੋਲੀ ਜਾਵੇਗੀ ਤਾਂ ਉਸ ਦਾ ਜਨਤਾ ’ਤੇ ਨਾਂਹਪੱਖੀ ਪ੍ਰਭਾਵ ਪਏਗਾ।
ਰਾਹੁਲ ਗਾਂਧੀ ਨੂੰ ਆਪਣੀ ਭੈਣ ਪ੍ਰਿਯੰਕਾ ਗਾਂਧੀ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਨਿਮਰਤਾ ਦੇ ਨਾਲ ਕਿਸ ਤਰ੍ਹਾਂ ਸਧੇ ਹੋਏ ਅੰਦਾਜ਼ ’ਚ ਧਾਰਦਾਰ ਤਰੀਕੇ ਨਾਲ ਬੋਲਿਆ ਜਾ ਸਕਦਾ ਹੈ। ਇਕ ਵਾਰ ਰਾਹੁਲ ਗਾਂਧੀ ਨੇ ‘ਚੌਕੀਦਾਰ ਚੋਰ ਹੈ’ ਵਾਲਾ ਨਾਅਰਾ ਕਾਫੀ ਉਛਾਲਿਆ ਸੀ। ਇਕ ਪਰਿਪੱਕ ਰਾਜਨੇਤਾ ਲਈ ਇਹ ਜ਼ਰੂਰੀ ਹੈ ਕਿ ਉਹ ਹਲਕੀਆਂ ਗੱਲਾਂ ਦੀ ਵਰਤੋਂ ਨਾ ਕਰੇ। ਰਾਹੁਲ ਗਾਂਧੀ ਦੀਆਂ ਹਲਕੀਆਂ ਗੱਲਾਂ ਦਾ ਸਮਰਥਨ ਸਿਰਫ ਇਸ ਤਰਕ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ ਕਿ ਕਦੇ-ਕਦੇ ਪ੍ਰਧਾਨ ਮੰਤਰੀ ਵੀ ਆਪਣੀ ਸ਼ਾਨ ਨੂੰ ਧਿਆਨ ’ਚ ਰੱਖ ਕੇ ਨਹੀਂ ਬੋਲਦੇ ਹਨ।
ਜਦੋਂ ਵੀ ਰਾਹੁਲ ਗਾਂਧੀ ਬੇਧਿਆਨੀ ’ਚ ਬੋਲਦੇ ਹਨ ਤਾਂ ਭਾਜਪਾ ਦੇ ਲੋਕ ਉਸ ’ਤੇ ਰੌਲਾ ਪਾ ਕੇ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਜਿਵੇਂ ਰਾਹੁਲ ਗਾਂਧੀ ਦੇਸ਼ ਵਿਰੁੱਧ ਬੋਲ ਰਹੇ ਹਨ। ਕਾਂਗਰਸ ਲਗਾਤਾਰ ਭਾਜਪਾ ਦੀ ਪਿੱਠ ’ਤੇ ਖੇਡਦੀ ਹੋਈ ਨਜ਼ਰ ਆਉਂਦੀ ਹੈ। ਕਾਂਗਰਸ ਆਪਣੇ ਨੇਤਾ ਦੇ ਬਿਆਨਾਂ ਦੀ ਉਸ ਤਰ੍ਹਾਂ ਰੱਖਿਆ ਨਹੀਂ ਕਰ ਪਾਉਂਦੀ ਜਿਸ ਤਰ੍ਹਾਂ ਉਸ ਨੂੰ ਕਰਨੀ ਚਾਹੀਦੀ ਹੈ।
ਦਰਅਸਲ ਭਾਰਤ ਨੂੰ ‘ਡੈੱਡ ਇਕਾਨਮੀ’ ਉਹ ਟਰੰਪ ਦੱਸ ਰਹੇ ਹਨ ਜਿਨ੍ਹਾਂ ਦੀ ਆਪਣੇ ਦੇਸ਼ ਦੀ ਅਰਥਵਿਵਸਥਾ ਦੀ ਹਾਲਤ ਬਹੁਤ ਚੰਗੀ ਨਹੀਂ ਹੈ। ਕੁਝ ਆਰਥਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਅਮਰੀਕਾ ਦੀ ਅਰਥਵਿਵਸਥਾ ਨਾਲੋਂ ਬਿਹਤਰ ਹੈ। ਇਸ ਲਈ ਭਾਰਤ ਦੀ ਅਰਥਵਿਵਸਥਾ ਨੂੰ ਮਰੀ ਹੋਈ ਅਰਥਵਿਵਸਥਾ ਦੱਸਣਾ ਅੱਤਕਥਨੀ ਹੀ ਹੈ।
ਨਿਸ਼ਚਿਤ ਤੌਰ ’ਤੇ ਰਾਹੁਲ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਜ਼ਰੂਰੀ ਮੁੱਦੇ ਉਠਾ ਰਹੇ ਹਨ ਪਰ ਰਾਹੁਲ ਗਾਂਧੀ ਨੂੰ ਜੋਸ਼ ਤੋਂ ਪਹਿਲਾਂ ਹੋਸ਼ ਰੱਖਣੀ ਚਾਹੀਦੀ ਹੈ ਅਤੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਇਸੇ ’ਚ ਉਨ੍ਹਾਂ ਦਾ ਅਤੇ ਕਾਂਗਰਸ ਦਾ ਭਲਾ ਹੈ। ਇਸ ਸਮੇਂ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਨਾਅਰੇ ਲਗਾ ਕੇ ਵਿਰੋਧੀ ਧਿਰ ਮਜ਼ਬੂਤ ਨਹੀਂ ਹੋ ਸਕਦੀ।
 


author

Aarti dhillon

Content Editor

Related News