‘ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਸਾਰਾ ਦੇਸ਼’ ਹੋ ਰਹੀਆਂ ਵੱਡੀ ਗਿਣਤੀ ’ਚ ਮੌਤਾਂ!

Wednesday, Jul 30, 2025 - 07:00 AM (IST)

‘ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਸਾਰਾ ਦੇਸ਼’ ਹੋ ਰਹੀਆਂ ਵੱਡੀ ਗਿਣਤੀ ’ਚ ਮੌਤਾਂ!

ਅੱਜ ਸਾਰਾ ਦੇਸ਼ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਸੇ ਸਾਲ 22 ਜੁਲਾਈ ਨੂੰ ‘ਕੇਂਦਰੀ ਡੇਅਰੀ ਵਿਕਾਸ’ ਦੇ ਰਾਜ ਮੰਤਰੀ ‘ਐੱਸ. ਪੀ. ਸੀ. ਬਘੇਲ’ ਨੇ ਲੋਕ ਸਭਾ ’ਚ ਦੱਸਿਆ ਕਿ ਸਾਲ 2024 ਦੌਰਾਨ ਦੇਸ਼ ’ਚ ਕੁੱਤਿਆਂ ਦੇ ਵੱਢਣ ਦੇ 37,17,336 ਤੋਂ ਵੱਧ ਮਾਮਲੇ ਅਤੇ ਰੈਬੀਜ਼ ਕਾਰਨ ਮੌਤਾਂ ਦੇ 54 ਸ਼ੱਕੀ ਮਾਮਲੇ ਦਰਜ ਕੀਤੇ ਗਏ। ਕੁੱਤਿਆਂ ਵਲੋਂ ਬੀਤੇ 30 ਦਿਨਾਂ ਦੌਰਾਨ ਲੋਕਾਂ ਨੂੰ ਵੱਢਣ ਦੀਆਂ ਕੁਝ ਉਦਾਹਰਣ ਹੇਠਾਂ ਦਰਜ ਹਨ :

* 29 ਜੂਨ ਨੂੰ ਖੁਰਜਾ (ਉੱਤਰ ਪ੍ਰਦੇਸ਼) ਵਿਖੇ ਸੂਬਾ ਪੱਧਰੀ ਕਬੱਡੀ ਖਿਡਾਰੀ ‘ਬ੍ਰਜੇਸ਼ ਸੋਲੰਕੀ’, ਜਿਸ ਨੂੰ ਇਕ ਮਹੀਨਾ ਪਹਿਲਾਂ ਇਕ ਕੁੱਤੇ ਦੇ ਬੱਚੇ ਨੇ ਵੱਢ ਲਿਆ ਸੀ, ਦੀ ਰੈਬੀਜ਼ ਨਾਲ ਮੌਤ ਹੋ ਗਈ।

* 13 ਜੁਲਾਈ ਨੂੰ ‘ਮੇਹਰਮਾ’ (ਝਾਰਖੰਡ) ਦੇ ‘ਢੋਢਾ’ ਪਿੰਡ ’ਚ ‘ਆਰਵ ਕੁਮਾਰ’ (8) ਨਾਮੀ ਬੱਚੇ ਦੀ ਕੁੱਤੇ ਦੇ ਵੱਢਣ ਨਾਲ ਮੌਤ ਹੋ ਗਈ।

* 20 ਜੁਲਾਈ ਨੂੰ ‘ਗਾਜ਼ੀਪੁਰ’ (ਉੱਤਰ ਪ੍ਰਦੇਸ਼) ਵਿਖੇ ‘ਸੋਨੂੰ ਰਾਜਭਰ’ (18) ਨਾਮੀ ਨੌਜਵਾਨ ਦੀ ਕੁੱਤੇ ਦੇ ਬੱਚੇ ਦੇ ਵੱਢਣ ਨਾਲ ਮੌਤ ਹੋ ਗਈ।

* 22 ਜੁਲਾਈ ਨੂੰ ‘ਜੌਨਪੁਰ’ (ਉੱਤਰ ਪ੍ਰਦੇਸ਼) ਦੇ ‘ਨੇਵਢੀਆ’ ਪਿੰਡ ’ਚ ਆਵਾਰਾ ਕੁੱਤੇ ਦੇ ਵੱਢਣ ਨਾਲ ਰੈਬੀਜ਼ ਦੀ ਸ਼ਿਕਾਰ ਹੋਈ 5 ਸਾਲਾ ਬੱਚੀ ਦੀ ਮੌਤ ਹੋ ਗਈ।

* 22 ਜੁਲਾਈ ਨੂੰ ਹੀ ‘ਸੁਨਾਮ’ (ਪੰਜਾਬ) ਵਿਖੇ ਆਈ. ਟੀ. ਆਈ. ਚੌਕ ’ਤੇ ਬੱਸ ਦੀ ਉਡੀਕ ’ਚ ਖੜ੍ਹੇ 12 ਵਿਅਕਤੀਆਂ ਨੂੰ ਇਕ ਕੁੱਤੇ ਨੇ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।

* 23 ਜੁਲਾਈ ਨੂੰ ਦਿੱਲੀ ਦੇ ‘ਅਲੀਪੁਰ’ ਇਲਾਕੇ ’ਚ 4 ਆਵਾਰਾ ਕੁੱਤਿਆਂ ਦੇ ਇਕ ਝੁੰਡ ਨੇ ‘ਅਭਿਸ਼ੇਕ ਰਾਏ’ (4) ’ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਆਂਗਣਵਾੜੀ ਸਕੂਲ ’ਚੋਂ ਪਰਤ ਰਿਹਾ ਸੀ।

* 24 ਜੁਲਾਈ ਨੂੰ ‘ਸ਼ਾਮਲੀ’ (ਉੱਤਰ ਪ੍ਰਦੇਸ਼) ਦੇ ਪਿੰਡ ‘ਢੁਢਾਰ’ ’ਚ ਪਾਗਲ ਕੁੱਤੇ ਦੇ ਵੱਢਣ ਨਾਲ ‘ਦੇਵ’ ਨਾਮੀ 10 ਸਾਲਾ ਬੱਚੇ ਦੀ ਮੌਤ ਹੋ ਗਈ।

* 25 ਜੁਲਾਈ ਨੂੰ ‘ਬਿਜਨੌਰ’ (ਉੱਤਰ ਪ੍ਰਦੇਸ਼) ’ਚ ਕੁੱਤਿਆਂ ਨੇ ਮੁੰਨੀ ਦੇਵੀ ਨਾਮੀ ਇਕ ਬਜ਼ੁਰਗ ਔਰਤ ’ਤੇ ਹਮਲਾ ਕਰਕੇ ਉਸ ਦੇ ਹੱਥ-ਪੈਰ ਵੱਢ ਦਿੱਤੇ ਅਤੇ ਮਾਸ ਦੂਰ ਤੱਕ ਸੁੱਟ ਦਿੱਤਾ। ਆਪਣੀ ਸੱਸ ਦੀ ਹਾਲਤ ਦੇਖ ਕੇ ਉਸ ਦੀ ਨੂੰਹ ਬੇਹੋਸ਼ ਹੋ ਗਈ।

* 26 ਜੁਲਾਈ ਨੂੰ ਦਿੱਲੀ ਦੇ ‘ਪੂਠਕਲਾਂ’ ’ਚ ਆਵਾਰਾ ਕੁੱਤੇ ਦੇ ਵੱਢਣ ਦੀ ਿਸ਼ਕਾਰ ਮੰਜੂ (6) ਨਾਮੀ ਬੱਚੀ ਦੀ ਰੈਬੀਜ਼ ਕਾਰਨ ਮੌਤ ਹੋ ਗਈ।

* 28 ਜੁਲਾਈ ਨੂੰ ‘ਭੋਗਪੁਰ’ (ਪੰਜਾਬ) ਦੇ ਪਿੰਡ ‘ਲੋਹਾਰਾ’ (ਮਾਣਕਰਾਏ) ’ਚ ਇਕ ਪਿਟਬੁਲ ਕੁੱਤੇ ਨੇ ਇਕ ਔਰਤ ਨੂੰ ਕਈ ਥਾਵਾਂ ਤੋਂ ਵੱਢਿਆ ਅਤੇ ਉਸ ਦੀ ਇਕ ਬਾਂਹ ਨੂੰ ਜਬਾੜੇ ’ਚ ਇੰਨੀ ਬੁਰੀ ਤਰ੍ਹਾਂ ਦਬਾਇਆ ਕਿ ਬਾਂਹ ਦੀਆਂ ਹੱਡੀਆਂ ਟੁੱਟ ਗਈਆਂ।

ਆਵਾਰਾ ਕੁੱਤਿਆਂ ਕਾਰਨ ਲੋਕਾਂ ਨੂੰ ਪੈਦਾ ਹੋ ਰਹੇ ਖਤਰੇ ਦੇ ਕਾਰਨ ਕੇਂਦਰ ਸਰਕਾਰ ਨੇ ਸੂਬਾਈ ਸਰਕਾਰਾਂ ਨੂੰ ਕੁੱਤਿਆਂ ਦੇ ਵੱਢਣ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ 13 ਅਪ੍ਰੈਲ, 2023 ਨੂੰ ‘ਪਸ਼ੂ ਕਰੂਰਤਾ ਿਨਵਾਰਣ ਅਧਿਨਿਯਮ’ ਅਧੀਨ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਜ਼ਰੂਰੀ ਕਦਮ ਚੁੱਕਣ ਦਾ ਹੁਕਮ ਦਿੱਤਾ ਸੀ।

ਦੇਸ਼ ’ਚ ਕੁੱਤਿਆਂ ਦੀ ਦਹਿਸ਼ਤ ਇਸ ਹੱਦ ਤੱਕ ਵਧ ਗਈ ਹੈ ਕਿ 28 ਜੁਲਾਈ, 2025 ਨੂੰ ਆਵਾਰਾ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ’ਚ ਵਾਧੇ ਸੰਬੰਧੀ ਪ੍ਰਕਾਸ਼ਿਤ ਖਬਰ ਦਾ ਸੁਪਰੀਮ ਕੋਰਟ ਦੇ ਜੱਜਾਂ ਜੇ. ਬੀ. ਪਾਰਦੀਵਾਲਾ ਅਤੇ ਆਰ. ਮਹਾਦੇਵਨ ਦੇ ਬੈਂਚ ਨੇ ਖੁਦ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਦੀ ‘ਰਜਿਸਟਰੀ’ ਨੂੰ ਇਸ ਮਾਮਲੇ ਨੂੰ ਜਨਹਿੱਤ ’ਚ ਖੁਦ ਨੋਟਿਸ ਲੈ ਕੇ ਪਟੀਸ਼ਨ ਵਜੋਂ ਦਰਜ ਕਰਨ ਦਾ ਹੁਕਮ ਦਿੱਤਾ ਹੈ।

ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਜਿੱਥੇ ਇਕ ਵਰਗ ਸਖਤ ਕਦਮ ਚੁੱਕਣ ਦੀ ਮੰਗ ਕਰ ਰਿਹਾ ਹੈ ਤਾਂ ਦੂਜੇ ਪਾਸੇ ਪਸ਼ੂ ਪ੍ਰੇਮੀ ਗਰੁੱਪ ਜਾਨਵਰਾਂ ਪ੍ਰਤੀ ਦਿਆ ਦੀ ਭਾਵਨਾ ਰੱਖਣ ਦੀ ਗੱਲ ਕਹਿੰਦੇ ਹਨ।

ਸਾਬਕਾ ਕੇਂਦਰੀ ਜੰਗਲਾਤ ਅਤੇ ਚੌਗਿਰਦਾ ਮੰਤਰੀ ਮੇਨਕਾ ਗਾਂਧੀ ਲੰਬੇ ਸਮੇਂ ਤੋਂ ਪਸ਼ੂਆਂ ਨਾਲ ਜ਼ੁਲਮ ਭਰੇ ਵਤੀਰੇ ਵਿਰੁੱਧ ਆਵਾਜ਼ ਉਠਾਉਂਦੀ ਆ ਰਹੀ ਹੈ। ਕੁਝ ਸਾਲ ਪਹਿਲਾਂ ਜਦੋਂ ਮੁਜ਼ੱਫਰਨਗਰ ਨਗਰਪਾਲਿਕਾ ਦੇ ਚੇਅਰਮੈਨ ਨੇ ਆਵਾਰਾ ਕੁੱਤਿਆਂ ਵਿਰੁੱਧ ਮੁਹਿੰਮ ਚਲਾਈ ਤਾਂ ਮੇਨਕਾ ਗਾਂਧੀ ਵਲੋਂ ਉਸ ਦਾ ਨੋਟਿਸ ਲੈਣ ਨਾਲ ਉਨ੍ਹਾਂ ਨੂੰ ਆਪਣੀ ਮੁਹਿੰਮ ਨੂੰ ਅੱਧਵਾਟੇ ਰੋਕਣਾ ਪਿਆ ਸੀ।

ਇਸ ਸਮੱਸਿਆ ਦਾ ਹੱਲ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਘੱਟ ਕਰਕੇ ਹੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਆਵਾਰਾ ਕੁੱਤਿਆਂ ਦੀ ਆਬਾਦੀ ਘੱਟ ਕਰਨ ਲਈ ਉਨ੍ਹਾਂ ਦੀ ਨਸਬੰਦੀ ਦੀ ਯੋਜਨਾਬੱਧ ਢੰਗ ਨਾਲ ਮੁਹਿੰਮ ਚਲਾਈ ਜਾਵੇ ਅਤੇ ਆਵਾਰਾ ਕੁੱਤਿਆਂ ਨੂੰ ਫੜ ਕੇ ਰੱਖਣ ਲਈ ‘ਕੁੱਤਿਆਂ ਦੇ ਵਾੜੇ’ ਅਪਣਾਉਣ ਦੇ ਨਾਲ ਹੀ ਸਭ ਹਸਪਤਾਲਾਂ ’ਚ ਕੁੱਤਿਆਂ ਦੇ ਵੱਢਣ ਦੀਆਂ ਦਵਾਈਆਂ ਅਤੇ ਰੈਬੀਜ਼ ਦੇ ਇਲਾਜ ਲਈ ਇੰਜੈਕਸ਼ਨ ਆਦਿ ਨਿਯਮਿਤ ਰੂਪ ਨਾਲ ਮੁਹੱਈਆ ਕਰਵਾਉਣਾ ਜ਼ਰੂਰੀ ਕੀਤਾ ਜਾਵੇ।

–ਵਿਜੇ ਕੁਮਾਰ
 


author

Sandeep Kumar

Content Editor

Related News