‘ਚੌਗਿਰਦੇ ਨਾਲ ਛੇੜਛਾੜ’ ਅਤੇ ਕੁਦਰਤ ’ਚ ਆ ਰਹੀਆਂ ਤਬਦੀਲੀਆਂ ਦੇ ਤਬਾਹਕੁੰਨ ਨਤੀਜੇ!
Thursday, Aug 07, 2025 - 06:08 AM (IST)

ਮਨੁੱਖ ਵਲੋਂ ਚੌਗਿਰਦੇ ਨਾਲ ਛੇੜਛਾੜ ਅਤੇ ਕੁਦਰਤ ’ਚ ਆ ਰਹੀਆਂ ਤਬਦੀਲੀਆਂ ਦੇ ਕਾਰਨ ਤਬਾਹਕੁੰਨ ਨਤੀਜੇ ਸਾਹਮਣੇ ਆ ਰਹੇ ਹਨ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਦੁਨੀਆ ’ਚ ਕਿਤੇ ਨਾ ਕਿਤੇ ਭੂਚਾਲ, ਭਾਰੀ ਵਰਖਾ, ਹੜ੍ਹ ਅਤੇ ਜ਼ਮੀਨ ਖਿਸਕਣ ਆਦਿ ਦੇ ਨਤੀਜੇ ਵਜੋਂ ਤਬਾਹੀ ਨਾ ਹੋ ਰਹੀ ਹੋਵੇ।
30 ਜੁਲਾਈ, 2025 ਨੂੰ ਰੂਸ ’ਚ 73 ਸਾਲ ਬਾਅਦ 8.8 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਜੋ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਭੂਚਾਲ ਸੀ। ਇਸ ਤੋਂ ਬਾਅਦ 31 ਜੁਲਾਈ, 1 ਅਗਸਤ ਅਤੇ 2 ਅਗਸਤ ਨੂੰ ਵੀ ਰੂਸ ’ਚ ਭੂਚਾਲਾਂ ਦੇ ਝਟਕੇ ਮਹਿਸੂਸ ਕੀਤੇ ਗਏ। ਰੂਸ ਦੇ ‘ਕਾਮਚਟਕਾ’ ਵਿਚ 600 ਸਾਲ ਬਾਅਦ 1856 ਮੀਟਰ ਉੱਚੇ ‘ਕ੍ਰਸ਼ੇਨਿਨਿਕੋ ਜਵਾਲਾਮੁਖੀ’ ਵਿਚ ਧਮਾਕੇ ਤੋਂ ਬਾਅਦ 6000 ਮੀਟਰ ਦੀ ਉੱਚਾਈ ਤੱਕ ਸੁਆਹ ਦਾ ਗੁਬਾਰ ਫੈਲ ਗਿਆ।
ਇਸੇ ਦੌਰਾਨ 1 ਅਗਸਤ ਤੋਂ 5 ਅਗਸਤ ਵਿਚਾਲੇ ਪਾਪੁਅਾ ਨਿਊ ਗਿਨੀ, ਜਾਪਾਨ, ਇੰਡੋਨੇਸ਼ੀਆ ਅਤੇ ਜਾਪਾਨ ਦੇ ਕੁਰੀਲ ਦੀਪ ਸਮੂਹ, ਨਿਊਯਾਰਕ, ਪਾਕਿਸਤਾਨ, ਚੀਨ, ਮੈਕਸੀਕੋ, ਮਿਅਾਂਮਾਰ, ਅਲਾਸਕਾ, ਕਿਰਗਿਸਤਾਨ, ਈਰਾਨ, ਚਿਲੀ, ਟੋਂਗਾ ਅਤੇ ਭਾਰਤ ਦੇ ਅਨੇਕ ਸੂਬਿਆਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਸੇ ਦੌਰਾਨ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਵੀ ਕੁਦਰਤ ਦੀ ਕਰੋਪੀ ਜਾਰੀ ਹੈ। ਉੱਤਰਾਖੰਡ ਦੇ ‘ਉੱਤਰਕਾਸ਼ੀ’ ਜ਼ਿਲੇ ’ਚ 5 ਅਗਸਤ ਨੂੰ ਬੱਦਲ ਫਟਣ ਕਾਰਨ ਗੰਗੋਤਰੀ ਦੇ ਪਹਾੜਾਂ ਤੋਂ ਵਹਿਣ ਵਾਲੀ ‘ਖੀਰਗੰਗਾ’ ਨਦੀ ’ਚ ਆਏ ਹੜ੍ਹ ਨੇ ਪੂਰੇ ਦੇ ਪੂਰੇ ‘ਧਰਾਲੀ’ ਪਿੰਡ ਦੀ ਹੋਂਦ ਖਤਮ ਕਰ ਦਿੱਤੀ।
ਸਿਰਫ 34 ਸੈਕਿੰਡ ਦੀ ਮਿਆਦ ’ਚ ਆਏ ਇਸ ਪਰਲੋਕਾਰੀ ਹੜ੍ਹ ਦੇ ਸਿੱਟੇ ਵਜੋਂ ਕਈ ਮਕਾਨ ਅਤੇ ਹੋਟਲ ਪੱਤਿਅਾਂ ਵਾਂਗ ਰੁੜ੍ਹ ਗਏ ਅਤੇ ਇਸ ’ਚ 10 ਲੋਕਾਂ ਦੇ ਮਾਰੇ ਜਾਣ ਅਤੇ 11 ਜਵਾਨਾਂ ਸਮੇਤ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਸ ਆਫਤ ਦੇ ਨਤੀਜੇ ਵਜੋਂ ਧਰਾਲੀ ’ਚ ਸਥਿਤ 1500 ਸਾਲ ਪੁਰਾਣਾ ‘ਕਲਪ ਕੇਦਾਰ ਮਹਾਦੇਵ ਮੰਦਿਰ’ ਵੀ ਮਲਬੇ ’ਚ ਦੱਬਿਆ ਗਿਆ।
ਜਿਥੋਂ ਤੱਕ ਹਿਮਾਚਲ ਪ੍ਰਦੇਸ਼ ਦਾ ਸੰਬੰਧ ਹੈ, ਇਸ ਮਾਨਸੂਨ ਸੀਜ਼ਨ ’ਚ 6 ਅਗਸਤ ਸਵੇਰ ਤੱਕ ਫਲੈਸ਼ ਫਲੱਡ ਦੀਅਾਂ 55, ਬੱਦਲ ਫਟਣ ਦੀਅਾਂ 28 ਅਤੇ ਜ਼ਮੀਨ ਖਿਸਕਣ ਦੀਅਾਂ 48 ਘਟਨਾਵਾਂ ਹੋ ਚੁੱਕੀਅਾਂ ਹਨ। ਹੁਣ ਤਕ ਪ੍ਰਦੇਸ਼ ’ਚ 1738 ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਲ 1852 ਕਰੋੜ ਰੁਪਏ ਦੀ ਸੰਪਤੀ ਦਾ ਨੁਕਸਾਨ ਹੋ ਚੁੱਕਾ ਹੈ।
ਸੰਵੇਦਨਸ਼ੀਲ ਖੇਤਰਾਂ ’ਚ ਚੌਗਿਰਦਾ ਨਿਯਮਾਂ ਦੇ ਉਲਟ ਸੁਰੰਗਾਂ ਪੁੱਟਣ, ਸੜਕਾਂ ਬਣਾਉਣ ਅਤੇ ਉਨ੍ਹਾਂ ਨੂੰ ਚੌੜਾ ਕਰਨ ਲਈ ਪਹਾੜੀ ਢਲਾਨਾਂ ਦੀ ਕਟਾਈ ਆਦਿ ਨਾਲ ਜ਼ਮੀਨ ਖਿਸਕਣ, ਜ਼ਮੀਨ ਧੱਸਣ, ਨਾਜਾਇਜ਼ ਨਿਰਮਾਣ ਅਤੇ ਇਮਾਰਤਾਂ ਦੇ ਡਿੱਗਣ ਦੀਅਾਂ ਘਟਨਾਵਾਂ ਹੋ ਰਹੀਅਾਂ ਹਨ।
‘ਵਿਸ਼ਵ ਮੌਸਮ ਵਿਗਿਆਨ ਸੰਗਠਨ’ ਦੇ ਅਨੁਸਾਰ 20ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਗਲੋਬਲ ਵਾਰਮਿੰਗ ਦੇ ਕਾਰਨ ਸਮੁੰਦਰ ਦੇ ਜਲ ਪੱਧਰ ’ਚ ਹੋ ਰਹੇ ਵਾਧੇ ਦੇ ਖਤਰੇ ਦਾ ਸੰਕੇਤ ਹੈ। ਚੌਗਿਰਦੇ ’ਚ ਬਦਲਾਅ ਨਾਲ ਹੋਣ ਵਾਲੀਅਾਂ ਕੁਝ ਹੋਰ ਤਾਜ਼ਾ ਘਟਨਾਵਾਂ ਹੇਠਾਂ ਦਰਜ ਹਨ Û:
* 31 ਜੁਲਾਈ ਨੂੰ ਅਮਰੀਕਾ ’ਚ ਤੇਜ਼ ਤੂਫਾਨ ਅਤੇ ਭਾਰੀ ਵਰਖਾ ਨਾਲ ਹੜ੍ਹ ਆ ਜਾਣ ਦੇ ਕਾਰਨ ‘ਨਿਊਯਾਰਕ ਸ਼ਹਿਰ’ ਅਤੇ ‘ਨਿਊਜਰਸੀ’ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ।
* 31 ਜੁਲਾਈ ਨੂੰ ਹੀ ਨੇਪਾਲ ’ਚ ਮਾਨਸੂਨ ਕਾਰਨ ਆਫਤਾਂ ’ਚ 43 ਲੋਕਾਂ ਦੀ ਮੌਤ ਅਤੇ 116 ਹੋਰਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਰਕਾਰ ਨੇ ਦਿੱਤੀ।
* 2 ਅਗਸਤ ਨੂੰ ਵੀਅਤਨਾਮ ਦੇ ‘ਡਿਏਨ ਬਿਏਨ’ ਪ੍ਰਾਂਤ ’ਚ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 8 ਲੋਕਾਂ ਦੀ ਮੌਤ ਅਤੇ ਅਨੇਕ ਜ਼ਖਮੀ ਹੋ ਗਏ।
* 4 ਅਗਸਤ ਨੂੰ ‘ਅਦਨ’ ਵਿਚ ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਦੇ ਕਾਰਨ ਨਦੀ ’ਚ ਇਕ ਕਿਸ਼ਤੀ ਪਲਟ ਜਾਣ ਕਾਰਨ 68 ਲੋਕਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ।
* 4 ਅਗਸਤ ਨੂੰ ਹੀ ਮੱਧ ਪ੍ਰਦੇਸ਼ ਸਰਕਾਰ ਵਲੋਂ ਜਾਰੀ ਰਿਲੀਜ਼ ਅਨੁਸਾਰ ਸੂਬੇ ’ਚ ਵਰਖਾ ਨਾਲ ਖਰਾਬ ਹੁੰਦੇ ਹਾਲਾਤ ਵਿਚਾਲੇ 275 ਲੋਕਾਂ ਦੀ ਜਾਨ ਜਾ ਚੁੱਕੀ ਹੈ।
* 5 ਅਗਸਤ ਨੂੰ ਉੱਤਰ ਪ੍ਰਦੇਸ਼ ਸਰਕਾਰ ਵਲੋਂ ਜਾਰੀ ਰਿਲੀਜ਼ ’ਚ ਦੱਸਿਆ ਗਿਆ ਕਿ ਸੂਬੇ ’ਚ ਹੜ੍ਹ ਦੇ ਸਿੱਟੇ ਵਜੋਂ 40 ਲੋਕਾਂ ਦੀ ਮੌਤ ਹੋ ਗਈ।
* 6 ਅਗਸਤ ਨੂੰ ਉੱਤਰਾਖੰਡ ਦੇ ‘ਪੌੜੀ’ ਜ਼ਿਲੇ ’ਚ ਜ਼ਮੀਨ ਖਿਸਕਣ ਨਾਲ 2 ਔਰਤਾਂ ਦੀ ਮੌਤ ਹੋ ਗਈ ਜਦਕਿ ‘ਥਲੀਸੈਣ’ ’ਚ ਹੜ੍ਹ ’ਚ 5 ਨੇਪਾਲੀ ਮਜ਼ਦੂਰ ਰੁੜ੍ਹ ਗਏ।
* ਪਾਕਿਸਤਾਨ ’ਚ ਭਾਰੀ ਵਰਖਾ ਅਤੇ ਅਚਾਨਕ ਆਏ ਹੜ੍ਹ ਦੇ ਸਿੱਟੇ ਵਜੋਂ 234 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਸ਼ਾਇਦ ਅਜਿਹੇ ਘਟਨਾਚੱਕਰਾਂ ਨਾਲ ਕੁਦਰਤ ਸਮੁੱਚੇ ਵਿਸ਼ਵ ਨੂੰ ਚਿਤਾਵਨੀ ਦੇ ਰਹੀ ਹੈ ਕਿ ਅਜੇ ਵੀ ਸੰਭਲ ਜਾਓ ਅਤੇ ਮੇਰੇ ਨਾਲ ਛੇੜਛਾੜ ਕਰਨਾ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਮੌਜੂਦਾ ਨਾਲੋਂ ਵੀ ਜ਼ਿਆਦਾ ਵਿਨਾਸ਼ਲੀਲਾ ਦੇਖਣ ਨੂੰ ਮਿਲੇਗੀ।
–ਵਿਜੇ ਕੁਮਾਰ