ਨਹੀਂ ਰੁਕ ਰਿਹਾ ‘ਸਰਕਾਰੀ ਹਸਪਤਾਲਾਂ ’ਚ ਮਾੜੇ ਪ੍ਰਬੰਧਾਂ ਅਤੇ ਲਾਪ੍ਰਵਾਹੀ ਦਾ ਸਿਲਸਿਲਾ’

Thursday, Jul 31, 2025 - 07:15 AM (IST)

ਨਹੀਂ ਰੁਕ ਰਿਹਾ ‘ਸਰਕਾਰੀ ਹਸਪਤਾਲਾਂ ’ਚ ਮਾੜੇ ਪ੍ਰਬੰਧਾਂ ਅਤੇ ਲਾਪ੍ਰਵਾਹੀ ਦਾ ਸਿਲਸਿਲਾ’

ਹਾਲਾਂਕਿ ਲੋਕਾਂ ਨੂੰ ਸਸਤਾ ਅਤੇ ਗੁਣਵੱਤਾ ਭਰਿਆ ਇਲਾਜ ਮੁਹੱਈਆ ਕਰਵਾਉਣਾ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਹੀ ਇਸ ’ਚ ਅਸਫਲ ਹੋ ਰਹੀਆਂ ਹਨ। ਇਸੇ ਲਈ ਅਨੇਕ ਸਰਕਾਰੀ ਹਸਪਤਾਲਾਂ ’ਚ ਮਰੀਜ਼ ਉੱਥੇ ਇਲਾਜ ਲਈ ਜਾਣ ਤੋਂ ਝਿਜਕਦੇ ਹਨ। ਇਨ੍ਹਾਂ ’ਚ ਇਲਾਜ ਦੇ ਦੌਰਾਨ ਵਰਤੀਆਂ ਗਈਆਂ ਲਾਪ੍ਰਵਾਹੀਆਂ ਕਾਰਨ ਪਿੱਛਲੇ 7 ਦਿਨਾਂ ’ਚ ਸਾਹਮਣੇ ਆਈਆਂ ਕੁਝ ਤਾਜ਼ੀਆਂ ਦੁਖਦਾਈ ਘਟਨਾਵਾਂ ਹੇਠਾਂ ਦਰਜ ਹਨ-

* 23 ਜੁਲਾਈ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ’ਚ ਮੈਡੀਕਲ ਕਾਲਜ ਦੇ ਅਧੀਨ ਜ਼ਿਲਾ ਹਸਪਤਾਲ ’ਚ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਮਰੀ ਬੱਚੀ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਡਾਕਟਰਾਂ ’ਤੇ ਇਲਾਜ ’ਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ।

*23 ਜੁਲਾਈ ਨੂੰ ਹੀ ‘ਊਨਾ’ (ਹਿਮਾਚਲ ਪ੍ਰਦੇਸ਼) ਦੇ ਇਕ ਨੌਜਵਾਨ ਦੀ ਪੀ.ਜੀ.ਅਾਈ. ਚੰਡੀਗੜ੍ਹ ’ਚ ਹੋਈ ਮੌਤ ਦੇ ਮਾਮਲੇ ’ਚ ਉਸ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਦੇ ਬਾਅਦ ਪੁਲਸ ਨੇ ਖੇਤਰੀ ਹਸਪਤਾਲ ਊਨਾ ਦੇ 2 ਡਾਕਟਰਾਂ ਦੇ ਵਿਰੁੱਧ ਕੇਸ ਦਰਜ ਕੀਤਾ।

ਮ੍ਰਿਤਕ ਦੀ ਪਤਨੀ ਦਾ ਦੋਸ਼ ਹੈ ਕਿ ਊਨਾ ਹਸਪਤਾਲ ’ਚ ਪਹੁੰਚਣ ਦੇ ਬਾਅਦ ਡਿਊਟੀ ’ਤੇ ਮੌਜੂਦ ਡਾਕਟਰ ਨੇ ਨਾ ਤਾਂ ਉਸ ਦੇ ਪਤੀ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ , ਨਾ ਹੀ ਇਲਾਜ ਦੇ ਲਈ ਜ਼ਰੂਰੀ ਕਦਮ ਚੁੱਕੇ, ਨਾ ਹੀ ਜੀਵਨ ਰੱਖਿਅਾ ਪ੍ਰਕਿਰਿਅਾ ਨੂੰ ਅਪਣਾਇਅਾ ਅਤੇ ਜਦੋਂ ਉਸ ਦੀ ਤਬੀਅਤ ਜ਼ਿਅਾਦਾ ਵਿਗੜ ਗਈ ਤਾਂ ਉਸ ਨੂੰ ਪੀ. ਜੀ. ਅਾਈ. ਚੰਡੀਗੜ੍ਹ ਰੈਫਰ ਕਰ ਦਿੱਤਾ।

* 25 ਜੁਲਾਈ ਨੂੰ ‘ਸ਼ਿਮਲਾ’ (ਹਿਮਾਚਲ ਪ੍ਰਦੇਸ਼) ਸਥਿਤ ‘ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ’ ’ਚ ਇਲਾਜ ਦੇ ਲਈ ਲਿਅਾਂਦੀ ਗਈ ਇਕ ਅੌਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਬੇਟੇ ਨੇ ਦੋਸ਼ ਲਗਾਇਅਾ ਕਿ ਅਾਕਸੀਜਨ ਦਾ ਸਿਲੰਡਰ ਨਾ ਮਿਲਣ ਅਤੇ ਸਮੇਂ ਸਿਰ ਇਲਾਜ ਨਾ ਹੋਣ ਦੇ ਕਾਰਨ ਉਸ ਦੀ ਮਾਂ ਦੀ ਮੌਤ ਹੋਈ।

* 25 ਜੁਲਾਈ ਨੂੰ ਹੀ ‘ਸ਼ਿਮਲਾ’ ( ਹਿਮਾਚਲ ਪ੍ਰਦੇਸ਼) ਸਥਿਤ ‘ਕਮਲਾ ਨਹਿਰੂ ਕਾਲਜ ਅਤੇ ਹਸਪਤਾਲ’ ’ਚ ਡਲਿਵਰੀ ਲਈ ਲਿਅਾਂਦੀ ਗਈ ਇਕ ਅੌਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਅਾ ਕਿ ਡਲਿਵਰੀ ਤੋਂ ਬਾਅਦ ਅੌਰਤ ਦੀ ਹਾਲਤ ਬਿਲਕੁਲ ਠੀਕ ਸੀ ਪਰ ਦੂਸਰੇ ਵਾਰਡ ’ਚ ਸ਼ਿਫਟਿੰਗ ਦੌਰਾਨ ਸਟਰੇਚਰ ਦੇ ਬਗੈਰ ਉਸ ਨੂੰ ਸਹਾਰਾ ਦੇ ਕੇ ਫੜ ਕੇ ਲਿਜਾਇਅਾ ਗਿਅਾ। ਇਸ ਕਾਰਨ ਸਿਜੇਰੀਅਨ ਅਾਪ੍ਰੇਸ਼ਨ ਤੋਂ ਬਾਅਦ ਲਗਾਏ ਗਏ ਟਾਂਕਿਅਾਂ ਤੋਂ ਬਲੀਡਿੰਗ ਸ਼ੁਰੂ ਹੋ ਗਈ ਅਤੇ ਕੁਝ ਹੀ ਦੇਰ ’ਚ ਅੌਰਤ ਦੀ ਹਾਲਤ ਨਾਜ਼ੁਕ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ।

* 26 ਜੁਲਾਈ ਨੂੰ ਜਲੰਧਰ (ਪੰਜਾਬ) ਦੇ ਸਿਵਲ ਹਸਪਤਾਲ ’ਚ ਅਾਕਸੀਜਨ ਦੇਣ ਵਾਲੇ ਪਲਾਂਟ ਨੰ. 2 ਦੇ ਕੰਪਰੈਸ਼ਰ ’ਚ ਖਰਾਬੀ ਅਾ ਜਾਣ ਕਾਰਨ ਉਹ ਬੰਦ ਹੋ ਗਿਅਾ ਅਤੇ ਪਲਾਂਟ ਨੰ. 1 ਪਹਿਲਾਂ ਹੀ ਬੰਦ ਪਿਅਾ ਸੀ, ਜਿਸ ਨੂੰ ਚਲਾਇਅਾ ਨਹੀਂ ਗਿਅਾ, ਇਸ ਨਾਲ ਅਾਕਸੀਜਨ ਨਾ ਮਿਲਣ ਦੇ ਕਾਰਨ ‘ਟਰੋਮਾ’ ਵਾਰਡ ’ਚ ‘ਵੈਂਟੀਲੇਟਰ ਸਪੋਰਟ ’ਤੇ ਪਏ 3 ਮਰੀਜ਼ਾਂ ਦੀ ਮੌਤ ਹੋ ਗਈ। ਅਾਕਸੀਜਨ ਦਾ ਪ੍ਰੈਸ਼ਰ ਘਟਣ ’ਤੇ ਅਾਈ. ਸੀ.ਯੂ. ਦਾ ਵੱਜਣ ਵਾਲਾ ਅਲਾਰਮ ਵੀ ਖਰਾਬ ਨਿਕਲਿਅਾ।

* 26 ਜੁਲਾਈ ਨੂੰ ਹੀ ‘ਬਲੀਅਾ’ (ਉੱਤਰ ਪ੍ਰਦੇਸ਼) ਦੇ ਜ਼ਿਲਾ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਡਾਕਟਰਾਂ ਵਲੋਂ ਟਾਰਚ ਦੀ ਰੋਸ਼ਨੀ ’ਚ ਮਰੀਜ਼ਾਂ ਦਾ ਇਲਾਜ ਕਰਨ ਅਤੇ ਬਿਜਲੀ ਚਲੀ ਜਾਣ ’ਤੇ ਜਨਰੇਟਰ ਨਾ ਚੱਲਣ ਕਾਰਨ ਮਰੀਜ਼ਾਂ ਦੇ ਪ੍ਰੇਸ਼ਾਨ ਹੋਣ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਦੇਸ਼ ’ਚ ਸਿਹਤ ਸੇਵਾਵਾਂ ’ਤੇ ਸਵਾਲ ਉਠਾਏ ਜਾ ਰਹੇ ਹਨ।

* 27 ਜੁਲਾਈ ਨੂੰ ‘ਰੇਵਾੜੀ’ (ਹਰਿਅਾਣਾ) ਦੇ ਸਿਵਲ ਹਸਪਤਾਲ ’ਚ ਇਕ ਅੌਰਤ ਦੀ ਅਾਮ ਡਲਿਵਰੀ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਅੌਰਤ ਦੇ ਪਰਿਵਾਰਕ ਮੈਂਬਰ ਭੜਕ ਗਏ ਅਤੇ ਡਾਕਟਰਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਅਾ।

*29 ਜੁਲਾਈ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਦੇ ‘ਐੱਲ. ਐੱਲ. ਅਾਰ. ਐੱਮ. ਮੈਡੀਕਲ ਕਾਲਜ’ ਦੇ ਐਮਰਜੈਂਸੀ ਵਾਰਡ ’ਚ ਲਾਪ੍ਰਵਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਅਾਇਅਾ। ਸੋਸ਼ਲ ਮੀਡੀਅਾ ’ਤੇ ਵਾਇਰਲ ਹੋ ਰਹੇ ਇਸ ਦੇ ਵੀਡੀਓ ’ਚ ਡਿਊਟੀ ’ਤੇ ਮੌਜੂਦ ਡਾਕਟਰ ਮਰੀਜ਼ਾਂ ਦੇ ਇਲਾਜ ਕਰਨ ਦੀ ਬਜਾਏ ਮੇਜ਼ ’ਤੇ ਪੈਰ ਰੱਖ ਕੇ ਗੁੜ੍ਹੀ ਨੀਂਦ ’ਚ ਸੁੱਤਾ ਦਿਖਾਈ ਦੇ ਰਿਹਾ।

ਉਸ ਦੇ ਸਾਹਮਣੇ ਖੂਨ ਨਾਲ ਲਥਪਥ ਇਕ ਜ਼ਖਮੀ ਵਿਅਕਤੀ ਸਟ੍ਰੇਚਰ ’ਤੇ ਪਿਅਾ ਹੈ। ਦੋਸ਼ ਹੈ ਕਿ ਡਾਕਟਰ ਸੁੱਤਾ ਰਿਹਾ , ਜ਼ਖਮੀ ਤੜਫਦਾ ਰਿਹਾ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਾਪਣੇ ਪੇਸ਼ੈਂਟ ਨੂੰ ਸਹੀ ਸਮੇਂ ’ਤੇ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਸੀ ਪਰ ਸਮੇਂ ਸਿਰ ਇਲਾਜ ਨਾ ਮਿਲਣ ਦੇ ਕਾਰਨ ਉਸ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ।

ਉਪਰੋਕਤ ਉਦਾਹਰਣਾਂ ਤੋਂ ਸਹਿਜ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਾਡੇ ਸਰਕਾਰੀ ਹਸਪਤਾਲ ਕਿਸ ਕਦਰ ਬਦਹਾਲੀ ਦੇ ਸ਼ਿਕਾਰ ਹੋ ਚੁੱਕੇ ਹਨ। ਸਰਕਾਰੀ ਹਸਪਤਾਲਾਂ ਦੀ ਇਹ ਦੁਰਦਸ਼ਾ ਯਕੀਨਨ ਹੀ ਇਕ ਭਖਦੀ ਸਮੱਸਿਆ ਹੈ ਜੋ ਦੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ ’ਚ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ।

-ਵਿਜੇ ਕੁਮਾਰ
 


author

Sandeep Kumar

Content Editor

Related News