...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
Wednesday, Sep 16, 2026 - 08:39 PM (IST)
ਸੋਮਵਾਰ ਨੂੰ ਸਵੇਰ 8 ਵਜੇ, 10 ਵਰ੍ਹੇ ਦੇ ਅਯਾਨ ਨੇ ਆਪਣੀ ਸਕੂਲ ਯੂਨੀਫਾਰਮ ਪਹਿਨੀ, ਆਪਣਾ ਬੈਗ ਚੁੱਕਿਆ ਅਤੇ ਵਾਰਾਣਸੀ ਦੇ ਸਰਈਆ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਪਣੀ ਜਮਾਤ ਵਿਚ ਚਲਾ ਗਿਆ। ਪਿਛਲੇ ਚਾਰ ਦਿਨਾਂ ਤੋਂ ਸਕੂਲ ਦੀ ਇਮਾਰਤ ਹੀ ਅਯਾਨ ਦਾ ਘਰ ਬਣ ਗਈ ਹੈ। ਉਹ, ਉਸ ਦੇ ਮਾਤਾ-ਪਿਤਾ ਅਤੇ ਉਸ ਦੇ ਛੇ ਭਰਾ-ਭੈਣ ਉਨ੍ਹਾਂ 10 ਪਰਿਵਾਰਾਂ ਵਿਚ ਸ਼ਾਮਲ ਹਨ ਜੋ ਜ਼ਿਲੇ ਵਿਚ ਆਏ ਹੜ੍ਹ ਕਾਰਨ ਆਪਣਾ ਘਰ ਗੁਆਉਣ ਤੋਂ ਬਾਅਦ ਸਕੂਲ ਵਿਚ ਰਹਿਣ ਲੱਗੇ ਹਨ।
ਉਸ ਸਵੇਰ, ਉਹ 11 ਹੋਰ ਬੱਚਿਆਂ ਨਾਲ ਪ੍ਰਿੰਸੀਪਲ ਭਈਆ ਲਾਲ ਸਿੰਘ ਅਤੇ ਦੋ ਹੋਰ ਅਧਿਆਪਕਾਂ ਵੱਲੋਂ ਦਿੱਤੀ ਜਾਣ ਵਾਲੀ ਜਮਾਤ ਵਿਚ ਸ਼ਾਮਲ ਹੋਇਆ। “ਹਰ ਦਿਨ ਜਮਾਤ ਵਿਚ ਜਾਣ ਦੀ ਤਿਆਰੀ ਵਿਚ ਉਤਸ਼ਾਹ ਰਹਿੰਦਾ ਹੈ- ਅਸੀਂ ਖੇਡ ਵੀ ਖੇਡਦੇ ਹਾਂ ਅਤੇ ਪੜ੍ਹਾਈ ਵੀ ਕਰਦੇ ਹਾਂ। ਮੈਨੂੰ ਇੱਥੇ ਰਹਿਣਾ ਬਹੁਤ ਚੰਗਾ ਲੱਗਦਾ ਹੈ,” ਅਯਾਨ ਨੇ ਕਿਹਾ।
ਜਮਾਤ ਦੇ ਅੰਦਰ, ਡੈਸਕ ਅਤੇ ਬੈਂਚਾਂ ਦੀ ਜਗ੍ਹਾ ਫਰਸ਼ ’ਤੇ ਸਫੈਦ ਚਾਦਰਾਂ ਵਿੱਛੀਆਂ ਹੋਈਆਂ ਹਨ, ਜਿੱਥੇ ਨੰਗੇ ਪੈਰ ਬੱਚੇ ਲਾਲ ਪਲਾਸਟਿਕ ਦੀ ਕੁਰਸੀ ’ਤੇ ਬੈਠੇ ਪ੍ਰਿੰਸੀਪਲ ਸਿੰਘ ਦੇ ਸਾਹਮਣੇ ਚੌਕੜੀ ਮਾਰ ਕੇ ਬੈਠੇ ਹਨ।
ਦੁਪੱਟਾ ਲੈ ਕੇ ਮਾਤਾਵਾਂ ਖਿੜਕੀਆਂ ਦੇ ਕੋਲ ਬੈਠੀਆਂ ਹਨ। ਸਟੇਨਲੈੱਸ ਸਟੀਲ ਦੇ ਖਾਣਾ ਪਕਾਉਣ ਦੇ ਭਾਂਡੇ ਅਤੇ ਖਾਣ-ਪੀਣ ਦਾ ਸਾਮਾਨ ਦੀਵਾਰਾਂ ਵਿਚ ਬਣੇ ਖੁੱਲ੍ਹੇ ਆਲਾਂ ਵਿਚ ਰੱਖੇ ਹਨ, ਜਦੋਂ ਕਿ ਨਿੱਜੀ ਸਾਮਾਨ ਧੁੰਦਲੇ ਸਿੱਖਿਆ ਚਾਰਟਾਂ ਦੇ ਹੇਠਾਂ ਦੀਵਾਰਾਂ ’ਤੇ ਸਜੇ ਹਨ।
ਪ੍ਰਿੰਸੀਪਲ ਸਿੰਘ ਨੇ ਕਿਹਾ, “ਇਸ ਸਕੂਲ ਵਿਚ ਹੜ੍ਹ ਕਾਰਨ ਉਜੜੇ 10 ਪਰਿਵਾਰ ਰਹਿੰਦੇ ਹਨ। ਜਮਾਤਾਂ ਨਿਰਧਾਰਤ ਸਮੇਂ ’ਤੇ ਚੱਲ ਰਹੀਆਂ ਹਨ।”
ਇਹ ਸਕੂਲ ਵਾਰਾਣਸੀ ਵਿਚ 29 ਅਗਸਤ ਤੋਂ ਚੱਲ ਰਹੇ 22 ਰਾਹਤ ਕੈਂਪਾਂ ਵਿਚੋਂ ਇਕ ਹੈ, ਜਿੱਥੇ ਪ੍ਰਸ਼ਾਸਨ ਨੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਦੀ ਵਿਵਸਥਾ ਕੀਤੀ ਹੈ। ਇਨ੍ਹਾਂ ਕੈਂਪਾਂ ਵਿਚ ਕੁਲ 2,675 ਲੋਕ ਰਹਿ ਰਹੇ ਹਨ, ਜਿਨ੍ਹਾਂ ਵਿਚ 663 ਬੱਚੇ ਸ਼ਾਮਲ ਹਨ। ਪ੍ਰਾਇਮਰੀ ਸਿੱਖਿਆ ਵਿਭਾਗ ਨੇ ਹਰੇਕ ਕੈਂਪ ਵਿਚ ਇਕ ਅਧਿਆਪਕ ਤਾਇਨਾਤ ਕੀਤਾ ਹੈ।
ਇਕ ਹੋਰ ਅਧਿਆਪਕ, ਸਿੱਖਿਆ ਮਿੱਤਰ ਆਫਤਾਬ ਆਲਮ, ਸਰਈਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ, ਜਿੱਥੇ ਉਨ੍ਹਾਂ ਦੀ ਤਾਇਨਾਤੀ ਹੈ, ਲਗਭਗ ਇਕ ਕਿਲੋਮੀਟਰ ਦੀ ਯਾਤਰਾ ਕਰ ਕੇ ਇਕ ਮਦਰਸੇ ਵਿਚ ਬਣੇ ਰਾਹਤ ਕੈਂਪ ਵਿਚ ਅੱਠ ਬੱਚਿਆਂ ਨੂੰ ਪੜ੍ਹਾਉਂਦੇ ਹਨ।
ਸੱਤ ਤੋਂ ਦਸ ਵਰ੍ਹੇ ਦੀ ਉਮਰ ਦੇ ਇਹ ਬੱਚੇ ਸਵੇਰ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਜਮਾਤ ਵਿਚ ਮੌਜੂਦ ਰਹਿੰਦੇ ਹਨ। “ਇਹ ਬੱਚੇ ਉਸ ਸਕੂਲ ਦੇ ਨਹੀਂ ਹਨ ਜਿੱਥੇ ਮੇਰੀ ਪੋਸਟਿੰਗ ਹੈ। ਕਈ ਬੱਚੇ ਬਿਨਾਂ ਕਿਤਾਬਾਂ ਜਾਂ ਕਾਪੀਆਂ ਦੇ ਹੀ ਆਸਰਾ ਸਥਲ ’ਤੇ ਆ ਗਏ ਹਨ, ਇਸ ਲਈ ਅਸੀਂ ਉਨ੍ਹਾਂ ਲਈ ਵੀ ਇਨ੍ਹਾਂ ਦੀ ਵਿਵਸਥਾ ਕਰ ਰਹੇ ਹਾਂ,” 40 ਵਰ੍ਹੇ ਦੇ ਆਲਮ ਨੇ ਕਿਹਾ, ਜੋ 2007 ਤੋਂ ਸਿੱਖਿਆ ਮਿੱਤਰ ਦੇ ਰੂਪ ਵਿਚ ਕੰਮ ਕਰਦੇ ਹਨ।
ਹੜ੍ਹ ਪ੍ਰਭਾਵਿਤ ਨਖੀ ਘਾਟ ਦੇ ਪਰਿਵਾਰਾਂ ਲਈ ਬਣੇ ਇਕ ਕੈਂਪ ਵਿਚ, 51 ਵਰ੍ਹੇ ਦੇ ਮੁਹੰਮਦ ਸਈਦ ਪਿਛਲੇ ਦੋ ਦਿਨਾਂ ਤੋਂ ਛੇ ਤੋਂ ਦਸ ਸਾਲ ਦੀ ਉਮਰ ਦੇ 11 ਬੱਚਿਆਂ ਨੂੰ ਪੜ੍ਹਾ ਰਹੇ ਹਨ।
“ਮੈਨੂੰ ਇਸ ਅਧਿਆਪਕ ਦਾ ਪੜ੍ਹਾਉਣ ਦਾ ਤਰੀਕਾ ਬਹੁਤ ਚੰਗਾ ਲੱਗ ਰਿਹਾ ਹੈ—ਇਹ ਸਾਡੇ ਸਕੂਲ ਵਿਚ ਪੜ੍ਹਾਉਣ ਦੇ ਤਰੀਕੇ ਤੋਂ ਵੱਖ ਹੈ। ਮੈਂ ਕੈਂਪ ਵਿਚ ਕੁਝ ਹੋਰ ਦਿਨ ਰੁਕਣਾ ਚਾਹਾਂਗੀ ਕਿਉਂਕਿ ਇੱਥੇ ਦੀਆਂ ਸਹੂਲਤਾਂ ਚੰਗੀਆਂ ਹਨ,” 12 ਵਰ੍ਹੇ ਦੀ ਆਇਸ਼ਾ ਨੇ ਕਿਹਾ।
ਚੋਹਾਰਾ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਈਅਦ, ਜਿਨ੍ਹਾਂ ਦੀ ਤਾਇਨਾਤੀ ਅਲੀਪੁਰ ਦੇ ਸਿਟੀ ਗਰਲਜ਼ ਇੰਟਰ ਕਾਲਜ ਵਿਚ ਹੈ, ਨੇ ਕਿਹਾ ਕਿ ਇਹ ਸਾਰੇ ਬੱਚੇ ਵੱਖ-ਵੱਖ ਸਕੂਲਾਂ ਤੋਂ ਹਨ।
ਕੇਂਦਰੀ ਜਲ ਕਮਿਸ਼ਨ ਅਨੁਸਾਰ, ਐਤਵਾਰ ਨੂੰ ਸ਼ਾਮ 4 ਵਜੇ ਗੰਗਾ ਦਾ ਜਲ ਪੱਧਰ 70.12 ਮੀਟਰ ਸੀ, ਜੋ ਇਸ ਦੇ ਚਿਤਾਵਨੀ ਪੱਧਰ 70.26 ਮੀਟਰ ਤੋਂ ਹੇਠਾਂ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਲਗਭਗ 11 ਇਲਾਕੇ ਹੜ੍ਹ ਤੋਂ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਹੋਏ ਹਨ ਅਤੇ ਵਰੁਣਾ ਨਦੀ ਵਿਚ ਆਏ ਹੜ੍ਹ ਕਾਰਨ ਉਜੜੇ ਹੋਏ ਪਰਿਵਾਰਾਂ ਨੂੰ ਲੋੜ ਅਨੁਸਾਰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਜਾ ਰਿਹਾ ਹੈ।
ਰਾਹਤ ਕੈਂਪ ਵਿਚ ਪਨਾਹ ਲੈਣ ਵਾਲਿਆਂ ਵਿਚ 23 ਗਰਭਵਤੀ ਔਰਤਾਂ ਅਤੇ 107 ਬਜ਼ੁਰਗ ਵਿਅਕਤੀ ਸ਼ਾਮਲ ਹਨ। ਹਰੇਕ ਕੈਂਪ ਵਿਚ ਚੌਵੀ ਘੰਟੇ ਇਕ ਡਾਕਟਰ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਸੁਰੱਖਿਆ ਲਈ ਮਹਿਲਾ ਅਧਿਕਾਰੀਆਂ ਸਮੇਤ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਵਾਰਾਣਸੀ ਦੇ ਐਡੀਸ਼ਨ ਜ਼ਿਲਾ ਮਜਿਸਟ੍ਰੇਟ ਡਾ. ਸਦਾਨੰਦ ਗੁਪਤਾ ਨੇ ਕਿਹਾ, “ਰਾਹਤ ਕੈਂਪ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅਸੀਂ ਇਹ ਯਕੀਨੀ ਕਰਨ ਲਈ ਹਰ ਸੰਭਵ ਕਦਮ ਚੁੱਕੇ ਰਹੇ ਹਾਂ ਕਿ ਉੱਥੇ ਰਹਿਣ ਵਾਲੇ ਲੋਕਾਂ ਨੂੰ ਉਚਿਤ ਸਹੂਲਤਾਂ ਮੁਹੱਈਆ ਹੋਣ।”
ਮਾਲ ਵਿਭਾਗ ਕੈਂਪਾਂ ਵਿਚ ਖੁਰਾਕ ਸਪਲਾਈ ਅਤੇ ਆਮ ਰੱਖ-ਰਖਾਅ ਦੀ ਦੇਖਰੇਖ ਕਰ ਰਿਹਾ ਹੈ, ਜਦੋਂ ਕਿ ਨਗਰ ਨਿਗਮ ਕੋਹਰੇ ਅਤੇ ਸਵੱਛਤਾ ਲਈ ਜ਼ਿੰਮੇਵਾਰ ਹੈ।
ਇਕ ਅਧਿਕਾਰੀ ਅਨੁਸਾਰ, ਹਰੇਕ ਕੈਂਪ ਵਿਚ ਇਕ ਭਾਈਚਾਰਕ ਰਸੋਈ ਘਰ ਹੈ ਜਿੱਥੇ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਰਾਤ ਦਾ ਖਾਣਾ ਪਰੋਸਿਆ ਜਾਂਦਾ ਹੈ, ਨਾਲ ਹੀ ਬੱਚਿਆਂ ਲਈ ਦੁੱਧ ਅਤੇ ਫਲ ਵੀ ਮੁਹੱਈਆ ਕਰਾਏ ਜਾਂਦੇ ਹਨ।
ਕੈਂਪਾਂ ਦੀ ਸਮਰੱਥਾ 50 ਤੋਂ 350 ਲੋਕਾਂ ਤੱਕ ਹੈ। ਗਰਭਵਤੀ ਅੌਰਤਾਂ ਨੂੰ ਵੱਖ ਕਮਰੇ ਦਿੱਤੇ ਜਾਂਦੇ ਹਨ, ਜਦੋਂ ਕਿ ਇਕ ਕਮਰੇ ਵਿਚ ਦੋ ਤੋਂ ਵੱਧ ਪਰਿਵਾਰ ਨਹੀਂ ਰਹਿੰਦੇ ਹਨ।
ਪੁਲਸ ਪ੍ਰਭਾਵਿਤ ਖੇਤਰਾਂ ਵਿਚ ਗਸ਼ਤ ਕਰ ਰਹੀ ਹੈ ਤਾਂ ਕਿ ਨਿਵਾਸੀਆਂ ਦੁਆਰਾ ਛੱਡੇ ਗਏ ਸਾਮਾਨ ਦੀ ਰੱਖਿਆ ਕੀਤੀ ਜਾ ਸਕੇ।
- ਕੇ. ਭਨੋਟ
