ਕਿਸ ਨੂੰ ਘਰ ’ਚ ਰਹਿਣਾ ਚਾਹੀਦਾ ਹੈ...?

Sunday, Sep 13, 2026 - 03:32 PM (IST)

ਕਿਸ ਨੂੰ ਘਰ ’ਚ ਰਹਿਣਾ ਚਾਹੀਦਾ ਹੈ...?

ਕੋਚੀਨ ’ਚ ਇਕ ਕਾਨਫ਼ਰੰਸ ਦੌਰਾਨ ਇਕ ਸੁੰਨੀ ਧਰਮਗੁਰੂ ਨੇ ਕਥਿਤ ਤੌਰ ’ਤੇ ਕਿਹਾ ਕਿ ਉਨ੍ਹਾਂ ਦੇ ਧਾਰਮਿਕ ਗ੍ਰੰਥ ਔਰਤਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਿੱਖਿਆ ਦਿੰਦੇ ਹਨ ਅਤੇ ਉਨ੍ਹਾਂ ਨੂੰ ਜਨਤਕ ਥਾਵਾਂ ’ਤੇ ਲਿਆਉਣ ਨਾਲ ਭਾਰੀ ਤਬਾਹੀ ਮੱਚ ਸਕਦੀ ਹੈ।

ਮੈਂ ਘਬਰਾਹਟ ’ਚ ਬਾਹਰ ਦੇਖਿਆ।

ਹਰ ਪਾਸੇ ਔਰਤਾਂ ਹੀ ਔਰਤਾਂ ਸਨ।

ਇਕ ਔਰਤ ਬੱਸ ਚਲਾ ਰਹੀ ਸੀ। ਦੂਜੀ ਸਰਜਰੀ ਕਰ ਰਹੀ ਸੀ। ਤੀਜੀ ਅਦਾਲਤ ’ਚ ਕੇਸ ਲੜ ਰਹੀ ਸੀ। ਕਈ ਔਰਤਾਂ ਬੱਚਿਆਂ ਨੂੰ ਪੜ੍ਹਾ ਰਹੀਆਂ ਸਨ, ਕੰਪਨੀਆਂ ਚਲਾ ਰਹੀਆਂ ਸਨ, ਹਵਾਈ ਜਹਾਜ਼ ਉਡਾ ਰਹੀਆਂ ਸਨ ਅਤੇ ਜ਼ਿਲਿਆਂ ਦਾ ਪ੍ਰਸ਼ਾਸਨ ਸੰਭਾਲ ਰਹੀਆਂ ਸਨ।

ਅਜੀਬ ਗੱਲ ਹੈ ਕਿ ਇਮਾਰਤਾਂ ਅਜੇ ਵੀ ਖੜ੍ਹੀਆਂ ਸਨ।

‘‘ਉਹ ਭਾਰੀ ਤਬਾਹੀ ਕਿੱਥੇ ਹੈ?’’ ਮੈਂ ਨੇੜੇ ਖੜ੍ਹੇ ਇਕ ਸੱਜਣ ਤੋਂ ਪੁੱਛਿਆ।

‘‘ਉਹ ਆਵੇਗੀ,‘‘ਉਨ੍ਹਾਂ ਨੇ ਹੌਲੀ ਜਿਹੇ ਕਿਹਾ। ‘‘ਹੋ ਸਕਦਾ ਹੈ ਕਿ ਕੋਈ ਔਰਤ ਜਲਦ ਹੀ ਆਜ਼ਾਦ ਹੋ ਜਾਵੇ।’’

‘‘ਬਹੁਤ ਬੁਰਾ,‘‘ ਮੈਂ ਕਿਹਾ। ‘‘ਹੋ ਸਕਦਾ ਹੈ ਕਿ ਉਹ ਸੋਚਣਾ ਵੀ ਸ਼ੁਰੂ ਕਰ ਦੇਵੇ।’’

ਇਹ ਸੁਣ ਕੇ ਉਹ ਸਿਹਰ ਉੱਠੇ।

ਸਦੀਆਂ ਤੋਂ ਔਰਤਾਂ ਬਰਾਬਰੀ ਦਾ ਇਨਸਾਨ ਮੰਨੇ ਜਾਣ ਦੇ ਮਾਮੂਲੀ ਅਧਿਕਾਰ ਲਈ ਸੰਘਰਸ਼ ਕਰ ਰਹੀਆਂ ਹਨ। ਫਿਰ ਵੀ, ਜਦੋਂ ਵੀ ਉਹ ਅੱਗੇ ਵਧਦੀਆਂ ਹਨ, ਕੋਈ ਨਾ ਕੋਈ ਧਾਰਮਿਕ ਕਿਤਾਬ ਚੁੱਕਦਾ ਹੈ, ਉਸ ’ਚੋਂ ਆਪਣੀ ਸੁਵਿਧਾ ਦਾ ਇਕ ਵਾਕ ਕੱਢਦਾ ਹੈ ਅਤੇ ਉਨ੍ਹਾਂ ’ਤੇ ਥੋਪ ਦਿੰਦਾ ਹੈ।

ਉਸ ਕਿਤਾਬ ਨੂੰ ਸ਼ਾਇਦ ਹੀ ਕਦੇ ਉਸ ਦੇ ਸੰਦਰਭ ਨੂੰ ਸਮਝਣ ਲਈ ਖੋਲ੍ਹਿਆ ਜਾਂਦਾ ਹੈ। ਉਸ ਦਾ ਇਸਤੇਮਾਲ ਬੱਸ ਇਕ ਇੱਟ ਵਾਂਗ ਕੀਤਾ ਜਾਂਦਾ ਹੈ।

‘‘ਘਰ ’ਚ ਰਹੋ,‘‘ ਧਰਮਗੁਰੂ ਮੰਚ ਤੋਂ ਕਹਿੰਦੇ ਹਨ।

‘‘ਕਿਉਂ?’’ ਔਰਤ ਪੁੱਛਦੀ ਹੈ।

‘‘ਕਿਉਂਕਿ ਰੱਬ ਅਜਿਹਾ ਕਹਿੰਦਾ ਹੈ।’’

‘‘ਕਿੱਥੇ?’’

‘‘ਜ਼ਿਆਦਾ ਸਵਾਲ ਨਾ ਪੁੱਛੋ। ਇਸ ਨਾਲ ਵੀ ਤਬਾਹੀ ਹੁੰਦੀ ਹੈ।’’

ਪੁਰਾਣੇ ਜ਼ਮਾਨੇ ਦੇ ਕਈ ਨਿਯਮ ਅਜਿਹੇ ਸਮਾਜਾਂ ’ਚ ਬਣੇ ਸਨ ਜਿੱਥੇ ਜ਼ਿੰਦਗੀ ਬਿਲਕੁਲ ਵੱਖਰੀ ਸੀ। ਮਰਦ ਸ਼ਿਕਾਰ ਕਰਦੇ ਸਨ, ਲੜਾਈਆਂ ਲੜਦੇ ਸਨ, ਖ਼ਤਰਨਾਕ ਇਲਾਕਿਆਂ ’ਚੋਂ ਲੰਘਦੇ ਸਨ ਅਤੇ ਘਰੋਂ ਬਾਹਰ ਕਮਾਉਂਦੇ ਸਨ। ਔਰਤਾਂ ਆਮ ਤੌਰ ’ਤੇ ਬੱਚਿਆਂ ਦੀ ਸੁਰੱਖਿਆ ਕਰਦੀਆਂ ਸਨ ਅਤੇ ਘਰ ਸੰਭਾਲਦੀਆਂ ਸਨ। ਉਹ ਨਿਯਮ ਉਸ ਦੌਰ ਦੇ ਹਾਲਾਤ ਦੇ ਹਿਸਾਬ ਨਾਲ ਸਨ।

ਪਰ ਅੱਜ, ਲੜਾਈਆਂ ਸੈਟੇਲਾਈਟ, ਕੰਪਿਊਟਰ, ਇੰਟੈਲੀਜੈਂਸ ਅਤੇ ਟੈਕਨਾਲੋਜੀ ਨਾਲ ਲੜੀਆਂ ਜਾਂਦੀਆਂ ਹਨ। ਔਰਤਾਂ ਫੌਜ ’ਚ ਸੇਵਾ ਦਿੰਦੀਆਂ ਹਨ, ਹਵਾਈ ਜਹਾਜ਼ ਉਡਾਉਂਦੀਆਂ ਹਨ, ਮਿਜ਼ਾਈਲਾਂ ਡਿਜ਼ਾਈਨ ਕਰਦੀਆਂ ਹਨ ਅਤੇ ਸਰਕਾਰਾਂ ਚਲਾਉਂਦੀਆਂ ਹਨ। ਹੁਣ ਸਰੀਰਕ ਤਾਕਤ ਇਹ ਤੈਅ ਨਹੀਂ ਕਰਦੀ ਕਿ ਸਮਾਜ ’ਚ ਕੌਣ ਯੋਗਦਾਨ ਦੇ ਸਕਦਾ ਹੈ।

ਦਿਮਾਗ ਤੈਅ ਕਰਦਾ ਹੈ।

ਅਤੇ ਸ਼ਾਇਦ ਇਹੋ ਗੱਲ ਕੁੱਝ ਮਰਦਾਂ ਨੂੰ ਡਰਾਉਂਦੀ ਹੈ।

ਇਕ ਪੜ੍ਹੀ-ਲਿਖੀ ਔਰਤ ਸਵਾਲ ਕਰ ਸਕਦੀ ਹੈ। ਇਕ ਆਜ਼ਾਦ ਔਰਤ ਅਨਿਆਂ ਦੇ ਖ਼ਿਲਾਫ਼ ਆਵਾਜ਼ ਉਠਾ ਸਕਦੀ ਹੈ। ਇਕ ਆਤਮਵਿਸ਼ਵਾਸ ਨਾਲ ਭਰੀ ਔਰਤ ਇਹ ਪੁੱਛ ਸਕਦੀ ਹੈ ਕਿ ਜੋ ਮਰਦ ਉਸ ਨੂੰ ਧਰਮਗ੍ਰੰਥਾਂ ਦਾ ਹਵਾਲਾ ਦੇ ਰਿਹਾ ਹੈ, ਉਸ ਨੇ ਕਦੇ ਉਨ੍ਹਾਂ ਗੱਲਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਿਨ੍ਹਾਂ ’ਚ ਦਇਆ, ਨਿਆਂ, ਨਿਮਰਤਾ ਅਤੇ ਸੰਜਮ ਵਰਤਣ ਦੀ ਸਿੱਖਿਆ ਦਿੱਤੀ ਗਈ ਹੈ।

ਧਰਮ ਨੂੰ ਲੋਕਾਂ ਨੂੰ ਉੱਪਰ ਉਠਾਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਕਮਰਿਆਂ ’ਚ ਬੰਦ ਕਰਨਾ ਚਾਹੀਦਾ ਹੈ।

ਹਰ ਧਰਮ ’ਚ ਸਤਿਕਾਰ, ਕਰੁਣਾ ਅਤੇ ਨਿਆਂ ਬਾਰੇ ਸੁੰਦਰ ਗੱਲਾਂ ਕਹੀਆਂ ਗਈਆਂ ਹਨ ਪਰ ਜਦੋਂ ਧਰਮਗ੍ਰੰਥਾਂ ਨੂੰ ਉਨ੍ਹਾਂ ਦੇ ਸੰਦਰਭ ਤੋਂ ਵੱਖਰਾ ਕਰ ਕੇ ਮਰਦਾਂ ਦੇ ਵਿਸ਼ੇਸ਼-ਅਧਿਕਾਰ ਨੂੰ ਬਣਾਏ ਰੱਖਣ ਲਈ ਵਰਤਿਆ ਜਾਂਦਾ ਹੈ, ਤਾਂ ਇਸ ਨਾਲ ਧਰਮ ਮਜ਼ਬੂਤ ਨਹੀਂ ਹੁੰਦਾ। ਇਸ ਨਾਲ ਧਰਮ ਅਜਿਹਾ ਲੱਗਣ ਲੱਗਦਾ ਹੈ ਜਿਵੇਂ ਉਹ ਜ਼ਿਆਦਤੀ ਕਰਨ ਵਾਲਿਆਂ ਦਾ ਸਾਥ ਦੇ ਰਿਹਾ ਹੋਵੇ।

ਅਜਿਹੀਆਂ ਗੱਲਾਂ ਇਸ ਲਈ ਵੀ ਖ਼ਤਰਨਾਕ ਹਨ ਕਿਉਂਕਿ ਇਹ ਉਨ੍ਹਾਂ ਪਰਿਵਾਰਾਂ ’ਚ ਅਸਰ ਪਾਉਂਦੀਆਂ ਹਨ ਜਿੱਥੇ ਸਿੱਖਿਆ ਘੱਟ ਹੈ। ਇਕ ਕੰਟਰੋਲ ਕਰਨ ਵਾਲਾ ਪਤੀ ਇਹ ਸੁਣ ਕੇ ਸੋਚਦਾ ਹੈ ਕਿ ਉਸ ਦੇ ਵਰਤਾਅ ਨੂੰ ਰੱਬ ਦੀ ਮਨਜ਼ੂਰੀ ਮਿਲ ਗਈ ਹੈ। ਇਕ ਡਰੀ ਹੋਈ ਧੀ ਨੂੰ ਪੜ੍ਹਾਈ ਤੋਂ ਰੋਕ ਦਿੱਤਾ ਜਾਂਦਾ ਹੈ। ਇਕ ਕਾਬਲ ਪਤਨੀ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ। ਜ਼ੁਲਮ ਨੂੰ ਅਚਾਨਕ ਧਾਰਮਿਕ ਭਾਸ਼ਾ ਮਿਲ ਜਾਂਦੀ ਹੈ।

ਜੇਕਰ ਔਰਤਾਂ ਦੇ ਜਨਤਕ ਜਗ੍ਹਾਵਾਂ ’ਚ ਆਉਣ ਨਾਲ ਭਾਰੀ ਤਬਾਹੀ ਹੁੰਦੀ ਹੈ, ਤਾਂ ਸ਼ਾਇਦ ਜੋ ਚੀਜ਼ ਤਬਾਹ ਹੋ ਰਹੀ ਹੈ, ਉਹ ਸਮਾਜ ਨਹੀਂ, ਬਲਕਿ ਮਰਦਾਂ ਦਾ ਦਬਦਬਾ ਹੈ।

ਅਤੇ ਪਿਆਰੇ ਪਾਠਕੋ, ਇਹ ਤਬਾਹੀ ਤਾਂ ਜਸ਼ਨ ਮਨਾਉਣ ਲਾਇਕ ਹੋ ਸਕਦੀ ਹੈ।

ਤਾਂ ਸੱਜਣੋ, ਔਰਤਾਂ ਨੂੰ ਘਰ ’ਚ ਰਹਿਣ ਲਈ ਕਹਿਣ ਤੋਂ ਪਹਿਲਾਂ, ਯਾਦ ਰੱਖੋ ਕਿ ਤੁਹਾਡੀ ਜਾਨ ਬਚਾਉਣ ਵਾਲਾ ਡਾਕਟਰ, ਤੁਹਾਡੇ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਜੱਜ ਜਾਂ ਤੁਹਾਡਾ ਹਵਾਈ ਜਹਾਜ਼ ਉਡਾਉਣ ਵਾਲਾ ਪਾਇਲਟ ਕੋਈ ਔਰਤ ਹੋ ਸਕਦੀ ਹੈ।

ਅਤੇ ਜੇਕਰ ਇਸ ਤੋਂ ਵੀ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ, ਤਾਂ ਸ਼ਾਇਦ ਤੁਹਾਨੂੰ ਹੀ ਘਰ ’ਚ ਰਹਿਣਾ ਚਾਹੀਦਾ ਹੈ...!

-ਰੌਬਰਟ ਕਲੀਮੈਂਟਸ


author

Anmol Tagra

Content Editor

Related News