‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ ਖ਼ਤਰਾ!

Saturday, Sep 05, 2026 - 03:01 AM (IST)

‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ ਖ਼ਤਰਾ!

ਅੱਜਕੱਲ ਲੋਕ ਕਾਰੋਬਾਰ ਅਤੇ ਸੈਰ-ਸਪਾਟੇ ਆਦਿ ਦੌਰਾਨ ਸਮਾਂ ਬਚਾਉਣ ਲਈ ਬੱਸਾਂ ਅਤੇ ਰੇਲਗੱਡੀਆਂ ਦੀ ਬਜਾਏ ਹਵਾਈ ਸਫਰ ਨੂੰ ਪਹਿਲ ਦੇਣ ਲੱਗੇ ਹਨ। ਇਸੇ ਕਾਰਨ ਹਵਾਈ ਮੁਸਾਫਰਾਂ ਅਤੇ ਹਵਾਈ ਸੇਵਾਵਾਂ ’ਚ ਵਾਧੇ ਤੋਂ ਇਲਾਵਾ ਨਵੇਂ-ਨਵੇਂ ਹਵਾਈ ਅੱਡੇ ਵੀ ਬਣਨ ਲੱਗੇ ਹਨ।

ਇਸ ਦੇ ਨਾਲ ਹੀ ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਖਾਮੀਆਂ ਅਤੇ ਤਕਨੀਕੀ ਖ਼ਰਾਬੀਆਂ ਕਾਰਨ ਹਾਦਸਿਆਂ ਅਤੇ ਇਨ੍ਹਾਂ ਕਾਰਨ ਮੌਤਾਂ ਦੇ ਮਾਮਲੇ ਵੀ ਸਾਹਮਣੇ ਆਉਣ ਨਾਲ ਹਵਾਈ ਸਫਰ ਦੀ ਸਹੂਲਤ ਮੁਸਾਫਰਾਂ ਦੀ ਜਾਨ ਲਈ ਖ਼ਤਰਾ ਬਣਨ ਲੱਗੀ ਹੈ, ਜਿਸ ਦੀਆਂ ਲਗਭਗ ਇਕ ਮਹੀਨੇ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 4 ਅਗਸਤ ਨੂੰ ‘ਫੂਕੇਤ’ ਤੋਂ ‘ਦਿੱਲੀ’ ਆ ਰਹੀ ਏਅਰ ਇੰਡੀਆ ਦੀ ਫਲਾਈਟ ’ਚ 36000 ਫੁੱਟ ਦੀ ਉੱਚਾਈ ’ਤੇ ਤਿੰਨੋਂ ਹਾਈਡ੍ਰੌਲਿਕ ਪ੍ਰਣਾਲੀਆਂ ਵਲੋਂ ਕੁਝ ਸੈਕਿੰਡ ਲਈ ਲੱਗਭਗ ਇਕੋ ਵੇਲੇ ਕੰਮ ਕਰਨਾ ਬੰਦ ਕਰ ਦੇਣ ਨਾਲ ਲੱਗੇ ਭਾਰੀ ਝਟਕੇ ਕਾਰਨ ਕਈ ਮੁਸਾਫਰਾਂ ਤੇ ਅਮਲੇ ਦੇ ਮੈਂਬਰਾਂ ਦੇ ਜ਼ਖਮੀ ਹੋਣ ਅਤੇ ਹਵਾਈ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਣ ਸੰਬੰਧੀ ਮੁੱਖ ਪਾਇਲਟ ਦੀ ਰਿਪੋਰਟ ‘ਨੈਗੇਟਿਵ ਨਹੀਂ’ ਆਉਣ ’ਤੇ ‘ਹਵਾਈ ਹਾਦਸਾ ਜਾਂਚ ਬਿਊਰੋ’ ਵਲੋਂ ਉਸ ਦੇ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ।

* 7 ਅਗਸਤ ਨੂੰ ‘ਹਲਵਾਰਾ’ ਹਵਾਈ ਅੱਡੇ ’ਤੇ ‘ਦਿੱਲੀ’ ਲਈ ਉਡਾਣ ਭਰਦੇ ਸਮੇਂ ‘ਏਅਰ ਇੰਡੀਆ’ ਦੇ ਹਵਾਈ ਜਹਾਜ਼ ਤੋਂ ਇਕ ਭੇਤਭਰੀ ਆਵਾਜ਼ ਸੁਣਾਈ ਦੇਣ ’ਤੇ ਪਾਇਲਟ ਨੇ ਤੁਰੰਤ ਉਡਾਣ ਰੋਕ ਕੇ ਹਵਾਈ ਜਹਾਜ਼ ਨੂੰ ਸੁਰੱਖਿਅਤ ‘ਐਪਰਨ’ ਵੱਲ ਵਾਪਸ ਮੋੜ ਦਿੱਤਾ।

* 12 ਅਗਸਤ ਨੂੰ ਏ. ਸੀ. ’ਚ ਖ਼ਰਾਬੀ ਕਾਰਨ ‘ਦਿੱਲੀ’ ਤੋਂ ‘ਪੁਣੇ’ ਜਾ ਰਹੇ ‘ਸਪਾਈਸ ਜੈੱਟ’ ਦੇ ਹਵਾਈ ਜਹਾਜ਼ ’ਚ ਉਡਾਣ ਭਰਨ ਤੋਂ ਪਹਿਲਾਂ ਤਾਪਮਾਨ ਬਹੁਤ ਵਧ ਜਾਣ ਨਾਲ ਮੁਸਾਫਰਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ ਜਿਸ ’ਤੇ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।

* 19 ਅਗਸਤ ਨੂੰ ‘ਗੋਰਖਪੁਰ’ ਹਵਾਈ ਅੱਡੇ ’ਤੇ ਉਤਰਦੇ ਸਮੇਂ ‘ਇੰਡੀਗੋ’ ਦੇ ਇਕ ਹਵਾਈ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਅ ਗਿਆ। ਪਾਇਲਟ ਨੇ ਸੂਝ-ਬੂਝ ਨਾਲ ਹਵਾਈ ਜਹਾਜ਼ ਨੂੰ ਦੁਬਾਰਾ ਹਵਾ ’ਚ ਉਠਾਇਆ ਅਤੇ ‘ਏਅਰ ਟ੍ਰੈਫਿਕ ਕੰਟਰੋਲ’ (ਏ. ਟੀ. ਸੀ.) ਦੀ ਆਗਿਅਾ ਲੈ ਕੇ ਮੁੜ ਹਵਾਈ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ।

* 20 ਅਗਸਤ ਨੂੰ ‘ਦਿੱਲੀ’ ਤੋਂ ‘ਮੈਂਗਲੁਰੂ’ ਜਾਣ ਵਾਲੇ ‘ਇੰਡੀਗੋ’ ਦੇ ਹਵਾਈ ਜਹਾਜ਼ ਦੇ ਰਨ-ਵੇ ’ਤੇ ਅੱਗੇ ਵਧਣ ਦੌਰਾਨ ਉਸ ’ਚ ਤਕਨੀਕੀ ਖ਼ਰਾਬੀ ਦਾ ਪਤਾ ਲੱਗਣ ’ਤੇ ਪਾਇਲਟ ਨੂੰ ਉਸ ਨੂੰ ਵਾਪਸ ‘ਬੇਅ’ ਵਿਚ ਲੈ ਕੇ ਜਾਣਾ ਪਿਆ ਜਿਸ ਕਾਰਨ ਉਡਾਣ ’ਚ 3 ਘੰਟਿਆਂ ਦੀ ਦੇਰੀ ਹੋਈ।

* 2 ਸਤੰਬਰ ਨੂੰ ‘ਗੋਆ’ ਤੋਂ ਦਿੱਲੀ ਜਾ ਰਹੀ ‘ਇੰਡੀਗੋ’ ਦੀ ਫਲਾਈਟ ’ਚ ਜਦੋਂ ਹਵਾਈ ਜਹਾਜ਼ 14,000 ਫੁੱਟ ਦੀ ਉੱਚਾਈ ’ਤੇ ਸੀ, ਤਾਂ ਇਸ ਦੌਰਾਨ ਇੰਜਣ ’ਚ ਖ਼ਰਾਬੀ ਦਾ ਪਤਾ ਲੱਗਣ ’ਤੇ ਹਵਾਈ ਜਹਾਜ਼ ਨੂੰ ਵਾਪਸ ‘ਮਨੋਹਰ ਇੰਟਰਨੈਸ਼ਨਲ ਹਵਾਈ ਅੱਡੇ’ ’ਤੇ ਉਤਾਰਿਆ ਗਿਆ।

* 3 ਸਤੰਬਰ ਨੂੰ ‘ਦੋਹਾ’ ਤੋਂ ‘ਬੈਂਗਲੁਰੂ’ ਆ ਰਹੇ ‘ਇੰਡੀਗੋ’ ਦੇ ਇਕ ਹਵਾਈ ਜਹਾਜ਼ ਦੇ ਪਾਇਲਟ ਦੇ ਰਾਹ ’ਚ ਹੀ ਬੀਮਾਰ ਪੈ ਜਾਣ ਕਾਰਨ ਜਹਾਜ਼ ਨੂੰ ਮਸਕਟ ’ਚ ਉਤਾਰ ਕੇ ਮੁਸਾਫਰਾਂ ਨੂੰ ਦੂਜੇ ਹਵਾਈ ਜਹਾਜ਼ ਰਾਹੀਂ ‘ਬੈਂਗਲੁਰੂ’ ਭੇਜਿਆ ਗਿਆ।

* 3 ਸਤੰਬਰ ਨੂੰ ਹੀ ‘ਵਾਰਾਣਸੀ’ ਤੋਂ ‘ਦਿੱਲੀ’ ਜਾ ਰਹੇ ‘ਏਅਰ ਇੰਡੀਆ ਐਕਸਪ੍ਰੈੱਸ’ ਹਵਾਈ ਜਹਾਜ਼ ਦੇ ‘ਕਾਰਗੋ ਹੋਲਡ’ ਦਾ ਧੂੰਆਂ ਪਛਾਣਨ ਵਾਲਾ ਅਲਾਰਮ ਵੱਜਣ ਨਾਲ ਭੜਥੂ ਮਚ ਗਿਆ ਅਤੇ ਹਵਾਈ ਜਹਾਜ਼ ਨੂੰ ‘ਲਖਨਊ’ ਹਵਾਈ ਅੱਡੇ ’ਤੇ ਉਤਾਰ ਕੇ ਖਾਲੀ ਕਰਵਾਉਣ ਤੋਂ ਬਾਅਦ ਵਿਸਤ੍ਰਿਤ ਜਾਂਚ ਲਈ ‘ਹੈਂਗਰ’ ਵਿਚ ਭੇਜ ਦਿੱਤਾ ਗਿਆ।

* 4 ਸਤੰਬਰ ਨੂੰ ਸਵੇਰੇ ‘ਨਵੀਂ ਮੁੰਬਈ’ ਤੋਂ ‘ਸ੍ਰੀਨਗਰ’ ਦੇ ਹਵਾਈ ਅੱਡੇ ’ਤੇ ਪਹੁੰਚਿਆ ‘ਇੰਡੀਗੋ’ ਦਾ ਹਵਾਈ ਜਹਾਜ਼ ਪਾਰਕਿੰਗ ਦੌਰਾਨ ਇਕ ਖੰਭੇ ਨਾਲ ਟਕਰਾ ਗਿਆ ਜਿਸ ਕਾਰਨ ਉਸ ਦੀ ‘ਨੋਜ਼’ (ਅੱਗੇ ਵਾਲਾ ਹਿੱਸਾ) ਟੁੱਟ ਕੇ ਖੰਭੇ ’ਚ ਲੱਗਭਗ ਇਕ ਫੁੱਟ ਤੱਕ ਅੰਦਰ ਚਲੀ ਗਈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸ਼ਹਿਰੀ ਹਵਾਬਾਜ਼ੀ ਦੇ ਖੇਤਰ ’ਚ ਸੁਰੱਖਿਆ ਖਾਮੀਅਾਂ, ਤਕਨੀਕੀ ਖ਼ਰਾਬੀ ਅਤੇ ਹੋਰ ਸਮੱਸਿਆਵਾਂ ਦੇ ਸਿੱਟੇ ਵਜੋਂ ਹਵਾਈ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਦੀਆਂ ਘਟਨਾਵਾਂ ’ਚ ਤੇਜ਼ੀ ਆਈ ਹੈ।

ਹੁਣੇ ਜਿਹੇ ਹੀ ਦੀ ਇਕ ਸੰਸਦੀ ਪੈਨਲ ਦੀ ਰਿਪੋਰਟ ਅਤੇ ਸਰਕਾਰੀ ਆਡਿਟ ਅਨੁਸਾਰ ਜਨਵਰੀ, 2025 ਤੋਂ ਫਰਵਰੀ, 2026 ਦਰਮਿਅਾਨ ‘ਏਅਰ ਇੰਡੀਆ’, ‘ਇੰਡੀਗੋ’, ‘ਆਕਾਸਾ ਏਅਰ’ ਅਤੇ ‘ਸਪਾਈਸ ਜੈੱਟ’ ਵਰਗੀਆਂ ਮੁੱਖ ਹਵਾਬਾਜ਼ੀ ਕੰਪਨੀਆਂ ਦੇ 754 ਜਹਾਜ਼ਾਂ ਦੀ ਸੁਰੱਖਿਆ ਜਾਂਚ ਕਰਨ ’ਤੇ ਇਨ੍ਹਾਂ ’ਚੋਂ 377 ਹਵਾਈ ਜਹਾਜ਼ਾਂ ’ਚ ਮੁਰੰਮਤ ਤੋਂ ਬਾਅਦ ਵੀ ਵਾਰ-ਵਾਰ ਇਕੋ ਤਰ੍ਹਾਂ ਦੀਆਂ ਤਕਨੀਕੀ ਖ਼ਰਾਬੀਆਂ ਪੈਦਾ ਹੋਣ ਦਾ ਪਤਾ ਲੱਗਾ ਜੋ ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ਦੀ ਗੁਣਵੱਤਾ ’ਤੇ ਗੰਭੀਰ ਸਵਾਲੀਅਾ ਨਿਸ਼ਾਨ ਲਾਉਂਦੀਅਾਂ ਹਨ।

‘ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ’ (ਡੀ. ਜੀ. ਸੀ. ਏ.) ਦੀ ਅਗਸਤ, 2026 ਦੀ ਚੋਟੀ ਦੀਆਂ ਘਰੇਲੂ ਹਵਾਬਾਜ਼ੀ ਸੇਵਾਵਾਂ ਦੀ ਸੁਰੱਖਿਆ ਜਾਂਚ ’ਚ ਵੀ ਕਈ ‘ ਖਾਮੀਅਾਂ’ ਪਾਈਆਂ ਗਈਆਂ ਹਨ। ਇਸ ਲਈ ਹਵਾਈ ਹਾਦਸਿਆਂ ਤੋਂ ਬਚਣ ਲਈ ਜਹਾਜ਼ਾਂ ਦੇ ਸੰਚਾਲਨ ਤੇ ਸੇਵਾ ਸੰਭਾਲ ’ਚ ਹੋਰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News