ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼

Saturday, Jul 25, 2026 - 06:22 PM (IST)

ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼

ਮਹਾਰਾਸ਼ਟਰ ’ਚ ਸਿਆਸੀ ਸਰਗਰਮੀਆਂ ਤੇਜ਼ ਹਨ ਕਿਉਂਕਿ ਸ਼ਿਵ ਸੈਨਾ (ਯੂ. ਬੀ. ਟੀ.) ਮੁਖੀ ਊਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਨੇ 26 ਜੁਲਾਈ ਨੂੰ ਇਕ ਸਾਂਝਾ ਮਾਰਚ ਕੱਢਣ ਦਾ ਐਲਾਨ ਕੀਤਾ ਹੈ, ਤਾਂ ਜੋ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਵਿਰੋਧ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ’ਤੇ ਕਥਿਤ ਪੁਲਸ ਕਾਰਵਾਈ ਅਤੇ ਨੀਟ ਪੇਪਰ ਲੀਕ ਵਿਵਾਦ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਜਾ ਸਕੇ।

ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਠਾਕਰੇ ਚਚੇਰੇ ਭਰਾਵਾਂ ਨੇ ਕਿਹਾ ਕਿ ਮਾਰਚ ਸ਼ਿਵਾਜੀ ਪਾਰਕ ਤੋਂ ਸ਼ੁਰੂ ਹੋ ਕੇ ਸਿੱਧੀਵਿਨਾਇਕ ਮੰਦਰ ’ਤੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਾਰਚ ’ਚ ਹਿੱਸਾ ਲੈਣ ਵਾਲੇ ਸਿਰਫ ਰਾਸ਼ਟਰੀ ਤਿਰੰਗਾ ਲੈ ਕੇ ਚੱਲਣਗੇ ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਸਾਰੀਆਂ ਸਿਆਸੀ ਵਿਚਾਰਧਾਰਾਵਾਂ ਦੇ ਨਾਗਰਿਕਾਂ ਨੂੰ ਰੈਲੀ ’ਚ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਉਣੀ ਚਾਹੀਦੀ ਹੈ। ਊਧਵ ਠਾਕਰੇ ਨੇ ਦੋਸ਼ ਲਗਾਇਆ ਕਿ ਕੇਂਦਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਕੇ ਅੰਦੋਲਨ ਨੂੰ ਵਧਣ ਦਿੱਤਾ ਅਤੇ ਦਿੱਲੀ ’ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਥਿਤ ਪੁਲਸ ਕਾਰਵਾਈ ਦੀ ਆਲੋਚਨਾ ਕੀਤੀ।

ਪੂਰਾ ‘ਇੰਡੀਆ’ ਵਿਦਿਆਰਥੀਆਂ ਦੇ ਨਾਲ : ਰਾਹੁਲ

ਵਿਰੋਧੀ ਧਿਰ ਦਾ ਵਿਰੋਧ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਤੇਜ਼ ਹੋ ਗਿਆ ਹੈ, ਕਿਉਂਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੇ ਗਾਂਧੀ ਸਮ੍ਰਿਤੀ ’ਚ ਪ੍ਰਦਰਸ਼ਨ ਕੀਤਾ ਅਤੇ ਪੇਪਰ ਲੀਕ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਚਰਚਿਤ ਚਿੱਟੀ ਟੀ-ਸ਼ਰਟ ’ਚ ਰਾਸ਼ਟਰੀ ਝੰਡਾ ਅਤੇ ਸੰਵਿਧਾਨ ਫੜੇ ਹੋਏ ਦੇਖਿਆ ਗਿਆ, ਜਦਕਿ ਹੋਰ ਸੰਸਦ ਮੈਂਬਰਾਂ ਨੇ ਵਿਰੋਧ ਦੇ ਪ੍ਰਤੀਕ ਵਜੋਂ ਆਪਣੇ ਮੋਬਾਈਲ ਦੀਆਂ ਫਲੈਸ਼ਲਾਈਟਾਂ ਜਗਾਈਆਂ ਅਤੇ ਪੇਪਰ ਲੀਕ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।

ਇਹ ਕਹਿੰਦਿਆਂ ਕਿ ਦੇਸ਼ ਦੇ ਵਿਦਿਆਰਥੀ ਇਕੱਲੇ ਨਹੀਂ ਹਨ, ਰਾਹੁਲ ਨੇ ਕਿਹਾ ਕਿ ਪੂਰਾ ‘ਇੰਡੀਆ’ ਗੱਠਜੋੜ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦਾ ਹੈ। ਇਹ ਮਾਰਚ ਨੀਟ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਕਾਰਵਾਈ ਨੂੰ ਲੈ ਕੇ ਕੇਂਦਰ ਅਤੇ ਵਿਰੋਧੀ ਧਿਰਾਂ ਵਿਚਾਲੇ ਚੱਲ ਰਹੇ ਵੱਡੇ ਸਿਆਸੀ ਟਕਰਾਅ ਦੇ ਵਿਚਾਲੇ ਆਇਆ ਹੈ, ਇਕ ਅਜਿਹਾ ਮੁੱਦਾ ਜਿਸ ਨੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਵਾਰ-ਵਾਰ ਸੰਸਦ ਦੀ ਕਾਰਵਾਈ ’ਚ ਵਿਘਨ ਪਾਇਆ ਹੈ।

ਡਿੰਪਲ ਇਕ ਰਾਜਨੇਤਾ ਦੇ ਰੂਪ ’ਚ ਉੱਭਰ ਰਹੀ ਹੈ

ਸਮਾਜਵਾਦੀ ਪਾਰਟੀ (ਸਪਾ) ਦੀ ਲੋਕ ਸਭਾ ਮੈਂਬਰ ਅਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਦਾ ਦਿੱਲੀ ’ਚ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਮਲਾਵਰਤਾ ਦੇ ਨਾਲ-ਨਾਲ ਹਮਦਰਦੀ ਅਤੇ ਹਿੰਮਤ ਦਾ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਉਹ ਅਸਲ ’ਚ ਇਕ ਰਾਜਨੇਤਾ ਦੇ ਰੂਪ ’ਚ ਉੱਭਰ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ’ਚ ਡਿੰਪਲ ਨੂੰ ਪੁਲਸ ਬੈਰੀਕੇਡਾਂ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਅਤੇ ਜ਼ਖ਼ਮੀ ਵਿਦਿਆਰਥੀਆਂ ਦੀ ਮਦਦ ਕਰਦੇ ਹੋਏ ਦਿਖਾਇਆ ਗਿਆ ਹੈ, ਨਾਲ ਹੀ ਸੰਸਦ ਤੱਕ ਵਿਰੋਧ ਮਾਰਚ ਦੌਰਾਨ ਪੁਲਸ ਕਾਰਵਾਈ ਦੇ ਦ੍ਰਿਸ਼ ਵੀ ਹਨ, ਜਿਸ ’ਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ।

ਵੀਡੀਓ ’ਚ ਡਿੰਪਲ ਨੂੰ ਆਪਣੇ ਇਕ ਪਾਰਟੀ ਸਮਰਥਕ ਨੂੰ ਸੜਕ ’ਤੇ ਪਏ ਇਕ ਜ਼ਖ਼ਮੀ ਨੌਜਵਾਨ ਲਈ ਪਾਣੀ ਲਿਆਉਣ ਲਈ ਕਹਿੰਦਿਆਂ ਦੇਖਿਆ ਗਿਆ ਅਤੇ ਉਨ੍ਹਾਂ ਨੇ ਨੌਜਵਾਨ ਦੀ ਸ਼ਰਟ ਦਾ ਇਕ ਬਟਨ ਖੋਲ੍ਹ ਕੇ ਉਸ ਦੀ ਮਦਦ ਕੀਤੀ ਤਾਂ ਜੋ ਉਸ ਨੂੰ ਸਾਹ ਲੈਣ ’ਚ ਆਸਾਨੀ ਹੋਵੇ। 16 ਜੁਲਾਈ ਨੂੰ, ਉਹ ਸਮਾਜਵਾਦੀ ਪਾਰਟੀ ਦੇ ਵਫ਼ਦ ਦੇ ਹਿੱਸੇ ਵਜੋਂ ਪੌਣ-ਪਾਣੀ ਵਰਕਰ ਸੋਨਮ ਵਾਂਗਚੁਕ ਨੂੰ ਮਿਲਣ ਲਈ ਲਖਨਊ ਤੋਂ ਦਿੱਲੀ ਆਈ, ਜਿੱਥੇ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਸੀ। ਜੰਤਰ-ਮੰਤਰ ’ਤੇ ਡਿੰਪਲ ਦੀ ਮੁਖਰ ਹਾਜ਼ਰੀ ਹੁਣ ਇਹ ਦਰਸਾਉਂਦੀ ਹੈ ਕਿ ਸਮਾਜਵਾਦੀ ਪਾਰਟੀ ਉਨ੍ਹਾਂ ਨੂੰ ਇਕ ਵੱਡੀ ਸੰਗਠਨਾਤਮਕ ਭੂਮਿਕਾ ਲਈ ਤਿਆਰ ਕਰ ਰਹੀ ਹੈ।

ਸ਼ਰਦ ਪਵਾਰ ਅਤੇ ਸੁਲੇ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਨੈਸ਼ਨਲਿਸਟ ਕਾਂਗਰਸ ਪਾਰਟੀ (ਸਪਾ) ਦੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਨਾਲ ਸਬੰਧਾਂ ਨੂੰ ਲੈ ਕੇ ਵਾਰ-ਵਾਰ ਅਟਕਲਾਂ ਦੇ ਵਿਚਾਲੇ, ਪਾਰਟੀ ਮੁਖੀ ਸ਼ਰਦ ਪਵਾਰ ਅਤੇ ਉਨ੍ਹਾਂ ਦੀ ਬੇਟੀ ਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਮਹਾਰਾਸ਼ਟਰ ਦੇ ਖੇਤੀਬਾੜੀ ਸੰਕਟ ਨੂੰ ਉਜਾਗਰ ਕਰਨ ਵਾਲਾ ਇਕ ਮੰਗ-ਪੱਤਰ ਸੌਂਪਿਆ। ਇਹ ਬੈਠਕ ਸੰਸਦ ’ਚ ਹੱਦਬੰਦੀ ਬਿੱਲ ਲਈ ਦੋ-ਤਿਹਾਈ ਸਮਰਥਨ ਜੁਟਾਉਣ ਦੇ ਸਰਕਾਰ ਦੇ ਯਤਨਾਂ ਦੇ ਪਿਛੋਕੜ ’ਚ ਹੋਈ ਹੈ, ਜਿਸ ਨੂੰ ਕੇਂਦਰ ਸਰਕਾਰ ਮੌਜੂਦਾ ਮਾਨਸੂਨ ਸੈਸ਼ਨ ’ਚ ਮੁੜ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਪਾ) ਦੇ 8 ਸੰਸਦ ਮੈਂਬਰ ਸਰਕਾਰ ਦੀ ਸੰਸਦ ਰਣਨੀਤੀ ਲਈ ਮਹੱਤਵਪੂਰਨ ਹਨ।

ਰਾਕਾਂਪਾ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਜੇਕਰ ਸਰਕਾਰ ਸਾਰੇ ਪੱਧਰਾਂ ’ਤੇ 50 ਫੀਸਦੀ ਸੀਟ ਵਾਧੇ ਦਾ ਲਿਖਤੀ ਭਰੋਸਾ ਦੇਵੇ ਤਾਂ ਉਹ ਬਿੱਲ ਦਾ ਸਮਰਥਨ ਕਰ ਸਕਦੀ ਹੈ। ਪਵਾਰ ਅਤੇ ਸੁਲੇ ਦੋਵਾਂ ਨੇ ਪਹਿਲਾਂ ਜੰਤਰ-ਮੰਤਰ ’ਤੇ ਪ੍ਰਦਰਸ਼ਨਕਾਰੀਆਂ ਨਾਲ ਹਿੱਸਾ ਲਿਆ ਸੀ ਜਿੱਥੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਨੇ ਨੀਟ-ਯੂ. ਜੀ. ਪੇਪਰ ਲੀਕ ਦੇ ਵਿਰੋਧ ’ਚ ਆਪਣਾ ਵਿਰੋਧ ਜਾਰੀ ਰੱਖਿਆ ਹੋਇਆ ਹੈ। ਪਾਰਟੀ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦਾ ਸਮਰਥਨ ਕੀਤਾ ਹੈ।

ਪਵਾਰ ਨੇ ਕੇਂਦਰ ਨੂੰ ਮੰਗਾਂ ’ਤੇ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਨ ਅਤੇ ਜ਼ਰੂਰੀ ਕਾਰਵਾਈ ਕਰਨ ਦੀ ਅਪੀਲ ਕੀਤੀ। ਨਾ ਤਾਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਨਾ ਹੀ ਰਾਕਾਂਪਾ (ਸਪਾ) ਨੇ ਬੈਠਕ ਦੌਰਾਨ ਕਿਸੇ ਸਿਆਸੀ ਚਰਚਾ ’ਤੇ ਅਧਿਕਾਰਤ ਟਿੱਪਣੀ ਕੀਤੀ। ਪਾਰਟੀ ਨੇ ਕਿਹਾ ਕਿ ਬੈਠਕ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਚੁੱਕਣਾ ਅਤੇ ਚੱਲ ਰਹੇ ਵਿਦਿਆਰਥੀ ਵਿਰੋਧ ਨਾਲ ਸਬੰਧਤ ਚਿੰਤਾਵਾਂ ’ਤੇ ਚਰਚਾ ਕਰਨਾ ਸੀ।

–ਰਾਹਿਲ ਨੋਰਾ ਚੋਪੜਾ


author

Anmol Tagra

Content Editor

Related News