ਮੱਧ ਸ਼ਕਤੀਆਂ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਭੂ-ਰਾਜਨੀਤੀ
Sunday, Jul 12, 2026 - 02:28 PM (IST)
ਅਮਰੀਕਾ ਦੇ ਸਾਬਕਾ ਰੱਖਿਆ ਸਕੱਤਰ ਨੇ 12 ਫਰਵਰੀ, 2002 ਨੂੰ ਮਸ਼ਹੂਰ ਤੌਰ ’ਤੇ ਕਿਹਾ ਸੀ ਕਿ ‘ਜਿਵੇਂ ਕਿ ਅਸੀਂ ਜਾਣਦੇ ਹਾਂ, ਕੁਝ ਚੀਜ਼ਾਂ ਅਜਿਹੀਆਂ ਹਨ ਜੋ ਅਸੀਂ ਜਾਣਦੇ ਹਾਂ ਕਿ ਅਸੀਂ ਜਾਣਦੇ ਹਾਂ। ਕੁਝ ਚੀਜ਼ਾਂ ਅਜਿਹੀਆਂ ਹਨ ਜੋ ਅਸੀਂ ਜਾਣਦੇ ਹਾਂ ਕਿ ਅਸੀਂ ਨਹੀਂ ਜਾਣਦੇ, ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਕਿ ਅਸੀਂ ਨਹੀਂ ਜਾਣਦੇ।’ ਹਾਲਾਂਕਿ ਰਮਸਫੇਲਡ ਦੇ ਇਹ ਸ਼ਬਦ ਸੱਦਾਮ ਹੁਸੈਨ ਦੇ ਰਾਜਕਾਲ ਦੌਰਾਨ ਇਰਾਕ ਵੱਲੋਂ ਵੱਖ-ਵੱਖ ਅੱਤਵਾਦੀ ਸਮੂਹਾਂ ਨੂੰ ‘ਸਮੂਹਿਕ ਵਿਨਾਸ਼ ਦੇ ਹਥਿਆਰਾਂ’ ਦੀ ਸਪਲਾਈ ਦੇ ਸਬੰਧ ’ਚ ਸਬੂਤਾਂ ਦੀ ਪੂਰੀ ਕਮੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਸਨ। ਭਾਵੇਂ ਇਸ ਟਿੱਪਣੀ ਨੇ ਉਨ੍ਹਾਂ ਨੂੰ 2002 ਦਾ ‘ਫੁੱਟ-ਇਨ-ਦਿ-ਮਾਊਥ’ ਅੈਵਾਰਡ (ਰਾਜਨੀਤਿਕ ਅਸਪੱਸ਼ਟਤਾ ਦੀ ਬਕਵਾਸ ਲਈ) ਦਿਵਾਇਆ, ਪਰ ਚੌਥੀ ਉਦਯੋਗਿਕ ਕ੍ਰਾਂਤੀ ਦੀਆਂ ਤਕਨੀਕਾਂ ਦੇ ਵਿਕਾਸਵਾਦੀ ਰਾਹ ਅਤੇ ਮਨੁੱਖਤਾ ’ਤੇ ਉਨ੍ਹਾਂ ਦੇ ਪ੍ਰਭਾਵ ਦੇ ਮਾਮਲੇ ’ਚ ਇਹ ਬਹੁਤ ਸਹੀ ਹੈ।
ਇਹ ਕਹਿਣਾ ਆਮ ਗੱਲ ਹੋਵੇਗੀ ਕਿ ਅਮਰੀਕਾ ਅਤੇ ਚੀਨ ਚੌਥੀ ਉਦਯੋਗਿਕ ਕ੍ਰਾਂਤੀ ਦੀਆਂ ਤਕਨੀਕਾਂ ’ਚ ਸਭ ਤੋਂ ਅੱਗੇ ਹਨ। ਜਿੱਥੇ ਅਮਰੀਕਾ ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਜੀਨੋਮਿਕਸ, ਬਾਇਓਟੈਕਨਾਲੋਜੀ ਅਤੇ ਸਪੇਸ (ਯੂਨੀਵਰਸ) ਦੇ ਖੇਤਰ ’ਚ ਕਾਫੀ ਅੱਗੇ ਹੈ, ਉੱਥੇ ਹੀ ਚੀਨ ਇਲੈਕਟ੍ਰਿਕ ਬੈਟਰੀ, ਹਾਈਪਰਸੋਨਿਕ, ਸੋਲਰ ਟੈਕਨਾਲੋਜੀ, 6-ਜੀ ਨੈੱਟਵਰਕ ਅਤੇ ਡਰੋਨ ਤੇ ਰੋਬੋਟਿਕਸ ’ਚ ਲੀਡ ਕਰ ਰਿਹਾ ਹੈ। ਇਹ ਦੋਵੇਂ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਐਡਵਾਂਸਡ ਮਟੀਰੀਅਲ, ਕੁਆਂਟਮ ਸੈਂਸਰ, ਮਸ਼ੀਨ ਲਰਨਿੰਗ ਅਤੇ ਨੈਨੋ ਟੈਕਨਾਲੋਜੀ ਦੇ ਖੇਤਰ ’ਚ ਸਖ਼ਤ ਮੁਕਾਬਲਾ ਕਰ ਰਹੇ ਹਨ। ਇਹ ਸੂਚੀ ਸਿਰਫ਼ ਇਸ਼ਾਰਾ ਹੈ, ਪੂਰੀ ਨਹੀਂ।
ਹਾਲਾਂਕਿ, ਇਕ ਵੱਡੀ ਹਕੀਕਤ ਦੀ ਜਾਂਚ ਜ਼ਰੂਰੀ ਹੈ। ਅਮਰੀਕਾ ਅਤੇ ਉਸ ਦੇ ਸਭ ਤੋਂ ਵੱਡੇ ਵਿਰੋਧੀ ਚੀਨ ਵਿਚਾਲੇ ਮੁਕਾਬਲਾ ਚੌਥੀ ਪੀੜ੍ਹੀ ਦੀਆਂ ਤਕਨੀਕਾਂ ਦੇ ਫ਼ੌਜੀ ਇਸਤੇਮਾਲ ਦੇ ਖੇਤਰ ’ਚ ਖ਼ਾਸ ਤੌਰ ’ਤੇ ਵਧ ਰਿਹਾ ਹੈ। ਸ਼ੀ ਜਿਨਪਿੰਗ ਨੇ ਹਾਲ ਹੀ ’ਚ ਇਸ ਟਕਰਾਅ ’ਤੇ ਰੌਸ਼ਨੀ ਪਾਉਂਦੇ ਹੋਏ ਇਹ ਉਜਾਗਰ ਕੀਤਾ ਕਿ ਕੀ ਅਮਰੀਕਾ ਅਤੇ ਚੀਨ ‘ਥਿਊਸੀਡਾਈਡਜ਼ ਟ੍ਰੈਪ’ ਤੋਂ ਉੱਭਰ ਸਕਦੇ ਹਨ ਅਤੇ ਮਹਾਸ਼ਕਤੀਆਂ ਵਿਚਾਲੇ ਸਬੰਧਾਂ ਲਈ ਇਕ ਨਵਾਂ ਮਾਡਲ ਸਥਾਪਤ ਕਰ ਸਕਦੇ ਹਨ? ਇਹ ਨਵੀਆਂ ਤਕਨੀਕਾਂ ’ਚ ਆਪਣੀ ਵੱਡੀ ਬੜ੍ਹਤ ਦਾ ਫ਼ਾਇਦਾ ਉਠਾਉਣ ਵਾਲੀ ਇਕ ਸੰਭਾਵਿਤ ‘ਜੀ-2’ ਹੋ ਸਕਦੀ ਹੈ। ਮੱਧ ਸ਼ਕਤੀਆਂ ਢਾਂਚਾਗਤ ਤੌਰ ’ਤੇ ਉਸ ਮਹਾਸ਼ਕਤੀ ਵਿਵਸਥਾ ’ਤੇ ਨਿਰਭਰ ਹਨ, ਜਿਸ ਦੀ ਉਹ ਆਲੋਚਨਾ ਤਾਂ ਕਰਦੀਆਂ ਹਨ ਪਰ ਉਸ ਨੂੰ ਬਦਲ ਨਹੀਂ ਸਕਦੀਆਂ। ਇਕ ਉਦਾਰਵਾਦੀ ਅਤੇ ਅੰਤਰਰਾਸ਼ਟਰੀ ਵਿਵਸਥਾ ਮੱਧ ਸ਼ਕਤੀਆਂ ਨੂੰ ਕੁਝ ਤਰਜੀਹ ਦੇਣ, ਗੱਠਜੋੜਾਂ ਦੀ ਮੈਂਬਰਸ਼ਿਪ ਦੇਣ ਅਤੇ ਫ਼ੌਜੀ ਤੇ ਡਿਪਲੋਮੈਟਿਕ ਸਮਰਥਨ ਦੇ ਬਦਲੇ ਨਿਯਮ ਬਣਾਉਣ ’ਚ ਹਿੱਸੇਦਾਰੀ ਦੇਣ ਲਈ ਤਿਆਰ ਸੀ। ਅੱਜ ਦਾ ਅਮਰੀਕੀ ਪ੍ਰਸ਼ਾਸਨ ਅਜਿਹੇ ਮਾਡਲਾਂ ਪ੍ਰਤੀ ਨਫ਼ਰਤ ਦਿਖਾਉਂਦਾ ਹੈ।
ਟਰੰਪ ਪ੍ਰਸ਼ਾਸਨ ਮੱਧ ਸ਼ਕਤੀਆਂ ਨੂੰ ਥੋੜ੍ਹੀ-ਬਹੁਤ ਢਿੱਲ ਦੇ ਸਕਦਾ ਹੈ ਅਤੇ ਉਹ ਵੀ ਸਿਰਫ਼ ਕਿਨਾਰੇ ’ਤੇ, ਪਰ ਉਹ ਅੰਤਰਰਾਸ਼ਟਰੀ ਸਿਸਟਮ ਦੇ ਕੇਂਦਰ ਨੂੰ ਨਵਾਂ ਰੂਪ ਦੇਣ ਦੇ ਮੱਧ ਸ਼ਕਤੀਆਂ ਦੇ ਯਤਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਖ਼ਾਸ ਕਰ ਕੇ ਉਦੋਂ ਜਦੋਂ MAGA (ਮੇਕ ਅਮਰੀਕਾ ਗ੍ਰੇਟ ਅਗੇਨ) ਦਾ ਭੂਤ ਸਰਗਰਮ ਰੂਪ ’ਚ ਗਲੋਬਲ ਵਿਵਸਥਾ ਦੇ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਦੁਬਾਰਾ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਮੱਧ ਸ਼ਕਤੀਆਂ ਅਤੇ ਘੱਟ ਵਿਕਸਿਤ ਦੇਸ਼ ਪ੍ਰਾਈਵੇਟ ਤਕਨੀਕੀ ਕੰਪਨੀਆਂ ਦੀ ਚੰਗੀ ਇੱਛਾ ਅਤੇ ਅਣਗਿਣਤ ਵਪਾਰਕ ਹਿੱਤਾਂ ’ਤੇ ਨਿਰਭਰ ਰਹਿਣਗੇ, ਜਿਨ੍ਹਾਂ ਦੀ ਕਮਾਈ ਜ਼ਿਆਦਾਤਰ ਵਿਕਾਸਸ਼ੀਲ ਅਰਥਵਿਵਸਥਾਵਾਂ ਦੀ ਜੀ. ਡੀ. ਪੀ. ਤੋਂ ਵੱਧ ਹੈ, ਤਾਂ ਹਾਰਡ ਅਤੇ ਸਾਫਟ ਪਾਵਰ ਦੇ ਮਾਮਲੇ ’ਚ ਆਪਣੀ ਰਣਨੀਤਕ ਖੁਦਮੁਖਤਾਰੀ ਵਧਾਉਣ ’ਚ ਕਿੰਨੀ ਕੁ ਪ੍ਰਭਾਵਸ਼ਾਲੀ ਰਹਿ ਜਾਵੇਗੀ?
ਹਾਲਾਂਕਿ ਇੱਥੇ ਵੀ ਹਕੀਕਤ ਨਿਰਾਸ਼ਾਜਨਕ ਹੈ। ਉਦਾਹਰਣ ਵਜੋਂ, ਸਿਰਫ਼ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ’ਤੇ, ਚੀਨ ਡਾਟਾ ਹੱਬ ਬਣਾਉਣ ਲਈ ਅਗਲੇ 5 ਸਾਲਾਂ ’ਚ 295 ਬਿਲੀਅਨ ਅਮਰੀਕੀ ਡਾਲਰ ਖ਼ਰਚ ਕਰੇਗਾ। ਚੀਨ ਨੇ ਇਕੱਲੇ 2025 ’ਚ ਏ. ਆਈ. ’ਤੇ 98 ਬਿਲੀਅਨ ਅਮਰੀਕੀ ਡਾਲਰ ਖ਼ਰਚ ਕੀਤੇ, ਜਿਸ ’ਚ ਚੀਨ ਦਾ ਸਰਕਾਰੀ ਖ਼ਰਚ 56 ਬਿਲੀਅਨ ਅਮਰੀਕੀ ਡਾਲਰ ਸੀ। ਅਮਰੀਕਾ ਸਥਿਤ 5 ਪ੍ਰਾਈਵੇਟ ਕੰਪਨੀਆਂ-ਅੈਮਾਜ਼ੋਨ, ਗੂਗਲ, ਮਾਈਕ੍ਰੋਸਾਫਟ, ਮੇਟਾ ਅਤੇ ਓਰੇਕਲ-ਸਾਂਝੇ ਤੌਰ ’ਤੇ 2026 ’ਚ 700 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨਗੀਆਂ। ਇਸ ਦੇ ਮੁਕਾਬਲੇ, ਭਾਰਤ ਦਾ ਏ. ਆਈ. ਮਿਸ਼ਨ 2025-2030 ਦਰਮਿਆਨ ਸਿਰਫ਼ 1.2 ਬਿਲੀਅਨ ਅਮਰੀਕੀ ਡਾਲਰ ਖ਼ਰਚ ਕਰੇਗਾ। ਫਿਰ ਇੰਨੇ ਵੱਡੇ-ਵੱਡੇ ਏ. ਆਈ. ਸੰਮੇਲਨ ਕਰਵਾਉਣ ਦਾ ਕੀ ਮਤਲਬ ਹੈ, ਜਦੋਂ ਆਪਣੀ ਗੱਲ ’ਤੇ ਅਮਲ ਕਰਨ ਦੀ ਕੋਈ ਇੱਛਾਸ਼ਕਤੀ ਹੀ ਨਹੀਂ ਹੈ?
ਇਸ ਲਈ ਮੱਧ ਸ਼ਕਤੀਆਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਕੀ ਉਹ ਗਲੋਬਲ ਏ. ਆਈ. ਇਕਾਨਮੀ ਦੇ ਮਿਡਲ ਮੈਨੇਜਮੈਂਟ ਨੂੰ ਟ੍ਰੇਨਿੰਗ ਦੇਣਾ ਚਾਹੁੰਦੀਆਂ ਹਨ, ਜਾਂ ਇਸ ਦੇ ‘ਸੀ-ਸੂਟ’ ਦਾ ਨਿਰਮਾਣ ਕਰਨਾ ਚਾਹੁੰਦੀਆਂ ਹਨ। ਜਦੋਂ ਤੱਕ ਮੱਧ ਸ਼ਕਤੀਆਂ ਕੋਲ ਆਪਣੇ ਖ਼ੁਦ ਦੇ ਬੁਨਿਆਦੀ ਮਾਡਲ ਨਹੀਂ ਹੋਣਗੇ, ਉਹ ਹਮੇਸ਼ਾ ਤਕਨਾਲੋਜੀ ਦੇ ਮੋਰਚੇ ’ਤੇ ਪਿੱਛੇ ਰਹਿ ਜਾਣਗੀਆਂ, ਕਿਉਂਕਿ ਡੀਪ ਅਤੇ ਬਿੱਗ ਟੈਕ ਦਾ ਦਾਇਰਾ ਬਹੁਤ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। ਇਹ ਸਿਰਫ਼ ਵੱਡੇ ਸਰਕਾਰੀ ਨਿਵੇਸ਼ ਜਾਂ ਬਹੁਤ ਮਜ਼ਬੂਤ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਨਾਲ ਹੀ ਹੋ ਸਕਦਾ ਹੈ, ਕਿਉਂਕਿ ਅਤਿ-ਆਧੁਨਿਕ 2026 ਫਰੰਟੀਅਰ ਰਨ ਨੂੰ ਮੁਦਰੀਕ੍ਰਿਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਬਣਾਉਣ ਅਤੇ ਚਲਾਉਣ ’ਚ 2 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਖ਼ਰਚ ਆ ਸਕਦਾ ਹੈ। ਏ. ਆਈ. ਸਿਰਫ਼ ਇਕ ਉਦਾਹਰਣ ਹੈ, ਅਜਿਹੀਆਂ ਅਣਗਿਣਤ ਹੋਰ ਨਵੀਆਂ ਤਕਨੀਕਾਂ ਹਨ, ਜੋ ਮਨੁੱਖੀ ਹੋਂਦ ਦੇ ਤੌਰ-ਤਰੀਕਿਆਂ ਨੂੰ ਨਵਾਂ ਰੂਪ ਦੇ ਰਹੀਆਂ ਹਨ।
ਮੱਧ ਸ਼ਕਤੀਆਂ ਜੇਕਰ ਚਾਹੁਣ, ਤਾਂ ਰਿਸਰਚ ਅਤੇ ਡਿਵੈਲਪਮੈਂਟ, ਹਾਰਡਵੇਅਰ ਅਤੇ ਸਾਫਟਵੇਅਰ ਵਿਕਾਸ, ਸਟਾਫ਼ ਦੇ ਹੁਨਰ, ਤਕਨੀਕਾਂ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਅਤੇ ਮੁਸ਼ਕਲ ਸਮੇਂ ਲਈ ਸਮਰੱਥਾ ਨਿਰਮਾਣ ਵਾਸਤੇ ਸਾਧਨਾਂ ਨੂੰ ਇਕੱਠਾ ਕਰ ਕੇ ਆਪਣੀ ਸਾਂਝੀ ਤਾਕਤ ਦਾ ਫ਼ਾਇਦਾ ਉਠਾ ਸਕਦੀਆਂ ਹਨ। ਇੱਥੇ ਹੀ ਜਾਪਾਨ, ਦੱਖਣੀ ਕੋਰੀਆ, ਤਾਈਵਾਨ, ਇੰਡੋਨੇਸ਼ੀਆ, ਆਸਟ੍ਰੇਲੀਆ, ਭਾਰਤ, ਯੂ. ਏ. ਈ., ਕਤਰ, ਸਾਊਦੀ ਅਰਬ, ਤੁਰਕੀ, ਜਰਮਨੀ, ਫਰਾਂਸ, ਕੈਨੇਡਾ, ਬ੍ਰਾਜ਼ੀਲ, ਅਰਜਨਟੀਨਾ ਅਤੇ ਚਿਲੀ ਵਰਗੇ ਦੇਸ਼ ਆਪਣੀ ਸਮਰੱਥਾ ਤੋਂ ਘੱਟ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੇ ਅੰਦਰੂਨੀ ਤਾਲਮੇਲ ਦਾ ਫ਼ਾਇਦਾ ਨਹੀਂ ਉਠਾ ਰਹੇ। ਇਹੀ ਉਹ ਥਾਂ ਹੈ ਜਿੱਥੇ ਸਾਂਝੀ ਤਾਕਤ ਲੁਕੀ ਹੋਈ ਹੈ ਪਰ ਅਮਲੀ ਸਹਿਯੋਗ ਤਾਂ ਦੂਰ, ਇਸ ਦੀ ਵਿਚਾਰਧਾਰਕ ਤਿਆਰੀ ਵੀ ਅਜੇ ਧੁੰਦਲੀ ਬਣੀ ਹੋਈ ਹੈ।
ਮੁਸੀਬਤ ’ਚ ਹੀ ਮੌਕਾ ਹੁੰਦਾ ਹੈ ਅਤੇ ਇਸ ਤੱਥ ਨੂੰ ਦੇਖਦੇ ਹੋਏ ਕਿ ਦੂਜੇ ਵਿਸ਼ਵ ਜੰਗ ਅਤੇ ਸੀਤ ਜੰਗ ਦੇ ਜੇਤੂਆਂ ਵਲੋਂ ਬਣਾਈ ਗਈ ਉਦਾਰਵਾਦੀ ਜਮਹੂਰੀ ਪੋਸਟ-ਕੋਲਡ ਵਾਰ ਵਿਵਸਥਾ ਨੂੰ ਉਸ ਦੇ ਆਪਣੇ ਬਣਾਉਣ ਵਾਲੇ ਵਲੋਂ ਹੀ ਉਲਟ ਦਿੱਤਾ ਗਿਆ ਹੈ, ਇਸ ਲਈ ਮੱਧ ਸ਼ਕਤੀਆਂ ਨੂੰ ਖੇਤਰੀ ਰੱਖਿਆ ਸਹਿਯੋਗ ਨੂੰ ਤੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਖ਼ਾਸ ਤਰੀਕਿਆਂ ’ਚ ਗਲੋਬਲ ਤਕਨਾਲੋਜੀ ਆਧਾਰਿਤ ਗੱਠਜੋੜ ਬਣਾਉਣੇ ਚਾਹੀਦੇ ਹਨ, ਖ਼ਾਸ ਕਰ ਕੇ ਹਮਲਾਵਰ ਅਤੇ ਰੱਖਿਆਤਮਕ ਸਮਰੱਥਾਵਾਂ ਦੇ ਖੇਤਰ ’ਚ, ਇਹ ਦੇਖਦੇ ਹੋਏ ਕਿ ਪਿਛਲੇ 4 ਸਾਲਾਂ ’ਚ ਫ਼ੌਜੀ ਮਾਮਲਿਆਂ ’ਚ ਵੱਡੀ ਕ੍ਰਾਂਤੀ ਆਈ ਹੈ। ਜੇਕਰ ਮੱਧ ਸ਼ਕਤੀਆਂ ਲਈ ਕਦੇ ਕੋਈ ਵੱਡਾ ਮੌਕਾ ਸੀ, ਤਾਂ ਉਹ ਇੱਥੇ ਅਤੇ ਹੁਣੇ ਹੀ ਹੈ।
–ਮਨੀਸ਼ ਤਿਵਾੜੀ
