ਟਰੰਪ ਡਾਲਰ ਰਾਹੀਂ ਦੁਨੀਆ ਦੇ ਸਿਆਸੀ ਢਾਂਚੇ ਨੂੰ ਬਦਲਣਾ ਚਾਹੁੰਦੇ ਹਨ

Thursday, Apr 10, 2025 - 05:30 PM (IST)

ਟਰੰਪ ਡਾਲਰ ਰਾਹੀਂ ਦੁਨੀਆ ਦੇ ਸਿਆਸੀ ਢਾਂਚੇ ਨੂੰ ਬਦਲਣਾ ਚਾਹੁੰਦੇ ਹਨ

ਸੋਚੋ, ਤੁਸੀਂ ਆਪਣੇ ਨਵੇਂ ਮਕਾਨ ਲਈ 50 ਲੱਖ ਰੁਪਏ ਦਾ ਲੋਨ ਲਿਆ। ਵਿਆਜ ਦੀ ਦਰ 9 ਫੀਸਦੀ, ਮਿਆਦ 25 ਸਾਲ। ਤੁਹਾਨੂੰ ਹਰ ਮਹੀਨੇ ਲਗਭਗ 42,000 ਰੁਪਏ ਦੀ ਕਿਸ਼ਤ ਦੇਣੀ ਪਏਗੀ। ਹੁਣ ਜੇਕਰ ਇਹ ਵਿਆਜ ਦੀ ਦਰ ਘਟ ਕੇ 6 ਫੀਸਦੀ ਹੋ ਜਾਏ ਤਾਂ ਤੁਹਾਡੀ ਕਿਸ਼ਤ 32,000 ਰੁਪਏ ਦੇ ਆਲੇ-ਦੁਆਲੇ ਹਰ ਮਹੀਨੇ ਹੋਵੇਗੀ। 25 ਸਾਲ ਤੋਂ ਬਾਅਦ ਤੁਸੀਂ ਪਹਿਲੇ ਵਿਆਜ ਦੀ ਦਰ ਦੇ ਹਿਸਾਬ ਨਾਲ 1.25 ਕਰੋੜ ਰੁਪਏ ਦੇ ਚੁੱਕੇ ਹੋਵੋਗੇ।

ਹੁਣ ਜ਼ਰਾ ਅਮਰੀਕਾ ਦੇ ਕਰਜ਼ੇ ਦਾ ਹਿਸਾਬ ਲਾਓ, ਇਸ ਸਤੰਬਰ ਤਕ ਆਪਣੇ ਘੱਟ ਮਿਆਦ ਦੇ ਬਾਂਡ ’ਤੇ ਉਨ੍ਹਾਂ ਨੇ ਦੁਨੀਆ ਨੂੰ 8.66 ਟ੍ਰਿਲੀਅਨ ਡਾਲਰ ਦਾ ਭੁਗਤਾਨ ਕਰਨਾ ਹੈ। ਇਸ ਲਈ ਉਨ੍ਹਾਂ ਨੇ ਔਸਤਨ 4.16 ਫੀਸਦੀ ਦੀ ਵਿਆਜ ਦਰ ਨਾਲ ਭੁਗਤਾਨ ਕਰਨਾ ਹੈ। ਭਾਵ ਸਤੰਬਰ ਤਕ ਸਿਰਫ ਵਿਆਜ-ਵਿਆਜ ਦੇ 360 ਬਿਲੀਅਨ ਡਾਲਰਜ਼ ਜੇਬ ’ਚੋਂ ਕਢਵਾ ਲਏ। ਇਹ ਕਿੰਨਾ ਪੈਸਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਸਾਡੀ ਵਿੱਤ ਮੰਤਰੀ ਨਿਰਮਲਾ ਤਾਈ ਦਾ ਪੂਰੇ ਦਾ ਪੂਰਾ ਇਸ ਸਾਲ ਦਾ ਬਜਟ ਸਿਰਫ 560 ਬਿਲੀਅਨ ਡਾਲਰਜ਼ ਦਾ ਹੈ।

ਤਾਂ ਜਿਥੇ ਅਰਥਸ਼ਾਸਤਰੀ ਆਣਾ ਦਿਮਾਗ ਖਪਾ ਰਹੇ ਹਨ ਕਿ ਦਰਾਮਦ ਅਤੇ ਬਰਾਮਦ ’ਚ ਕਿੰਨਾ ਫਾਇਦਾ, ਕਿੰਨਾ ਘਾਟਾ ਹੋਵੇਗਾ, ਬਾਜ਼ਾਰ ਮੰਦਾ ਕਿੰਨਾ ਹੋਵੇਗਾ, ਸਾਮਾਨ ਕਿੰਨਾ ਮਹਿੰਗਾ ਹੋਵੇਗਾ, ਡੋਨਾਲਡ ਟਰੰਪ ਤਾਂ ਬਸ ਆਪਣੇ ਸਿਰ ’ਤੇ ਇਸ ਭੁਗਤਾਨ ਦੀ ਤਲਵਾਰ ਨੂੰ ਮੰਡਰਾਉਂਦੇ ਦੇਖ ਰਹੇ ਹਨ। ਸਾਡੇ-ਤੁਹਾਡੇ ਮਕਾਨ ’ਤੇ ਲਏ ਕਰਜ਼ ਵਾਂਗ ਉਨ੍ਹਾਂ ਦਾ ਪੂਰਾ ਯਤਨ ਸਿਰਫ ਵਿਆਜ ਦੀ ਦਰ ਨੂੰ ਘਟਾਉਣ ’ਤੇ ਹੈ।

ਤੇਲ ਦੇਖੋ, ਤੇਲ ਦੀ ਧਾਰ ਦੇਖੋ : ਤਾਂ 2 ਅਪ੍ਰੈਲ ਨੂੰ ਟਰੰਪ ਨੇ ਦੁਨੀਆ ਦੇ 180 ਮੁਲਕਾਂ ’ਤੇ ਟੈਰਿਫ ਠੋਕਿਆ। ਮਾਰਕੀਟ ’ਚ ਭੂਚਾਲ ਆ ਗਿਆ। ਸਟਾਕ ਮਾਰਕੀਟ ’ਚ ਤਬਾਹੀ। ਵਿਦੇਸ਼ੀ ਨਿਵੇਸ਼ਕਾਂ ਨੇ ਹਰ ਥਾਂ ਤੋਂ ਆਪਣੇ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ। ਭਾਰਤ ’ਚ ਹੀ ਇਕ ਦਿਨ ’ਚ 9000 ਕਰੋੜ ਰੁਪਏ ਕੱਢ ਲਏ। ਹੁਣ ਪੈਸੇ ਕੱਢ ਤਾਂ ਲਏ ਪਰ ਲਾਉਣ ਕਿੱਥੇ, ਫਿਰ ਉਹੀ ਡਾਲਰ। ਹਾਥੀ ਕਿੰਨਾ ਵੀ ਪਤਲਾ ਹੋ ਜਾਏ, ਹਾਥੀ ਤਾਂ ਹਾਥੀ ਹੈ। ਇਕ ਦਿਨ ਦੇ ਅੰਦਰ ਅਮਰੀਕਾ ਦੇ ਵਿਆਜ ਦੀ ਦਰ 4 ਅਪ੍ਰੈਲ ਨੂੰ 4.16 ਫੀਸਦੀ ਤੋਂ ਘਟ ਕੇ 3.97 ਫੀਸਦੀ ਰਹਿ ਗਈ। ਹੁਣ ਜੇਕਰ ਇਹ ਵਿਆਜ ਦੀ ਦਰ 10 ਸਾਲ ਦੇ ਬਾਂਡ ’ਤੇ ਘਟ ਕੇ 2.5 ਫੀਸਦੀ ਰਹਿ ਜਾਏ ਤਾਂ ਅਮਰੀਕਾ ਨੂੰ ਹਰ ਸਾਲ 360 ਬਿਲੀਅਨ ਡਾਲਰਜ਼ ਦੀ ਬਜਾਏ ਸਿਰਫ 200 ਬਿਲੀਅਨ ਡਾਲਰਜ਼ ਦਾ ਹੀ ਵਿਆਜ ਚੁਕਾਉਣਾ ਪਏਗਾ ਭਾਵ ਹਰ ਸਾਲ ਜੇਬ ’ਚ ਬਚਣਗੇ 160 ਬਿਲੀਅਨ ਡਾਲਰਜ਼ ਅਤੇ ਜੋ ਬਾਂਡ ਵਾਹਵਾ ਵਿਕ ਰਹੇ ਹਨ, ਉਸ ਦਾ ਪੈਸਾ ਵੱਖਰਾ।

ਤਾਂ ਇਸ ਦਾ ਅਸਰ ਪਾਠਕਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਜ਼ਿਆਦਾ ਕਮਾਈ, ਕਰਜ਼ ਸਸਤਾ, ਬਹੀ ਖਾਤੇ ’ਚ ਘਾਟਾ ਘੱਟ। ਜਿਥੇ ਅਰਥਸ਼ਾਸਤਰੀ ਮਾਰਕੀਟ ’ਚ ਮੰਗ ਅਤੇ ਸਪਲਾਈ ਦੇ ਚੱਕਰਵਿਊ ’ਚ ਉਲਝੇ ਰਹਿੰਦੇ ਹਨ, ਟਰੰਪ ਡਾਲਰ ਨੂੰ ਇਕ ਵਿਨਾਸ਼ਕਾਰੀ ਸ਼ਕਤੀ ਵਜੋਂ ਵਰਤ ਰਹੇ ਹਨ।

ਟਰੰਪ ਦੇ ਸਮੀਕਰਨ ’ਚ ਉਨ੍ਹਾਂ ਦੇ ਟੈਰਿਫ ਦਾ ਜਵਾਬ ਦੁਨੀਆ ਦੇਵੇਗੀ ਵੀ ਤਾਂ ਕਿਵੇਂ? ਹਥਿਆਰਾਂ ਤੋਂ ਇਲਾਵਾ ਅਮਰੀਕਾ ਦੁਨੀਆ ਨੂੰ ਵੇਚਦਾ ਹੀ ਕੀ ਖਾਸ ਹੈ ਜੋ ਦੁਨੀਆ ਟੈਰਿਫ ਦੇ ਬਦਲੇ ਟੈਰਿਫ ਠੋਕੇਗੀ। ਯੂਰਪੀਅਨ ਯੂਨੀਅਨ ਨੂੰ ਸਾਲ ਦਾ 240 ਬਿਲੀਅਨ ਡਾਲਰਜ਼ ਦਾ ਅਮਰੀਕਾ ਨਾਲ ਵਪਾਰ ’ਚ ਫਾਇਦਾ ਹੁੰਦਾ ਹੈ। ਕੀ ਇਸ ਨੂੰ ਗੁਆਉਣ ਦਾ ਹੌਸਲਾ ਉਨ੍ਹਾਂ ’ਚ ਹੈ? ਵੀਅਤਨਾਮ ਨੇ ਪਿਛਲੇ ਸਾਲ 123 ਬਿਲੀਅਨ ਡਾਲਰਜ਼ ਅਮਰੀਕਾ ਤੋਂ ਕਮਾਏ ਸਨ। ਜਾਣਦੇ ਹੋ ਕਿ 46 ਫੀਸਦੀ ਟੈਰਿਫ ’ਤੇ ਉਨ੍ਹਾਂ ਦਾ ਕੀ ਜਵਾਬ ਹੈ? ਕਹਿੰਦੇ ਹਨ ਕਿ ਮਾਈ-ਬਾਪ ਅਸੀਂ ਅਾਪਣਾ ਟੈਰਿਫ ਜ਼ੀਰੋ ਕਰ ਲਵਾਂਗੇ।

ਚੀਨ ਨੇ ਕਿਹਾ ਹੈ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। 34 ਫੀਸਦੀ ਟੈਰਿਫ ਦਾ ਜਵਾਬ 34 ਫੀਸਦੀ ਟੈਰਿਫ। ਟਰੰਪ ਦੇ ਪਹਿਲੇ ਸ਼ਾਸਨਕਾਲ ’ਚ ਚੀਨ ’ਤੇ 25 ਫੀਸਦੀ ਦਾ ਟੈਰਿਫ ਲੱਗਾ ਸੀ। ਚੀਨ ਨੇ ਉਦੋਂ ਵੀ ਇੱਟ ਦਾ ਜਵਾਬ ਪੱਥਰ ਨਾਲ ਹੀ ਦਿੱਤਾ ਸੀ ਪਰ ਅਮਰੀਕੀ ਅਰਥਵਿਵਸਥਾ ਦਾ ਇਕ ਪੁਆਇੰਟ ਤੋਂ ਵੀ ਘੱਟ ਦਾ ਨੁਕਸਾਨ ਹੋਇਆ ਸੀ। ਅਮਰੀਕਾ ਨੂੰ ਝਰੀਟ ਤਕ ਨਹੀਂ ਆਈ ਸੀ।

ਪੂਰੀ ਦੁਨੀਆ ਦਾ ਪੂਰਾ ਵਪਾਰ ਕੁਲ ਮਿਲਾ ਕੇ 33 ਟ੍ਰਿਲੀਅਨ ਡਾਲਰਜ਼ ਹੈ। ਇਸ ਦਾ ਲਗਭਗ 17 ਫੀਸਦੀ (5.4 ਟ੍ਰਿਲੀਅਨ ਡਾਲਰਜ਼) ਅਮਰੀਕਾ ਨਾਲ ਹੁੰਦਾ ਹੈ। ਦੁਨੀਆ ਦਾ 50 ਫੀਸਦੀ ਤੋਂ ਵੀ ਵੱਧ ਧੰਦਾ ਡਾਲਰਜ਼ ’ਚ ਹੁੰਦਾ ਹੈ। ਪੂਰੀ ਦੁਨੀਆ ਦਾ ਕਰਜ਼ 315 ਟ੍ਰਿਲੀਅਨ ਡਾਲਰਜ਼ ਦਾ ਹੈ। ਇਸ ਕਰਜ਼ ਦਾ 64 ਫੀਸਦੀ ਆਦਾਨ-ਪ੍ਰਦਾਨ ਡਾਲਰ ’ਚ ਹੁੰਦਾ ਹੈ।

ਤੇਲ ਡਾਲਰ ’ਚ ਵਿਕਦਾ ਹੈ। ਪੂਰੀ ਯੂਰਪ ਦੀ ਸੁਰੱਖਿਆ ਦਾ ਬੋਝ ਅਮਰੀਕਾ ਢੋਂਹਦਾ ਹੈ। ਅਮਰੀਕਾ ਦੇ ਪੈਸੇ ਅਤੇ ਹਥਿਆਰਾਂ ਤੋਂ ਬਗੈਰ ਨਾਟੋ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੀ ਅਮਰੀਕਾ ਦੀ ਸਹਾਇਤਾ ਤੋਂ ਬਿਨਾਂ ਯੂਕ੍ਰੇਨ ਜੰਗ ਲੜਨ ਦੀ ਸੋਚ ਵੀ ਸਕਦਾ ਸੀ? 80 ਤੋਂ ਵੀ ਵੱਧ ਦੇਸ਼ਾਂ ’ਚ ਅਮਰੀਕਾ ਦੇ 800 ਫੌਜੀ ਅੱਡੇ ਹਨ ਜਿਨ੍ਹਾਂ ’ਚ ਇਨ੍ਹਾਂ ਦੇਸ਼ਾਂ ਨੂੰ ਸੁਰੱਖਿਆ ਛੱਤਰੀ ਮਿਲਦੀ ਹੈ। ਫਿਰ ਵੀ ਜੇ ਉਲਝੋਗੇ ਤਾਂ ਅਮਰੀਕਾ ਦੀਆਂ ਪਾਬੰਦੀਆਂ ਨਾਲ ਕਿਵੇਂ ਨਜਿੱਠੋਗੇ।

ਟੈਰਿਫ ਬਿਸਾਤ ’ਤੇ ਸਿਰਫ ਪਹਿਲੀ ਚਾਲ : ਪਰ ਟਰੰਪ ਲਈ ਟੈਰਿਫ ਸਿਰਫ ਪਹਿਲੀ ਚਾਲ ਹੈ। 50 ਦੇਸ਼ਾਂ ਨੇ ਤਾਂ ਉਂਝ ਹੀ ਗੋਡੇ ਟੇਕ ਦਿੱਤੇ ਹਨ? ਇਹ ਗਿਣਤੀ ਵਧੇਗੀ ਹੀ। ਹੋ ਸਕਦਾ ਹੈ ਕਿ ਕੁਝ ਦੇਸ਼ ਡਾਲਰ ਛੱਡਣ ਦੀ ਹਿੰਮਤ ਕਰ ਲੈਣ। ਹੋ ਸਕਦਾ ਹੈ ਕਈ ਦੇਸ਼ ਚੀਨ ਦੀ ਯੂਆਨ ਕਰੰਸੀ ’ਚ ਹੀ ਧੰਦਾ ਕਰਨ।

ਪਰ ਜਿਸ ਤਰ੍ਹਾਂ ਸਾਈਕਲ ਦੇ ਪਹੀਏ ’ਚ ਇਕ ਧੁਰੀ ਹੁੰਦੀ ਹੈ ਅਤੇ ਕਈ ਤਾਰਾਂ, ਜੇਕਰ ਇਕ-ਦੋ ਤਾਰਾਂ ਟੁੱਟ ਵੀ ਜਾਣ, ਪਹੀਏ ਦਾ ਚੱਲਣਾ ਬੰਦ ਨਹੀਂ ਹੋ ਜਾਂਦਾ। ਫਿਰ ਜੋ ਤਾਰਾਂ ਟੁੱਟ ਜਾਣਗੀਆਂ, ਉਨ੍ਹਾਂ ਨਾਲ ਟੈਰਿਫ ਤੋਂ ਪੈਸਾ ਤਾਂ ਆਵੇਗਾ ਹੀ। ਟਰੰਪ ਇਨ੍ਹਾਂ ਵੱਖ-ਵੱਖ ਤਾਰਾਂ ਨਾਲ ਵੱਖ-ਵੱਖ ਨਜਿੱਠਣਗੇ। ਕੁਝ ਨੂੰ ਕਹਿਣਗੇ ਕਿ ਸਾਡੇ ਬਾਂਡਾਂ ਦੀ ਮੈਚਿਓਰਿਟੀ ਵਧਾ ਕੇ 50 ਸਾਲ ਕਰ ਦਿਓ, ਵਿਆਜ ਦੀ ਦਰ ਘੱਟ ਹੋਵੇਗੀ। ਕੁਝ ਨੂੰ ਕਹਿਣਗੇ ਕਿ ਆਪਣੇ ਸੈਂਟਰਲ ਬੈਂਕ ’ਚ ਜੋ ਡਾਲਰਾਂ ਦਾ ਅੰਬਾਰ ਲਾ ਕੇ ਬੈਠੇ ਹੋ, ਉਸ ਨੂੰ ਹਲਕਾ ਕਰੋ। ਪਾਬੰਦੀ ਹੋਵੇਗੀ ਕਿ ਤੁਸੀਂ ਧੰਦਾ ਡਾਲਰ ’ਚ ਹੀ ਕਰੋਗੇ।

ਸਿਆਣੇ ਕਹਿੰਦੇ ਹਨ ਕਿ ਰਾਜਨੀਤੀ ’ਚ ਉਲਝਣਾ ਸਮੇਂ ਦੀ ਬਰਬਾਦੀ ਹੈ। ਪੈਸੇ ਦੀ ਚਾਲ ਵੇਖੋ ਅਤੇ ਤੁਸੀਂ ਖੁਦ ਖੇਡ ਨੂੰ ਸਮਝ ਜਾਓਗੇ। ਟਰੰਪ ਵੀ ਡਾਲਰ ਦੇ ਪਾਸਿਆਂ ਦੀ ਵਰਤੋਂ ਕਰ ਕੇ ਦੁਨੀਆ ਦੇ ਸਿਆਸੀ ਢਾਂਚੇ ਨੂੰ ਆਪਣੀ ਸੋਚ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਸੋਚ ਰੂਸ ਨਾਲ ਹੱਥ ਮਿਲਾਉਣ ਦੀ ਹੈ। ਉਹ ਯੂਰਪ ਨੂੰ ਇਕ ਅਜਿਹੀ ਲਾਸ਼ ਵਾਂਗ ਮੰਨਦੇ ਹਨ ਜੋ ਮੋਢਿਆਂ ’ਤੇ ਢੋਹਣੀ ਪੈ ਰਹੀ ਹੈ।

ਲੱਗਦਾ ਹੈ ਕਿ ਟਰੰਪ ਇਹ ਮੰਨ ਚੁੱਕੇ ਹਨ ਕਿ ਦੁਨੀਆ ਦੋ-ਤਿੰਨ ਧੜਿਆਂ ’ਚ ਵੰਡੀ ਜਾ ਸਕਦੀ ਹੈ। ਕੁਝ ਚੀਨ ਦੇ ਦਰਬਾਰ ’ਚ ਜਾ ਬੈਠਣਗੇ। ਯੂਰਪ ਆਪਣਾ ਇਕ ਵੱਖਰਾ ਧੜਾ ਸ਼ਾਇਦ ਬਣਾ ਲਵੇ ਪਰ ਜਦੋਂ ਤੱਕ ਡਾਲਰ ’ਚ ਧੰਦਾ ਹੈ, ਕਰਜ਼ਾ ਹੈ, ਸਾਰੀ ਸਪਲਾਈ ਚੇਨ ਹੈ, ਦੁਨੀਆ ਦੇ ਹਰ ਸਮੁੰਦਰ ਦੇ ਹਰ ਕੋਨੇ ’ਚ ਅਮਰੀਕੀ ਫੌਜੀ ਅੱਡਾ ਹੈ ਉਦੋਂ ਤਕ ਹਾਥੀ ਸਵਾ ਸੇਰ ਦਾ ਹੀ ਰਹੇਗਾ।

ਆਸ਼ੀਸ਼ ਸ਼ੁਕਲਾ


author

Rakesh

Content Editor

Related News