‘ਟੁੱਟਣ ਲੱਗੀ ਪਤੀ-ਪਤਨੀ ਦੇ ਰਿਸ਼ਤਿਆਂ ਦੀ ਡੋਰ’ ਕਰਵਾਉਣ ਲੱਗੇ ਇਕ-ਦੂਸਰੇ ਦੀਆਂ ਹੱਤਿਆਵਾਂ!
Thursday, Jun 12, 2025 - 06:19 AM (IST)

ਮਰਿਆਦਾ ਪੂਰਨ ਜ਼ਿੰਦਗੀ ਬਿਤਾਉਣ ਦਾ ਸਾਰੀ ਦੁਨੀਆ ਨੂੰ ਸੰਦੇਸ਼ ਦੇਣ ਵਾਲੇ ਭਾਰਤ ’ਚ ਹੁਣ ਕੁਝ ਲੋਕ ਰਿਸ਼ਤਿਆਂ ਦਾ ਸਨਮਾਨ ਕਰਨ ਦੀ ਨੀਤੀ ਨੂੰ ਭੁਲਦੇ ਜਾ ਰਹੇ ਹਨ। ਇਥੋਂ ਤਕ ਕਿ ਸੱਤ ਜਨਮਾਂ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾ ਕੇ ਵਿਆਹ ਬੰਧਨ ’ਚ ਬੱਝਣ ਵਾਲੇ ਜੋੜੇ ਇਕ-ਦੂਸਰੇ ਦੀ ਜਾਨ ਦੇ ਪਿਆਸੇ ਹੋਣ ਲੱਗੇ ਹਨ ਜਿਸ ਦੀਆਂ ਸਿਰਫ ਪਿਛਲੇ ਲੱਗਭਗ 2 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 17 ਅਪ੍ਰੈਲ ਨੂੰ ਮੇਰਠ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਨੂੰ ਮਾਰ ਦਿੱਤਾ। ਹੱਤਿਆ ਨੂੰ ਛੁਪਾਉਣ ਦੇ ਲਈ ਉਨ੍ਹਾਂ ਨੇ ਮ੍ਰਿਤਕ ਕੋਲ ਇਕ ਸੱਪ ਰੱਖ ਦਿੱਤਾ ਤਾਂਕਿ ਇਹ ਜਾਪੇ ਉਸ ਦੀ ਮੌਤ ਸੱਪ ਦੇ ਡੱਸਣ ਨਾਲ ਹੋਈ ਹੈ ਪਰ ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਕਿ ਔਰਤ ਦੇ ਪਤੀ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ।
* 17 ਮਈ ਨੂੰ ‘ਬਲੀਆ’ (ਉੱਤਰ ਪ੍ਰਦੇਸ਼) ’ਚ ‘ਮਾਇਆ’ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਅਾਪਣੇ ਪਤੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 6 ਟੁਕੜੇ ਕਰ ਕੇ ਉਨ੍ਹਾਂ ਨੂੰ ਨਦੀ ’ਚ ਰੋੜ੍ਹ ਦਿੱਤਾ ਅਤੇ ਫਿਰ ਖੁਦ ਹੀ ਅਾਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣ ਪੁਲਸ ਦੇ ਕੋਲ ਪਹੁੰਚ ਗਈ ਪਰ ਪੁਲਸ ਵਲੋਂ ਸਖਤੀ ਨਾਲ ਪੁੱਛ-ਗਿੱਛ ਕਰਨ ’ਤੇ ਉਸ ਨੇ ਸੱਚ ਉਗਲ ਦਿੱਤਾ।
* 17 ਮਈ ਨੂੰ ਹੀ ‘ਸ਼੍ਰਾਵਸਤੀ’ (ਉੱਤਰ ਪ੍ਰਦੇਸ਼) ’ਚ ‘ਸੈਫੂਦੀਨ’ ਨਾਂ ਦੇ ਵਿਅਕਤੀ ਨੂੰ ਅਾਪਣੀ ਪਤਨੀ ‘ਸਬੀਨਾ’ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਉਹ ‘ਸਬੀਨਾ’ ਨੂੰ ਲਖਨਊ ਲਿਜਾਉਣ ਲਈ ਘਰੋਂ ਨਿਕਲਿਆ ਪਰ ਰਸਤੇ ’ਚ ਮੌਕਾ ਪਾ ਕੇ ਉਸ ਨੇ ਉਸ ਦੇ ਕਈ ਟੁਕੜੇ ਕਰ ਦਿੱਤੇ।
* 6 ਜੂਨ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ‘ਯਸ਼ਸ’ ਨਾਂ ਦੇ ਇਕ ਨੌਜਵਾਨ ਨੇ ਅਾਪਣੀ ਪ੍ਰੇਮਿਕਾ ‘ਹਰਿਨੀ’ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਦੇ ਅਨੁਸਾਰ ‘ਹਰਿਨੀ’ ਉਸ ਦੇ ਨਾਲ ਅਾਪਣੇ ਸਬੰਧ ਖਤਮ ਕਰਨਾ ਚਾਹੁੰਦੀ ਸੀ ਜਿਸ ਤੋਂ ਨਾਰਾਜ਼ ਹੋ ਕੇ ‘ਯਸ਼ਸ’ ਨੇ ਇਹ ਕਦਮ ਚੁੱਕਿਆ।
* 7 ਜੂਨ ਨੂੰ ‘ਨਾਲੰਦਾ’ (ਬਿਹਾਰ) ਦੇ ‘ਚਕਮਦਾਰ’ ਪਿੰਡ ’ਚ ‘ਛੋਟੂ’ ਨਾਂ ਦੇ ਇਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਅਾਪਣੀ ਪਤਨੀ ’ਤੇ ਸਿਲਬੱਟੇ ਨਾਲ ਹਮਲਾ ਕਰ ਕੇ ਮਾਰ ਦਿੱਤਾ ਅਤੇ ਫਿਰ ਖੁਦ ਵੀ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ।
* 7 ਜੂਨ ਨੂੰ ਹੀ ‘ਸਿਰਸਾ’ (ਹਰਿਆਣਾ) ਦੇ ਪਿੰਡ ‘ਰਾਮਪੁਰਾ ਢਿੱਲੋਂ’ ਵਿਚ ‘ਰੋਹਤਾਸ’ ਨਾਂ ਦੇ ਵਿਅਕਤੀ ਨੇ ਕੱਸੀ ਨਾਲ ਗਲਾ ਵੱਢ ਕੇ ਅਾਪਣੀ ਪਤਨੀ ‘ਮਾਇਆ ਦੇਵੀ’ ਦੀ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ‘‘ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ, ਆ ਕੇ ਦੇਖ ਲਓ। ਲਾਸ਼ ਘਰ ’ਚ ਪਈ ਹੈ।’’
* 9 ਜੂਨ ਨੂੰ ‘ਮਧੇਪੁਰਾ’ (ਉੱਤਰ ਪ੍ਰਦੇਸ਼) ਦੇ ‘ਚਿਕਨੋਟਵਾ’ ਪਿੰਡ ’ਚ ‘ਸੰਜੇ’ ਨਾਂ ਦੇ ਇਕ ਵਿਅਕਤੀ ਨੇ ਆਪਣੀ ਭਾਬੀ ਦੇ ਨਾਲ ਪ੍ਰੇਮ ਸਬੰਧਾਂ ਦੇ ਕਾਰਨ ਆਪਣੀ ਪਤਨੀ ‘ਰੂਪਮ’ ਦੀ ਹੱਤਿਆ ਕਰਨ ਤੋਂ ਬਾਅਦ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ।
* 9 ਜੂਨ ਨੂੰ ਹੀ ‘ਬਿਲਾਸਪੁਰ’ (ਛੱਤੀਸਗੜ੍ਹ) ‘ਬੇਹਤਰਾਈ’ ਪਿੰਡ ’ਚ ‘ਗੌਰੀ ਸ਼ੰਕਰ ਸਾਹੂ’ ਅਤੇ ਉਸ ਦੀ ਪਤਨੀ ‘ਰਤਨਾ ਸਾਹੂ’ ਦੇ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ’ਤੇ ‘ਗੌਰੀ ਸ਼ੰਕਰ’ ਨੇ ਗੁੱਸੇ ’ਚ ਆ ਕੇ ਆਪਣੀ ਪਤਨੀ ‘ਰਤਨਾ ਸਾਹੂ’ ਦੇ ਸਿਰ ਅਤੇ ਚਿਹਰੇ ’ਤੇ ਤਵੇ ਨਾਲ ਕਈ ਵਾਰ ਕਰ ਦਿੱਤੇ ਜਿਸ ਨਾਲ ਉਸ ਦੀ ਮੌਤ ਹੋ ਗਈ.
* 9 ਜੂਨ ਨੂੰ ਹੀ ‘ਬੈਂਗਲੁਰੂ’ (ਕਰਨਾਟਕ) ਦੇ ‘ਅਨੇਕਲ’ ਇਲਾਕੇ ’ਚ ‘ਸ਼ੰਕਰ’ ਨਾਂ ਦੇ ਇਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਅਾਪਣੀ ਪਤਨੀ ‘ਮਾਨਸਾ’ ਦਾ ਸਿਰ ਵੱਢਣ ਤੋਂ ਬਾਅਦ ਖੁਦ ਹੀ ਪੁਲਸ ਥਾਣੇ ਜਾ ਕੇ ਆਤਮਸਰਪਣ ਕਰ ਦਿੱਤਾ।
* 9 ਜੂਨ ਨੂੰ ਹੀ ‘ਸਿਰਸਾ’ (ਹਰਿਆਣਾ) ’ਚ ‘ਮੱਖਣ ਸ਼ਰਮਾ’ ਅਤੇ ਉਸ ਦੀ ਪਤਨੀ ‘ਆਰਤੀ’ ਦੇ ਦਰਮਿਆਨ ਕਿਸੇ ਗੱਲ ’ਤੇ ਵਿਵਾਦ ਹੋ ਜਾਣ ਕਾਰਨ ‘ਮੱਖਣ ਸ਼ਰਮਾ’ ਨੇ ‘ਆਰਤੀ’ ਦੇ ਸਿਰ ’ਤੇ ਹਥੌੜਾ ਮਾਰ ਕੇ ਉਸ ਦੀ ਜਾਨ ਲੈ ਲਈ ਅਤੇ ਫਿਰ ਖੁਦ ਹੀ ਥਾਣੇ ’ਚ ਜਾ ਕੇ ਸਰੰਡਰ ਕਰ ਦਿੱਤਾ। ਪੁਲਸ ਦੇ ਅਨੁਸਾਰ ਮੱਖਣ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ।
* 10 ਜੂਨ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ਦੇ ਕਾਰੋਬਾਰੀ ‘ਰਾਜਾ ਰਘੂਵੰਸ਼ੀ’ ਦੀ ਮੇਘਾਲਿਆ ’ਚ ਹੱਤਿਆ ਦੇ ਦੋਸ਼ ’ਚ ‘ਰਾਜਾ ਰਘੂਵੰਸ਼ੀ’ ਦੀ ਪਤਨੀ ‘ਸੋਨਮ ਰਘੂਵੰਸ਼ੀ’ ਅਤੇ 3 ਭਾੜੇ ਦੇ ਹਤਿਆਰਿਆ ਨੂੰ ਗ੍ਰਿਫਤਾਰ ਕੀਤਾ ਗਿਆ।
* 10 ਜੂਨ ਨੂੰ ਹੀ ‘ਧਮਤਰੀ’ (ਛੱਤੀਸਗੜ੍ਹ) ਦੇ ‘ਕੋਟਪਾਰਾ’ ਇਲਾਕੇ ’ਚ ਆਪਣੀ ਪਤਨੀ ‘ਮੀਨਾਕਸ਼ੀ ਪਟੇਲ’ ਦੇ ਚਰਿੱਤਰ ’ਤੇ ਸ਼ੱਕ ਦੇ ਕਾਰਨ ਉਸ ਦੇ ਪਤੀ ‘ਧਨੇਸ਼ਵਰ ਪਟੇਲ’ ਨੇ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ।
ਅਾਪਣੇ ਪ੍ਰਾਚੀਨ ਸੱਭਿਆਚਾਰ ’ਤੇ ਮਾਣ ਕਰਨ ਵਾਲੇ ਸਾਡੇ ਦੇਸ਼ ’ਚ ਲੋਕਾਂ ਦੇ ਨੈਤਿਕ ਪਤਨ ਦੇ ਇਹ ਤਾਂ ਉਹ ਮਾਮਲੇ ਹਨ ਜੋ ਸਾਹਮਣੇ ਆਏ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਹੋਏ ਹੋਣਗੇ ਜੋ ਰੌਸ਼ਨੀ ’ਚ ਨਹੀਂ ਆ ਸਕੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਥੇ ਘੋਰ ਨਿੰਦਣਯੋਗ ਹਨ, ਉਥੇ ਹੀ ਅਜਿਹਾ ਕਰਨ ਵਾਲਿਆਂ ਨੂੰ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਕਰ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ