ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ : ਇਕ ਅੰਦੋਲਨ ਦੀ ਗਾਥਾ, ਇਕ ਰਾਸ਼ਟਰ ਦਾ ਸੰਕਲਪ

Monday, Apr 06, 2026 - 05:28 PM (IST)

ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ : ਇਕ ਅੰਦੋਲਨ ਦੀ ਗਾਥਾ, ਇਕ ਰਾਸ਼ਟਰ ਦਾ ਸੰਕਲਪ

ਭਾਰਤੀ ਜਨਤਾ ਪਾਰਟੀ (ਭਾਜਪਾ) ਸਿਰਫ ਇਕ ਸਿਆਸੀ ਦਲ ਨਹੀਂ, ਇਹ ਉਸ ਵਿਚਾਰ ਦਾ ਜੀਵੰਤ ਪ੍ਰਗਟਾਵਾ ਹੈ ਜੋ ਸਦੀਆਂ ਤੋਂ ਇਸ ਦੇਸ਼ ਦੀ ਆਤਮਾ ’ਚ ਵਸਿਆ ਹੈ—ਰਾਸ਼ਟਰ ਸਭ ਤੋਂ ਉਪਰ ਹੈ, ਅੰਤੋਦਿਆ ਸਾਡਾ ਧਰਮ ਹੈ ਅਤੇ ਸੱਭਿਆਚਾਰਕ ਰਾਸ਼ਟਰਵਾਦ ਸਾਡੀ ਪਛਾਣ ਹੈ। ਜਦੋਂ 6 ਅਪ੍ਰੈਲ, 1980 ਨੂੰ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ, ਤਾਂ ਇਹ ਸਿਰਫ ਇਕ ਨਵੇਂ ਸਿਆਸੀ ਸੰਗਠਨ ਦਾ ਜਨਮ ਨਹੀਂ ਸੀ, ਇਹ ਉਨ੍ਹਾਂ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਦਾ ਸੰਗਠਨ ਸੀ, ਜੋ ਚਾਹੁੰਦੇ ਸਨ ਕਿ ਇਸ ਦੇਸ਼ ਦੀ ਰਾਜਨੀਤੀ ’ਚ ਇਮਾਨਦਾਰੀ ਹੋਵੇ, ਵਿਚਾਰ ਹੋਵੇ ਅਤੇ ਰਾਸ਼ਟਰ ਪ੍ਰਤੀ ਸਮਰਪਣ ਹੋਵੇ।

ਅੱਜ ਜਦੋਂ ਅਸੀਂ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਾਂ, ਤਾਂ ਇਹ ਮੌਕਾ ਸਿਰਫ ਉਤਸਵ ਦਾ ਨਹੀਂ, ਸਗੋਂ ਉਸ ਯਾਤਰਾ ਦੀ ਯਾਦ ਅਤੇ ਉਸ ਸੰਕਲਪ ਨੂੰ ਨਵਿਆਉਣ ਦਾ ਹੈ, ਜਿਸ ਨੇ ਭਾਜਪਾ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਸਿਆਸੀ ਦਲ ਬਣਾਇਆ। ਭਾਜਪਾ ਦੀਆਂ ਵਿਚਾਰਕ ਜੜ੍ਹਾਂ ਉਸ ਮਿੱਟੀ ’ਚ ਹਨ, ਜਿਸ ਨੂੰ ਪੰ. ਦੀਨਦਿਆਲ ਉਪਾਧਿਆਏ ਨੇ ਇਕਾਤਮ ਮਾਨਵ ਦਰਸ਼ਨ ਦੇ ਰੂਪ ’ਚ ਸਿੰਜਿਆ। ਦੀਨਦਿਆਲ ਜੀ ਨੇ ਇਹ ਸਪੱਸ਼ਟ ਕੀਤਾ ਸੀ ਕਿ ਭਾਰਤ ਦੀ ਰਾਜਨੀਤੀ ਦਾ ਕੇਂਦਰਬਿੰਦੂ ਉਹ ਅੰਤਿਮ ਵਿਅਕਤੀ ਹੋਣਾ ਚਾਹੀਦਾ ਹੈ, ਜੋ ਸਮਾਜ ਦੀ ਸਭ ਤੋਂ ਹੇਠਲੀ ਪੌੜੀ ’ਤੇ ਖੜ੍ਹਾ ਹੈ। ਅੰਤੋਦਿਆ ਦੀ ਇਹ ਪਰਿਕਲਪਨਾ ਭਾਜਪਾ ਲਈ ਕੋਈ ਚੋਣ ਨਾਅਰਾ ਨਹੀਂ, ਸਗੋਂ ਇਕ ਜੀਵਨ-ਦਰਸ਼ਨ ਹੈ।

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਨਸੰਘ ਦੀ ਸਥਾਪਨਾ ਤੋਂ ਲੈ ਕੇ ਕਸ਼ਮੀਰ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਤੱਕ, ਇਹ ਸਿੱਧ ਕੀਤਾ ਕਿ ਰਾਸ਼ਟਰੀਅਤਾ ਦਾ ਅਰਥ ਸਿਰਫ ਵੋਟ ਦੀ ਰਾਜਨੀਤੀ ਨਹੀਂ, ਸਗੋਂ ਮਾਤਭੂਮੀ ਲਈ ਸਭ ਕੁਝ ਨਿਛਾਵਰ ਕਰਨ ਦੀ ਤਤਪਰਤਾ ਹੈ। ਅਟਲ ਬਿਹਾਰੀ ਵਾਜਪਾਈ ਜੀ ਨੇ ਇਸ ਵਿਚਾਰ ਨੂੰ ਜਨ-ਜਨ ਤੱਕ ਪਹੁੰਚਾਇਆ। ਉਨ੍ਹਾਂ ਦੀ ਵਾਣੀ ’ਚ ਕਵਿਤਾ ਸੀ, ਉਨ੍ਹਾਂ ਦੇ ਕਾਰਜ ’ਚ ਦ੍ਰਿਸ਼ਟੀ ਸੀ ਅਤੇ ਉਨ੍ਹਾਂ ਦੀ ਅਗਵਾਈ ’ਚ ਭਾਰਤ ਨੂੰ ਇਕ ਪ੍ਰਮਾਣੂ ਸ਼ਕਤੀ ਦੇ ਰੂਪ ’ਚ ਵਿਸ਼ਵ ਪੱਧਰ ’ਤੇ ਸਥਾਪਤ ਕਰਨ ਦੀ ਹਿੰਮਤ ਸੀ। ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਰੱਥ ਯਾਤਰਾ ਕੱਢੀ ਤਾਂ ਸਿਰਫ਼ ਮੰਦਰ ਅੰਦੋਲਨ ਨਹੀਂ ਜਗਾਇਆ, ਉਨ੍ਹਾਂ ਨੇ ਉਸ ਸਮਾਜ ਨੂੰ ਜਗਾਇਆ, ਜੋ ਦਹਾਕਿਆਂ ਤੋਂ ਆਪਣੀ ਹੀ ਭੂਮੀ ’ਤੇ ਅਣਗੌਲਿਆ ਸੀ।

1984 ਦਾ ਉਹ ਕਾਲਾ ਅਧਿਆਏ ਅਸੀਂ ਨਹੀਂ ਭੁੱਲੇ, ਜਦੋਂ ਪੂਰੇ ਦੇਸ਼ ’ਚ ਹਮਦਰਦੀ ਦੀ ਲਹਿਰ ’ਚ ਭਾਜਪਾ ਨੂੰ ਸਿਰਫ 2 ਸੀਟਾਂ ਮਿਲੀਆਂ, ਤਾਂ ਕਈ ਲੋਕਾਂ ਨੇ ਇਸ ਦਲ ਨੂੰ ਇਤਿਹਾਸ ਦੀ ਧੂੜ ’ਚ ਦਫ਼ਨ ਸਮਝ ਲਿਆ ਸੀ ਪਰ ਉਸ ਹਾਰ ਨੇ ਭਾਜਪਾ ਦੇ ਵਰਕਰਾਂ ਨੂੰ ਤੋੜਿਆ ਨਹੀਂ, ਸਗੋਂ ਹੋਰ ਮਜ਼ਬੂਤ ਕੀਤਾ। ਬੂਥ ਤੋਂ ਲੈ ਕੇ ਰਾਸ਼ਟਰ ਤੱਕ ਸੰਗਠਨ ਦੀ ਨੀਂਹ ਰੱਖੀ ਗਈ, ਵਰਕਰਾਂ ਨੇ ਪੂਰੀ ਮਿਹਨਤ ਕੀਤੀ ਅਤੇ ਫਿਰ ਉਹ ਦਿਨ ਆਇਆ, 2014, ਜਦੋਂ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਜਪਾ ਨੇ 282 ਸੀਟਾਂ ਜਿੱਤੀਆਂ, 3 ਦਹਾਕਿਆਂ ਬਾਅਦ ਦੇਸ਼ ’ਚ ਪੂਰਨ ਬਹੁਮਤ ਦੀ ਸਰਕਾਰ ਬਣਾਈ ਅਤੇ ਭਾਰਤ ਦੀ ਰਾਜਨੀਤੀ ਦਾ ਕਾਇਆਕਲਪ ਹੋ ਗਿਆ। 2019 ’ਚ 303 ਸੀਟਾਂ ਦੇ ਨਾਲ ਇਹ ਸਿੱਧ ਹੋ ਗਿਆ ਕਿ ਇਹ ਲਹਿਰ ਨਹੀਂ, ਜਨਤਾ ਦਾ ਸਥਾਈ ਵਿਸ਼ਵਾਸ ਹੈ। 2024 ’ਚ ਐੱਨ. ਡੀ. ਏ. ਦੇ ਨਾਲ ਤੀਜੀ ਵਾਰ ਸੱਤਾ ’ਚ ਆਉਣਾ ਇਹ ਪ੍ਰਮਾਣ ਹੈ ਕਿ ਭਾਰਤ ਦੀ ਜਨਤਾ ਨੇ ਭਾਜਪਾ ਨੂੰ ਆਪਣੀ ਤਕਦੀਰ ਦੇ ਨਾਲ ਜੋੜ ਲਿਆ ਹੈ। ਅੱਜ ਭਾਜਪਾ 15 ਕਰੋੜ ਤੋਂ ਵੱਧ ਮੈਂਬਰਾਂ ਦੇ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਸਿਆਸੀ ਦਲ ਹੈ।

ਜਦੋਂ ਨਰਿੰਦਰ ਮੋਦੀ ਜੀ 2014 ’ਚ ਪ੍ਰਧਾਨ ਮੰਤਰੀ ਬਣੇ, ਤਾਂ ਉਨ੍ਹਾਂ ਨੇ ਇਕ ਨਵੀਂ ਸ਼ਾਸਨ ਸੰਸਕ੍ਰਿਤੀ ਦੀ ਨੀਂਹ ਰੱਖੀ, ਨਾ ਤੁਸ਼ਟੀਕਰਨ, ਨਾ ਪਰਿਵਾਰਵਾਦ, ਨਾ ਭ੍ਰਿਸ਼ਟਾਚਾਰ। ਉਨ੍ਹਾਂ ਦਾ ਮੰਤਰ ਸੀ—‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ।’ ਪਿਛਲੇ 12 ਸਾਲਾਂ ’ਚ ਜੋ ਕੰਮ ਹੋਇਆ ਹੈ, ਉਹ ਭਾਰਤ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ।

500 ਸਾਲਾਂ ਦੀ ਉਡੀਕ ਦਾ ਅੰਤ ਹੋਇਆ। 22 ਜਨਵਰੀ, 2024 ਨੂੰ ਅਯੁੱਧਿਆ ’ਚ ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਅਤੇ ਕਰੋੜਾਂ ਹਿੰਦੂਆਂ ਦੀਆਂ ਅੱਖਾਂ ਛਲਕ ਉੱਠੀਆਂ। ਇਕ ਹੋਰ ਕੰਮ ਜੋ ਦਹਾਕਿਆਂ ਤੋਂ ਪੈਂਡਿੰਗ ਸੀ, ਮਾਣਯੋਗ ਅਮਿਤ ਸ਼ਾਹ ਜੀ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਮਾਣਯੋਗ ਮੋਦੀ ਜੀ ਦੀ ਅਗਵਾਈ ’ਚ 5 ਅਗਸਤ, 2019 ਨੂੰ ਸੰਸਦ ’ਚ ਇਕ ਇਤਿਹਾਸਕ ਫ਼ੈਸਲਾ ਹੋਇਆ। ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੰਵਿਧਾਨਕ ਰੂਪ ’ਚ ਵੀ ਬਣਿਆ। ਵੱਖਵਾਦ ਦੀਆਂ ਜੜ੍ਹਾਂ ਕੱਟ ਦਿੱਤੀਆਂ ਗਈਆਂ।

ਮੁਸਲਿਮ ਔਰਤਾਂ ਦੇ ਜੀਵਨ ’ਚ ਨਿਆਂ ਦਾ ਸੂਰਜ ਉੱਗਿਆ। ਉਹ ਕਾਨੂੰਨ ਜੋ ਮਰਦ ਦੀਆਂ ਤਿੰਨ ਬੋਲੀਆਂ ’ਤੇ ਇਕ ਔਰਤ ਦਾ ਜੀਵਨ ਬਰਬਾਦ ਕਰ ਦਿੰਦਾ ਸੀ, ਮੋਦੀ ਸਰਕਾਰ ਨੇ ਉਸ ਟ੍ਰਿਪਲ ਤਲਾਕ ਨੂੰ ਖਤਮ ਕੀਤਾ। ਇਹੀ ਅਸਲੀ ਮਹਿਲਾ ਸਸ਼ਕਤੀਕਰਨ ਹੈ।

ਆਯੁਸ਼ਮਾਨ ਭਾਰਤ ਨੇ 50 ਕਰੋੜ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ। ਉੱਜਵਲਾ ਯੋਜਨਾ ਨਾਲ 10 ਕਰੋੜ ਮਾਵਾਂ ਦੇ ਚੁੱਲ੍ਹੇ ਗੈਸ ਨਾਲ ਬਲੇ। ਜਲ ਜੀਵਨ ਮਿਸ਼ਨ ਨੇ ਭਾਰਤ ਦੇ 15 ਕਰੋੜ ਘਰਾਂ ’ਚ ਨਲ ਨਾਲ ਜਲ ਪਹੁੰਚਾਇਆ। ਪੀ. ਐੱਮ. ਆਵਾਸ ਯੋਜਨਾ ਨਾਲ ਕਰੋੜਾਂ ਪਰਿਵਾਰਾਂ ਨੂੰ ਪੱਕੀ ਛੱਤ ਮਿਲੀ। ਪੀ. ਐੱਮ. ਕਿਸਾਨ ਸਨਮਾਨ ਨਿਧੀ ਨਾਲ ਕਿਸਾਨਾਂ ਦੇ ਖਾਤੇ ’ਚ ਸਿੱਧੇ ਪੈਸੇ ਪਹੁੰਚੇ। 80 ਕਰੋੜ ਭਾਰਤੀਆਂ ਨੂੰ ਭੋਜਨ, ਇਹ ਹੈ ਅੰਤੋਦਿਆ ਦਾ ਵਿਵਹਾਰਕ ਸਰੂਪ।

ਡਿਜੀਟਲ ਅਰਥਵਿਵਸਥਾ ’ਚ ਯੂ. ਪੀ. ਆਈ. ਇਕ ਵਿਸ਼ਵ ਪੱਧਰੀ ਮਾਡਲ ਬਣ ਚੁੱਕਾ ਹੈ। ਰੱਖਿਆ ਬਰਾਮਦ ’ਚ ਭਾਰਤ ਨਵੀਆਂ ਉਚਾਈਆਂ ਛੂਹ ਰਿਹਾ ਹੈ। ਚੰਦਰਯਾਨ-3 ਦੀ ਸਫਲਤਾ ਨੇ ਦੁਨੀਆ ਨੂੰ ਦਿਖਾਇਆ ਕਿ ਨਵੇਂ ਭਾਰਤ ਦੀ ਸਮਰੱਥਾ ਅਸੀਮਤ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਹਿਰਦਾ ਭਾਰੀ ਹੋ ਜਾਂਦਾ ਹੈ। ਗੁਰੂਆਂ ਅਤੇ ਸ਼ਹੀਦਾਂ ਦੀ ਇਹ ਪਵਿੱਤਰ ਭੂਮੀ ਅੱਜ ਜਿਸ ਦਰਦ ’ਚੋਂ ਗੁਜ਼ਰ ਰਹੀ ਹੈ, ਉਸ ਨੂੰ ਦੇਖ ਕੇ ਹਰ ਦੇਸ਼ ਭਗਤ ਦਾ ਸਿਰ ਝੁਕ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਦਿੱਲੀ ਮਾਡਲ ਦੀ ਗੱਲ ਕੀਤੀ ਸੀ ਪਰ ਅੱਜ ਪੰਜਾਬ ਦੀ ਸੱਚਾਈ ਕੀ ਹੈ? ਗੈਂਗਸਟਰ ਬੇਖ਼ੌਫ਼ ਹਨ, ਨਸ਼ੇ ਦੀ ਲਤ ਨੌਜਵਾਨਾਂ ਨੂੰ ਖੋਖਲਾ ਕਰ ਰਹੀ ਹੈ, ਉਦਯੋਗ ਹਿਜਰਤ ਕਰ ਰਹੇ ਹਨ ਅਤੇ ਕਾਨੂੰਨ-ਵਿਵਸਥਾ ਦੀ ਅਜਿਹੀ ਦੁਰਦਸ਼ਾ ਹੈ ਕਿ ਅਪਰਾਧੀ ਜੇਲਾਂ ਤੋਂ ਵਾਰਦਾਤਾਂ ਅੰਜਾਮ ਦੇ ਰਹੇ ਹਨ।

ਪੰਜਾਬ ਦਾ ਕਿਸਾਨ ਪ੍ਰੇਸ਼ਾਨ ਹੈ। ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਹੈ। ਪੰਜਾਬ ਦੀ ਮਾਂ ਆਪਣੇ ਪੁੱਤ ਨੂੰ ਨਸ਼ੇ ਦੀ ਗ੍ਰਿਫ਼ਤ ਤੋਂ ਕੱਢਣ ਲਈ ਤੜਫ ਰਹੀ ਹੈ। ਇਹ ਦਰਦ ਭਾਜਪਾ ਮਹਿਸੂਸ ਕਰਦੀ ਹੈ, ਕਿਉਂਕਿ ਭਾਜਪਾ ਲਈ ਪੰਜਾਬ ਸਿਰਫ ਇਕ ਰਾਜ ਨਹੀਂ, ਸਗੋਂ ਕੁਰਬਾਨੀ ਦੀ ਉਹ ਧਰਤੀ ਹੈ, ਜਿਸ ਨੇ ਦੇਸ਼ ਦੀ ਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।

ਭਾਜਪਾ ਦਾ ਪੰਜਾਬ ’ਚ ਵਧਦਾ ਜਨ ਆਧਾਰ ਇਸ ਗੱਲ ਦਾ ਪ੍ਰਮਾਣ ਹੈ ਕਿ ਇਥੋਂ ਦੀ ਜਨਤਾ ਤਬਦੀਲੀ ਚਾਹੁੰਦੀ ਹੈ, ਅਸਲੀ ਤਬਦੀਲੀ, ਜੋ ਨਸ਼ਾ-ਮੁਕਤੀ, ਕਾਨੂੰਨ ਦਾ ਰਾਜ ਅਤੇ ਰੋਜ਼ਗਾਰ ਦੇ ਮੌਕੇ ਲਿਆਵੇ। ਭਾਜਪਾ ਇਹ ਵਚਨਬੱਧਤਾ ਲੈ ਕੇ ਪੰਜਾਬ ਦੀ ਗਲੀ-ਗਲੀ ’ਚ ਜਾ ਰਹੀ ਹੈ।

370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ ਦਾ ਕਾਇਆਕਲਪ ਹੋ ਗਿਆ ਹੈ। ਜਿੱਥੇ ਕਦੇ ਪੱਥਰਬਾਜ਼ੀ ਹੁੰਦੀ ਸੀ, ਅੱਜ ਉੱਥੇ ਸਕੂਲ ਅਤੇ ਹਸਪਤਾਲ ਬਣ ਰਹੇ ਹਨ। ਸੈਰ-ਸਪਾਟਾ ਨਵੀਆਂ ਉਚਾਈਆਂ ’ਤੇ ਹੈ। ਨੌਜਵਾਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। ਵੱਖਵਾਦ ਦੀਆਂ ਆਵਾਜ਼ਾਂ ਕਮਜ਼ੋਰ ਪਈਆਂ ਹਨ ਅਤੇ ਲੋਕਤੰਤਰ ਦੀਆਂ ਜੜ੍ਹਾਂ ਡੂੰਘੀਆਂ ਹੋ ਰਹੀਆਂ ਹਨ।

ਪੱਛਮੀ ਬੰਗਾਲ ’ਚ ਅੱਜ ਲੋਕਤੰਤਰ ਜ਼ਖਮੀ ਹੈ। ਭਾਜਪਾ ਵਰਕਰਾਂ ’ਤੇ ਹਮਲੇ ਹੁੰਦੇ ਹਨ, ਉਨ੍ਹਾਂ ਦੇ ਘਰ ਸਾੜੇ ਜਾਂਦੇ ਹਨ ਅਤੇ ਸੱਤਾਧਾਰੀ ਦਲ ਦੇ ਗੁੰਡੇ ਸੰਵਿਧਾਨਕ ਸੰਸਥਾਵਾਂ ਨੂੰ ਚੁਣੌਤੀ ਦਿੰਦੇ ਹਨ ਪਰ ਭਾਜਪਾ ਦਾ ਵਰਕਰ ਡਰਿਆ ਨਹੀਂ ਹੈ। ਉਹ ਆਪਣੇ ਦਮ ’ਤੇ ਗੁਰੂਦੇਵ ਰਬਿੰਦਰਨਾਥ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਇਸ ਧਰਤੀ ’ਤੇ ਸੱਚ ਅਤੇ ਨਿਆਂ ਦੀ ਲੜਾਈ ਲੜ ਰਿਹਾ ਹੈ। ਭਾਜਪਾ ਬੰਗਾਲ ਦੀ ਜਨਤਾ ਦੇ ਨਾਲ ਖੜ੍ਹੀ ਹੈ ਅਤੇ ਰਹੇਗੀ।

ਕੇਰਲ ’ਚ ਭਾਜਪਾ ਹੁਣ ਇਕ ਗੰਭੀਰ ਸਿਆਸੀ ਸ਼ਕਤੀ ਦੇ ਰੂਪ ’ਚ ਉੱਭਰ ਰਹੀ ਹੈ। ਉੱਥੋਂ ਦੀ ਜਨਤਾ ਖੱਬੇ-ਪੱਖੀ ਅਤੇ ਕਾਂਗਰਸੀ ਅਸਫਲਤਾਵਾਂ ਤੋਂ ਥੱਕ ਚੁੱਕੀ ਹੈ। ਭਾਜਪਾ ਦੀ ਸੱਭਿਆਚਾਰਕ ਰਾਸ਼ਟਰਵਾਦ ਦੀ ਵਿਚਾਰਧਾਰਾ ਅਤੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹੁਣ ਕੇਰਲ ਦੇ ਵੋਟਰਾਂ ਤੱਕ ਵੀ ਪਹੁੰਚ ਰਿਹਾ ਹੈ। ਤ੍ਰਿਸੂਰ ਲੋਕ ਸਭਾ ਸੀਟ ਦੀ ਜਿੱਤ ਇਸ ਤਬਦੀਲੀ ਦੀ ਪਹਿਲੀ ਝਲਕ ਹੈ।

ਭਾਜਪਾ ਅਤੇ ਹੋਰ ਦਲਾਂ ’ਚ ਜੋ ਸਭ ਤੋਂ ਵੱਡਾ ਅੰਤਰ ਹੈ, ਉਹ ਹੈ ਸ਼ਾਸਨ ਦਾ ਦਰਸ਼ਨ। ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਨੇ ਦਹਾਕਿਆਂ ਤੱਕ ਵੋਟ ਬੈਂਕ ਦੀ ਰਾਜਨੀਤੀ ਕੀਤੀ। ਜਾਤ, ਧਰਮ ਅਤੇ ਭਾਸ਼ਾ ਦੇ ਨਾਂ ’ਤੇ ਸਮਾਜ ਨੂੰ ਵੰਡਿਆ। ਘੱਟਗਿਣਤੀਆਂ ਨੂੰ ਮਜ਼ਬੂਤ ਨਹੀਂ ਕੀਤਾ, ਉਨ੍ਹਾਂ ਨੂੰ ਵੋਟਾਂ ਦੀ ਭੇਡ ਬਣਾ ਕੇ ਰੱਖਿਆ।

ਮੋਦੀ ਜੀ ਦਾ ਰਸਤਾ ਵੱਖਰਾ ਹੈ। ਉਨ੍ਹਾਂ ਲਈ ਹਰ ਗ਼ਰੀਬ ਬਰਾਬਰ ਹੈ, ਚਾਹੇ ਉਹ ਹਿੰਦੂ ਹੋਵੇ, ਮੁਸਲਮਾਨ, ਸਿੱਖ ਜਾਂ ਈਸਾਈ। ਜਿਵੇਂ-ਜਿਵੇਂ ਅਸੀਂ 2047 ਵੱਲ ਵਧ ਰਹੇ ਹਾਂ, ਭਾਰਤ ਦੀ ਸੁਤੰਤਰਤਾ ਦੇ ਸ਼ਤਾਬਦੀ ਵਰ੍ਹੇ ਵੱਲ, ਭਾਜਪਾ ਦਾ ਸੰਕਲਪ ਹੋਰ ਦ੍ਰਿੜ੍ਹ ਹੁੰਦਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਕਸਤ ਭਾਰਤ ਦਾ ਜੋ ਸੁਪਨਾ ਦੇਖਿਆ ਹੈ, ਉਹ ਕਿਸੇ ਇਕ ਨੇਤਾ ਜਾਂ ਇਕ ਦਲ ਦਾ ਸੁਪਨਾ ਨਹੀਂ, 140 ਕਰੋੜ ਭਾਰਤੀਆਂ ਦਾ ਸਮੂਹਿਕ ਸੰਕਲਪ ਹੈ।

ਅਗਲੇ ਦੋ ਦਹਾਕਿਆਂ ’ਚ ਭਾਰਤ ਨੂੰ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ। ਰੱਖਿਆ ’ਚ ਆਤਮਨਿਰਭਰਤਾ ਹਾਸਲ ਕਰਨੀ ਹੈ। ਹਰ ਪਿੰਡ ’ਚ ਬਿਜਲੀ, ਪਾਣੀ ਅਤੇ ਸੜਕ ਪਹੁੰਚਾਉਣੀ ਹੈ। ਹਰ ਨੌਜਵਾਨ ਨੂੰ ਸਿੱਖਿਆ ਅਤੇ ਰੋਜ਼ਗਾਰ ਦੇਣਾ ਹੈ। ਇਹ ਸਿਰਫ ਐਲਾਨ ਨਹੀਂ, ਇਹ ਭਾਜਪਾ ਦਾ ਵਚਨਬੱਧਤਾ ਪੱਤਰ ਹੈ।

ਅੱਜ, ਸਥਾਪਨਾ ਦਿਵਸ ’ਤੇ, ਅਸੀਂ ਉਨ੍ਹਾਂ ਸਾਰੇ ਵਰਕਰਾਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਅਹੁਦੇ ਦੀ ਇੱਛਾ ਦੇ ਇਸ ਵਿਚਾਰ ਨੂੰ ਜ਼ਿੰਦਾ ਰੱਖਿਆ, ਜਿਨ੍ਹਾਂ ਨੇ 1984 ਦੀ ਹਾਰ ’ਚ ਵੀ ਮਸ਼ਾਲ ਬੁਝਣ ਨਹੀਂ ਦਿੱਤੀ, ਜਿਨ੍ਹਾਂ ਨੇ ਬੰਗਾਲ ’ਚ ਲਾਠੀਆਂ ਖਾਧੀਆਂ, ਜਿਨ੍ਹਾਂ ਨੇ ਕੇਰਲ ’ਚ ਹਮਲੇ ਸਹੇ ਪਰ ਰਾਸ਼ਟਰ ਪ੍ਰਤੀ ਆਪਣੀ ਨਿਸ਼ਠਾ ਨਹੀਂ ਛੱਡੀ। ਭਾਰਤੀ ਜਨਤਾ ਪਾਰਟੀ ਇਕ ਦਲ ਨਹੀਂ, ਇਕ ਅੰਦੋਲਨ, ਇਕ ਵਿਚਾਰ, ਇਕ ਯੱਗ ਹੈ, ਜਿਸ ’ਚ ਹਰ ਵਰਕਰ ਇਕ ਆਹੂਤੀ ਹੈ ਅਤੇ ਜਿਸ ਦੀ ਲੋਅ ਨਾਲ ਵਿਕਸਤ ਭਾਰਤ ਦਾ ਨਿਰਮਾਣ ਹੋਣਾ ਹੈ।

-ਤਰੁਣ ਚੁੱਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)


author

Harpreet SIngh

Content Editor

Related News