ਜਨਮਾਨਸ ਦੀ ਭਾਵਨਾ ਸਨ ਤਾਊ ਦੇਵੀਲਾਲ
Thursday, Sep 25, 2025 - 04:36 PM (IST)

ਚੌਧਰੀ ਦੇਵੀਲਾਲ ਜਾਤੀ, ਧਰਮ, ਭਾਈਚਾਰੇ ਤੋਂ ਉੱਪਰ ਉੱਠੇ ਹੋਏ ਇਕ ਮਹਾਨ ਸਿਆਸਤਦਾਨ ਅਤੇ ਰਾਸ਼ਟਰਵਾਦੀ ਸ਼ਖਸ ਸਨ। ਉਨ੍ਹਾਂ ਦਾ ਜਨਮ 25 ਸਤੰਬਰ 1914 ਨੂੰ ਤਤਕਾਲੀ ਹਿਸਾਰ ਜ਼ਿਲੇ ਦੇ ਤੇਜਾ ਖੇੜਾ ਪਿੰਡ ’ਚ ਹੋਇਆ। ਬਚਪਨ ਤੋਂ ਹੀ ਰਾਜਨੀਤੀ ’ਚ ਰੁਚੀ ਹੋਣ ਦੇ ਕਾਰਨ ਚੌਧਰੀ ਦੇਵੀਲਾਲ ਨੇ ਜੀਵਨ ਭਰ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸਮਾਜ ਨੂੰ ਸੰਗਠਿਤ ਕਰਨ ਲਈ ਸੰਘਰਸ਼ ਕੀਤਾ।
ਹਰਿਆਣਾ ਦੇ ਨਿਰਮਾਣ ’ਚ ਚੌਧਰੀ ਦੇਵੀਲਾਲ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਆਪਣੇ ਸੰਘਰਸ਼ ਅਤੇ ਬਿਹਤਰ ਜਨ ਸੰਚਾਰ ਦੇ ਮਾਧਿਅਮ ਨਾਲ ਉਹ ਰਾਜਨੀਤੀ ਦੇ ਸਿਖਰ ਪੁਰਸ਼ ਬਣੇ। ਹਰਿਆਣਾ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਉਪ-ਮੁੱਖ ਮੰਤਰੀ ਅਹੁਦੇ ਭਾਵ ਸੱਤਾ ਦੇ ਸਿਖਰ ’ਤੇ ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਨੇ ਹਮੇਸ਼ਾ ਸਾਦਗੀ ਦਾ ਜੀਵਨ ਗੁਜ਼ਾਰਿਆ।
ਸਾਦਗੀ ਅਤੇ ਸਰਲਤਾ ਹੀ ਉਨ੍ਹਾਂ ਦੇ ਜਨਸੰਚਾਰ ਦੀ ਸ਼ੈਲੀ ਦਾ ਮਾਧਿਅਮ ਸੀ। ਚੌਧਰੀ ਦੇਵੀਲਾਲ ਅਤੇ ਭਾਰਤ ’ਚ ਬੀ.ਬੀ.ਸੀ. ਦੇ ਮੁੱਖ ਪੱਤਰਕਾਰ ਰਹੇ ਮਾਰਕ ਟੁਲੀ ਦਰਮਿਆਨ ਦੋਸਤੀ ਜਗ ਜ਼ਾਹਿਰ ਸੀ। 2010 ’ਚ ਕੋਲਕਾਤਾ ’ਚ ‘ਮਾਸ ਕਮਿਊਨੀਕੇੇੇੇਸ਼ਨ ਵਿਸ਼ੇ ’ਤੇ ਆਯੋਜਿਤ’ ਇਕ ਕਾਨਫਰੰਸ ’ਚ ਮਾਰਕ ਟੁਲੀ ਦੀ ਸਪੀਚ ਵੀ ਸੀ।
ਮਾਰਕ ਟੁਲੀ ਨੇ ਆਪਣੀ ਸਪੀਚ ’ਚ 15 ਮਿੰਟ ਤਕ ਚੌਧਰੀ ਦੇਵੀਲਾਲ ਦੇ ਜਨ ਸੰਚਾਰ ਦੇ ਸਟਾਈਲ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਜਨ-ਸੰਚਾਰ ਦੀਆਂ ਬਾਰੀਕੀਆਂ ਸਿੱਖਣੀਆਂ ਹਨ ਤਾਂ ਤੁਹਾਨੂੰ ਚੌਧਰੀ ਦੇਵੀਲਾਲ ਨੂੰ ਪੜ੍ਹਨਾ ਪਏਗਾ। ਸਪੀਚ ਤੋਂ ਬਾਅਦ ਜਦੋਂ ਲੇਖਕ ਮਾਰਕ ਟੁਲੀ ਨਾਲ ਮਿਲਿਆ ਤਾਂ ਉਨ੍ਹਾਂ ਨੇ ਚੌਧਰੀ ਦੇਵੀਲਾਲ ਦੇ ਨਾਲ ਦੋਸਤੀ ਦੇ ਕਈ ਕਿੱਸੇ ਸੁਣਾਏ।
ਚੌਧਰੀ ਦੇਵੀਲਾਲ ਦੀ ਜ਼ੁਬਾਨ ’ਚ ਉਹ ਆਕਰਸ਼ਣ ਸੀ ਕਿ ਉਹ ਲੋਕਾਂ ਦੀ ਭਾਸ਼ਾ ’ਚ ਗੱਲ ਕਰ ਕੇ ਸਾਹਮਣੇ ਵਾਲੇ ਨੂੰ ਆਪਣਾ ਬਣਾ ਲੈਂਦੇ ਸਨ। ਇਸੇ ਕਾਰਨ ਚੌਧਰੀ ਦੇਵੀਲਾਲ ਰਾਜਨੀਤੀ ਅਤੇ ਸਮਾਜ ਸੇਵਾ ਦੀ ਇਕ ਪੂਰਨ ਸੰਸਥਾ ਦੇ ਰੂਪ ’ਚ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਲਗਾਏ ਗਏ ਪੌਦੇ ਹੁਣ ਰੁੱਖ ਬਣ ਚੁੱਕੇ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ’ਚ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ। ਅਜਿਹੇ ਮਹਾਨ ਨੇਤਾ ਸਿਆਸਤ ’ਚ ਵਿਰਲੇ ਹੀ ਮਿਲਦੇ ਹਨ।
ਚੌਧਰੀ ਦੇਵੀਲਾਲ ਦਾ ਦਿਲ ਹਮੇਸ਼ਾ ਗਰੀਬ ਅਤੇ ਕਮੇਰੇ ਵਰਗ ਲਈ ਧੜਕਦਾ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਸਮਾਜ ਕਲਿਆਣ, ਜਨ ਕਲਿਆਣ ਦੀਆਂ ਕਈ ਨੀਤੀਆਂ ਬਣਾਈਆਂ ਅਤੇ ਲਾਗੂ ਕੀਤੀਆਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਬੁਢਾਪਾ ਪੈਨਸ਼ਨ ਜਾਰੀ ਸੀ। ਚੌਧਰੀ ਦੇਵੀਲਾਲ ਨੇ 15 ਜੂਨ 1987 ਨੂੰ ਹਰਿਆਣਾ ’ਚ ਬਜ਼ੁਰਗਾਂ ਨੂੰ 100 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ। ਉਸ ਸਮੇਂ ਦੇਸ਼ ’ਚ ਹਰਿਆਣਾ ਪਹਿਲਾ ਸੂਬਾ ਸੀ ਜਿਥੇ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਤਾਂ ਕਈ ਸੂਬਿਆਂ ਨੇ ਇਥੋਂ ਤਕ ਕਿ ਭਾਰਤ ਸਰਕਾਰ ਨੇ ਵੀ 15 ਅਗਸਤ 1995 ਨੂੰ ਰਾਸ਼ਟਰੀ ਬਿਰਧ ਅਵਸਥਾ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ।
ਅੱਜ ਹਰਿਆਣਾ ’ਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਬਿਰਧ ਅਵਸਥਾ ਸਨਮਾਨ ਭੱਤੇ ਦੇ ਰੂਪ ’ਚ 3000 ਰੁਪਏ ਭੱਤਾ ਰਾਸ਼ੀ ਮਿਲ ਰਹੀ ਹੈ, ਜੋ ਅਜੇ ਵੀ ਦੇਸ਼ ’ਚ ਸਭ ਤੋਂ ਵੱਧ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਕਰਜ਼ਾ ਮੁਆਫੀ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਸਹਿਕਾਰੀ ਬੈਂਕਾਂ ਤੋਂ ਲਿਆ ਗਿਆ ਕਿਸਾਨਾਂ, ਗਰੀਬ, ਦਲਿਤ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਗਿਆ। ਇਸ ਦੇ ਨਾਲ-ਨਾਲ ਤਿੰਨ ਦਰਜਨ ਤੋਂ ਵੀ ਵੱਧ ਅਜਿਹੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ, ਜਿਨ੍ਹਾਂ ਨਾਲ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਦੁਕਾਨਦਾਰਾਂ, ਦਲਿਤ ਵਰਗ ਦੇ ਲੋਕਾਂ ਨੂੰ ਆਰਥਿਕ ਲਾਭ ਹੋਇਆ ਅਤੇ ਉਨ੍ਹਾਂ ਦੇ ਜੀਵਨ ’ਚ ਨਵੀਂ ਰੌਸ਼ਨੀ ਆਈ।
ਚੌਧਰੀ ਦੇਵੀਲਾਲ ਵਲੋਂ ਆਪਣੇ ਕਾਰਜਕਾਲ ’ਚ ਲਾਗੂ ਕੀਤੀਆਂ ਗਈਆਂ ਇਨ੍ਹਾਂ ਯੋਜਨਾਵਾਂ ’ਚ ਮੁੱਖ ਤੌਰ ’ਤੇ ਕਿਸਾਨਾਂ ਨੂੰ ਗੜ੍ਹੇਮਾਰ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਾ, ਇੰਸਪੈਕਟਰੀ ਰਾਜ ਤੋਂ ਛੁਟਕਾਰਾ ਦਿਵਾਉਣਾ, ਪਿੰਡ-ਪਿੰਡ ’ਚ ਅਨੁਸੂਚਿਤ ਜਾਤੀ ਦੀ ਚੌਪਾਲ ਬਣਵਾਉਣ, ਬੇਰੋਜ਼ਗਾਰੀ ਭੱਤਾ ਦੇਣਾ, ਸੜਕ ਕੰਢੇ ਖੜ੍ਹੇ ਅਤੇ ਖੇਤਾਂ ਨਾਲ ਲੱਗਦੇ ਦਰੱਖਤਾਂ ’ਚ ਕਿਸਾਨਾਂ ਨੂੰ ਅੱਧਾ ਹਿੱਸਾ ਦਿਵਾਉਣਾ, ਟ੍ਰੈਕਟਰ ਅਤੇ ਸਾਈਕਲ ਦਾ ਟੋਕਨ ਟੈਕਸ, ਰੇਡੀਓ ’ਤੇ ਲਾਇਸੈਂਸ ਫੀਸ ਖਤਮ ਕਰਨਾ, ਕਿਸਾਨਾਂ ਦਾ ਮਾਲੀਆ ਮਾਫ ਕਰਨਾ, ਇੰਟਰਵਿਊ ’ਤੇ ਜਾਣ ਵਾਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਫਤ ਬੱਸ ਯਾਤਰਾ ਦੀ ਸਹੂਲਤ ਦੇਣਾ, ਵਿਦਿਆਰਥੀਆਂ ਨੂੰ ਨਾਮਾਤਰ ਕੀਮਤ ’ਤੇ ਬੱਸ ਪਾਸ ਦੀ ਸਹੂਲਤ ਮੁਹੱਈਆ ਕਰਵਾਉਣਾ, ਅਨੁਸੂਚਿਤ ਜਾਤੀ ਦੀ ਵਿਧਵਾ ਦੀ ਲੜਕੀ ਦੇ ਵਿਆਹ ਲਈ ਸਰਕਾਰ ਵਲੋਂ ਸਹਾਇਤਾ ਦੇਣਾ, ਕੰਮ ਦੇ ਬਦਲੇ ਅਨਾਜ ਯੋਜਨਾ ਸ਼ੁਰੂ ਕਰਨਾ, ਖੁੱਲ੍ਹੇ ਜਨਤਾ ਦਰਬਾਰ ਲਗਾਉਣਾ ਆਦਿ ਸ਼ਾਮਲ ਹਨ। ਇਨ੍ਹਾਂ ਸਮਾਜ ਅਤੇ ਜਨ ਕਲਿਆਣਕਾਰੀ ਯੋਜਨਾਵਾਂ ਦੇ ਕਾਰਨ ਜਨਤਾ ਨੇ ਚੌਧਰੀ ਦੇਵੀਲਾਲ ਨੂੰ ਜਨਨਾਇਕ ਦਾ ਦਰਜਾ ਦਿੱਤਾ ਅਤੇ ਉਹ ਪੂਰੇ ਦੇਸ਼ ’ਚ ‘ਤਾਊ’ ਦੇ ਨਾਂ ਨਾਲ ਮਸ਼ਹੂਰ ਹੋਏ।
ਚੌਧਰੀ ਦੇਵੀਲਾਲ ਦੀ ਸਾਦਗੀ ਅਤੇ ਸਰਲਤਾ ਦੀ ਜਿਊਂਦੀ ਜਾਗਦੀ ਉਦਾਹਰਣ ਮੈਨੂੰ ਖੁਦ 1989 ’ਚ ਦੇਖਣ ਨੂੰ ਮਿਲੀ। ਚੌਧਰੀ ਦੇਵੀਲਾਲ ਨੇ 1989 ’ਚ ਪਿੰਡ ਖੇੜੀ ਮਸਾਨੀਆ ’ਚ ਜਿਹੜੇ ਹਾਲਾਤ ’ਚ ਅਨੁਸੂਚਿਤ ਜਾਤੀ ਦੀ ਚੌਪਾਲ ਦਾ ਉਦਘਾਟਨ ਕੀਤਾ ਸੀ, ਉਸ ਨਾਲ ਚੌਧਰੀ ਦੇਵੀਲਾਲ ਦੀ 36 ਬਿਰਾਦਰੀ ਦਾ ਨੇਤਾ ਹੋਣ ਦੀ ਪ੍ਰਮਾਣਿਕਤਾ ਹੋਰ ਪੁਖਤਾ ਹੁੰਦੀ ਹੈ। ਮਾਮਲਾ ਇਹ ਸੀ ਕਿ ਉਸ ਸਮੇਂ ਮੁੱਖ ਮੰਤਰੀ ਚੌਧਰੀ ਦੇਵੀਲਾਲ ਨੇ ਪਿੰਡ-ਪਿੰਡ ’ਚ ਮੈਚਿੰਗ ਗ੍ਰਾਂਟ ਸਕੀਮ ਦੇ ਤਹਿਤ ਅਨੁਸੂਚਿਤ ਜਾਤੀ ਦੀਆਂ ਚੌਪਾਲਾਂ ਦਾ ਨਿਰਮਾਣ ਕਰਵਾਏ ਜਾਣ ਦਾ ਐਲਾਨ ਕੀਤਾ ਸੀ ਅਤੇ ਹਜ਼ਾਰਾਂ ਪਿੰਡਾਂ ’ਚ ਚੌਪਾਲਾਂ ਦਾ ਨਿਰਮਾਣ ਕਰਵਾਇਆ ਗਿਆ ਸੀ। ਅੱਜ ਹਰਿਆਣਾ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਕਿਸਾਨ, ਦਲਿਤ, ਗਰੀਬ ਅਤੇ ਕਮੇਰੇ ਵਰਗ ਦੇ ਲੋਕ ਚੌਧਰੀ ਦੇਵੀਲਾਲ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਸ਼ਰਧਾਪੂਰਵਕ ਨਮਨ ਕਰ ਕੇ ਸਨਮਾਨਪੂਰਵਕ ਯਾਦ ਕਰ ਰਹੇ ਹਨ।
ਸਤੀਸ਼ ਮਹਿਰਾ ਅਤੇ ਡਾ. ਰਮੇਸ਼ ਸੈਣੀ