ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਾਦੂ ਬਦਲੇਗਾ ਪੰਜਾਬ ਦੀ ਸਮਾਜਿਕ-ਆਰਥਿਕ ਦਸ਼ਾ
Wednesday, Jan 01, 2025 - 06:04 PM (IST)
ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਹੁਣ ਵਿਗਿਆਨਕ ਕਥਾਵਾਂ ਦੀ ਕਲਪਨਾ ਨਹੀਂ ਹੈ। ਏ. ਆਈ. ਤੇਜ਼ੀ ਨਾਲ ਬਦਲਾਅ ਲਿਆਉਣ ਦੇ ਇਕ ਅਜਿਹੇ ਸਾਧਨ ਵਜੋਂ ਤੇਜ਼ੀ ਨਾਲ ਉੱਭਰ ਰਹੀ ਹੈ ਜੋ ਵਿਸ਼ਵ ਭਰ ਵਿਚ ਸ਼ਾਸਨ ਅਤੇ ਸਮਾਜ ਦੀ ਪਰਿਭਾਸ਼ਾ ਨੂੰ ਬਦਲ ਰਹੀ ਹੈ। ਪੰਜਾਬ ਵਰਗੇ ਸਰਹੱਦੀ ਰਾਜ ਲਈ, ਜੋ ਆਪਣੀ ਸੱਭਿਆਚਾਰਕ ਦੌਲਤ, ਅਮੀਰ ਇਤਿਹਾਸ ਅਤੇ ਅਸੀਮ ਸੰਭਾਵਨਾਵਾਂ ਦੇ ਬਾਵਜੂਦ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ, ਏ. ਆਈ. ਅਪਣਾਉਣਾ ‘ਗੇਮ-ਚੇਂਜਰ’ ਸਾਬਿਤ ਹੋ ਸਕਦਾ ਹੈ। ਟੈਕਨੋਕਰੇਟ ਨੀਤੀ ਨਿਰਮਾਤਾਵਾਂ ਜਿਵੇਂ ਅਰਵਿੰਦ ਕੇਜਰੀਵਾਲ ਦੇ ਮਾਰਗਦਰਸ਼ਨ ’ਚ ਏ. ਆਈ. ਦੀ ਮਦਦ ਨਾਲ ਪੰਜਾਬ ਹੋਰਨਾਂ ਸੂਬਿਆਂ ਦੇ ਮੁਕਾਬਲੇ ਤਰੱਕੀ ਕਰ ਸਕਦਾ ਹੈ। ਏ. ਆਈ. ਤਕਨਾਲੋਜੀ ਨਾ ਸਿਰਫ਼ ਵਿਸ਼ਵ ਪੱਧਰ ’ਤੇ ਮੁਕਾਬਲੇ ਵਾਲੇ ਮਾਹੌਲ ਵਿਚ ਅੱਗੇ ਵਧਣ ਲਈ ਬਲ ਪ੍ਰਦਾਨ ਕਰੇਗੀ, ਸਗੋਂ ਪੰਜਾਬ ਵਿਚ ਬੇਮਿਸਾਲ ਵਿਕਾਸ ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹ ਸਕਣਗੇ।
ਏ. ਆਈ. ਆਧਾਰਿਤ ਪਰਿਵਰਤਨ ਨੂੰ ਪੂਰੀ ਤਰ੍ਹਾਂ ਅਪਣਾਉਣ ਲਈ, ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਮਰਪਿਤ ਇਕ ਨਵਾਂ ਮੰਤਰਾਲਾ ਸਥਾਪਤ ਕੀਤਾ ਜਾ ਸਕਦਾ ਹੈ। ਸ਼ਕਤੀਸ਼ਾਲੀ ਏ. ਆਈ. ਨੀਤੀ ਅਤੇ ਢੁਕਵੇਂ ਬਜਟ ਦੇ ਨਾਲ, ਇਹ ਮੰਤਰਾਲਾ ਪੰਜਾਬ ਦੇ ਸਾਰੇ ਵਿਭਾਗਾਂ ਵਿਚ ਤਾਲਮੇਲ ਸਥਾਪਤ ਕਰ ਸਕਦਾ ਹੈ ਤਾਂ ਜੋ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ ਵਿਚ ਸੁਧਾਰ ਕੀਤਾ ਜਾ ਸਕੇ। ਇਹ ਮੰਤਰਾਲਾ ਲੋਕਾਂ ਨੂੰ ਏ. ਆਈ. ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰੇ ਕਿ ਕਿਵੇਂ ਇਸ ਦੀ ਮਦਦ ਨਾਲ ਕਈ ਚੁਣੌਤੀਆਂ ਨੂੰ ਹੱਲ ਕਰਨਾ ਆਸਾਨ ਹੋ ਜਾਵੇਗਾ। ਤੇਲੰਗਾਨਾ ਨੇ ਏ. ਆਈ. ਮਿਸ਼ਨ ਦੀ ਪਹਿਲਕਦਮੀ ਤਹਿਤ, ਏ. ਆਈ. ਤਕਨਾਲੋਜੀ ਨੂੰ ਪ੍ਰਸ਼ਾਸਨ, ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿਚ ਲਾਗੂ ਕੀਤਾ ਹੈ।
ਸ਼ਾਸਨ ਵਿਚ ਜਵਾਬਦੇਹੀ ਅਤੇ ਕੁਸ਼ਲਤਾ : ਏ. ਆਈ. ਮਨੁੱਖੀ ਸ਼ਕਤੀ ਦੀ ਸੁਪੋਰਟ ਕਰਨ ਵਾਲਾ ਇਕ ਉਪਕਰਣ ਹੈ। ਇਸ ਨਾਲ ਜਿੱਥੇ ਰੋਜ਼ਾਨਾ ਰੁਟੀਨ ਦਾ ਕੰਮ ਸਮੇਂ ਸਿਰ ਆਟੋਮੈਟਿਕ ਮੋਡ ਵਿਚ ਹੋਵੇਗਾ, ਉੱਥੇ ਹੀ ਮੈਨਪਾਵਰ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਲਈ ਸਮਾਂ ਮਿਲੇਗਾ। ਫਿਨਲੈਂਡ ਨੇ ਏ. ਆਈ. ਦੀ ਵਰਤੋਂ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ, ਜਵਾਬਦੇਹੀ ਯਕੀਨੀ ਬਣਾਉਣ ਅਤੇ ਕਰਮਚਾਰੀਆਂ ’ਤੇ ਬੋਝ ਪਾਏ ਬਿਨਾਂ ਪ੍ਰਸ਼ਾਸਨ ਦੀ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਕੀਤੀ ਹੈ। ‘ਏ. ਆਈ. ਐਲਗੋਰਿਦਮ’ ਦੀ ਮਦਦ ਨਾਲ, ਪੰਜਾਬ ਸਰਕਾਰ ਮਾੜੇ ਪ੍ਰਬੰਧ ਜਾਂ ਧੋਖਾਧੜੀ ਦੇ ਮਾਮਲਿਆਂ ਦੀ ਪਛਾਣ ਕਰ ਸਕਦੀ ਹੈ ਅਤੇ ਹੱਲ ਕਰ ਸਕਦੀ ਹੈ। ਅਜਿਹਾ ਉਪਾਅ ਨਾ ਸਿਰਫ਼ ਸਰਕਾਰੀ ਸਰੋਤਾਂ ਨੂੰ ਭ੍ਰਿਸ਼ਟਾਚਾਰ ਤੋਂ ਬਚਾਉਣ ਵਿਚ ਸਹਾਈ ਹੋਵੇਗਾ ਸਗੋਂ ਸਰਕਾਰ ਵਿਚ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਕਰੇਗਾ।
ਨਾਗਰਿਕ ਮਜ਼ਬੂਤ ਹੋਣਗੇ : ਏ. ਆਈ. ਸੰਚਾਲਿਤ ਈ-ਗਵਰਨੈਂਸ ਪਲੇਟਫਾਰਮ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਰਲ ਬਣਾ ਸਕਦੇ ਹਨ, ਜਿਸ ਨਾਲ ਲੋਕਾਂ ਦੀ ਸਰਕਾਰੀ ਸੇਵਾਵਾਂ ਤੱਕ ਪਹੁੰਚ ਆਸਾਨ ਹੋ ਜਾਂਦੀ ਹੈ। ‘ਏ. ਆਈ. ਚੈਟਬਾਟ’ ਨਾਗਰਿਕਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ, ਪਰਮਿਟ ਲਈ ਅਰਜ਼ੀ ਦੇਣ ਅਤੇ ਜਾਣਕਾਰੀ ਪ੍ਰਾਪਤ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਨਾਲ ਕਿਸੇ ਵੀ ਕੰਮ ’ਚ ਨੌਕਰਸ਼ਾਹੀ ਦੇ ਪੱਧਰ ’ਤੇ ਹੋਣ ਵਾਲੀ ਦੇਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਅਪਰਾਧ ਪੈਟਰਨਾਂ ਅਤੇ ਕੁਦਰਤੀ ਆਫ਼ਤਾਂ ’ਤੇ ਏ. ਆਈ. ਡਾਟਾ ਵਿਸ਼ਲੇਸ਼ਣ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਸਰਕਾਰ ਦੀ ਮਦਦ ਕਰੇਗਾ।
ਸਿਹਤ ਸੇਵਾਵਾਂ : ਏ. ਆਈ. ਐਡਵਾਂਸਡ ਡਾਇਗਨੌਸਟਿਕ ਉਪਕਰਣ ਪੰਜਾਬ, ਖਾਸ ਕਰ ਕੇ ਪੇਂਡੂ ਖੇਤਰਾਂ ਵਿਚ ਸਿਹਤ ਸੰਭਾਲ ਸੇਵਾਵਾਂ ਵਿਚ ਕ੍ਰਾਂਤੀ ਲਿਆ ਸਕਦੇ ਹਨ। ਸਿਹਤ ਸੇਵਾ ਪ੍ਰਣਾਲੀ ਵਿਚ ਏ. ਆਈ. ਆਧਾਰਿਤ ਟੈਲੀਮੈਡੀਸਨ ਰਾਹੀਂ ਡਾਕਟਰਾਂ ਅਤੇ ਮਰੀਜ਼ਾਂ ਵਿਚਕਾਰ ਸੰਚਾਰ ਨੂੰ ਸਰਲ ਬਣਾਇਆ ਜਾ ਸਕਦਾ ਹੈ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਸਿਹਤ ਸੇਵਾਵਾਂ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ਤਾਮਿਲਨਾਡੂ ਨੇ ਏ. ਆਈ. ਦੀ ਵਰਤੋਂ ਨਾਲ ਬੀਮਾਰੀਆਂ ਦੇ ਫੈਲਣ ਦੀ ਭਵਿੱਖਬਾਣੀ ਕਰਨ ਅਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇਕ ਵਿਲੱਖਣ ਮਾਡਲ ਪੇਸ਼ ਕੀਤਾ ਹੈ।
ਸਿੱਖਿਆ : ਐਸਟੋਨੀਆ ਵਰਗੇ ਦੇਸ਼ ਨੇ ਸਿੱਖਿਆ ਪ੍ਰਣਾਲੀ ਵਿਚ ਏ. ਆਈ. ਨੂੰ ਸ਼ਾਮਲ ਕਰ ਕੇ ਹਰ ਵਿਦਿਆਰਥੀ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਸਿਲੇਬਸ ਅਤੇ ਅਧਿਐਨ ਸਮੱਗਰੀ ਤਿਆਰ ਕੀਤੀ ਹੈ। ਇਸ ਮਾਡਲ ਨੂੰ ਅਪਣਾ ਕੇ ਪੰਜਾਬ ਸਿੱਖਿਆ ਅਤੇ ਹੁਨਰ ਵਿਕਾਸ ਵਿਚ ਸੁਧਾਰ ਕਰ ਸਕਦਾ ਹੈ। ਭਵਿੱਖ ਵਿਚ ਸਕੂਲ ਛੱਡਣ ਵਾਲਿਆਂ ਦਾ ਏ. ਆਈ. ਪਛਾਣ ਦੇ ਆਧਾਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਸਰਕਾਰ ਨੂੰ ਸਮੇਂ ਸਿਰ ਕੀ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਸਰਕਾਰ ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜ ਰਹੀ ਹੈ, ਜਦ ਕਿ ਏ. ਆਈ. ਦੀ ਮਦਦ ਨਾਲ ਉਨ੍ਹਾਂ ਨੂੰ ਇੱਥੇ ਹੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਧੁਨਿਕ ਤਰੀਕਿਆਂ ਨਾਲ ਲੈਸ ਕੀਤਾ ਜਾ ਸਕਦਾ ਹੈ ਕਿ ਬੱਚਿਆਂ ਦਾ ਪੜ੍ਹਾਈ ਪ੍ਰਤੀ ਲਗਾਅ ਕਿਵੇਂ ਵਧਾਇਆ ਜਾਵੇ।
ਖੇਤੀ : ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏ. ਆਈ. ਨਾਲ ਕਿਸਾਨਾਂ ਨੂੰ ਸਿੰਚਾਈ ਬਾਰੇ ਸਹੀ ਜਾਣਕਾਰੀ ਦੇਣ ਤੋਂ ਇਲਾਵਾ ਮੌਸਮ ਦੀ ਭਵਿੱਖਬਾਣੀ ਕਰਨ ਤੋਂ ਇਲਾਵਾ ਫ਼ਸਲਾਂ ਦੀਆਂ ਬਿਹਤਰ ਕਿਸਮਾਂ ਬਾਰੇ ਵੀ ਸਲਾਹ ਦਿੱਤੀ ਜਾ ਸਕਦੀ ਹੈ। ਕਰਨਾਟਕ ਵਿਚ ਫਸਲਾਂ ਦੀ ਪੈਦਾਵਾਰ ’ਤੇ ਏ. ਆਈ. ਦੀ ਮਦਦ ਨਾਲ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਕਿਸਾਨ ਵੀ ਏ. ਆਈ. ਸਟੀਕ ਤਕਨੀਕ ਦੀ ਮਦਦ ਨਾਲ ਮਿੱਟੀ ਦੀ ਪਰਖ ਅਤੇ ਕੀੜਿਆਂ ਦੀ ਨਿਗਰਾਨੀ ਲਈ ਡਰੋਨ ਅਤੇ ਸੈਂਸਰ ਡੇਟਾ ਅਪਣਾ ਕੇ ਖਾਦਾਂ, ਪਾਣੀ ਅਤੇ ਕੀਟਨਾਸ਼ਕਾਂ ਦੀ ਖਪਤ ਘਟਾ ਕੇ ਵੱਧ ਝਾੜ ਪ੍ਰਾਪਤ ਕਰ ਸਕਦੇ ਹਨ।
ਉਦਯੋਗ ਅਤੇ ਬੁਨਿਆਦੀ ਢਾਂਚਾ : ਰੈਗੂਲੇਟਰੀ ਨਿਯਮਾਂ ਦੀ ਪਾਲਣਾ, ਡੇਟਾ ਸ਼ੇਅਰਿੰਗ, ਬੌਧਿਕ ਸੰਪੱਤੀ ਦੀ ਨੈਤਿਕ ਵਰਤੋਂ ਬਾਰੇ ਏ. ਆਈ. ਕਾਰੋਬਾਰੀਆਂ ਦਾ ਮਾਰਗਦਰਸ਼ਨ ਕਰ ਸਕਦੀ ਹੈ। ਇਸ ਦੀ ਮਦਦ ਨਾਲ ਨਿਰਮਾਣ ਪ੍ਰਕਿਰਿਆ ਅਤੇ ਸਪਲਾਈ ਚੇਨ ਨੂੰ ਸੁਧਾਰਿਆ ਜਾ ਸਕਦਾ ਹੈ। ਗੁਜਰਾਤ ਵਿਚ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਏ. ਆਈ. ਤਕਨਾਲੋਜੀ ਦੀ ਵਰਤੋਂ ਸਾਬਤ ਕਰਦੀ ਹੈ ਕਿ ਤਕਨਾਲੋਜੀ ਦੀ ਮਦਦ ਨਾਲ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਪੰਜਾਬ ਦਾ ਉਦਯੋਗਿਕ ਖੇਤਰ ਆਲਮੀ ਬਾਜ਼ਾਰ ਦੇ ਰੁਝਾਨਾਂ ਦੀ ਪਛਾਣ ਕਰਨ ਅਤੇ ਉਸ ਅਨੁਸਾਰ ਆਪਣੀ ਨਿਰਮਾਣ ਸਮਰੱਥਾ ਵਿਕਸਤ ਕਰਨ ਲਈ ਏ. ਆਈ. ਦੀ ਵਰਤੋਂ ਕਰ ਸਕਦਾ ਹੈ। ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਨਿਗਰਾਨੀ ਵਿਚ ਸੁਧਾਰ ਕਰਨ ਨਾਲ ਦੇਰੀ ਦੇ ਕਾਰਨ ਲਾਗਤਾਂ ’ਚ ਸੰਭਾਵੀ ਵਾਧੇ ਤੋਂ ਬਚਿਆ ਜਾ ਸਕਦਾ ਹੈ।
ਮਾਲੀਆ ਸਰੋਤਾਂ ਵਿਚ ਸੁਧਾਰ : ਏ. ਆਈ. ਪੰਜਾਬ ਸਰਕਾਰ ਨੂੰ ਟੈਕਸ ਇਕੱਠਾ ਕਰਨ ਦੀ ਪ੍ਰਕਿਰਿਆ ਵਿਚ ਕੁਸ਼ਲਤਾ ਵਧਾਉਣ, ਟੈਕਸ ਚੋਰੀ ਨੂੰ ਘਟਾਉਣ ਅਤੇ ਵਿੱਤੀ ਯੋਜਨਾਬੰਦੀ ਵਿਚ ਸੁਧਾਰ ਕਰਨ ਵਿਚ ਮਦਦ ਕਰ ਸਕਦੀ ਹੈ। ਆਂਧਰਾ ਪ੍ਰਦੇਸ਼ ਦੀ ਰੀਅਲ-ਟਾਈਮ ਗਵਰਨੈਂਸ ਸੋਸਾਇਟੀ (ਆਰ. ਟੀ. ਜੀ.ਐੱਸ.) ਮਾਲੀਏ ਦੀ ਸਹੀ ਵਰਤੋਂ ਦੀ ਨਿਗਰਾਨੀ ਕਰਨ ਲਈ ਏ. ਆਈ. ਦੀ ਵਰਤੋਂ ਕਰਦੀ ਹੈ। ਆਰ. ਟੀ. ਜੀ. ਐੱਸ. ਤੋਂ ਪ੍ਰੇਰਣਾ ਲੈ ਕੇ ਪੰਜਾਬ ਵੀ ਆਪਣੇ ਵਿੱਤੀ ਸਾਧਨਾਂ ਦੀ ਬਿਹਤਰ ਵਰਤੋਂ ਕਰ ਸਕਦਾ ਹੈ। ਏ. ਆਈ. ਦੀ ‘ਅਨਟੈਪਡ ਰੈਵੇਨਿਊ ਸਟਰੀਮਜ਼’ ਦੀ ਮਦਦ ਨਾਲ ਜਨਤਾ ’ਤੇ ਨਵੇਂ ਟੈਕਸਾਂ ਦਾ ਬੋਝ ਵਧਾਏ ਬਿਨਾਂ ਵਿਕਾਸ ਪ੍ਰਾਜੈਕਟਾਂ ਨੂੰ ਲੋੜੀਂਦੇ ਫੰਡ ਦਿੱਤੇ ਜਾ ਸਕਦੇ ਹਨ।
ਅੱਗੇ ਦਾ ਰਸਤਾ : ਏ. ਆਈ. ਨੂੰ ਅਪਣਾ ਕੇ ਪੰਜਾਬ ਆਪਣੀਆਂ ਮੌਜੂਦਾ ਚੁਣੌਤੀਆਂ ਦੇ ਟਿਕਾਊ ਹੱਲ ਦੇ ਨਾਲ ਵਿਕਾਸ ਦਾ ਨਵਾਂ ਰਾਹ ਸਿਰਜ ਸਕਦਾ ਹੈ। ਏ. ਆਈ. ਵਿਚ ਮਨੁੱਖੀ ਸ਼ਕਤੀ ਦੀ ਸਮਰੱਥਾ ਵਧਾਉਣ ਅਤੇ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਲੱਭਣ ਦੀ ਸਮਰੱਥਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਲੀਡਰਸ਼ਿਪ ਅਤੇ ਸਹੀ ਨੀਤੀ ਨਾਲ, ਪੰਜਾਬ ਆਪਣੀ ਸਮਾਜਿਕ-ਆਰਥਿਕ ਸਥਿਤੀ ਨੂੰ ਬਦਲਣ ਲਈ ਏ. ਆਈ. ਦੇ ਜਾਦੂ ਦੀ ਵਰਤੋਂ ਕਰ ਸਕਦਾ ਹੈ।
ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)