‘ਬਜ਼ੁਰਗਾਂ ਦੇ ਲਈ’ ਰੇਲ ਕਿਰਾਏ ’ਚ ਬੰਦ ਛੋਟ ਜਲਦੀ ਬਹਾਲ ਕੀਤੀ ਜਾਵੇ!
Tuesday, Dec 30, 2025 - 06:09 AM (IST)
ਭਾਰਤੀ ਰੇਲਵੇ ਨੂੰ ਦੇਸ਼ ਦੀ ‘ਲਾਈਫ ਲਾਈਨ’ ਕਿਹਾ ਜਾਂਦਾ ਹੈ, ਜਿਸ ’ਚ ਸੀਨੀਅਰ ਨਾਗਰਿਕਾਂ ਸਮੇਤ ਰੋਜ਼ਾਨਾ 2.3 ਕਰੋੜ ਲੋਕ ਯਾਤਰਾ ਕਰਦੇ ਹਨ। ‘ਕੋਰੋਨਾ’ ਮਹਾਮਾਰੀ ਤੋਂ ਪਹਿਲਾਂ ਭਾਰਤੀ ਰੇਲਵੇ 58 ਸਾਲ ਤੋਂ ਵੱਧ ਉਮਰ ਦੀਆਂ ਔਰਤ ਯਾਤਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਰੇਲ-ਗੱਡੀਆਂ ਦੇ ਕਿਰਾਏ ’ਚ ਵਿਸ਼ੇਸ਼ ਛੋਟ ਦਿੰਦਾ ਸੀ। ਇਸ ਦੇ ਅਨੁਸਾਰ ਰੇਲ ਕਿਰਾਏ ’ਚ ਅੌਰਤਾਂ ਨੂੰ 50 ਫੀਸਦੀ ਤੱਕ ਅਤੇ ਮਰਦਾਂ ਨੂੰ 40 ਫੀਸਦੀ ਤੱਕ ਛੋਟ ਮਿਲਦੀ ਸੀ।
ਇਹ ਛੋਟ ਸਾਰੀਆਂ ਮੇਲ/ਐਕਸਪ੍ਰੈੱਸ/ਰਾਜਧਾਨੀ/ਸ਼ਤਾਬਦੀ/ਦੁਰੰਤੋ ਆਦਿ ਰੇਲਗੱਡੀਆਂ ’ਚ ਮੁਹੱਈਆ ਸੀ, ਜੋ ਬਜ਼ੁਰਗ ਯਾਤਰੀਆਂ ਲਈ ਆਰਥਿਕ ਤੌਰ ’ਤੇ ਬਹੁਤ ਮਦਦਗਾਰ ਸੀ। ਮਹਾਮਾਰੀ ਦੇ ਦੌਰਾਨ ਵਿੱਤੀ ਦਬਾਅ ਅਤੇ ਯਾਤਰੀਆਂ ਦੀਆਂ ਬੇਨਿਯਮੀਆਂ ਕਾਰਨ ਇਹ ਸਹੂਲਤ 20 ਮਾਰਚ, 2020 ਤੋਂ ਬੰਦ ਕਰ ਦਿੱਤੀ ਗਈ ਅਤੇ ਅਜੇ ਤੱਕ ਮੁਅੱਤਲ ਹੈ। ਇਸ ਕਾਰਨ ਬਜ਼ੁਰਗ ਯਾਤਰੀਆਂ ਨੂੰ ਹੁਣ ਕਿਰਾਏ ’ਚ ਛੋਟ ਨਹੀਂ ਮਿਲਦੀ, ਜਿਸ ਨਾਲ ਉਨ੍ਹਾਂ ਦੀ ਯਾਤਰਾ ਬਹੁਤ ਮਹਿੰਗੀ ਹੋ ਗਈ ਹੈ।
‘ਸੂਚਨਾ ਦੇ ਅਧਿਕਾਰ’ ਦੇ ਅਧੀਨ ਮੰਗੀ ਗਈ ਇਕ ਜਾਣਕਾਰੀ ਦੇ ਜਵਾਬ ’ਚ ਦੱਸਿਆ ਗਿਆ ਹੈ ਕਿ ਇਸ ਛੋਟ ਨੂੰ ਹਟਾਉਣ ਨਾਲ ਰੇਲਵੇ ਨੂੰ ਪਿਛਲੇ 4 ਸਾਲਾਂ ’ਚ ਲੱਗਭਗ 5,800 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਮਾਲੀਆ ਪ੍ਰਾਪਤ ਹੋਇਆ ਹੈ।
ਵਰਣਨਯੋਗ ਹੈ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਈ ਵਾਰ ਸੰਸਦ ’ਚ ਕਿਹਾ ਹੈ ਕਿ ਕਿਉਂਕਿ ਰੇਲਵੇ ਵਲੋਂ ਯਾਤਰੀਆਂ ਨੂੰ ਪਹਿਲਾਂ ਹੀ ਭਾਰੀ ਸਬਸਿਡੀ ਦਿੱਤੀ ਜਾ ਰਹੀ ਹੈ, ਇਸ ਲਈ ਇਹ ਛੋਟ ਬਹਾਲ ਕਰਨਾ ਸੰਭਵ ਨਹੀਂ ਹੈ।
ਇਸ ਦੌਰਾਨ ਸੰਸਦ ਦੀ ਸਥਾਈ ਕਮੇਟੀ ਨੇ ਸਲੀਪਰ ਅਤੇ 3 ਏ. ਸੀ. ਸ਼੍ਰੇਣੀਆਂ ’ਚ ਰਿਆਇਤਾਂ ਬਹਾਲ ਕਰਨ ਦੀ ਸਲਾਹ ਦਿੱਤੀ ਹੈ ਪਰ ਸਰਕਾਰ ਨੇ ਅਜੇ ਤੱਕ ਇਸ ਸੰਬੰਧ ’ਚ ਕੋਈ ਫੈਸਲਾ ਨਹੀਂ ਲਿਆ ਹੈ। ਵਿਰੋਧੀ ਦਲਾਂ ਨੇ ਇਸ ਛੋਟ ਨੂੰ ਵਾਪਸ ਲੈਣ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਸੀਨੀਅਰ ਯਾਤਰੀਆਂ ਲਈ 1600 ਕਰੋੜ ਰੁਪਏ ਦਾ ਬੋਝ ਨਹੀਂ ਝੱਲ ਪਾ ਰਹੀ।
ਬਜ਼ੁਰਗ ਸਾਡੇ ਦੇਸ਼ ਦੀ ਜਾਇਦਾਦ ਹਨ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਨੂੰ ਦਿੱਤਾ ਹੈ। ਉਨ੍ਹਾਂ ਤੋਂ ਇਹ ਸਹੂਲਤ ਖੋਹਣੀ ਉਚਿੱਤ ਨਹੀਂ। ਇਸ ਲਈ ਇਸ ਸਹੂਲਤ ਨੂੰ ਜਿੰਨੀ ਜਲਦੀ ਬਹਾਲ ਕੀਤਾ ਜਾਏਗਾ ਬਜ਼ੁਰਗ ਯਾਤਰੀਆਂ ਲਈ ਓਨਾ ਹੀ ਚੰਗਾ ਹੋਵੇਗਾ।
–ਵਿਜੇ ਕੁਮਾਰ
