‘ਭਾਰਤੀ ਸਮਾਜ ’ਚ’ ਵਧ ਰਹੀਆਂ ਹਨ ਆਤਮਹੱਤਿਆਵਾਂ!
Sunday, Oct 26, 2025 - 06:04 AM (IST)
ਦੇਸ਼ ’ਚ ਵੱਖ-ਵੱਖ ਕਾਰਨਾਂ ਕਰ ਕੇ ਸਾਰੇ ਵਰਗਾਂ ਦੇ ਲੋਕਾਂ ’ਚ ਆਤਮਹੱਤਿਆ ਕਰਨ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਨਾਲ ਵੱਡੀ ਗਿਣਤੀ ’ਚ ਪਰਿਵਾਰ ਉਜੜ ਰਹੇ ਹਨ। ਸਿਰਫ 24 ਅਕਤੂਬਰ ਨੂੰ ਸਾਹਮਣੇ ਆਈਆਂ ਇਕ ਦਿਨ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ :
* ‘ਸਤਾਰਾ’ (ਮਹਾਰਾਸ਼ਟਰ) ’ਚ ‘ਫਲਟਨ’ ਤਹਿਸੀਲ ਦੇ ਇਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਆਤਮਹੱਤਿਆ ਕਰ ਲਈ। ਆਪਣੀ ਹਥੇਲੀ ’ਤੇ ਲਿਖੇ ਸੁਸਾਈਡ ਨੋਟ ’ਚ ਡਾਕਟਰ ਨੇ ਇਕ ਪੁਲਸ ਸਬ ਇੰਸਪੈਕਟਰ ‘ਗੋਪਾਲ ਬਦਾਨੇ’ ’ਤੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਅਤੇ ‘ਪ੍ਰਸ਼ਾਂਤ ਬਾਂਕਰ’ ਨਾਂ ਦੇ ਇਕ ਹੋਰ ਪੁਲਸ ਮੁਲਾਜ਼ਮ ’ਤੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
* ‘ਦੇਵਰੀਆ’ (ਉੱਤਰ ਪ੍ਰਦੇਸ਼) ’ਚ ਆਪਣੀ 6 ਸਾਲਾ ਬੇਟੀ ਦੇ ਜਬਰ-ਜ਼ਨਾਹ ਤੋਂ ਦੁਖੀ ਉਸ ਦੇ ਪਿਤਾ ਨੇ ਆਤਮਹੱਤਿਆ ਕਰ ਲਈ। ਜਬਰ-ਜ਼ਨਾਹ ਕਰਨ ਵਾਲਾ ਇਸੇ ਬੱਚੀ ਦੇ ਪਿਤਾ ਦਾ ਦੋਸਤ ਸੀ ਜੋ ਉਨ੍ਹਾਂ ਨਾਲ ਇਕ ਹੀ ਮਕਾਨ ’ਚ ਕਿਰਾਏ ’ਤੇ ਰਹਿੰਦਾ ਸੀ।
* ‘ਕੋਟਾ’ (ਰਾਜਸਥਾਨ) ’ਚ ‘ਸਰਕਾਰੀ ਮੈਡੀਕਲ ਕਾਲਜ’ ’ਚ ਐੱਮ. ਬੀ. ਬੀ. ਐੱਸ. ਦੀ ਤੀਜੇ ਸਾਲ ਦੀ ਵਿਦਿਆਰਥਣ ‘ਪ੍ਰਾਚੀ ਮੀਣਾ’ ਨੇ ਹਾਲ ਹੀ ’ਚ ਸੰਪੰਨ ਪ੍ਰੀਖਿਆ ’ਚ ਘੱਟ ਅੰਕ ਲੈਣ ਦੇ ਕਾਰਨ ਡਿਪ੍ਰੈਸ਼ਨ ’ਚ ਆਤਮਹੱਤਿਆ ਕਰ ਲਈ।
* ‘ਮੱਧ ਮੁੰਬਈ’ ’ਚ ‘ਸੋਨੂੰ ਬਰਾਈ’ ਨਾਂ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ‘ਮਨੀਸ਼ਾ ਯਾਦਵ’ ਨੂੰ ਮਿਲਣ ਦੇ ਬਹਾਨੇ ਬੁਲਾਇਆ। ‘ਸੋਨੂੰ ਬਰਾਈ’ ਨੂੰ ਸ਼ੱਕ ਸੀ ਕਿ ‘ਮਨੀਸ਼ਾ’ ਦੇ ਕਿਸੇ ਦੂਜੇ ਨੌਜਵਾਨ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ ਦੋਵਾਂ ’ਚ ਝਗੜਾ ਹੋਇਆ ਅਤੇ ਫਿਰ ‘ਸੋਨੂੰ’ ਨੇ ਚਾਕੂ ਨਾਲ ਉਸ ਨੂੰ ਮਾਰ ਦੇਣ ਦੇ ਬਾਅਦ ਖੁਦ ਵੀ ਆਪਣਾ ਗਲਾ ਵੱਢ ਕੇ ਆਪਣੇ ਜੀਵਨ ਦਾ ਅੰਤ ਕਰ ਦਿੱਤਾ।
* ‘ਏਰਨਾਕੁਲਮ’ (ਕੇਰਲ) ’ਚ ‘ਭਾਰਤੀ ਕਮਿਊਨਸਟ ਪਾਰਟੀ’ (ਮਾਰਕਸਵਾਦੀ) ਦੀ ਸਥਾਨਕ ਕਮੇਟੀ ਦੇ ਸਾਬਕਾ ਸਕੱਤਰ ‘ਪੰਕਜਾਕਸ਼ਨ’ ਨੇ ਆਤਮਹੱਤਿਆ ਕਰ ਲਈ। ਪੁਲਸ ਅਨੁਸਾਰ ‘ਪੰਕਜਾਕਸ਼ਨ’ ਨੇ ਇਹ ਕਦਮ ਆਰਥਿਕ ਕਾਰਨਾਂ ਕਰ ਕੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦੇ ਸਿੱਟੇ ਵਜੋਂ ਚੁੱਕਿਆ।
* ‘ਲਾਡਵਾ’ (ਹਰਿਆਣਾ) ਦੇ ‘ਬਪਦਾ’ ਪਿੰਡ ’ਚ 6 ਮਹੀਨਿਆਂ ਦੀ ਗਰਭਵਤੀ ਮਹਿਲਾ ‘ਕਾਜਲ’ ਨੇ ਘਰ ’ਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕਾ ਦੀਆਂ ਭੈਣਾਂ ਅਨੁਸਾਰ 22 ਅਕਤੂਬਰ, 2023 ਨੂੰ ਵਿਆਹ ਤੋਂ ਬਾਅਦ ਹੀ ‘ਕਾਜਲ’ ਆਪਣੇ ਸਹੁਰੇ ਘਰ ’ਚ ਦੁਖੀ ਸੀ।
* ‘ਗਨੌਰ’ (ਹਰਿਆਣਾ) ਦੇ ਪਿੰਡ ‘ਨਯਾ ਬਾਂਸ’ ’ਚ ਦਾਜ ਤਸ਼ੱਦਦ ਤੋਂ ਤੰਗ ਆ ਕੇ ‘ਰਵੀਨਾ’ ਨਾਂ ਦੀ ਇਕ ਮਹਿਲਾ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕਾ ਦੇ ਪੇਕੇ ਵਾਲਿਆਂ ਦਾ ਦੋਸ਼ ਹੈ ਕਿ ਵਿਆਹ ਦੇ ਬਾਅਦ ਹੀ ਉਸ ਨੂੰ ਲਗਾਤਾਰ ਸਹੁਰੇ ਵਾਲਿਆਂ ਵਲੋਂ ਤੰਗ ਕੀਤਾ ਜਾ ਰਿਹਾ ਸੀ।
* ‘ਰਾਏਪੁਰ’ (ਛੱਤੀਸਗੜ੍ਹ) ’ਚ 25 ਸਾਲਾ ਨਵਵਿਆਹੁਤਾ ‘ਮੰਜੂਸ਼ਾ ਗੋਸਵਾਮੀ’ ਨੇ ਆਪਣੇ ਪਤੀ ਆਸ਼ੀਸ਼ ਵਲੋਂ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਉਸ ਨੂੰ ਥੱਪੜ ਮਾਰ ਦੇਣ ਤੋਂ ਦੁਖੀ ਹੋ ਕੇ ਫਾਂਸੀ ਲਾ ਲਈ।
* ‘ਅਲਵਰ’ (ਰਾਜਸਥਾਨ) ਦੇ ਪਿੰਡ ‘ਬਹਿਲਾ’ ’ਚ ਪੈਸਿਆਂ ਨੂੰ ਲੈ ਕੇ ਆਪਣੇ ਪਿਤਾ ਨਾਲ ਵਿਵਾਦ ਦੇ ਕਾਰਨ ‘ਰਾਹੁਲ ਜਾਟਵ’ ਨਾਂ ਦੇ ਨੌਜਵਾਨ ਨੇ ਆਪਣੀ ਪਤਨੀ ਦੀ ਸਾੜੀ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ।
* ‘ਕੋਇੰਬਟੂਰ’ (ਤਾਮਿਲਨਾਡੂ) ’ਚ ‘ਡਿਫੈਂਸ ਸਕਿਓਰਿਟੀ ਕੋਰ’ ਦੇ ਜਵਾਨ ‘ਐੱਸ. ਸਾਨੂ’ ਨੇ ‘ਸੁੱਲੂਰ’ ਏਅਰਫੋਰਸ ਸਟੇਸ਼ਨ ’ਚ ਆਪਣੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਤਣਾਅ ’ਚ ਸੀ।
ਇਹ ਤਾਂ ਸਿਰਫ ਇਕ ਦਿਨ ’ਚ ਸਾਹਮਣੇ ਆਈਆਂ ਘਟਨਾਵਾਂ ਹਨ। ਇਨ੍ਹਾਂ ਤੋਂ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਇਕ ਸਾਲ ’ਚ ਕਿੰਨੇ ਲੋਕ ਆਪਣੀ ਜਾਨ ਗੁਆ ਲੈਂਦੇ ਹੋਣਗੇ। ਜ਼ਿਆਦਾਤਰ ਕਰੀਅਰ, ਦੁਰਵਿਵਹਾਰ, ਹਿੰਸਾ, ਪਰਿਵਾਰਕ ਸਮੱਸਿਆਵਾਂ, ਵਿਆਹ, ਕੰਮ ਸੰਬੰਧੀ ਤਣਾਅ, ਪ੍ਰੇਮ ਪ੍ਰਸੰਗ, ਜਬਰ-ਜ਼ਨਾਹ ਆਦਿ ਸਮੱਸਿਆਵਾਂ ਆਤਮਹੱਤਿਆਵਾਂ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਦਾ ਇਕ ਮੁੱਖ ਕਾਰਨ ਸੰਯੁਕਤ ਪਰਿਵਾਰਾਂ ਦਾ ਨਾ ਹੋਣਾ ਵੀ ਹੈ।
ਪਰਿਵਾਰ ’ਚ ਕੋਈ ਵੱਡਾ-ਬਜ਼ੁਰਗ, ਮਾਤਾ-ਪਿਤਾ ਆਦਿ ਨਾ ਹੋਣ ਦੇ ਕਾਰਨ ਤਣਾਅਗ੍ਰਸਤ ਵਿਅਕਤੀ ਅਜਿਹਾ ਕਦਮ ਚੁੱਕਣ ਲਈ ਪ੍ਰੇਰਿਤ ਹੋ ਜਾਂਦਾ ਹੈ ਅਤੇ ਆਪਣੇ ਪਿੱਛੇ ਪਰਿਵਾਰ ਨੂੰ ਰੋਂਦੇ-ਕੁਰਲਾਉਂਦੇ ਛੱਡ ਜਾਂਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੀ ਲੋੜ ਹੈ ਤਾਂ ਕਿ ਉਹ ਕਿਸੇ ਵੀ ਸਥਿਤੀ ’ਚ ਹੌਸਲਾ ਨਾ ਹਾਰਨ ਅਤੇ ਖੁਦ ਦੀ ਜੀਵਨ ਲੀਲਾ ਖਤਮ ਕਰਨ ਦੀ ਨੌਬਤ ਨਾ ਆਏ।
–ਵਿਜੇ ਕੁਮਾਰ
