ਈਸਾਈ ਮਤ ਦੇ ਤੇਜ਼ੀ ਨਾਲ ਫੈਲਾਅ ਦਾ ਸਭ ਤੋਂ ਵੱਧ ਅਸਰ ਸਿੱਖਾਂ ’ਤੇ

Saturday, Nov 02, 2024 - 04:07 PM (IST)

ਈਸਾਈ ਮਤ ਦੇ ਤੇਜ਼ੀ ਨਾਲ ਫੈਲਾਅ ਦਾ ਸਭ ਤੋਂ ਵੱਧ ਅਸਰ ਸਿੱਖਾਂ ’ਤੇ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ ਪੀ. ਸਿੰਘ ਵੱਲੋਂ ਪੰਜਾਬ ਵਿਚ ਈਸਾਈ ਮਤ ਦੇ ਤੇਜ਼ੀ ਨਾਲ ਫੈਲਣ ਦੇ ਮੁੱਦੇ ’ਤੇ ਦਿੱਤੇ ਬਿਆਨ ਨਾਲ ਇਕ ਵਾਰ ਤਾਂ ਸਿੱਖ ਸਿਆਸਤ ਵਿਚ ਭੂਚਾਲ ਦੀ ਸਥਿਤੀ ਪੈਦਾ ਹੋ ਗਈ ਸੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਬਿਆਨ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਰ. ਪੀ. ਸਿੰਘ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਵੀ ਮੰਗ ਕਰ ਦਿੱਤੀ ਸੀ ਪਰ ਬਾਅਦ ਵਿਚ ਆਰ. ਪੀ. ਸਿੰਘ ਨੇ ਇਸ ਬਿਆਨ ਨੂੰ ਵਾਪਸ ਲੈ ਲਿਆ ਸੀ।

ਪਰ ਅੱਜ ਅਸੀਂ ਆਰ. ਪੀ. ਸਿੰਘ ਦੇ ਬਿਆਨ ਦੇ ਗਲਤ ਜਾਂ ਠੀਕ ਹੋਣ ਬਾਰੇ ਗੱਲ ਨਹੀਂ ਕਰ ਰਹੇ। ਅਸੀਂ ਗੱਲ ਕਰਾਂਗੇ ਬਿਆਨ ’ਚੋਂ ਉੱਠੇ ਉਸ ਮੁੱਦੇ ਬਾਰੇ ਜਿਸ ’ਤੇ ਡੂੰਘੀ ਨਜ਼ਰ ਮਾਰਨ ਤੋਂ ਇਹ ਜਾਪਦਾ ਹੈ ਕਿ ਪੰਜਾਬ ਵਿਚ ਈਸਾਈ ਮਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਫੈਲਾਅ ਦਾ ਸਭ ਤੋਂ ਵੱਧ ਅਸਰ ਸਿੱਖ ਧਰਮ ਦੇ ਅਨੁਆਈਆਂ ’ਤੇ ਪੈ ਰਿਹਾ ਹੈ। ਪਿਛਲੇ ਇਤਹਾਸ ’ਤੇ ਝਾਤ ਮਾਰੀਏ ਤਾਂ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਅੰਗਰੇਜ਼ ਹਕੂਮਤ ਅਤੇ ਈਸਾਈ ਧਰਮ ਦੇ ਪ੍ਰਚਾਰਕਾਂ ਵੱਲੋਂ ਸਿੱਖਾਂ ਦਾ ਧਰਮ ਤਬਦੀਲ ਕਰਨ ਦਾ ਪੁਰਾਣਾ ਇਤਹਾਸ ਹੈ। ਅਜਿਹੀ ਸਭ ਤੋਂ ਵੱਡੀ ਕਾਰਵਾਈ ਅੰਗਰੇਜ਼ ਹਕੂਮਤ ਵੱਲੋਂ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦਾ ਵਿਵਾਦਪੂਰਨ ਹਾਲਾਤ ਵਿਚ ਧਰਮ ਪਰਿਵਰਤਨ ਕਰਨਾ ਸੀ।

ਇਸ ਤੋਂ ਬਾਅਦ ਈਸਾਈ ਪ੍ਰਚਾਰਕਾਂ ਨੇ ਪੰਜਾਬ ਵਿਚ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਸਨ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਹੀ ਅੰਗਰੇਜ਼ ਹਕੂਮਤ ਨੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਸਿੱਖ ਧਰਮ ਦੀਆਂ ਮਰਿਆਦਾਵਾਂ ਦੇ ਉਲਟ ਚੱਲ ਰਹੇ ਮਹੰਤਾਂ, ਨਿਰਮਲਿਆਂ ਅਤੇ ਉਦਾਸੀਆਂ ਨੂੰ ਪੂਰੀ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਨੂੰ ਈਸਾਈ ਬਣਾਉਣ ਲਈ ਇਕ ਮੁਹਿੰਮ ਛੇੜ ਦਿੱਤੀ ਸੀ।

ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਪ੍ਰਮੁੱਖ ਸਿੱਖ ਸ਼ਖਸੀਅਤਾਂ ਵੱਲੋਂ ਸਿੰਘ ਸਭਾ ਲਹਿਰ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਸਭਾ ਦੀ ਪਲੇਠੀ ਗੈਰ-ਰਸਮੀ ਮੀਟਿੰਗ ਖੇਮ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਈ ਅਤੇ ਰਸਮੀ ਮੀਟਿੰਗ ਇਕ ਅਕਤੂਬਰ 1873 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੋਈ ਤੇ ਇਸ ਮੀਟਿੰਗ ਵਿਚ ਠਾਕਰ ਸਿੰਘ ਸੰਧਾਵਾਲੀਆ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸੇ ਸਾਲ ਹੀ ਈਸਾਈ ਪ੍ਰਚਾਰਕਾਂ ਨੇ 4 ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਈਸਾਈ ਧਰਮ ਦੇ ਪੈਰੋਕਾਰ ਬਣਾ ਲਿਆ ਸੀ। ਇਸ ਕਾਰਨ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਆਪਣਾ ਮਿਸ਼ਨ ਬਣਾ ਲਿਆ ਜਿਸ ਦਾ ਵੱਡਾ ਅਸਰ ਹੋਇਆ ਤੇ 19ਵੀਂ ਸਦੀ ਦੇ ਅਖੀਰ ਵਿਚ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਅਤੇ 1940 ਤੱਕ ਸਿੱਖਾਂ ਦੀ ਆਬਾਦੀ ਦੁੱਗਣੀ ਹੋ ਗਈ।

ਇਸ ਸਮੇਂ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਵਾਗਡੋਰ ਸੰਭਾਲ ਲਈ ਸੀ ਅਤੇ ਦੋਵੇਂ ਜਥੇਬੰਦੀਆਂ ਸਿੱਖ ਪੰਥ ਦੀਆਂ ਸਿਰਮੌਰ ਜਥੇਬੰਦੀ ਬਣ ਗਈਆਂ ਸਨ।ਇਸ ਤੋਂ ਬਾਅਦ ਭਾਰਤ ਆਜ਼ਾਦ ਹੋ ਗਿਆ, ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਅਤੇ ਈਸਾਈ ਪ੍ਰਚਾਰਕ ਠੰਢੇ ਪੈ ਗਏ। ਆਜ਼ਾਦੀ ਤੋਂ ਬਾਅਦ ਭਾਵੇਂ ਸਿੱਖ ਪੰਥ ਨੂੰ ਧਰਮ ਪਰਿਵਰਤਨ ਦਾ ਕੋਈ ਖਤਰਾ ਨਹੀਂ ਸੀ ਰਿਹਾ ਪਰ ਦੇਸ਼ ਦੀ ਹਕੂਮਤ ਨਾਲ ਦੋਵੇਂ ਜਥੇਬੰਦੀਆਂ ਨੇ ਕਈ ਸੰਘਰਸ਼ ਕੀਤੇ ਤੇ ਸਿੱਖ ਹਿੱਤਾਂ ਦੀ ਰਾਖੀ ਕੀਤੀ। ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਸਿੱਖ ਪੰਥ ਸਾਹਮਣੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਵਾਲੀ ਸਥਿਤੀ ਪੈਦਾ ਹੋ ਗਈ ਅਤੇ ਈਸਾਈ ਭਾਈਚਾਰੇ ਦੀ ਆਬਾਦੀ ਜਿਹੜੀ 2011 ’ਚ 1.3 ਪ੍ਰਤੀਸ਼ਤ ਤੋਂ ਵੀ ਘਟ ਗਈ ਸੀ ਬਾਰੇ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਆਬਾਦੀ ਹੁਣ 15 ਫ਼ੀਸਦੀ ਤੋਂ ਵੀ ਵਧ ਗਈ ਹੈ।

ਇਸ ਦਾਅਵੇ ਨੂੰ ਸਹੀ ਠਹਿਰਾਉਣ ਲਈ ਕਈ ਉਦਾਹਰਣਾਂ ਹਨ, ਜਿਨ੍ਹਾਂ ਵਿਚ 5 ਜੁਲਾਈ, 2022 ਨੂੰ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਰੂਸੇਡ (ਧਰਮਯੁੱਧ) ਦੇ ਨਾਂ ਹੇਠ ਈਸਾਈ ਪਾਦਰੀ ਅੰਕੁਰ ਜੋਸੇਫ਼ ਨਰੂਲਾ ਦੀ ਅਗਵਾਈ ਹੇਠ ਲੱਖਾਂ ਈਸਾਈਆਂ ਦਾ ਇਕੱਠ, ਇਸੇ ਪਾਸਟਰ ਵੱਲੋਂ ਜਲੰਧਰ ਵਿਖੇ ਦੁਨੀਆ ਦੇ ਚੌਥੇ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਚਰਚ ਸਾਈਨਜ਼ ਐਂਡ ਵੰਡਰਜ਼ ਦਾ ਨਿਰਮਾਣ ਕਰਵਾਉਣਾ, ਅੰਮ੍ਰਿਤਸਰ ਜ਼ਿਲੇ ਦੇ ਪਿੰਡ ਦੁਜੋਵਾਲ ਵਿਚ 30 ਪ੍ਰਤੀਸ਼ਤ ਵੋਟਰਾਂ ਦਾ ਈਸਾਈ ਹੋਣਾ ਅਤੇ ਅਜਨਾਲਾ ਤਹਿਸੀਲ ਦੇ ਇਕ ਪਿੰਡ ਅਵਾਣਾ ਵਿਖੇ 4 ਚਰਚਾਂ ਦਾ ਸਥਾਪਤ ਹੋਣਾ ਸ਼ਾਮਲ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਤੇ ਹਿੰਦੂਆਂ ਤੋਂ ਈਸਾਈ ਬਣੇ ਇਹ ਲੋਕ ਨਾ ਤਾਂ ਆਪਣਾ ਪਹਿਰਾਵਾ ਬਦਲਦੇ ਹਨ ਅਤੇ ਨਾ ਹੀ ਸਰਕਾਰੀ ਕਾਗਜ਼ਾਂ ਵਿਚ ਆਪਣਾ ਧਰਮ ਬਦਲਦੇ ਹਨ ਜਿਸ ਕਾਰਨ ਮਰਦਮਸ਼ੁਮਾਰੀ ਵਿਚ ਵੀ ਇਨ੍ਹਾਂ ਦੀ ਸਹੀ ਜਨਸੰਖਿਆ ਦਾ ਪਤਾ ਨਹੀਂ ਲੱਗਦਾ। ਕੁਝ ਸਮਾਂ ਪਹਿਲਾਂ ਛਪੀ ਇਕ ਰਿਪੋਰਟ ’ਚ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਗੁਰਦਾਸਪੁਰ ਵਿਚ ਪਿਛਲੇ ਪੰਜ ਸਾਲਾਂ ’ਚ ਈਸਾਈਆਂ ਦੀ ਜਨਸੰਖਿਆ ਦੁੱਗਣੀ ਹੋ ਗਈ ਹੈ ਤੇ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਪਹਿਲਾਂ ਤਾਂ ਚਾਵਲ ਤੇ ਕਣਕ ਮੁਫ਼ਤ ਦਿੱਤੀ ਜਾਂਦੀ ਸੀ ਪਰ ਹੁਣ ਉਨ੍ਹਾਂ ਦੇ ਬੱਚਿਆਂ ਨੂੰ ਯੂ. ਕੇ. ਅਤੇ ਕੈਨੇਡਾ ਦੇ ਵੀਜ਼ੇ, ਨੌਕਰੀਆਂ, ਮੁਫ਼ਤ ਪੜ੍ਹਾਈ ਅਤੇ ਬੁਰੀਆਂ ਤਾਕਤਾਂ ਤੋਂ ਰੱਖਿਆ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ।

ਕਿਸੇ ਧਰਮ ਦੀ ਆਬਾਦੀ ਕਿੰਨੀ ਵਧ ਰਹੀ ਹੈ, ਇਸ ਨਾਲ ਕਿਸੇ ਹੋਰ ਧਰਮ ਜਾਂ ਸੰਸਥਾ ਨੂੰ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ ਪ੍ਰੰਤੂ ਜਦੋਂ ਇਹ ਲੱਗੇ ਕਿ ਇਹ ਧਰਮ ਪਰਿਵਰਤਨ ਜ਼ਬਰਦਸਤੀ ਜਾਂ ਲਾਲਚ ਦੇ ਕੇ ਕਰਵਾਇਆ ਜਾ ਰਿਹਾ ਹੈ ਤਾਂ ਉਸ ਧਰਮ ਦੇ ਆਗੂਆਂ, ਜਿਨ੍ਹਾਂ ਦੇ ਧਰਮ ਦੇ ਲੋਕਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ, ਨੂੰ ਫ਼ਿਕਰ ਕਰਨਾ ਬਣਦਾ ਹੈ ਕਿਉਂਕਿ ਇਹ ਪਰਿਵਰਤਨ ਕਾਨੂੰਨੀ ਤੌਰ ’ਤੇ ਵੀ ਗਲਤ ਹੈ।

ਕੁਝ ਸਮਾਂ ਪਹਿਲਾਂ ਇਸ ਸਭ ਨੂੰ ਭਾਂਪਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਧਰਮ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਘਰ-ਘਰ ਅੰਦਰ ਧਰਮਸ਼ਾਲਾ ਪ੍ਰੋਗਰਾਮ ਉਲੀਕਿਆ ਗਿਆ ਸੀ । ਇਸ ਤੋਂ ਇਲਾਵਾ ਉਸ ਵੇਲੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਦੋਸ਼ ਲਾਇਆ ਸੀ ਕਿ ਈਸਾਈ ਪ੍ਰਚਾਰਕ ਜ਼ਬਰਦਸਤੀ ਅਤੇ ਲਾਲਚ ਵੱਸ ਸਿੱਖਾਂ ਨੂੰ ਈਸਾਈ ਬਣਾ ਰਹੇ ਹਨ ਅਤੇ ਉਨ੍ਹਾਂ ਨੇ ਧਰਮ ਪਰਿਵਰਤਨ ਵਿਰੋਧੀ ਬਿੱਲ ਬਣਾਉਣ ਦੀ ਮੰਗ ਵੀ ਕੀਤੀ ਸੀ ਪਰ ਸ਼੍ਰੋਮਣੀ ਕਮੇਟੀ ਦੀ ਮੁਹਿੰਮ ਦਾ ਕੋਈ ਖਾਸ ਅਸਰ ਨਹੀਂ ਹੋਇਆ ਅਤੇ ਨਵੇਂ ਚਰਚ ਖੁੰਬਾਂ ਵਾਂਗ ਬਣ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਹੁਣ 65000 ਪਾਦਰੀ ਈਸਾਈ ਧਰਮ ਦਾ ਪ੍ਰਚਾਰ ਕਰ ਰਹੇ ਹਨ ਅਤੇ ਪੰਜਾਬ ਦੇ 8000 ਪਿੰਡਾਂ ਵਿਚ ਈਸਾਈਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ।

ਫਰਵਰੀ 2023 ਨੂੰ ਅੰਗਰੇਜ਼ੀ ਦੇ ਇਕ ਅਖਬਾਰ ‘‘ਦਿ ਟ੍ਰਿਬਿਊਨ’’ ਨੇ ਇਹ ਰਿਪੋਰਟ ਛਾਪੀ ਸੀ ਤੇ ਦਾਅਵਾ ਕੀਤਾ ਸੀ ਕਿ ਗੁਰਦਾਸਪਰ ਦੇ ਇਕ ਐੱਸ. ਜੀ. ਪੀ. ਸੀ. ਮੈਂਬਰ ਨੇ ਇਹ ਇੰਕਸ਼ਾਫ ਕੀਤਾ ਹੈ ਕਿ ਈਸਾਈਆਂ ਨੇ ਇਕ ਧਾਰਮਿਕ ਸੰਸਥਾ ਬਣਾਈ ਹੈ ਜਿਸ ਦਾ ਨਾਂ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਰੱਖਿਆ ਹੈ ਅਤੇ ਉਹ ਆਪਣੇ ਧਾਰਮਿਕ ਗੀਤ ਵੀ ਸਿੱਖਾਂ ਦੇ ਕੀਰਤਨ ਕਰਨ ਦੇ ਢੰਗ ਵਾਂਗ ਹੀ ਗਾਉਂਦੇ ਹਨ। ਇਨ੍ਹਾਂ ਕਾਰਨਾਂ ਕਰ ਕੇ ਸਿੱਖ ਸੰਗਤ ਵਿਚ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਇਸ ਲਈ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਕਾਰਨ ਐੱਸ. ਜੀ. ਪੀ. ਸੀ. ਨੂੰ ਗੰਭੀਰਤਾ ਦਿਖਾਉਂਦੇ ਹੋਏ ਇਸ ਵਰਤਾਰੇ ਨੂੰ ਰੋਕਣ ਲਈ ਸਿੰਘ ਸਭਾ ਲਹਿਰ ਵਰਗੀ ਕੋਈ ਲਹਿਰ ਚਲਾਉਣੀ ਚਾਹੀਦੀ ਹੈ।

-ਇਕਬਾਲ ਸਿੰਘ ਚੰਨੀ
(ਭਾਜਪਾ ਬੁਲਾਰਾ, ਪੰਜਾਬ)
 


author

Tanu

Content Editor

Related News