ਪੁਲਵਾਮਾ ਹਮਲੇ ਤੋਂ ਪੈਦਾ ਹੋਇਆ ਰਾਸ਼ਟਰੀ ਸੰਕਲਪ
Saturday, Feb 14, 2026 - 05:23 PM (IST)
14 ਫਰਵਰੀ, 2019 ਦੇ ਦਿਨ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ’ਚੋਂ ਇੱਕ ਨੇ ਆਤਮਘਾਤੀ ਹਮਲਾਵਰ ਬਣ ਕੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਭਾਰਤੀ ਫੌਜ ਦੇ ਕਾਫਲੇ ’ਤੇ ਪੁਲਵਾਮਾ ਜ਼ਿਲੇ ਦੇ ਲੇਥਾਪੋਰਾ ’ਚ ਇੱਕ ਵਾਹਨ ’ਚ ਸਵਾਰ ਹੋ ਕੇ ਭਿਆਨਕ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਸ ਬਲ ਦੀ 76ਵੀਂ ਬਟਾਲੀਅਨ ਦੇ 40 ਜਵਾਨ ਸ਼ਹੀਦ ਹੋ ਗਏ।
ਇਹ ਭਾਰਤ ਦੀ ਹੋਂਦ, ਏਕਤਾ ਅਤੇ ਪ੍ਰਭੂਸੱਤਾ ’ਤੇ ਸਿੱਧਾ ਹਮਲਾ ਸੀ। ਇਹ ਬੜੀ ਹੀ ਦੁਖਦਾਈ ਘਟਨਾ ਭਾਰਤ ਦੇ ਇਤਿਹਾਸ ’ਚ ਬੜੀ ਹੀ ਸ਼ਰਮਨਾਕ ਅਤੇ ਪੀੜਾਦਾਇਕ ਘਟਨਾ ਵਜੋਂ ਦਰਜ ਹੈ। ਹਮਲਾਵਰ ਪੁਲਵਾਮਾ ਜ਼ਿਲੇ ਦਾ ਹੀ ਰਹਿਣ ਵਾਲਾ ਪਾਕਿਸਤਾਨ ਸਥਿਤ ਇਸਲਾਮੀ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨਾਲ ਜੁੜਿਆ ਸਥਾਨਕ ਕਸ਼ਮੀਰੀ ਨੌਜਵਾਨ ਆਦਿਲ ਅਹਿਮਦ ਡਾਰ ਸੀ।
ਪੁਲਵਾਮਾ ਦੇ ਲੇਥਪੋਰਾ ਇਲਾਕੇ ’ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ’ਤੇ ਸੀ. ਆਰ. ਪੀ. ਐੱਫ. ਦੇ 78 ਵਾਹਨਾਂ ਦਾ ਕਾਫਲਾ ਜੰਮੂ ਤੋਂ ਸ਼੍ਰੀਨਗਰ ਵੱਲ ਵਧ ਰਿਹਾ ਸੀ ਅਤੇ ਸੈਂਕੜੇ ਜਵਾਨ (2500) ਡਿਊਟੀ ’ਤੇ ਪਰਤ ਰਹੇ ਸਨ। ਬਾਅਦ ਦੁਪਹਿਰ ਲਗਭਗ 3 ਵਜੇ ਇੱਕ ਆਤਮਘਾਤੀ ਹਮਲਾਵਰ ਨੇ ਬੰਬਾਂ ਨਾਲ ਭਰੀ ਕਾਰ ਨੂੰ ਜਵਾਨਾਂ ਦੀ ਬੱਸ ’ਚ ਟੱਕਰ ਮਾਰ ਦਿੱਤੀ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜੇ-ਤੇੜੇ ਦਾ ਇਲਾਕਾ ਕੰਬ ਉੱਠਿਆ, ਕਈ ਜਵਾਨ ਮੌਕੇ ’ਤੇ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਜ਼ਖਮੀ ਹੋਏ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਿੱਧ ਕੀਤਾ ਕਿ ਅੱਤਵਾਦ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਸ ਦੇ ਵਿਰੁੱਧ ਇਕਜੁੱਟ ਹੋ ਕੇ ਲੜਨਾ ਜ਼ਰੂਰੀ ਹੈ।
ਇਹ ਸਿਰਫ ਇੱਕ ਅੱਤਵਾਦੀ ਘਟਨਾ ਨਹੀਂ ਸੀ, ਸਗੋਂ ਭਾਰਤ ਦੀ ਏਕਤਾ, ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਸੀ। ਇਸ ਕਾਇਰਾਨਾ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ, ਜਦਕਿ ਪਾਕਿਸਤਾਨ ਨੇ ਹਮੇਸ਼ਾ ਵਾਂਗ ਇਸ ਹਮਲੇ ਨਾਲ ਕਿਸੇ ਵੀ ਤਰ੍ਹਾਂ ਸੰਬੰਧ ਹੋਣ ਤੋਂ ਨਾਂਹ ਕਰ ਦਿੱਤੀ।
ਅੱਤਵਾਦ ਦਾ ਚਰਿੱਤਰ ਕਾਇਰਤਾਪੂਰਨ ਹੁੰਦਾ ਹੈ-ਉਹ ਲੁਕ-ਛਿਪ ਕੇ ਵਾਰ ਕਰਦਾ ਹੈ ਅਤੇ ਨਿਰਦੋਸ਼ਾਂ ਦੀ ਜਾਨ ਲੈਂਦਾ ਹੈ। ਪੁਲਵਾਮਾ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਸਰਹੱਦ ਪਾਰੋਂ ਪਾਲਿਆ ਅੱਤਵਾਦ ਸਿਰਫ ਕੇਂਦਰੀ ਸਮੱਸਿਆ ਨਹੀਂ ਸਗੋਂ ਵਿਸ਼ਵ ਪੱਧਰੀ ਚੁਣੌਤੀ ਹੈ।
ਹਮਲੇ ਦੀ ਖਬਰ ਫੈਲਦੇ ਹੀ ਪੂਰੇ ਦੇਸ਼ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਅਤੇ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਜਦੋਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਗ੍ਰਹਿ ਸੂਬਿਆਂ ’ਚ ਪਹੁੰਚੀਆਂ ਤਾਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਅੰਤਿਮ ਦਰਸ਼ਨ ਲਈ ਉਮੜ ਪਏ। ਹਰ ਅੱਖ ਨਮ ਸੀ, ਪਰ ਹਰ ਦਿਲ ’ਚ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਸੀ। ਸ਼ਹੀਦਾਂ ਦੇ ਪਰਿਵਾਰਾਂ ਨੇ ਆਪਣੇ ਪਿਆਰਿਆਂ ਦੀ ਸ਼ਹਾਦਤ ’ਤੇ ਮਾਣ ਪ੍ਰਗਟ ਕਰਦੇ ਹੋਏ ਰਾਸ਼ਟਰ ਪ੍ਰਤੀ ਅਟੁੱਟ ਆਸਥਾ ਦਿਖਾਈ। ਇਹ ਭਾਰਤੀ ਸੱਭਿਆਚਾਰ ਅਤੇ ਸੰਸਕਾਰਾਂ ਦੀ ਮਹਾਨਤਾ ਦਾ ਪ੍ਰਤੀਕ ਹੈ।
ਇਸ ਭਿਆਨਕ ਹਮਲੇ ’ਚ ਉੱਤਰ ਪ੍ਰਦੇਸ਼ ਦੇ 12, ਰਾਜਸਥਾਨ ਦੇ 5, ਪੰਜਾਬ ਦੇ 4, ਬੰਗਾਲ, ਓਡਿਸ਼ਾ, ਉੱਤਰਾਖੰਡ, ਬਿਹਾਰ, ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ 2-2, ਆਸਾਮ, ਕਰਨਾਟਕ, ਜੰਮੂ ਅਤੇ ਕਸ਼ਮੀਰ, ਹਿਮਾਚਲ, ਕੇਰਲ, ਝਾਰਖੰਡ ਅਤੇ ਮੱਧ ਪ੍ਰਦੇਸ਼ ਤੋਂ 1-1 ਕੁੱਲ ਮਿਲਾ ਕੇ 40 ਵੀਰ ਜਵਾਨਾਂ ਨੇ ਮਾਤਭੂਮੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਘਟਨਾ ਦੀ ਵਿਸ਼ਵ ਭਰ ’ਚ ਨਿੰਦਾ ਹੋਈ ਅਤੇ ਕਈ ਦੇਸ਼ਾਂ ਨੇ ਅੱਤਵਾਦ ਵਿਰੁੱਧ ਭਾਰਤ ਦਾ ਸਮਰਥਨ ਕੀਤਾ। ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਦੋਸ਼ੀ ਮੰਨਦੇ ਹੋਏ ਕੂਟਨੀਤਕ ਅਤੇ ਸਿਆਸੀ ਪੱਧਰ ’ਤੇ ਸਖਤ ਕਦਮ ਚੁੱਕੇ ਅਤੇ ਪਾਕਿਸਤਾਨ ਤੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਵਾਪਸ ਲੈ ਲਿਆ।
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀ ਮੋਦੀ ਸਰਕਾਰ ਨੇ ਅੱਤਵਾਦ ਵਿਰੁੱਧ ਸਖਤ ਰੁਖ ਅਪਣਾਇਆ। 26 ਫਰਵਰੀ, 2019 ਨੂੰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ’ਚ ਸਥਿਤ ਅੱਤਵਾਦੀ ਟ੍ਰੇਨਿੰਗ ਕੈਂਪਾਂ/ਟਿਕਾਣਿਆਂ ’ਤੇ ਏਅਰ ਸਟ੍ਰਾਈਕ ਕੀਤੀ। ਇਹ ਕਾਰਵਾਈ ਆਤਮਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਾ ਸਪੱਸ਼ਟ ਸੰਦੇਸ਼ ਸੀ। ਇਸ ਦੇ ਅਗਲੇ ਦਿਨ 27 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਵਾਈ ਤਣਾਅ ਦੀ ਸਥਿਤੀ ਬਣੀ, ਜਿਸ ’ਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਾਕਿਸਤਾਨ ਨੇ ਬੰਦੀ ਬਣਾ ਲਿਆ ਸੀ। ਕੌਮਾਂਤਰੀ ਦਬਾਅ ਅਤੇ ਕੂਟਨੀਤਕ ਯਤਨਾਂ ਦੇ ਬਾਅਦ 1 ਮਾਰਚ, 2019 ਨੂੰ ਉਸ ਨੂੰ ਭਾਰਤ ਨੂੰ ਵਾਪਸ ਕਰ ਦਿੱਤਾ।
ਮਈ 2019 ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ। ਇਸ ਨੂੰ ਭਾਰਤ ਦੀ ਕੂਟਨੀਤਕ ਸਫਲਤਾ ਵਜੋਂ ਦੇਖਿਆ ਗਿਆ।
ਅੱਜ, ਪੁਲਵਾਮਾ ਦੀ ਯਾਦ ਸਾਨੂੰ ਸਿਰਫ ਸੋਗ ਮਨਾਉਣ ਲਈ ਨਹੀਂ ਸਗੋਂ ਆਤਮ ਮੰਥਨ ਅਤੇ ਸੰਕਲਪ ਲਈ ਵੀ ਪ੍ਰੇਰਿਤ ਕਰਦੀ ਹੈ। ਅੱਤਵਾਦ ਵਿਰੁੱਧ ਸਖਤੀ ਵਰਤਣੀ ਜ਼ਰੂਰੀ ਹੈ ਪਰ ਓਨਾ ਹੀ ਜ਼ਰੂਰੀ ਹੈ ਸਮਾਜਿਕ ਭਾਈਚਾਰਾ, ਨੌਜਵਾਨਾਂ ਨੂੰ ਹਾਂਪੱਖੀ ਦਿਸ਼ਾ ਅਤੇ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ।
ਪੁਲਵਾਮਾ ਹਮਲਾ ਇੱਕ ਕਾਲਾ ਅਧਿਆਏ ਜ਼ਰੂਰ ਹੈ, ਪਰ ਇਸ ਤੋਂ ਪੈਦਾ ਹੋਇਆ ਰਾਸ਼ਟਰੀ ਸੰਕਲਪ ਵੀ ਓਨਾ ਹੀ ਮਹੱਤਵਪੂਰਨ ਹੈ। ਇਹ ਘਟਨਾ ਸਾਨੂੰ ਲਗਾਤਾਰ ਚੌਕਸ ਰਹਿਣ, ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਅਤੇ ਅੱਤਵਾਦ ਵਿਰੁੱਧ ਵਿਸ਼ਵ ਪੱਧਰੀ ਸਹਿਯੋਗ ਨੂੰ ਵਧਾਉਣ ਦੀ ਪ੍ਰੇਰਣਾ ਦਿੰਦੀ ਹੈ।
ਸ਼ਹੀਦਾਂ ਦੀ ਕੁਰਬਾਨੀ ਸਿਰਫ ਯਾਦ ਨਹੀਂ, ਸਗੋਂ ਜ਼ਿੰਮੇਵਾਰੀ ਹੈ-ਇੱਕ ਸੁਰੱਖਿਅਤ, ਮਜ਼ਬੂਤ ਅਤੇ ਇਕਜੁੱਟ ਭਾਰਤ ਦੇ ਨਿਰਮਾਣ ਦੀ ਜ਼ਿੰਮੇਵਾਰੀ। ਉਨ੍ਹਾਂ ਸਾਰੇ ਵੀਰ ਜਵਾਨਾਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਸਰਵਉੱਚ ਕੁਰਬਾਨੀ ਦਿੱਤੀ, ਉਨ੍ਹਾਂ ਦਾ ਤਿਆਗ ਹਮੇਸ਼ਾ ਹੀ ਅਮਰ ਰਹੇਗਾ।
-ਸੁਰੇਸ਼ ਕੁਮਾਰ ਗੋਇਲ
