‘ਸਕੂਲੀ ਬੱਸਾਂ ਦੇ ਕੁਝ ਲਾਪਰਵਾਹ ਡਰਾਈਵਰਾਂ’ ਦੇ ਕਾਰਨ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ!
Friday, Jul 17, 2026 - 04:20 AM (IST)
ਦੇਸ਼ ’ਚ ਸੜਕ ਹਾਦਸਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਇੱਥੋਂ ਤੱਕ ਕਿ ਕੁਝ ਡਰਾਈਵਰਾਂ ਵੱਲੋਂ ਸਕੂਲੀ ਬੱਸਾਂ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾਉਣ ਕਾਰਨ ਹਾਦਸੇ ਹੋਣ ਨਾਲ ਮਾਸੂਮ ਬੱਚਿਆਂ ਦੀਆਂ ਜਾਨਾਂ ਜੋਖਮ ’ਚ ਪੈ ਰਹੀਆਂ ਹਨ, ਜਿਨ੍ਹਾਂ ’ਚੋਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 21 ਜਨਵਰੀ ਨੂੰ ‘ਦਰਭੰਗਾ’ (ਬਿਹਾਰ) ’ਚ ਇਕ ਸਕੂਲੀ ਬੱਸ ਦੇ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਬੱਸ ਮੋੜਨ ਕਾਰਨ ਲੱਗੇ ਝਟਕੇ ਅਤੇ ਬੱਸ ਦੀ ਖਿੜਕੀ ਖੁੱਲ੍ਹੀ ਹੋਣ ਕਾਰਨ ‘ਮੋ. ਸਮਾ’ ਨਾਂ ਦੇ ਵਿਦਿਆਰਥੀ ਦੀ ਚੱਲਦੀ ਬੱਸ ’ਚੋਂ ਬਾਹਰ ਡਿੱਗ ਕੇ ਮੌਤ ਹੋ ਗਈ।
* 28 ਫਰਵਰੀ ਨੂੰ ‘ਕਾਸਗੰਜ’ (ਉੱਤਰ ਪ੍ਰਦੇਸ਼) ਦੇ ‘ਢੋਲਨਾ’ ਇਲਾਕੇ ’ਚ ਇਕ ਸਕੂਲੀ ਬੱਸ ’ਚ ਘਰ ਪਰਤ ਰਹੀ 7 ਸਾਲਾ ‘ਅਨੰਨਿਆ’ ਨਾਂ ਦੀ ਵਿਦਿਆਰਥਣ ਦੌੜਦੀ ਬੱਸ ਦੇ ਟੁੱਟੇ ਹੋਏ ਫ਼ਰਸ਼ ਦੇ ਸੁਰਾਖ ’ਚੋਂ ਹੇਠਾਂ ਡਿੱਗ ਗਈ। ਇਸ ਦੇ ਨਤੀਜੇ ਵਜੋਂ ਉਸੇ ਬੱਸ ਦੇ ਪਹੀਏ ਹੇਠਾਂ ਆਉਣ ਨਾਲ ਉਸ ਦੀ ਜਾਨ ਚਲੀ ਗਈ।
* 2 ਅਪ੍ਰੈਲ ਨੂੰ ‘ਗੋਪਾਲਗੰਜ’ (ਬਿਹਾਰ) ਦੇ ‘ਮਹੰਮਦਪੁਰ’ ਦੇ ‘ਮਸੂਰੀਆ’ ਪਿੰਡ ’ਚ ਆਪਣੇ ਘਰ ਦੇ ਬਾਹਰ ਖੜ੍ਹੇ ਬੱਚੇ ਨੂੰ ਉੱਥੋਂ ਲੰਘ ਰਹੀ ਇਕ ਤੇਜ਼ ਰਫ਼ਤਾਰ ਸਕੂਲੀ ਬੱਸ ਨੇ ਕੁਚਲ ਦਿੱਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ।
* 8 ਅਪ੍ਰੈਲ ਨੂੰ ‘ਫਤਿਹਪੁਰ’ (ਉੱਤਰ ਪ੍ਰਦੇਸ਼) ਦੇ ‘ਚਕੀਆ’ ਪਿੰਡ ਦੇ ਨੇੜੇ ਇਕ ਓਵਰਸਪੀਡ ਸਕੂਲੀ ਬੱਸ ਨੇ ਸਾਈਕਲ ’ਤੇ ਜਾ ਰਹੇ ਇਕ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
* 8 ਅਪ੍ਰੈਲ ਨੂੰ ਹੀ ‘ਮੇਰਠ’ (ਉੱਤਰ ਪ੍ਰਦੇਸ਼) ਦੇ ‘ਦੌਰਾਲਾ’ ’ਚ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਇਕ ਬੱਸ ਬੇਕਾਬੂ ਹੋ ਕੇ 12 ਫੁੱਟ ਡੂੰਘੀ ਖੱਡ ’ਚ ਡਿੱਗਣ ਨਾਲ ਕਈ ਬੱਚੇ ਜ਼ਖਮੀ ਹੋ ਗਏ ਅਤੇ ਡਰਾਈਵਰ ਬੱਚਿਆਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਕੇ ਭੱਜ ਗਿਆ।
* 13 ਮਈ ਨੂੰ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ਦੇ ‘ਹਮਜ਼ਾਪੁਰ’ ਚੌਕ ’ਤੇ ਇਕ ਸਕੂਲੀ ਬੱਸ ਅਤੇ ਟ੍ਰੈਕਟਰ-ਟਰਾਲੀ ਦੀ ਟੱਕਰ ’ਚ 12 ਤੋਂ ਵੱਧ ਸਕੂਲੀ ਵਿਦਿਆਰਥੀ-ਵਿਦਿਆਰਥਣਾਂ ਅਤੇ ਅਧਿਆਪਕ ਜ਼ਖਮੀ ਹੋ ਗਏ।
* 2 ਜੁਲਾਈ ਨੂੰ ‘ਬੀਕਾਨੇਰ’ (ਰਾਜਸਥਾਨ) ਦੇ ‘ਜਸਰਾਸਰ’ ਇਲਾਕੇ ’ਚ 7 ਸਾਲਾ ‘ਸ਼ੌਰਿਆ’ ਨਾਂ ਦਾ ਬੱਚਾ ਰੋਜ਼ ਦੀ ਤਰ੍ਹਾਂ ਆਪਣੀ ਸਕੂਲੀ ਬੱਸ ਤੋਂ ਉਤਰ ਕੇ ਘਰ ਵੱਲ ਵਧਿਆ ਹੀ ਸੀ ਕਿ ਬੱਸ ਦੇ ਡਰਾਈਵਰ ਨੇ ਬੱਸ ਅੱਗੇ ਤੋਰ ਦਿੱਤੀ। ਇਸ ਨਾਲ ਬੱਸ ਦਾ ਇਕ ਟਾਇਰ ਉਸ ਦੇ ਸਿਰ ਦੇ ਉੱਪਰੋਂ ਲੰਘ ਜਾਣ ਕਾਰਨ ‘ਸ਼ੌਰਿਆ’ ਦੀ ਮੌਤ ਹੋ ਗਈ।
* 9 ਜੁਲਾਈ ਨੂੰ ‘ਆਜ਼ਮਗੜ੍ਹ’ (ਉੱਤਰ ਪ੍ਰਦੇਸ਼) ’ਚ ਇਕ ਸਕੂਲੀ ਬੱਸ ਬਿਜਲੀ ਦੇ ਖੰਭੇ ਨਾਲ ਟਕਰਾਅ ਕੇ ਪਲਟ ਜਾਣ ਕਾਰਨ ਇਕ ਵਿਦਿਆਰਥੀ ‘ਯੂਨੁਸ’ ਦੀ ਮੌਤ ਹੋ ਗਈ।
* 10 ਜੁਲਾਈ ਨੂੰ ‘ਜੈਪੁਰ’ (ਰਾਜਸਥਾਨ) ’ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਜਾਣ ਨਾਲ ਉਸ ’ਚ ਸਵਾਰ ਲਗਭਗ ਇਕ ਦਰਜਨ ਬੱਚੇ ਜ਼ਖਮੀ ਹੋ ਗਏ।
* 15 ਜੁਲਾਈ ਨੂੰ ‘ਮਾਛੀਵਾੜਾ ਸਾਹਿਬ’ (ਪੰਜਾਬ) ’ਚ 3 ਸਾਲਾ ਮਾਸੂਮ ‘ਸਮਰਦੀਪ ਸਿੰਘ’ ਆਪਣੀ ਮਾਂ ਨਾਲ ਹਮੇਸ਼ਾ ਦੀ ਤਰ੍ਹਾਂ ਆਪਣੀ ਭੈਣ ‘ਰਮਨਦੀਪ ਕੌਰ’ ਨੂੰ ਸਕੂਲੀ ਬੱਸ ਤੱਕ ਛੱਡਣ ਆਇਆ ਸੀ। ‘ਰਮਨਦੀਪ ਕੌਰ’ ਦੇ ਬੱਸ ’ਚ ਬੈਠਣ ਤੋਂ ਬਾਅਦ ਅਚਾਨਕ ਡਰਾਈਵਰ ਨੇ ਬੱਸ ਚਲਾ ਦਿੱਤੀ, ਜਿਸ ਨਾਲ ‘ਸਮਰਦੀਪ’ ਬੱਸ ਦੇ ਟਾਇਰਾਂ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
* 15 ਜੁਲਾਈ ਨੂੰ ਹੀ ‘ਦਿੱਲੀ’ ’ਚ ‘ਮਜਲਿਸ ਪਾਰਕ ਮੈਟਰੋ ਸਟੇਸ਼ਨ’ ਨੇੜਿਓਂ ਲੰਘ ਰਹੀ ਸਕੂਲੀ ਬੱਸ ਵੱਲੋਂ ਈ-ਰਿਕਸ਼ਾ ਨੂੰ ਟੱਕਰ ਮਾਰ ਦੇਣ ਦੇ ਨਤੀਜੇ ਵਜੋਂ ਈ-ਰਿਕਸ਼ਾ ’ਚ ਬੈਠੀ ‘ਪ੍ਰਿਆਂਸ਼ੀ’ ਨਾਂ ਦੀ ਵਿਦਿਆਰਥਣ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।
* 15 ਜੁਲਾਈ ਨੂੰ ਹੀ ‘ਗੋਪਾਲਗੰਜ’ (ਬਿਹਾਰ) ’ਚ ਇਕ ਸਕੂਲੀ ਬੱਸ ਦੇ ਡਰਾਈਵਰ ਨੇ 11 ਸਾਲਾ ਬੱਚੇ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਨੂੰ ਰੋਕਣ ਦੀ ਬਜਾਏ ਬੱਚੇ ਨੂੰ 2 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ, ਜਿਸ ਨਾਲ ਬੱਚਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
* ਅਤੇ ਹੁਣ 16 ਜੁਲਾਈ ਨੂੰ ਸਵੇਰ ਦੇ ਸਮੇਂ ‘ਮਥੁਰਾ’ (ਉੱਤਰ ਪ੍ਰਦੇਸ਼) ਦੇ ‘ਰਾਲ’ ਥਾਣਾ ਖੇਤਰ ’ਚ ਸਕੂਲੀ ਬੱਸ ਦੀ ਲਪੇਟ ’ਚ ਆਉਣ ਨਾਲ ਇਕ 5 ਸਾਲਾ ਮਾਸੂਮ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਕੂਲੀ ਬੱਸਾਂ ਦੇ ਕੁਝ ਡਰਾਈਵਰਾਂ ਵੱਲੋਂ ਰਫਤਾਰ ਹੱਦ ਅਤੇ ਹੋਰ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ।
ਬੱਚਿਆਂ ਨੂੰ ਸਕੂਲ ਲੈ ਕੇ ਜਾਣਾ ਅਤੇ ਛੁੱਟੀ ਹੋਣ ’ਤੇ ਘਰ ਸੁਰੱਖਿਅਤ ਪਹੁੰਚਾਉਣਾ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ। ਇਸ ਲਈ ਇਸ ਮਾਮਲੇ ’ਚ ਲਾਪਰਵਾਹੀ ਵਰਤਣ ਵਾਲੇ ਡਰਾਈਵਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸਕੂਲਾਂ ਦੇ ਪ੍ਰਬੰਧਕ ਵੀ ਡਰਾਈਵਰਾਂ ਅਤੇ ਬੱਸਾਂ ’ਤੇ ਨਜ਼ਰ ਰੱਖਣ ਤਾਂ ਜੋ ਬੱਚਿਆਂ ਨਾਲ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
—ਵਿਜੇ ਕੁਮਾਰ
