ਪੁਰੀ ਦੇ ਵਿਸ਼ਾਲ ਮਾਰਗ ’ਤੇ

Thursday, Jul 16, 2026 - 10:03 AM (IST)

ਪੁਰੀ ਦੇ ਵਿਸ਼ਾਲ ਮਾਰਗ ’ਤੇ

ਬਚਪਨ ਤੋਂ ਹੀ ਮੈਨੂੰ ਸ਼੍ਰੀ ਜਗਨਨਾਥ ਜੀ ਦੀਆਂ ਕਈ ਪ੍ਰਾਰਥਨਾਵਾਂ ਅਤੇ ਭਜਨ ਯਾਦ ਹਨ। ਸਕੂਲ ਅਤੇ ਕਾਲਜ ’ਚ ਪੜ੍ਹਦਿਆਂ ਮੈਂ ਗੀਤ ਗਾਇਆ ਕਰਦੀ ਸੀ। ਜਗਨਨਾਥ ਜੀ ਦਾ ਭਜਨ ਗਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਸੀ। ਮਹਾਪ੍ਰਭੂ ਨੂੰ ਆਪਣੇ ਨੇੜੇ ਮਹਿਸੂਸ ਕਰਦੀ ਸੀ। ਹੁਣ ਮੈਂ ਗੀਤ ਨਹੀਂ ਗਾਉਂਦੀ ਪਰ ਹਰ ਰੋਜ਼ ਮਹਾਪ੍ਰਭੂ ਨੂੰ ਯਾਦ ਕਰ ਕੇ ਉਨ੍ਹਾਂ ਦੇ ਭਜਨ ਗੁਣਗੁਣਾ ਲੈਂਦੀ ਹਾਂ। ਮੈਨੂੰ ਲੱਗਦਾ ਹੈ ਕਿ ਮਹਾਪ੍ਰਭੂ ਹਰ ਵੇਲੇ ਮੇਰੇ ਆਲ਼ੇ-ਦੁਆਲ਼ੇ ਹੀ ਰਹਿੰਦੇ ਹਨ। ਔਖੀ ਘੜੀ ’ਚ ਮੇਰੀ ਮਦਦ ਕਰਦੇ ਹਨ। ਭਗਤ ਕਵੀ ਮਧੂਸੂਦਨ ਰਾਓ ਦਾ ਗੀਤ ਅੱਜ ਵੀ ਮੈਂ ਮਨ ਹੀ ਮਨ ਗਾਉਂਦੀ ਹਾਂ :

‘ਮੇਰੇ ਕੋਲ ਦਿਨ-ਰਾਤ ਰਹਿੰਦੇ ਹਨ ਮਹਾਪ੍ਰਭੂ ਪਰਮੇਸ਼ਵਰ,

ਇਹ ਗੱਲ ਯਾਦ ਕਰ ਕੇ ਹਿਰਦੇ ’ਚ ਪੂਜਾਂਗਾ ਉਨ੍ਹਾਂ ਨੂੰ ਨਿਰੰਤਰ।’

ਜਦੋਂ ਤੱਕ ਮੈਂ ਕੁਝ ਸਮਝਣ-ਬੁੱਝਣ ਦੀ ਉਮਰ ਤੱਕ ਪਹੁੰਚੀ, ਮੈਂ ਜਗਨਨਾਥ ਜੀ ਬਾਰੇ ਜਾਣਨ ਲੱਗ ਪਈ ਸੀ। ਸਾਡੇ ਘਰ ’ਚ ਅਕਸਰ ਜਗਨਨਾਥ ਜੀ ਦੀਆਂ ਗੱਲਾਂ ਹੁੰਦੀਆਂ ਸਨ। ਪਿੰਡ ਦੇ ਹਰ ਵਿਹੜੇ ’ਚ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਹੁੰਦਾ ਸੀ। ਜਦੋਂ ਮੈਂ ਪਿੰਡ ਦੇ ਸਕੂਲ ’ਚ ਪੜ੍ਹਦੀ ਸੀ, ਤਾਂ ਭਗਤ ਸਾਲਬੇਗ ਦੀ ‘ਆਹੇ ਨੀੜੋ ਸ਼ੋਇੜੋ’ ਪ੍ਰਾਰਥਨਾ ਗਾਈ ਜਾਂਦੀ ਸੀ। ਸਕੂਲ ਦੇ ਅਧਿਆਪਕ ਜਗਨਨਾਥ ਜੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਦੱਸਿਆ ਕਰਦੇ ਸਨ। ਪੁਰੀ ’ਚ ਵੱਡਾ ਮੰਦਰ ਹੈ, ਇੰਨਾ ਵੱਡਾ ਮੰਦਰ ਹੋਰ ਕਿਤੇ ਨਹੀਂ ਹੈ! ਮੰਦਰ ’ਚ ਸ਼੍ਰੀ ਜਗਨਨਾਥ ਜੀ ਦੀ ਪੂਜਾ ਉਨ੍ਹਾਂ ਦੀ ਭੈਣ ਸੁਭੱਦਰਾ ਅਤੇ ਵੱਡੇ ਭਰਾ ਬਲਭੱਦਰ ਦੇ ਨਾਲ ਕੀਤੀ ਜਾਂਦੀ ਹੈ। ਜਗਨਨਾਥ ਜੀ ਦਾ ਰੰਗ ਕਾਲਾ ਹੈ, ਉਨ੍ਹਾਂ ਦੀਆਂ ਅੱਖਾਂ ਗੋਲ-ਗੋਲ ਹਨ। ਸੁਭੱਦਰਾ ਜੀ ਦਾ ਰੰਗ ਪੀਲਾ ਹੈ, ਬਲਭੱਦਰ ਚਾਂਦਨੀ ਦੇ ਫੁੱਲ ਵਾਂਗ ਚਿੱਟੇ ਹਨ। ਉਹ ਮੂਰਤ ਇਕ ਵਾਰ ਦੇਖ ਲੈਣ ਤੋਂ ਬਾਅਦ ਕਦੇ ਭੁਲਾਈ ਨਹੀਂ ਜਾ ਸਕਦੀ। ਸਰ ਇਹ ਵੀ ਕਹਿੰਦੇ ਸਨ ਕਿ ਜਗਨਨਾਥ ‘ਮਹਾਪ੍ਰਭੂ’ ਹਨ, ਉਨ੍ਹਾਂ ਦਾ ਪ੍ਰਸ਼ਾਦ ‘ਮਹਾਪ੍ਰਸ਼ਾਦ’ ਹੈ, ਉਨ੍ਹਾਂ ਦਾ ਮੰਦਰ ‘ਵੱਡਾ ਮੰਦਰ’ ਹੈ, ਉਨ੍ਹਾਂ ਦਾ ਮਾਰਗ ‘ਵਿਸ਼ਾਲ ਮਾਰਗ’ (ਬੋੜੋ ਦਾਂਡੋ) ਹੈ ਅਤੇ ਉਨ੍ਹਾਂ ਦਾ ਸਮੁੰਦਰ ‘ਮਹੋਦਧੀ’ ਹੈ। ਮਯੂਰਭੰਜ ਦੇ ਉਪਰਬੇੜਾ ਪਿੰਡ ਤੋਂ ਪੁਰਸ਼ੋਤਮ ਖੇਤਰ ਪੁਰੀ ਦੀ ਦੂਰੀ ਕਾਫੀ ਜ਼ਿਆਦਾ ਸੀ! ਭਲਾ ਦੇਖਣ ਦਾ ਮੌਕਾ ਮੈਨੂੰ ਕਿੱਥੇ ਮਿਲਣਾ ਸੀ ਪਰ ਮੈਂ ਭੁਵਨੇਸ਼ਵਰ ਗਈ ਅਤੇ ਯੂਨਿਟ-2 ਦੇ ਗਰਲਜ਼ ਹਾਈ ਸਕੂਲ ’ਚ ਦਾਖ਼ਲਾ ਲਿਆ। ਹੋਸਟਲ ’ਚ ਰਹਿਣ ਲੱਗੀ। ਉਸ ਤੋਂ ਬਾਅਦ ਮੈਂ ਪੁਰੀ, ਭੁਵਨੇਸ਼ਵਰ ਅਤੇ ਕੋਣਾਰਕ ਦੇਖਿਆ। ਪਹਿਲੀ ਵਾਰ ਜਗਨਨਾਥ ਦੇ ਦਰਸ਼ਨਾਂ ਦੀ ਯਾਦ ਮੇਰੇ ਮਨ ’ਚੋਂ ਕਦੇ ਨਹੀਂ ਮਿਟੀ। ਬਹੁਤ ਵੱਡਾ ਮੰਦਰ, ਵੱਡੇ-ਵੱਡੇ ਦੇਵਤੇ! ਭਲਾ ਇਹ ਸਭ ਕਿਵੇਂ ਭੁਲਾਇਆ ਜਾ ਸਕਦਾ ਹੈ?

ਕੀ ਉਨ੍ਹਾਂ ਦੀ ਰਥ ਯਾਤਰਾ ਭੁਲਾਈ ਜਾ ਸਕਦੀ ਹੈ? 12 ਮਹੀਨਿਆਂ ਦੌਰਾਨ 13 ਤਿਉਹਾਰ ਮਨਾਏ ਜਾਂਦੇ ਹਨ ਪਰ ਰਥ ਯਾਤਰਾ ਦੀ ਰੌਣਕ ਤਾਂ ਨਿਰਾਲੀ ਹੀ ਹੁੰਦੀ ਹੈ। ਪੂਰਾ ਸਾਲ ਭਗਤ ਇੱਥੇ ਆ ਕੇ ਮੰਦਰ ਦੇ ਅੰਦਰ ਜਾ ਕੇ ਮਹਾਪ੍ਰਭੂ ਦੇ ਦਰਸ਼ਨ ਕਰਦੇ ਹਨ ਪਰ ਸਾਲ ’ਚ ਇਕ ਵਾਰ ਮਹਾਪ੍ਰਭੂ ਆਪਣੇ ਸ਼ਾਨਦਾਰ ਮੰਦਰ ਤੋਂ ਬਾਹਰ ‘ਵਿਸ਼ਾਲ ਮਾਰਗ’ ’ਤੇ ਆਉਂਦੇ ਹਨ। ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਤਿੰਨ ਰਥਾਂ ’ਤੇ ਤਿੰਨ ਠਾਕੁਰ ਬੈਠ ਕੇ ਚੱਕਰਰਾਜ ਸੁਦਰਸ਼ਨ ਦੇ ਨਾਲ ਗੁੰਡਿਚਾ ਮੰਦਰ ਵੱਲ ਯਾਤਰਾ ਕਰਦੇ ਹਨ। ਉੱਥੇ ਸੱਤ ਦਿਨਾਂ ਤੱਕ ਰਹਿ ਕੇ ਵਾਪਸ ਪਰਤ ਆਉਂਦੇ ਹਨ। ਮਹਾਪ੍ਰਭੂ ਦਾ ਇਹ ਮਹਾਪੁਰਬ ਬੇਮਿਸਾਲ ਹੈ।

ਬਚਪਨ ਤੋਂ ਹੀ ਮੈਂ ਜਗਨਨਾਥ ਜੀ ਦੀ ਭਗਤ ਹਾਂ। ਉਹ ਹਮੇਸ਼ਾ ਮੇਰੇ ਪਰਮ ਈਸ਼ਟ ਹਨ। ਮੇਰੇ ਜੀਵਨ ਦੇ ਉਤਰਾਅ-ਚੜ੍ਹਾਅ ਦੇ ਉਹ ਹੀ ਸੰਚਾਲਕ ਹਨ। ਮੇਰੇ ਦੁੱਖ-ਸੁੱਖ ਦੇ ਕਰਤਾ-ਧਰਤਾ ਹਨ। ਜੀਵਨ ’ਚ ਮੈਂ ਬਹੁਤ ਕਸ਼ਟ ਵੀ ਝੱਲੇ ਹਨ। ਉਨ੍ਹਾਂ ਸਾਰੇ ਭਿਆਨਕ ਦੁੱਖਾਂ ’ਚੋਂ ਮੈਨੂੰ ਮਹਾਬਾਹੂ ਨੇ ਹੀ ਕੱਢਿਆ ਹੈ। ਮੈਂ ਉਨ੍ਹਾਂ ਦੀ ਧੀ ਜੋ ਹਾਂ!

ਰਾਸ਼ਟਰਪਤੀ ਅਹੁਦੇ ਲਈ ਮੈਨੂੰ ਉਮੀਦਵਾਰ ਬਣਾਉਣ ਦਾ ਐਲਾਨ ਹੁੰਦਿਆਂ ਹੀ ਮੈਂ ਮਹਾਪ੍ਰਭੂ ਨੂੰ ਯਾਦ ਕੀਤਾ। ਇੰਨੀ ਉਚਾਈ ’ਤੇ ਮੈਨੂੰ ਲੈ ਕੇ ਜਾ ਰਹੇ ਹੋ ਪ੍ਰਭੂ, ਕਦਮ-ਕਦਮ ’ਤੇ ਮੈਨੂੰ ਸਹਾਰਾ ਦੇਣਾ, ਹਮੇਸ਼ਾ ਮੇਰੇ ਕੋਲ ਰਹਿਣਾ - ਇਹ ਮੇਰੀ ਪ੍ਰਾਰਥਨਾ ਸੀ। ਉਨ੍ਹਾਂ ਨੇ ਮੇਰੀ ਪ੍ਰਾਰਥਨਾ ਸੁਣੀ, ਸੁਣ ਵੀ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ ਦਿੱਲੀ ’ਚ ਰਹਿਣ ਦੌਰਾਨ ਰਥ ਯਾਤਰਾ ਦਾ ਮਹਾਪੁਰਬ ਆਇਆ ਪਰ ਪੁਰੀ ਜਾਣਾ ਸੰਭਵ ਨਹੀਂ ਸੀ। ਰਥ ਯਾਤਰਾ ਵਾਲੇ ਦਿਨ ਅੰਮ੍ਰਿਤ ਵੇਲੇ ਦਿੱਲੀ ਦੇ ਹੌਜ਼ਖ਼ਾਸ ’ਚ ਬਣੇ ਜਗਨਨਾਥ ਮੰਦਰ ਜਾ ਕੇ ਮੈਂ ਮਹਾਪ੍ਰਭੂ ਦੇ ਦਰਸ਼ਨ ਕੀਤੇ। ਮਨ ਆਨੰਦ ਨਾਲ ਭਰ ਗਿਆ। ਉਨ੍ਹਾਂ ਦਾ ਆਸ਼ੀਰਵਾਦ ਮੇਰੇ ’ਤੇ ਵਰ੍ਹ ਪਿਆ। ਬੜੇ ਆਤਮ-ਵਿਸ਼ਵਾਸ ਨਾਲ ਮੈਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਬਹੁਤ ਉਤਸ਼ਾਹ ਨਾਲ ਚੋਣ ਮੁਹਿੰਮ ’ਚ ਹਿੱਸਾ ਲਿਆ। 25 ਜੁਲਾਈ, 2022 ਨੂੰ ਸੰਸਦ ਦੇ ਸੈਂਟਰਲ ਹਾਲ ’ਚ ਸਹੁੰ ਚੁੱਕਣ ਜਾਂਦੇ ਸਮੇਂ ਮੈਂ ਜਗਨਨਾਥ ਜੀ ਅੱਗੇ ਪ੍ਰਾਰਥਨਾ ਕਰਦੀ ਜਾ ਰਹੀ ਸੀ। ਉਨ੍ਹਾਂ ਦੇ ਆਸ਼ੀਰਵਾਦ ਨਾਲ ਮੇਰਾ ਸਹੁੰ ਚੁੱਕ ਸਮਾਗਮ ਬਹੁਤ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। ਰਾਸ਼ਟਰਪਤੀ ਵਜੋਂ ਮੇਰੇ ਪਹਿਲੇ ਭਾਸ਼ਣ ਵੇਲੇ ਵੀ ਮੰਨੋ ਕਿ ਉਹ ਮੇਰੇ ਨਾਲ ਹੀ ਸਨ।

ਪੁਰੀ ਜਾ ਕੇ ਮਹਾਪ੍ਰਭੂ ਦੇ ਦਰਸ਼ਨਾਂ ਲਈ ਮੇਰਾ ਮਨ ਬੇਚੈਨ ਹੋ ਉੱਠਿਆ। ਦਿਨ ਬੀਤਦੇ ਗਏ ਪਰ ਮੈਂ ਪੁਰੀ ਨਾ ਜਾ ਸਕੀ। ਮੈਨੂੰ ਲੱਗਿਆ ਕਿ ਉਨ੍ਹਾਂ ਦੇ ਸੱਦੇ ਤੋਂ ਬਿਨਾਂ ਕੋਈ ਉਨ੍ਹਾਂ ਕੋਲ ਕਿਵੇਂ ਜਾ ਸਕਦਾ ਹੈ! ਮੈਂ ਮਨ ਹੀ ਮਨ ਉਨ੍ਹਾਂ ਨੂੰ ਕਿਹਾ, ਮੇਰਾ ਕੋਈ ਕਸੂਰ ਹੋਵੇ ਤਾਂ ਮੁਆਫ਼ ਕਰੋ ਪ੍ਰਭੂ, ਮੈਨੂੰ ਪੁਰੀ ਬੁਲਾਓ, ਦਰਸ਼ਨ ਦਿਓ। ਉਹ ‘ਭਾਵ’ ਦੇ ਠਾਕੁਰ ਹਨ। ਮੇਰਾ ‘ਭਾਵ’ ਕਿਵੇਂ ਨਾ ਸਮਝਦੇ? ਕੁਝ ਹੀ ਦਿਨਾਂ ’ਚ ਪੁਰੀ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਉਹ ਦਿਨ 10 ਨਵੰਬਰ, 2022 ਸੀ। ਪੁਰੀ ਪਹੁੰਚਣ ਤੋਂ ਬਾਅਦ ਕਾਰ-ਕੇਡ ਸ਼੍ਰੀਮੰਦਰ ਵੱਲ ਚੱਲ ਪਿਆ। ਕਾਰ-ਕੇਡ ਦੇ ਪੁਰੀ ਦੇ ਖੁੱਲ੍ਹੇ ਅਤੇ ਪਵਿੱਤਰ ਮਾਰਗ ’ਤੇ ਪਹੁੰਚਦਿਆਂ ਹੀ ਮੇਰੇ ਅੰਦਰ ਇਕ ਅਨੋਖੀ ਭਾਵਨਾ ਜਾਗ ਉੱਠੀ। ਇਹ ਵਿਸ਼ਾਲ ਮਾਰਗ ਮਹਾਪ੍ਰਭੂ ਜਗਨਨਾਥ ਦਾ ਹੀ ਹੈ। ਇੱਥੇ ਪ੍ਰੋਟੋਕੋਲ ਦੀ ਕੀ ਲੋੜ ਹੈ? ਪੁਰੀ ਤਾਂ ਖੇਤਰਰਾਜ ਵਜੋਂ ਮਸ਼ਹੂਰ ਹੈ। ਮਹਾਪ੍ਰਭੂ ਦੇਵਾਧੀਦੇਵ ਹਨ। ਹੋਰ ਕੁਝ ਸੋਚਣ ਤੋਂ ਪਹਿਲਾਂ ਮੈਂ ਗੱਡੀ ਰੁਕਵਾ ਦਿੱਤੀ। ਮੇਰੀ ਗੱਡੀ ਰੁਕਣ ’ਤੇ ਪਿੱਛੇ ਆ ਰਹੀਆਂ ਸਾਰੀਆਂ ਗੱਡੀਆਂ ਰੁਕ ਗਈਆਂ। ਕਿਸੇ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਮੈਂ ਪਵਿੱਤਰ ਮਾਰਗ ’ਤੇ ਨੰਗੇ ਪੈਰੀਂ ਤੁਰਨਾ ਸ਼ੁਰੂ ਕਰ ਦਿੱਤਾ। ਸ਼੍ਰੀਮੰਦਰ ਲਗਭਗ ਦੋ ਕਿੱਲੋਮੀਟਰ ਦੂਰ ਸੀ। ਮੰਦਰ ਦੇ ਨੀਲ-ਚੱਕਰ ਅਤੇ ਪਤਿਤ-ਪਾਵਨ ਝੰਡੇ ਨੂੰ ਦੇਖਦਿਆਂ ਹੋਇਆਂ ਮੈਂ ਅੱਗੇ ਵਧਦੀ ਗਈ।

ਰਸਤੇ ਦੇ ਦੋਵੇਂ ਪਾਸੇ ਖੜ੍ਹੇ ਬੱਚਿਆਂ, ਔਰਤਾਂ, ਨੌਜਵਾਨ ਵਿਦਿਆਰਥੀਆਂ ਅਤੇ ਬਜ਼ੁਰਗਾਂ ਨੂੰ ਮੈਂ ਨਮਸਕਾਰ ਵੀ ਕਰਦੀ ਜਾ ਰਹੀ ਸੀ। ਮੇਰਾ ਧਿਆਨ ਜਗਨਨਾਥ ਜੀ ਵੱਲ ਸੀ। ਸ਼੍ਰੀਮੰਦਰ ਦੇ ਸਿੰਘ-ਦੁਆਰ ਕੋਲ ਪਹੁੰਚਦਿਆਂ ਹੀ ਮੇਰੇ ਜਜ਼ਬਾਤ ਕਾਬੂ ’ਚ ਨਾ ਰਹੇ। ਉਦੋਂ ਤੱਕ ਮੈਂ ਆਪਣੇ ਆਪ ਨੂੰ ਭੁੱਲ ਚੁੱਕੀ ਸੀ। ਪਵਿੱਤਰ ਮਾਰਗ ਦੀ ਧੂੜ ’ਚ ਡੰਡੌਤ ਪ੍ਰਣਾਮ ਕਰ ਕੇ ਮੈਂ ਮਹਾਪ੍ਰਭੂ ਨੂੰ ਮੱਥਾ ਟੇਕਿਆ। ਉਸ ਤੋਂ ਬਾਅਦ ਮੰਦਰ ’ਚ ਦਾਖ਼ਲ ਹੋਈ। ਗਰਭਗ੍ਰਹਿ ’ਚ ਪਹੁੰਚ ਕੇ ਚਾਰ ਮੂਰਤੀਆਂ ਦੇ ਦਰਸ਼ਨ ਕਰਦਿਆਂ ਹੀ ਮੈਂ ਆਨੰਦ ਨਾਲ ਗਦਗਦ ਹੋ ਗਈ। ਮਹਾਪ੍ਰਭੂ ਜਗਤ ਦੇ ਨਾਥ ਹਨ, ਅਨਾਥਾਂ ਦੇ ਨਾਥ ਹਨ। ਜਗਤ ਦੇ ਲੋਕਾਂ ਦਾ ਦੁੱਖ ਦੂਰ ਕਰਨ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਲਈ ਉਨ੍ਹਾਂ ਦੀਆਂ ਗੋਲ-ਗੋਲ ਅੱਖਾਂ ਦੀਆਂ ਪਲਕਾਂ ਕਦੇ ਨਹੀਂ ਝਪਕਦੀਆਂ। ਉਨ੍ਹਾਂ ਲਈ ਕੋਈ ਛੋਟਾ-ਵੱਡਾ ਨਹੀਂ ਹੈ। ਉਹ ਸਭ ਨੂੰ ਬਰਾਬਰ ਨਜ਼ਰ ਨਾਲ ਦੇਖਦੇ ਹਨ, ਬਰਾਬਰੀ ਦੇ ਮੰਤਰ ਨਾਲ ਸਭ ਨੂੰ ਜੋੜਦੇ ਹਨ। ਉਨ੍ਹਾਂ ਦੀ ਮਿਹਰ ਨਾਲ ਹੀ ਮੈਂ ਸਮਾਜ ਦੇ ਹਰ ਵਰਗ ਦੀ ਸੇਵਾ ’ਚ ਖ਼ੁਦ ਨੂੰ ਸਮਰਪਿਤ ਕੀਤਾ ਹੈ। ਗੋਲ-ਗੋਲ ਅੱਖਾਂ ਵਾਲੇ ਵੱਲ ਦੇਖਦਿਆਂ ਹੱਥ ਜੋੜ ਕੇ ਬੋਲੀ, ਤੁਹਾਡੇ ਆਸ਼ੀਰਵਾਦ ਨਾਲ ਮੇਰੀ ਇਹ ਸਮਰਪਣ ਭਾਵਨਾ ਹਮੇਸ਼ਾ ਬਣੀ ਰਹੇ, ਹੇ ਮਹਾਬਾਹੂ। ਦੇਸ਼ ਅਤੇ ਦੁਨੀਆ ’ਤੇ ਆਪਣੀ ਛਤਰ-ਛਾਇਆ ਬਣਾਈ ਰੱਖਣਾ, ਹੇ ਕ੍ਰਿਪਾਨਿਧੀ! ਇਹ ਕਹਿੰਦਿਆਂ ਹੀ ਮੈਂ ਭਗਤੀ ਭਾਵ ’ਚ ਲੀਨ ਹੋ ਗਈ।

-ਦ੍ਰੌਪਦੀ ਮੁਰਮੂ


author

Harpreet SIngh

Content Editor

Related News