ਅਮਰੀਕਾ ਨੇ ਲਾਰੈਂਸ ਬਿਸ਼ਨੋਈ ’ਤੇ ਮੁਕੱਦਮਾ ਕਿਉਂ ਚਲਾਇਆ?

Tuesday, Jul 14, 2026 - 06:50 PM (IST)

ਅਮਰੀਕਾ ਨੇ ਲਾਰੈਂਸ ਬਿਸ਼ਨੋਈ ’ਤੇ ਮੁਕੱਦਮਾ ਕਿਉਂ ਚਲਾਇਆ?

8 ਜੁਲਾਈ ਨੂੰ, ਅਮਰੀਕੀ ਨਿਆਂ ਵਿਭਾਗ ਨੇ ਭਾਰਤ, ਕੈਨੇਡਾ, ਅਮਰੀਕਾ ਅਤੇ ਯੂਰਪ ’ਚ ਸਰਗਰਮ ਪੰਜਾਬ ਨਾਲ ਜੁੜੇ 3 ਅੰਤਰਰਾਸ਼ਟਰੀ ਸੰਗਠਿਤ ਅਪਰਾਧ ਗਿਰੋਹਾਂ ਵਿਰੁੱਧ ਦੋਸ਼-ਪੱਤਰ ਦਾ ਐਲਾਨ ਕੀਤਾ। ਸਭ ਤੋਂ ਮਹੱਤਵਪੂਰਨ ਦੋਸ਼ਾਂ ’ਚੋਂ ਇਕ ਇਹ ਹੈ ਕਿ ਪੰਜਾਬ ’ਚ ਜਨਮੇ 33 ਸਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ 2023 ’ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ’ਚ ਖਾਲਿਸਤਾਨ ਸਮਰਥਕ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਦਿੱਤਾ ਸੀ। ਬਿਸ਼ਨੋਈ ਗੁਜਰਾਤ ਦੇ ਅਹਿਮਦਾਬਾਦ ਦੀ ਇਕ ਉੱਚ ਸੁਰੱਖਿਆ ਵਾਲੀ ਜੇਲ ’ਚ ਬੰਦ ਹੈ, ਜਦੋਂ ਕਿ ਬਰਾੜ ਅਮਰੀਕਾ ’ਚ ਲੋੜੀਂਦਾ ਭਗੌੜਾ ਹੈ ਅਤੇ ਨਿੱਝਰ ਨੂੰ ਭਾਰਤ ਵੱਲੋਂ ਅੱਤਵਾਦੀ ਐਲਾਨਿਆ ਗਿਆ ਸੀ।

ਨਿਆਂ ਵਿਭਾਗ ਨੇ ਦੱਸਿਆ ਕਿ ਹੁਣ ਤੱਕ 37 ਲੋਕਾਂ ’ਤੇ ਦੋਸ਼ ਲਾਏ ਗਏ ਹਨ। ਉਸ ਨੇ ਕਿਹਾ ਕਿ ਭਾਰਤ ਅਾਧਾਰਿਤ 3 ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ 24 ਮੁਲਜ਼ਮਾਂ ਨੂੰ, ਜਿਨ੍ਹਾਂ ’ਤੇ ਕਈ ਅਪਰਾਧਿਕ ਸਰਗਰਮੀਆਂ ਦੇ ਦੋਸ਼ ਹਨ, ਅਮਰੀਕਾ, ਕੈਨੇਡਾ ਅਤੇ ਸਪੇਨ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ 10 ਫ਼ਰਾਰ ਲੋਕਾਂ ਦੀ ਭਾਲ ਕਰ ਰਹੇ ਹਨ-7 ਅਮਰੀਕਾ ’ਚ, 2 ਭਾਰਤ ’ਚ ਅਤੇ 1 ਯੂਰਪ ’ਚ।

ਅਮਰੀਕਾ ’ਚ ਚੱਲ ਰਹੇ ਇਸ ਮਾਮਲੇ ਵਿਚ ਕੇਂਦਰੀ ਸੰਗਠਨ ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਸਮੂਹ (ਓ. ਸੀ. ਜੀ.) ਹੈ। ਸਰਕਾਰੀ ਵਕੀਲਾਂ ਨੇ ਇਸ ਨੂੰ ਭਾਰਤ ’ਚ ਮੁੱਖ ਦਫ਼ਤਰ ਵਾਲਾ ਇਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਦੱਸਿਆ ਹੈ, ਜੋ ਕੈਨੇਡਾ, ਅਮਰੀਕਾ, ਬ੍ਰਿਟੇਨ, ਯੂਰਪ ਅਤੇ ਆਸਟ੍ਰੇਲੀਆ ’ਚ ਵਿਆਪਕ ਰੂਪ ’ਚ ਸਰਗਰਮ ਹੈ। ਦੋਸ਼-ਪੱਤਰ ਅਨੁਸਾਰ ਇਸ ਸਮੂਹ ਦੀ ਸਥਾਪਨਾ ਅਤੇ ਅਗਵਾਈ ਬਿਸ਼ਨੋਈ ਨੇ ਕੀਤੀ ਸੀ ਅਤੇ ਉਸ ਦੇ ਜੇਲ ’ਚ ਰਹਿਣ ਦੌਰਾਨ ਵੀ ਇਹ ਸਰਗਰਮ ਰਿਹਾ। ਦੋਸ਼ ਹੈ ਕਿ ਬਰਾੜ ਨੇ ਉੱਤਰੀ ਅਮਰੀਕੀ ਸਰਗਰਮੀਆਂ ਦਾ ਪ੍ਰਬੰਧਨ ਕੀਤਾ, ਜਦੋਂ ਕਿ ਰੋਹਿਤ ਗੋਦਾਰਾ ਨੇ ਇਸ ਦਾ ਜ਼ਿੰਮਾ ਸੰਭਾਲਿਆ।

ਨਿਆਂ ਵਿਭਾਗ ਨੇ ਬਿਸ਼ਨੋਈ ਨੈੱਟਵਰਕ ’ਤੇ ਵਪਾਰੀਆਂ, ਮਸ਼ਹੂਰ ਹਸਤੀਆਂ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਡਰ ਦਾ ਮਾਹੌਲ ਪੈਦਾ ਕਰਨ ਲਈ ਮਿੱਥ ਕੇ ਕੀਤੇ ਜਾਣ ਵਾਲੇ ਕਤਲਾਂ, ਗੋਲੀਬਾਰੀ, ਅਗਵਾ, ਹਮਲਿਆਂ ਅਤੇ ਜਨਤਕ ਧਮਕੀਆਂ ਦਾ ਦੋਸ਼ ਲਾਇਆ।

ਦੂਜੇ ਸੰਗਠਨ ਦੀ ਅਗਵਾਈ 38 ਸਾਲਾ ਗੈਂਗਸਟਰ ਜਗਤਾਰ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਕਰ ਰਿਹਾ ਹੈ, ਜੋ ਅਸਾਮ ਦੀ ਸਿਲਚਰ ਜੇਲ ’ਚ ਬੰਦ ਹੈ। ਅਮਰੀਕੀ ਅਧਿਕਾਰੀਆਂ ਨੇ ਉਸ ਦੇ ਸਮੂਹ ਨੂੰ ਇਕ ਵੱਖਰਾ ਕੌਮਾਂਤਰੀ ਅਪਰਾਧਿਕ ਗਿਰੋਹ ਦੱਸਿਆ ਹੈ, ਜਿਸ ਦੀ ਭਾਰਤ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ’ਚ ਮਹੱਤਵਪੂਰਨ ਮੌਜੂਦਗੀ ਹੈ। ਵਕੀਲਾਂ ਦੇ ਅਨੁਸਾਰ ਇਸ ਨੈੱਟਵਰਕ ਦੇ ਦੁਨੀਆ ਭਰ ’ਚ 1,000 ਤੋਂ ਵੱਧ ਮੈਂਬਰ ਅਤੇ ਸਹਿਯੋਗੀ ਹਨ। ਇਹ ਬਿਸ਼ਨੋਈ ਸੰਗਠਨ ਦੇ ਵਿਰੋਧੀ ਵਜੋਂ ਉੱਭਰਿਆ ਪਰ ਕਥਿਤ ਤੌਰ ’ਤੇ ਇਸ ਨੇ ਆਪਣਾ ਖ਼ੁਦ ਦਾ ਅੰਤਰਰਾਸ਼ਟਰੀ ਅਪਰਾਧਿਕ ਢਾਂਚਾ ਵਿਕਸਿਤ ਕਰ ਲਿਆ। ਭਗਵਾਨਪੁਰੀਆ ਬਿਸ਼ਨੋਈ ਦਾ ਸਾਬਕਾ ਸਹਿਯੋਗੀ ਹੈ। ਤੀਜਾ ਮੁੱਖ ਨੈੱਟਵਰਕ ਕੈਨੇਡਾ ਸਥਿਤ 57 ਸਾਲਾ ਰਵਿੰਦਰ ਸਿੰਘ ਢਾਂਡਾ ਨਾਲ ਜੁੜਿਆ ਹੈ, ਜਿਸ ’ਤੇ ਇਕ ਵੱਡੇ ਸਰਹੱਦ-ਪਾਰ ਨਸ਼ੀਲੇ ਪਦਾਰਥਾਂ (ਡਰੱਗਜ਼) ਦੇ ਕਾਰੋਬਾਰ ਨੂੰ ਚਲਾਉਣ ਦਾ ਦੋਸ਼ ਹੈ। ਇਸ ਸਮੂਹ ਦਾ ਮੁੱਖ ਉਦੇਸ਼ ਦੇਸ਼ਾਂ, ਵਿਸ਼ੇਸ਼ ਤੌਰ ’ਤੇ ਅਮਰੀਕਾ ਅਤੇ ਕੈਨੇਡਾ ਵਿਚਕਾਰ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨਾ ਹੈ।

ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵੱਲੋਂ ਬਿਸ਼ਨੋਈ ਗਿਰੋਹ ਵਿਰੁੱਧ ਦੋਸ਼ ਫਰਵਰੀ 2026 ’ਚ ਕੈਲੀਫੋਰਨੀਆ ਦੀ ਇਕ ਅਦਾਲਤ ’ਚ ਲਾਏ ਗਏ ਸਨ। ਨਿਆਂ ਵਿਭਾਗ ਨੇ ਕਿਹਾ ਕਿ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਨਿਊਜ਼ ਚੈਨਲਾਂ ਨੂੰ ਦਿੱਤੇ ਇੰਟਰਵਿਊਆਂ ਰਾਹੀਂ ਖ਼ੁਦ ਨੂੰ ਇਕ ‘ਦੇਸ਼ ਭਗਤ’, ‘ਰਾਸ਼ਟਰਵਾਦੀ’ ਅਤੇ ਇਕ ਬਹੁਤ ਹੀ ਧਾਰਮਿਕ ਵਿਅਕਤੀ ਵਜੋਂ ਪੇਸ਼ ਕੀਤਾ ਅਤੇ ਇਸ ਜਨਤਕ ਇਮੇਜ ਦੀ ਵਰਤੋਂ ਭਾਰਤ, ਅਮਰੀਕਾ ਅਤੇ ਹੋਰ ਥਾਵਾਂ ’ਤੇ ਆਪਣੇ ਅਪਰਾਧਿਕ ਗਿਰੋਹ ਲਈ ਮੈਂਬਰਾਂ ਅਤੇ ਸਹਿਯੋਗੀਆਂ ਦੀ ਭਰਤੀ ਕਰਨ ਲਈ ਕੀਤੀ।

ਨਿਆਂ ਵਿਭਾਗ ਨੇ ਬਿਸ਼ਨੋਈ ਨੈੱਟਵਰਕ ’ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਅਤੇ 2023 ਤੋਂ 2026 ਦਰਮਿਆਨ ਅਭਿਨੇਤਾ ਸਲਮਾਨ ਖ਼ਾਨ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਇਹ ਸਾਰੀਆਂ ਕਥਿਤ ਸਰਗਰਮੀਆਂ ਬਿਸ਼ਨੋਈ ਦੇ ਅਹਿਮਦਾਬਾਦ ਦੀ ਉੱਚ ਸੁਰੱਖਿਆ ਵਾਲੀ ਜੇਲ ’ਚ ਕੈਦ ਰਹਿਣ ਦੌਰਾਨ ਹੋਈਆਂ। ਜਾਂਚਕਰਤਾਵਾਂ ਅਨੁਸਾਰ, ਇਸ ਦਾ ਉਦੇਸ਼ ਜਬਰੀ ਵਸੂਲੀ ਅਤੇ ਗਿਰੋਹ ਦਾ ਦਬਦਬਾ ਵਧਾਉਣਾ ਸੀ। ਦੋਸ਼ ਪੱਤਰ ’ਚ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਇਹ ਸਮੂਹ ਉੱਤਰੀ ਅਮਰੀਕਾ ਵਿਚ ਕੋਕੀਨ ਅਤੇ ਮੈਥਮਫੈਟਾਮਾਈਨ ਦੀ ਸਮੱਗਲਿੰਗ ਕਰਨ ਅਤੇ ਵਿਰੋਧੀ ਸਮੱਗਲਿੰਗ ਸੰਗਠਨਾਂ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਚੋਰੀ ਕਰਨ ’ਚ ਸ਼ਾਮਲ ਸੀ।

ਨਿਆਂ ਵਿਭਾਗ ਨੇ ਦੱਸਿਆ ਕਿ ਬਿਸ਼ਨੋਈ ਗਿਰੋਹ ਫ਼ਰਜ਼ੀ ਜਾਣਕਾਰੀ ਦੀ ਵਰਤੋਂ ਕਰ ਕੇ ਪ੍ਰਾਪਤ ਕੀਤੇ ਸਟੂਡੈਂਟ ਅਤੇ ਵਰਕ ਵੀਜ਼ੇ ’ਤੇ ਆਪਣੇ ਵਫ਼ਾਦਾਰ ਮੈਂਬਰਾਂ ਨੂੰ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ’ਚ ਭੇਜਦਾ ਸੀ, ਤਾਂ ਜੋ ਉਹ ਉਨ੍ਹਾਂ ਦੇਸ਼ਾਂ ਵਿਚ ਗਿਰੋਹ ਦੀਆਂ ਅਪਰਾਧਿਕ ਸਰਗਰਮੀਆਂ ’ਚ ਮਦਦ ਕਰ ਸਕਣ।

ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ 2022 ’ਚ ਬਿਸ਼ਨੋਈ ਅਤੇ ਹੋਰਨਾਂ ਵਿਰੁੱਧ ਦਾਇਰ ਚਾਰਜਸ਼ੀਟ ਅਨੁਸਾਰ ਦਿੱਲੀ, ਚੰਡੀਗੜ੍ਹ, ਰਾਜਸਥਾਨ ਅਤੇ ਪੰਜਾਬ ਵਿਚ ਉਸ ਵਿਰੁੱਧ 84 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚੋਂ ਪਹਿਲਾ ਮਾਮਲਾ 2010 ਦਾ ਹੈ। ਬਿਸ਼ਨੋਈ ਨੂੰ 40 ਹੋਰ ਮਾਮਲਿਆਂ ’ਚ ਬਰੀ ਕਰ ਦਿੱਤਾ ਗਿਆ ਹੈ। ਐੱਨ. ਆਈ. ਏ. ਦੀ ਚਾਰਜਸ਼ੀਟ ਅਮਰੀਕੀ ਅਧਿਕਾਰੀਆਂ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਨਾਲ ਮੇਲ ਖਾਂਦੀ ਹੈ ਕਿ ਬਿਸ਼ਨੋਈ ਜੇਲ ’ਚੋਂ ਹੀ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਹੈ। ਐੱਨ. ਆਈ. ਏ. ਨੇ ਕਿਹਾ, ‘‘ਉਹ ਜੇਲ ਦੇ ਅੰਦਰੋਂ ਹੀ ਆਪਣਾ ਕੰਮ ਕਰਨ ’ਚ ਇੰਨਾ ਮਾਹਿਰ ਹੈ ਕਿ ਉਸ ਨੇ ਕਈ ਸਾਲਾਂ ਤੋਂ ਕਿਸੇ ਵੀ ਮਾਮਲੇ ’ਚ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ।’’

ਦੋਸ਼-ਪੱਤਰ ਅਨੁਸਾਰ, ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਸਮੂਹ ਦੇ ਭਾਰਤ ਸਥਿਤ ਸੀਨੀਅਰ ਸਹਿਯੋਗੀ ਸੁਖਰਾਜ ਸਿੰਘ ਕੰਗ, ਜਿਸ ਨੇ ਅਮਰੀਕਾ, ਕੈਨੇਡਾ ਅਤੇ ਹੋਰ ਥਾਵਾਂ ’ਤੇ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਕੀਤੀਆਂ ਹਿੰਸਾ ਦੀਆਂ ਘਟਨਾਵਾਂ ਦਾ ਨਿਰਦੇਸ਼ਨ ਅਤੇ ਤਾਲਮੇਲ ਕੀਤਾ ਸੀ, ਨੇ ਮਹੱਤਵਪੂਰਨ ਸਬੂਤ ਮੁਹੱਈਆ ਕੀਤੇ।

ਅਮਰੀਕੀ ਦੋਸ਼-ਪੱਤਰ ’ਚ ਇਲਜ਼ਾਮ ਲਾਇਆ ਗਿਆ ਹੈ ਕਿ ਬਿਸ਼ਨੋਈ ਅਤੇ ਬਰਾੜ ਨੇ ਜੂਨ 2023 ’ਚ ਨਿੱਝਰ ਦੇ ਕਤਲ ਦਾ ਹੁਕਮ ਦਿੱਤਾ ਸੀ। ਸਰਕਾਰੀ ਵਕੀਲਾਂ ਦਾ ਦਾਅਵਾ ਹੈ ਕਿ ਬਿਸ਼ਨੋਈ ਨੇ ਨਿਸ਼ਾਨੇ ’ਤੇ ਲਏ ਗਏ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਸ ਦੇ ਸਾਥੀਆਂ ਨੇ ਸਰੀ ’ਚ ਇਕ ਗੁਰਦੁਆਰੇ ਦੇ ਬਾਹਰ ਕਤਲ ਨੂੰ ਅੰਜਾਮ ਦਿੱਤਾ ਸੀ। ਇਸ ਕਤਲ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਡਿਪਲੋਮੈਟਿਕ ਸੰਬੰਧਾਂ ’ਚ ਤਣਾਅ ਪੈਦਾ ਕਰ ਦਿੱਤਾ ਸੀ।

—ਵਿਜੇਤਾ ਸਿੰਘ

(‘ਦਿ ਹਿੰਦੂ’ ਤੋਂ ਧੰਨਵਾਦ ਸਹਿਤ)

 


author

Anmol Tagra

Content Editor

Related News