‘ਭਾਰਤ ਦੀ ਸੁਰੱਖਿਆ’ ਨੂੰ ‘ਖਤਰੇ ’ਚ ਪਾ ਰਹੇ ਕੁਝ ਗੱਦਾਰ’
Tuesday, May 13, 2025 - 07:50 AM (IST)

ਇਸ ਸਮੇਂ ਦੇਸ਼ ਨੂੰ ਇਕ ਪਾਸੇ ਪਾਕਿਸਤਾਨ ਤੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਬੰਗਲਾਦੇਸ਼ ਦੇ ਨਾਲ ਵੀ ਸਾਡੇ ਸਬੰਧ ਬੀਤੇ ਸਾਲ 5 ਅਗਸਤ ਨੂੰ ਉੱਥੇ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਆਮ ਵਰਗੇ ਨਹੀਂ ਰਹੇ।
ਦੋਹਾਂ ਹੀ ਦੇਸ਼ਾਂ ਲਈ ਜਾਸੂਸੀ ਕਰਨ ਦੇ ਦੋਸ਼ ’ਚ ਭਾਰਤ ’ਚ ਲੋਕਾਂ ਦਾ ਫੜਿਆ ਜਾਣਾ ਭਾਰਤੀ ਸੁਰੱਖਿਆ ਬਲਾਂ ਲਈ ਚਿੰਤਾ ਦਾ ਵਿਸ਼ਾ ਹੈ। ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 8 ਫਰਵਰੀ ਨੂੰ ‘ਅੰਮ੍ਰਿਤਸਰ’ ਦਿਹਾਤੀ ਪੁਲਸ ਨੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੂੰ ਨਾਜ਼ੁਕ ਜਾਣਕਾਰੀ ਦੇਣ ਦੇ ਦੋਸ਼ ’ਚ ਨਾਸਿਕ ਆਰਮੀ ਕੈਂਪ ’ਚ ਤਾਇਨਾਤ ਫੌਜ ਦੇ ਇਕ ਜਵਾਨ ‘ਸੰਦੀਪ ਸਿੰਘ’ ਨੂੰ ਗ੍ਰਿਫਤਾਰ ਕੀਤਾ।
* 19 ਮਾਰਚ ਨੂੰ ‘ਅਸਲਾ ਫੈਕਟਰੀ, ਕਾਨਪੁਰ’ (ਉੱਤਰ ਪ੍ਰਦੇਸ਼, ਅਰਮਾਪੁਰ) ’ਚ ਕੰਮ ਕਰਦੇ ਜੂਨੀਅਰ ਵਰਕਸ ਮੈਨੇਜਰ ‘ਕੁਮਾਰ ਵਿਕਾਸ’ ਨੂੰ ‘ਐਂਟੀ ਟੈਰੇਰਿਸਟ ਸਕਵਾਇਡ’’ ਨੇ ਪਾਕਿਸਤਾਨੀ ਏਜੰਟ ‘ਨੇਹਾ ਸ਼ਰਮਾ’ ਦੇ ਨਾਲ ‘ਅਸਲਾ ਫੈਕਟਰੀ’ ਦੇ ਦਸਤਾਵੇਜ਼, ਉਪਕਰਨਾਂ, ਗੋਲਾ ਬਾਰੂਦ ਦੇ ਨਿਰਮਾਣ ਨਾਲ ਸਬੰਧਤ ਚਾਰਟ, ਕਰਮਚਾਰੀਆਂ ਦੀ ਅਟੈਂਡੈਂਸ ਸ਼ੀਟ ਅਤੇ ਮਸ਼ੀਨਾਂ ਦੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* ਇਸ ਤੋਂ ਪਹਿਲਾਂ 13 ਮਾਰਚ ਨੂੰ ‘ਐਂਟੀ ਟੈਰੇਰਿਸਟ ਸਕਵਾਇਡ’ ਨੇ ‘ਅਸਲਾ ਇਕਵਿਪਮੈਂਟ ਫੈਕਟਰੀ ਹਜ਼ਰਤਪੁਰ (ਫਿਰੋਜ਼ਾਬਾਦ ਉੱਤਰ ਪ੍ਰਦੇਸ਼) ਦੇ ਕਰਮਚਾਰੀ ‘ਰਵਿੰਦਰ ਕੁਮਾਰ’ ਨੂੰ ‘ਨੇਹਾ ਸ਼ਰਮਾ’ ਦੇ ਜ਼ਰੀਏ ਪਾਕਿਸਤਾਨ ਦੀ ਖੁਫੀਆ ਏਜੰਸੀ ‘ਆਈ.ਐੱਸ.ਆਈ.’ ਨੂੰ ਖੁਫੀਆ ਸੂਚਨਾਵਾਂ ਨੂੰ ਸਾਂਝਾ ਕਰਦੇ ਹੋਏ ਫੜਿਆ ਸੀ।
* 1 ਮਈ ਨੂੰ ‘ਰਾਜਸਥਾਨ ਇੰਟੈਲੀਜੈਂਸ’ ਨੇ ਸਖਤ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ‘ਆਈ. ਐੱਸ. ਆਈ.’ ਦੇ ਲਈ ਜਾਸੂਸੀ ਕਰਨ ਵਾਲੇ ‘ਮੋਹਨਗੜ੍ਹ’, ਜੈਸਲਮੇਰ ਨਿਵਾਸੀ ‘ਪਠਾਨ ਖਾਨ’ ਨੂੰ ਗ੍ਰਿਫਤਾਰ ਕੀਤਾ। ਸਾਲ 2013 ’ਚ ‘ਪਠਾਨ ਖਾਨ’ ਪਾਕਿਸਤਾਨ ਗਿਆ ਸੀ, ਉਦੋਂ ਤੋਂ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਦੇ ਸੰਪਰਕ ’ਚ ਸੀ ਅਤੇ ਰਣਨੀਤਿਕ ਮਹੱਤਵ ਦੀਆਂ ਖੁਫੀਆ ਸੂਚਨਾਵਾਂ ਪਾਕਿਸਤਾਨ ਦੇ ਨਾਲ ਸਾਂਝੀਆਂ ਕਰ ਰਿਹਾ ਸੀ।
ਦੱਸਿਆ ਜਾਂਦਾ ਹੈ ਕਿ ਉਹ ਪਾਕਿ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੂੰ ਭਾਰਤੀ ਸਿਮ ਵੀ ਮੁਹੱਈਆ ਕਰਵਾ ਚੁੱਕਾ ਹੈ। ਆਈ. ਐੱਸ. ਆਈ. ਦੇ ਹੈਂਡਲਰਸ ਅਤੇ ਅਧਿਕਾਰੀਆਂ ਵਲੋਂ ਅਨੇਕ ਮਾਧਿਅਮ ਰਾਹੀਂ ‘ਪਠਾਨ ਖਾਨ’ ਨੂੰ ਧਨ ਮੁਹੱਈਆ ਕਰਵਾਇਆ ਗਿਆ।
* 4 ਮਈ ਨੂੰ ਪੰਜਾਬ ਪੁਲਸ ਨੇ ਭਾਰਤੀ ਫੌਜ ਅਤੇ ਹਵਾਈ ਫੌਜ ਦੇ ਕੰਟੋਨਮੈਂਟ ਏਰੀਏ ਅਤੇ ਏਅਰ ਫੋਰਸ ਸਟੇਸ਼ਨ ਦੀਆਂ ਨਾਜ਼ੁਕ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ’ਚ ‘ਪਲਕ ਸ਼ੇਰ ਮਸੀਹ’ ਤੇ ‘ਸੂਰਜ ਮਸੀਹ’ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਤੋਂ ਬਰਾਮਦ ਮੋਬਾਇਲ ਫੋਨ ’ਚ ਫੌਜ ਦੀ ਮੂਵਮੈਂਟ ਅਤੇ ਹਵਾਈ ਫੌਜ ਬੇਸ ਦੇ ਚਿੱਤਰ ਮਿਲੇ ਹਨ।
* 9 ਮਈ ਨੂੰ ‘ਰਾਜਸਥਾਨ ਇੰਟੈਲੀਜੈਂਸ’ ਨੇ ਜੈਸਲਮੇਰ ਜ਼ਿਲੇ ਦੇ ਵੱਖ-ਵੱਖ ਥਾਣਾ ਖੇਤਰਾਂ ’ਚ ਸ਼ੱਕੀ ਸਰਗਰਮੀਆਂ ਦੀ ਸੂਚਨਾ ਮਿਲਣ ’ਤੇ 5 ਸ਼ੱਕੀ ਨੌਜਵਾਨਾਂ ‘ਦੀਨਖਾਨ’ ‘ਮੁਰਰੀਫ ਖਾਨ’ ‘ਖਬਨ ਖਾਨ’, ‘ਸ਼ੇਖ ਸੋਨੂੰ’ ਅਤੇ ਸ਼ਾਹਿਦ ਅਲੀ ਨੂੰ ਗ੍ਰਿਫਤਾਰ ਕੀਤਾ।
* 10 ਮਈ ਨੂੰ ਉੱਤਰ ਬੰਗਾਲ ’ਚ ‘ਬੇਂਗਡੁਬੀ ਿਮਲਟਰੀ ਸਟੇਸ਼ਨ’ ਦੇ ਆਸ-ਪਾਸ ਘੁੰਮਣ ਵਾਲੇ ਇਕ ਵਿਅਕਤੀ ਨੂੰ ਸੈਨਾ ਦੇ ਜਵਾਨਾਂ ਨੇ ਹਿਰਾਸਤ ’ਚ ਲਿਆ। ਉਸ ਨੇ ਬੰਗਲਾਦੇਸ਼ ਦਾ ਜਾਸੂਸ ਹੋਣ ਦੀ ਗੱਲ ਸਵੀਕਾਰ ਕੀਤੀ। ਉਸ ਨੇ ਆਪਣਾ ਨਾਂ ‘ਅਸ਼ਰਫੁਲ ਆਲਮ’ ਦੱਸਿਆ ਅਤੇ ਕਿਹਾ ਕਿ ਉਹ ਬੰਗਲਾਦੇਸ਼ ਦੀ ਖੁਫੀਆ ਸੇਵਾ ’ਚ ਡੀ. ਐੱਸ. ਪੀ. ਹੈ। ਉਸ ਦੀ ਲੰਬੀ ਦਾੜ੍ਹੀ ਅਤੇ ਖਿਲਰੇ ਵਾਲ, ਉਸ ਦੀ ਗੰਦੀ ਸ਼ਰਟ ਅਤੇ ਪੈਂਟ ਆਦਿ ਉਸ ਨੂੰ ਇਕ ਭਿਖਾਰੀ ਵਰਗਾ ਦਿਖਾ ਰਹੇ ਸਨ।
* ਅਤੇ ਹੁਣ 11 ਮਈ ਨੂੰ ‘ਮਾਲੇਰਕੋਟਲਾ’ ਪੁਲਸ ਨੇ ਨਵੀਂ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ’ਚ ਤਾਇਨਾਤ ਇਕ ਅਧਿਕਾਰੀ ਨੂੰ ਖੁਫੀਆ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ‘ਗਜ਼ਾਲਾ’ ਨਾਂ ਦੀ ਔਰਤ ਅਤੇ ‘ਯਾਮੀਨ ਅਹਿਮਦ’ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮਾਲੇਰਕੋਟਲਾ ਦੇ ਰਹਿਣ ਵਾਲੇ ਹਨ।
ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 2 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ‘ਗਜ਼ਾਲਾ’ ਨੇ ਸਵੀਕਾਰ ਕੀਤਾ ਕਿ ਉਸ ਨੇ ਉਕਤ ਅਧਿਕਾਰੀ ਦੇ ਨਾਲ ਭਾਰਤੀ ਫੌਜ ਦੀਆਂ ਸਰਗਰਮੀਆਂ ਦੇ ਬਾਰੇ ਖੁਫੀਆ ਜਾਣਕਾਰੀ ਸਾਂਝੀ ਕੀਤੀ ਸੀ।
ਇਥੇ ਹੀ ਬਸ ਨਹੀਂ, ਇਨੀਂ ਦਿਨੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਫੌਜ ਦੀ ਵਰਦੀ ਪਹਿਨ ਕੇ ਸ਼ੱਕੀ ਲੋਕਾਂ ਦੇ ਘੁੰਮਣ ਅਤੇ ਕੁਝ ਥਾਵਾਂ ’ਤੇ ਫੌਜ ਦੀ ਵਰਦੀ ਵਿਕਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ‘ਪਹਿਲਗਾਮ’ ਹਮਲੇ ’ਚ ਅੱਤਵਾਦੀ ਭਾਰਤੀ ਫੌਜ ਦੀ ਵਰਦੀ ਪਹਿਨ ਕੇ ਹੀ ਆਏ ਸਨ। ਅਜਿਹੇ ’ਚ ਸੁਰੱਖਿਆ ਬਲਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ।
–ਵਿਜੇ ਕੁਮਾਰ