ਵਿਦੇਸ਼ਾਂ ’ਚ ਭਾਰਤ ਦੀ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ

Tuesday, Jul 30, 2024 - 02:02 AM (IST)

ਇਕ ਪਾਸੇ ਭਾਰਤੀ ਮੂਲ ਦੇ ਲੋਕ ਦੁਨੀਆ ਦੇ ਕਈ ਦੇਸ਼ਾਂ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਸਿਆਸੀ ਤੇ ਸਮਾਜਿਕ ਜੀਵਨ ’ਚ ਛਾਏ ਹੋਏ ਹਨ ਤਾਂ ਦੂਜੇ ਪਾਸੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ, ਹੱਤਿਆ, ਛੇੜਛਾੜ, ਬੰਧੂਆ ਮਜ਼ਦੂਰੀ ਕਰਵਾਉਣ, ਠੱਗੀ ਮਾਰਨ ਆਦਿ ਅਪਰਾਧਾਂ ਦੇ ਸਬੰਧ ’ਚ ਫੜੇ ਜਾਣ ’ਤੇ ਦੇਸ਼ ਦੀ ਬਦਨਾਮੀ ਕਰਵਾ ਰਹੇ ਹਨ। ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੀਆਂ ਇਸ ਸਾਲ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 2 ਜਨਵਰੀ, 2024 ਨੂੰ ਕੈਨੇਡਾ ਪੁਲਸ ਅਤੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਸਾਂਝੀ ਮੁਹਿੰਮ ਦੇ ਤਹਿਤ ਕੈਨੇਡਾ ’ਚ ਭਾਰਤੀ ਮੂਲ ਦੇ 3 ਲੋਕਾਂ ਆਯੁਸ਼ ਸ਼ਰਮਾ, ਗੁਰਅੰਮ੍ਰਿਤ ਸਿੱਧੂ ਅਤੇ ਸ਼ੁਭਮ ਕੁਮਾਰ ਨੂੰ 133 ਕਰੋੜ ਰੁਪਏ ਦੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਵਿਚ 7 ਹੋਰ ਲੋਕਾਂ ਨਾਲ ਗ੍ਰਿਫਤਾਰ ਕੀਤਾ, ਜੋ ਮੈਕਸੀਕੋ ਤੋਂ ਨਸ਼ੇ ਵਾਲੇ ਪਦਾਰਥ ਖਰੀਦ ਕੇ ਕੈਨੇਡਾ ਅਤੇ ਅਮਰੀਕਾ ਪਹੁੰਚਾਉਂਦੇ ਸਨ।

* 19 ਮਾਰਚ ਨੂੰ ਦੱਖਣੀ ਨੇਪਾਲ ਦੇ ‘ਸਰਲਾਹੀ’ ਜ਼ਿਲੇ ਵਿਚ ਡਕੈਤੀ ਕਰਨ ਦੇ ਦੋਸ਼ ਵਿਚ ਅਧਿਕਾਰੀਆਂ ਨੇ ‘ਜਿਤੇਂਦਰ ਰਾਊਤ’ (ਮੋਤੀਹਾਰੀ) ਅਤੇ ਉਸ ਦੇ ਸਾਥੀ ‘ਸ਼ਨੀ ਸਿੰਘ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਬਰਾਮਦ ਕੀਤੇ।

* 26 ਅਪ੍ਰੈਲ ਨੂੰ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਦੀ ਭਾਰਤੀ ਵਿਦਿਆਰਥਣ ‘ਅਚਿੰਤਿਆ ਸ਼ਿਵਲਿੰਗਨ’ ਨੂੰ ਕਾਲਜ ਕੰਪਲੈਕਸ ’ਚ ਅਮਰੀਕਾ ਦੇ ਮਿੱਤਰ ਦੇਸ਼ ਇਜ਼ਰਾਈਲ ਦੇ ਵਿਰੁੱਧ ਤੇ ਫਿਲਸਤੀਨ ਦੇ ਸਮਰਥਨ ’ਚ ਪ੍ਰਦਰਸ਼ਨ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਯੂਨੀਵਰਸਿਟੀ ਕੈਂਪਸ ’ਚ ਦਾਖਲੇ ’ਤੇ ਰੋਕ ਲਗਾ ਦਿੱਤੀ ਗਈ।

* 9 ਮਈ ਨੂੰ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਇਕ ਭਾਰਤੀ ਵਿਦਿਆਰਥੀ ਦੀ ਚਾਕੂਆਂ ਨਾਲ ਵਿੰਨ੍ਹ ਕੇ ਹੱਤਿਆ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦੇ 2 ਭਰਾਵਾਂ ਅਭਿਜੀਤ ਅਤੇ ਰਾਬਿਨ ਨੂੰ ਨਿਊ ਸਾਊਥ ਵੇਲਸ ਦੇ ‘ਗਾਲਬਰਨ’ ਸ਼ਹਿਰ ਵਿਚੋਂ ਗ੍ਰਿਫਤਾਰ ਕੀਤਾ ਗਿਆ।

* 19 ਜੂਨ ਨੂੰ ਸਿੰਗਾਪੁਰ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ‘ਦੇਵੇਸ਼ ਰਾਜਸ਼ੇਖਰਨ’ ਨਾਂ ਦੇ ਇਕ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ’ਚ ਸਿੰਗਾਪੁਰ ਪੁਲਸ ਦੇ ਇਕ ਮੈਂਬਰ ਨੂੰ ਮੁੱਕਾ ਮਾਰਨ ਦੇ ਦੋਸ਼ ’ਚ 5 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ।

* 3 ਜੁਲਾਈ ਨੂੰ ਸਿੰਗਾਪੁਰ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੀ ਇਕ ਔਰਤ ਨੂੰ ਵੱਖ-ਵੱਖ ਘਪਲਿਆਂ ’ਚ 12 ਵਿਅਕਤੀਆਂ ਤੋਂ ਕੁੱਲ 106,000 ਸਿੰਗਾਪੁਰੀ ਡਾਲਰ (ਲੱਗਭਗ 66 ਲੱਖ ਰੁਪਏ) ਦੀ ਠੱਗੀ ਕਰਨ ਦੇ ਦੋਸ਼ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ।

* 9 ਜੁਲਾਈ ਨੂੰ ਅਮਰੀਕਾ ਦੇ ਪ੍ਰਿੰਸਟਨ ’ਚ ਮਨੁੱਖੀ ਸਮੱਗਲਿੰਗ ਅਤੇ ਜਬਰੀ ਕਿਰਤ ਯੋਜਨਾ ਚਲਾਉਣ ਦੇ ਦੋਸ਼ ’ਚ ਭਾਰਤੀ ਮੂਲ ਦੇ 4 ਮੁਲਜ਼ਮਾਂ-ਚੰਦਨ ਦਸੀਰੈਡੀ, ਸੰਤੋਸ਼ ਕਟਕੁਰੀ, ਦਵਾਰਕਾ ਅਤੇ ਅਨਿਲ ਮਾਲੇ ਨੂੰ ਗ੍ਰਿਫਤਾਰ ਕੀਤਾ ਗਿਆ।

* 12 ਜੁਲਾਈ ਨੂੰ ਕੈਨੇਡਾ ਦੀ ਪੁਲਸ ਨੇ ਨਿਊ ਬਰੰਸਵਿਕ ਸੂਬੇ ਦੇ ‘ਮਾਨਕਟਨ’ ਸਥਿਤ ਪਬਲਿਕ ਪਾਰਕ ’ਚ ਘੁੰਮ ਰਹੀਆਂ ਲੱਗਭਗ 1 ਦਰਜਨ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਇਕ ਭਾਰਤੀ ਨੂੰ ਗ੍ਰਿਫਤਾਰ ਕੀਤਾ।

* 14 ਜੁਲਾਈ ਨੂੰ ਇਟਲੀ ਦੇ ਵੇਰੋਨਾ ਸੂਬੇ ’ਚ 2 ਭਾਰਤੀਆਂ ਨੂੰ ਆਪਣੇ ਖੇਤਾਂ ’ਚ ਕੰਮ ਕਰਨ ਵਾਲੇ 33 ਮਜ਼ਦੂਰਾਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ 43 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ ਗਈ।

* 22 ਜੁਲਾਈ ਨੂੰ ਅਮਰੀਕਾ ’ਚ ਪੁਲਸ ਨੇ ਟੈਨੇਸੀ ਸਥਿਤ ਇਕ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਭਾਰਤੀ ‘ਮੀਰ ਪਟੇਲ’ ਨੂੰ ਕਿਸੇ ਹੋਰ ਵਿਅਕਤੀ ਦੀ 10 ਲੱਖ ਡਾਲਰ ਦੀ ਇਨਾਮੀ ਲਾਟਰੀ ਟਿਕਟ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 25 ਜੁਲਾਈ ਨੂੰ ਕੈਨੇਡਾ ਪੁਲਸ ਨੇ ‘ਐਡਮਿੰਟਨ’ ’ਚ 6 ਸਥਾਨਾਂ ’ਤੇ ਛਾਪੇਮਾਰੀ ਕਰ ਕੇ ਇਕ ਵਸੂਲੀ ਰੈਕੇਟ ਚਲਾਉਣ ਦੇ ਦੋਸ਼ ’ਚ ਇਕ ਔਰਤ ਜਸ਼ਨਦੀਪ ਕੌਰ, ਗੁਰਚਰਨ ਸਿੰਘ, ਮਾਨਵ ਧੀਰ, ਪਰਮਿੰਦਰ ਸਿੰਘ, ਦਿਵਨੂਰ ਅਸ਼ਟ ਅਤੇ ਇਕ ਨਾਬਾਲਗ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦਕਿ ਗਿਰੋਹ ਦਾ ਮੁਖੀ ਮਨਿੰਦਰ ਸਿੰਘ ਧਾਲੀਵਾਲ ਫਰਾਰ ਹੈ।

ਇਹ ਲੋਕ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕਰਦੇ ਸਨ। ਹਾਲ ਹੀ ’ਚ ਇਸ ਗਿਰੋਹ ਦੇ ਮੈਂਬਰਾਂ ਨੇ ਵਸੂਲੀ ਦੌਰਾਨ ਇਕ ਅਪਾਰਟਮੈਂਟ ’ਚ ਅੱਗ ਲਗਾ ਦਿੱਤੀ ਸੀ ਅਤੇ ਇਸ ਤੋਂ ਪਹਿਲਾਂ ਵੀ ਇਹ ਲੋਕ ਵਸੂਲੀ ਦੌਰਾਨ ਕਈ ਮਕਾਨਾਂ ’ਚ ਅੱਗ ਲਗਾ ਚੁੱਕੇ ਹਨ। ਇਨ੍ਹਾਂ ਲੋਕਾਂ ਵਿਰੁੱਧ 54 ਮਾਮਲੇ ਦਰਜ ਹਨ।

ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਇਕ ਪਾਸੇ ਜਿੱਥੇ ਵਿਦੇਸ਼ਾਂ ’ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੇ ਉਥੇ ਜ਼ਿੰਦਗੀ ਦੇ ਸਾਰੇ ਖੇਤਰਾਂ ਸਿਆਸਤ, ਸਿੱਖਿਆ, ਵਿਗਿਆਨ, ਪੁਲਾੜ ਖੋਜ ਆਦਿ ’ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ, ਉਥੇ ਹੀ ਕੁਝ ਭਾਰਤੀ ਉਥੇ ਸਮਾਜ ਵਿਰੋਧੀ ਅਪਰਾਧਿਕ ਘਟਨਾਵਾਂ ’ਚ ਸ਼ਾਮਲ ਹੋ ਕੇ ਭਾਰਤ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।

-ਵਿਜੇ ਕੁਮਾਰ


Harpreet SIngh

Content Editor

Related News