ਸ਼੍ਰੀ ਮਹਾਵੀਰ ਵਣਸਥਲੀ : ਕੁਦਰਤ, ਆਸਥਾ ਅਤੇ ਸ਼ਾਂਤੀ ਦਾ ਸੰਗਮ

Thursday, Apr 10, 2025 - 05:38 PM (IST)

ਸ਼੍ਰੀ ਮਹਾਵੀਰ ਵਣਸਥਲੀ : ਕੁਦਰਤ, ਆਸਥਾ ਅਤੇ ਸ਼ਾਂਤੀ ਦਾ ਸੰਗਮ

ਪ੍ਰਸਿੱਧ ਸ਼੍ਰੀ ਮਹਾਵੀਰ ਵਣਸਥਲੀ ਅਤੇ ਸ਼੍ਰੀ ਮਣੀ ਲਕਸ਼ਮੀ ਧਾਮ ਇਥੋਂ 30 ਕਿਲੋਮੀਟਰ ਦੂਰ ਦੋਰਾਹਾ ਕੋਲ (ਅੰਮ੍ਰਿਤਸਰ-ਦਿੱਲੀ ਹਾਈਵੇ ਐੱਨ. ਐੱਚ. 1) ’ਤੇ ਸਥਿਤ ਹੈ। ਵਣਸਥਲੀ ’ਚ ਬਹੁਤ ਦਿਲਕਸ਼ ਲੈਂਡਸਕੇਪਿੰਗ ਕੀਤੀ ਗਈ ਹੈ ਜੋ ਇਥੇ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਬਹੁਤ ਆਕਰਸ਼ਿਤ ਕਰ ਰਹੀ ਹੈ। ਇਥੇ ਵੱਖ-ਵੱਖ ਕਿਸਮਾਂ ਦੇ ਰੰਗ-ਬਿਰੰਗੇ ਫੁੱਲ ਅਤੇ ਰੁੱਖ-ਪੌਦੇ ਚਹੁੰ ਪਾਸੀਂ ਦਿਖਾਈ ਦਿੰਦੇ ਹਨ। ਪੂਰੇ ਕੰਪਲੈਕਸ ’ਚ ਹਰੀ ਘਾਹ ਦਾ ਸਾਮਰਾਜ ਦਿਖਾਈ ਦਿੰਦਾ ਹੈ।

ਇਥੇ ਪਹੁੰਚ ਕੇ ਹਰ ਵਿਅਕਤੀ ਖੁਦ ਨੂੰ ਕੁਦਰਤ ਦੇ ਬਹੁਤ ਨੇੜੇ ਦੇਖਦਾ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਮਾਨਸਿਕ, ਸਰੀਰਕ ਅਤੇ ਅੰਦਰੂਨੀ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਹਰੇ-ਭਰੇ ਰੁੱਖਾਂ ਦੀਆਂ ਟਾਹਣੀਆਂ ’ਤੇ ਬੈਠੇ ਪੰਛੀਆਂ ਦਾ ਚਹਿਕਣਾ ਸੁਣ ਕੇ ਤਾਂ ਬਿਹਤਰੀਨ ਅਨੁਭਵ ਹੁੰਦਾ ਹੈ ਜਿਸ ਨੂੰ ਕੰਕਰੀਟ ਦੇ ਜੰਗਲ ’ਚ ਮਹਿਸੂਸ ਕਰਨਾ ਬੇਹੱਦ ਔਖਾ ਹੈ।

ਜੇਕਰ ਇਹ ਵੀ ਕਹਿ ਦਿੱਤਾ ਜਾਵੇ ਤਾਂ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਲੈਂਡਸਕੇਪਿੰਗ ਨੂੰ ਦੇਖ ਕੇ ਕਸ਼ਮੀਰ ਦੀਆਂ ਵਾਦੀਆਂ ਵਰਗਾ ਅਹਿਸਾਸ ਹੁੰਦਾ ਹੈ। ਜਿਸ ਲਈ ਕਸ਼ਮੀਰ ਦੀਆਂ ਵਾਦੀਆਂ ਦੀ ਸੈਰ ਕਰਨੀ ਸੰਭਵ ਨਹੀਂ ਹੈ, ਉਹ ਇਸ ਸਥਾਨ ’ਤੇ ਆ ਕੇ ਆਪਣੇ ਮਨ ਦੀ ਇੱਛਾ ਪੂਰੀ ਕਰ ਸਕਦਾ ਹੈ।

ਪ੍ਰਸਿੱਧ ਉਦਯੋਗਪਤੀ ਅਤੇ ਸ਼੍ਰੀ ਆਤਮਵੱਲਭ ਸਰਵ ਮੰਗਲ ਟਰੱਸਟ ਦੇ ਚੇਅਰਮੈਨ ਜਵਾਹਰ ਲਾਲ ਓਸਵਾਲ ਦਾ ਕਹਿਣਾ ਹੈ ਕਿ ਲਗਭਗ 5 ਏਕੜ ਏਰੀਏ ’ਚ ਖੂਬਸੂਰਤ ਲੈਂਡਸਕੇਪਿੰਗ ਕੀਤੀ ਗਈ ਹੈ। ਇਸ ਸਥਾਨ ’ਤੇ ਫਾਊਂਟੇਨ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਲਾਏ ਗਏ ਹਨ। ਇਹ ਸਥਾਨ ਨਾ ਸਿਰਫ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਲੋਕਾਂ ਸਗੋਂ ਦੇਸ਼ ਭਰ ਤੋਂ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

ਇਸ ਸਥਾਨ ’ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਕਦੇ ਵੀ ਜਾਇਆ ਜਾ ਸਕਦਾ ਹੈ। ਪੂਰੇ ਖੇਤਰ ’ਚ ਲਗਭਗ 200 ਰੁੱਖ ਅਤੇ ਲਗਭਗ 100 ਕਿਸਮ ਦੇ ਫੁੱਲ ਅਤੇ ਪੌਦੇ ਆਦਿ ਲੱਗੇ ਹੋਏ ਹਨ। ਫੁੱਲਾਂ ਅਤੇ ਰੁੱਖਾਂ-ਪੌਦਿਆਂ ਨੂੰ ਹਰਿਆ-ਭਰਿਆ ਰੱਖਣ ਲਈ ਸਿੰਚਾਈ ਦੀ ਪੂਰੀ ਵਿਵਸਥਾ ਹੈ। ਬਾਗਬਾਨੀ ਦਾ ਸਾਰਾ ਕੰਮ ਜੋਧਪੁਰ ਦੇ ਰਵਿੰਦਰ ਕੁਮਾਰ ਕਾਬੜਾ ਵਲੋਂ ਕੀਤਾ ਗਿਆ ਹੈ। ਪੂਰਾ ਵਾਤਾਵਰਣ ਪ੍ਰਦੂਸ਼ਣ ਮੁਕਤ, ਵਾਤਾਵਰਣ ਅਨੁਕੂਲ ਅਤੇ ਸ਼ਾਂਤੀਪੂਰਨ ਦਿਖਾਈ ਦਿੰਦਾ ਹੈ।

ਇਥੇ ਤੀਰਥ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਇਸ ਕੰਪਲੈਕਸ ’ਚ ਧਰਮਸ਼ਾਲਾ ਅਤੇ ਭੋਜਨਾਲਯ (ਰੈਸਟੋਰੈਂਟ) ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਦੇ ਲਈ ਓਸਵਾਲ ਫਾਊਂਡੇਸ਼ਨ ਅਤੇ ਜਵਾਹਰ ਲਾਲ ਓਸਵਾਲ ਪਬਲਿਕ ਚੈਰੀਟੇਬਲ ਟਰੱਸਟ ਨੇ ਇਕ ਬਹੁਤ ਸੁੰਦਰ ਅਤੇ ਕਲਾਤਮਕ ਭਵਨ ਦਾ ਨਿਰਮਾਣ ਕਰਵਾਇਆ ਹੈ।

ਇਸ ਕੰਪਲੈਕਸ ’ਚ ਧਰਮਸ਼ਾਲਾ ਵੀ ਹੈ। ਜਵਾਹਰ ਲਾਲ ਓਸਵਾਲ ਅਤੇ ਅਭਿਲਾਸ਼ ਓਸਵਾਲ ਵਲੋਂ ਇਹ ਧਰਮਸ਼ਾਲਾ ਵਿੱਦਿਆ ਸਾਗਰ ਓਸਵਾਲ ਅਤੇ ਮੋਹਨਦੇਈ ਓਸਵਾਲ ਦੀ ਯਾਦ ’ਚ ਬਣਾਈ ਗਈ ਹੈ। ਇਹ ਧਰਮਸ਼ਾਲਾ ਤੀਰਥ ਯਾਤਰੀਆਂ ਦੀ ਅਧਿਆਤਮਿਕ ਯਾਤਰਾ ਲਈ ਇਕ ਸਵਰਗ ਦੇ ਬਰਾਬਰ ਹੈ ਕਿਉਂਕਿ ਇਸ ’ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਕੰਪਲੈਕਸ ’ਚ ਓਸਵਾਲ ਫਾਊਂਡੇਸ਼ਨ ਅਤੇ ਜਵਾਹਰ ਲਾਲ ਓਸਵਾਲ ਪਬਲਿਕ ਚੈਰੀਟੇਬਲ ਟਰੱਸਟ ਵਲੋਂ ਸੰਚਾਲਿਤ ਅਭਿਲਾਸ਼ ਓਸਵਾਲ ਭੋਜਨਾਲਯ ਵੀ ਹੈ, ਜਿਥੇ ਇਕੱਠਿਆਂ ਇਕੋ ਵੇਲੇ 350 ਤੋਂ 400 ਲੋਕਾਂ ਲਈ ਭੋਜਨ ਕਰਨ ਦੀ ਵਿਵਸਥਾ ਹੈ।ਇਥੇ ਭੋਜਨ ਜੈਨ ਪ੍ਰੰਪਰਾਵਾਂ ਅਨੁਸਾਰ ਪਰੋਸਿਆ ਜਾਂਦਾ ਹੈ ਅਤੇ ਬੈਠਣ ਦੀ ਅਤਿ-ਆਧੁਨਿਕ ਅਤੇ ਉੱਤਮ ਵਿਵਸਥਾ ਹੈ।

ਇਸ ਤੋਂ ਇਲਾਵਾ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਲਈ ਜਵਾਹਰ ਓਸਵਾਲ ਪ੍ਰਵਚਨ ਹਾਲ ਦਾ ਨਿਰਮਾਣ ਵੀ ਕੀਤਾ ਗਿਆ ਹੈ, ਜਿਸ ’ਚ 300 ਤੋਂ 500 ਲੋਕ ਇਕੋ ਸਮੇਂ ਬੈਠ ਸਕਦੇ ਹਨ। ਤੀਰਥ ਯਾਤਰੀਆਂ ਦੀ ਸਹੂਲਤ ਲਈ ਮੈਡੀਕਲ ਡਿਸਪੈਂਸਰੀ ਵੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ’ਚ ਇਸ ਦੀ ਵਰਤੋਂ ਕੀਤੀ ਜਾ ਸਕੇ।

(ਲੇਖਕ ਪ੍ਰਸਿੱਧ ਉਦਯੋਗਪਤੀ ਅਤੇ ਸ਼੍ਰੀ ਆਤਮਵੱਲਭ ਸਰਵ ਮੰਗਲ ਟਰੱਸਟ ਦੇ ਚੇਅਰਮੈਨ ਹਨ) ਜਵਾਹਰ ਲਾਲ ਓਸਵਾਲ


author

Rakesh

Content Editor

Related News