ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਪ੍ਰੇਮ ਨਾਲ ਰਹਿਣ ਲਈ ਪ੍ਰੇਰਿਤ ਕਰਦੀ ਹੈ

Tuesday, Feb 11, 2025 - 05:33 PM (IST)

ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਪ੍ਰੇਮ ਨਾਲ ਰਹਿਣ ਲਈ ਪ੍ਰੇਰਿਤ ਕਰਦੀ ਹੈ

15ਵੀਂ-16ਵੀਂ ਸਦੀ ਦੇ ਚੱਲਦਿਆਂ ਧਰਤੀ ਉਪਰ ਇਕ ਅਜਿਹੇ ਰੂਹਾਨੀ ਕਵੀ ਦਾ ਜਨਮ ਹੋਇਆ, ਜਿਸ ਨੇ ਆਪਣੇ ਨਿਮਰਤਾ ਭਰੀ ਬਾਣੀ ਨਾਲ ਸਮਾਜਿਕ ਬੁਰਾਈਆਂ ’ਤੇ ਚੋਟ ਕੀਤੀ, ਜਿਨ੍ਹਾਂ ਨੂੰ ਅੱਜ ਦੇ ਸਮੇਂ ਗੁਰੂ ਰਵਿਦਾਸ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ ਜਦੋਂ ਧਰਤੀ ਉਪਰ ਸਮਾਜਿਕ ਅਨਿਆਂ, ਭੇਦ-ਭਾਵ, ਊਚ-ਨੀਚ ਜਿਹੀਆਂ ਸਮਾਜਿਕ ਬੁਰਾਈਆਂ ਦਾ ਬੋਲਬਾਲਾ ਵਧ ਜਾਂਦਾ ਹੈ, ਇਨ੍ਹਾਂ ਗੱਲਾਂ ਨੂੰ ਲੈ ਕੇ ਵਿਅਕਤੀ ਹੀ ਮਨੁੱਖ ਜਾਤੀ ਦਾ ਦੁਸ਼ਮਣ ਬਣ ਜਾਂਦਾ ਹੈ ਅਤੇ ਕਾਮ, ਕ੍ਰੋਧ ਅਤੇ ਲੋਭ ਵਿਚ ਫਸ ਜਾਂਦਾ ਹੈ। ਉਸ ਵੇਲੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਅਤੇ ਦੁਨੀਆ ਨੂੰ ਸਹੀ ਰਸਤਾ ਦਿਖਾਉਣ ਲਈ ਇਕ ਰੂਹਾਨੀ ਰੂਹ ਇਨਸਾਨੀ ਜਾਮਾ ਧਾਰ ਕੇ ਧਰਤੀ ’ਤੇ ਆਉਂਦੀ ਹੈ।

ਠੀਕ ਉਸੇ ਵੇਲੇ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ, ਜਦੋਂ ਮਨੁੱਖ ਜਾਤ-ਪਾਤ, ਅਮੀਰੀ-ਗਰੀਬੀ ਦੇ ਭਰਮ-ਭੁਲੇਖਿਆਂ ਵਿਚ ਫਸ ਕੇ ਮਨੁੱਖਤਾ ਤੋਂ ਕੋਹਾਂ ਦੂਰ ਸੀ ਅਤੇ ਕਹਿ ਸਕਦੇ ਹਾਂ ਕਿ ਅੰਤਰ-ਆਤਮਾ ਗਿਆਨ ਤੋਂ ਅਣਜਾਣ ਸੀ। ਇਸ ਵੇਲੇ ਗੁਰੂ ਜੀ ਦਾ ਜਨਮ ਹੋਣਾ ਰੂਹਾਨੀ ਹੋਂਦ ਦਾ ਸਭ ਤੋਂ ਵੱਡਾ ਸੰਕੇਤ ਸੀ। ਅਜਿਹੇ ਸਮੇਂ ਜਨਮ ਲੈ ਕੇ ਉਨ੍ਹਾਂ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਬੋਲ ਕੇ ਉਸ ਸਮੇਂ ਦੇ ਸ਼ਾਸਕਾਂ ਨੂੰ ਲੋਕ ਹਿੱਤਾਂ ਪ੍ਰਤੀ ਕੰਮ ਕਰਨ ਲਈ ਸੂਝ ਦਿੱਤੀ ਅਤੇ ਸਾਰੀ ਪਰਜਾ ਨੂੰ ਬਰਾਬਰੀ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਕੋਈ ਵੀ ਮਨੁੱਖ ਜਨਮ ਅਤੇ ਜਾਤ ਦੇ ਆਧਾਰ ’ਤੇ ਉੱਚਾ-ਨੀਵਾਂ ਨਹੀਂ ਹੈ, ਸਗੋਂ ਉਸ ਦੇ ਕੰਮਾਂ ਤੋਂ ਉਸ ਨੂੰ ਜਾਣਿਆ ਜਾਵੇ ਅਤੇ ਪ੍ਰੇਮ ਨਾਲ ਰਹਿਣ ਦਾ ਸੰਕੇਤ ਦਿੱਤਾ।

ਗੁਰੂ ਜੀ ਦੀ ਸਾਰੀ ਬਾਣੀ, ਜੋ ਜੁਗੋ-ਜੁਗ ਅਟਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਮਨੁੱਖ ਨੂੰ ਇਕ-ਦੂਜੇ ਨਾਲ ਪ੍ਰੇਮ ਨਾਲ ਰਹਿਣ ਲਈ ਪ੍ਰੇਰਿਤ ਕਰਦੀ ਹੈ ਅਤੇ ਪਾਖੰਡ ਤੋਂ ਦੂਰ ਰਹਿਣ ਲਈ ਕਹਿੰਦੀ ਹੈ। ਗੁਰੂ ਜੀ ਨਿਮਰਤਾ ਦੇ ਪੁੰਜ, ਕਰੁਣਾ ਦੇ ਕੁੰਡ ਅਤੇ ਮਾਨਵਤਾ ਦੇ ਪ੍ਰਤੀ ਪ੍ਰੇਮ ਦੇ ਸਾਗਰ ਸਨ। ਉਨ੍ਹਾਂ ਦਾ ਜਨਮ 1433 ਈਸਵੀ ਵਿਚ ਪਿਤਾ ਸੰਤੋਖ ਦਾਸ ਘਰ ਮਾਤਾ ਕਲਸਾ ਦੇਵੀ ਦੀ ਕੁੱਖੋਂ ਬਨਾਰਸ ਵਿਖੇ ਹੋਇਆ। ਉਨ੍ਹਾਂ ਦੀ ਰੋਜ਼ਮਰਾ ਦੀ ਜੀਵਿਕਾ ਜੁੱਤੀਆਂ ਗੰਢਣ ਦੇ ਕੰਮ ਤੋਂ ਚੱਲਦੀ ਸੀ। ਇਸ ਲਈ ਕਈ ਵਾਰ ਉਨ੍ਹਾਂ ਨੂੰ ਆਪਣੇ ਕੰਮ ਕਰ ਕੇ ਨੀਚ ਕਹਿ ਕੇ ਪੁਕਾਰਿਆ ਗਿਆ। ਅਜਿਹੇ ਸਮੇਂ ਉਨ੍ਹਾਂ ਵੱਲੋਂ ਸ਼ਾਂਤ ਰਹਿ ਕੇ ਨਾਮ-ਸਿਮਰਨ ਕਰਨਾ, ਨੇਕ ਕਿਰਤ ਕਰਨੀ ਅਤੇ ਵੰਡ ਕੇ ਛਕਣ ਦਾ ਜਾਗ ਹੀ ਨਹੀਂ ਲਾਇਆ, ਸਗੋਂ ਸਰਬ ਕਾਇਨਾਤ ਨੂੰ ਰੂਹਾਨੀਅਤ ਦਾ ਮਾਰਗ ਵੀ ਦਿਖਾਇਆ।

ਗੁਰੂ ਜੀ ਨੇ ਉਸ ਵੇਲੇ ਇਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਕਿਸੇ ਮਨੁੱਖ ਨੂੰ ਕੋਈ ਦੁੱਖ-ਤਕਲੀਫ ਨਾ ਹੋਵੇ, ਸਭ ਵਿਚ ਬਰਾਬਰੀ ਹੋਵੇ, ਕੋਈ ਜਾਤ ਦੇ ਆਧਾਰ ’ਤੇ ਉੱਚਾ-ਨੀਵਾਂ ਨਾ ਸਮਝਿਆ ਜਾਵੇ, ਭਾਵ ਬੇਗਮਪੁਰਾ ਜਿੱਥੇ ਕਿਸੇ ਨੂੰ ਨਾ ਕੋਈ ਸੋਗ, ਨਾ ਰੋਗ, ਨਾ ਦਰਦ, ਨਾ ਦੁੱਖ, ਨਾ ਚਿੰਤਾ ਨਾ ਗਮ ਹੋਵੇ। ਜਿੱਥੇ ਸਾਰੇ ਵਾਸੀ ਖੁਸ਼ ਹੋਣ। ਆਪ ਜੀ ਦੀ ਬਾਣੀ ਅਨੁਸਾਰ ਬੇਗਮਪੁਰਾ ਦਾ ਸੰਕਲਪ ਸਿਰਫ ਸਦੀਵੀ ਮਲਕੀਅਤ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਭਾਈਚਾਰੇ ਦਾ ਸਮਾਨ ਅਧਿਕਾਰ ਹੀ ਨਹੀਂ ਸਗੋਂ ਹਰੇਕ ਸ਼ਹਿਰੀ ਨੂੰ ਸੁਤੰਤਰ ਅਤੇ ਅਨੰਦਮਈ ਜੀਵਨ ਜਿਊਣ ਦੇ ਸੰਪੂਰਨ ਹੱਕ ਦੀ ਵਕਾਲਤ ਕੀਤੀ।

ਇਸ ਲਈ ਉਨ੍ਹਾਂ ਕਿਹਾ : ਬੇਗਮਪੁਰਾ ਸਹਿਰ ਕੋ ਨਾਉ , ਦੂਖ ਅੰਦੋਹ ਨਾਹਿ ਤਿਹਿ ਠਾਉ। ਨਾ ਤਸਵੀਸ ਖਿਰਾਜ ਨਾ ਮਾਲ॥ ਖਉਫ ਨਾ ਖਤਾ ਨਾ ਤਰਸੁ ਜਵਾਲੁ॥ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਊਚ-ਨੀਚ ਸਭ ਸੰਗ ਵਸੈ ਰਵਿਦਾਸ ਰਹੇ ਪ੍ਰਸੰਨ।

ਆਪ ਨੇ ਜਿਸ ਸਮਾਜ ਦੀ ਕਲਪਨਾ ਕੀਤੀ ਉਸ ਨੂੰ ਬਾਅਦ ਵਿਚ ਸਮਾਜਵਾਦੀ ਸਰਕਾਰਾਂ ਦੇ ਨਾਂ ਨਾਲ ਜਾਣਿਆ ਗਿਆ, ਜਿਸ ਦੇ ਅਾਧਾਰ ’ਤੇ ਕਾਰਲ ਮਾਰਕਸ ਅਤੇ ਹੋਰ ਸਮਾਜਵਾਦੀ ਲੇਖਕਾਂ ਨੇ ਆਪਣੀਆ ਕਿਤਾਬਾਂ ਲਿਖੀਆਂ ਅਤੇ ਬਹੁਤ ਸਾਰੀਆ ਸਰਕਾਰਾਂ ਜਿਵੇਂ ਕਿ ਚੀਨ, ਹੰਗਰੀ, ਰੂਸ ਅਤੇ ਹੋਰ ਕਮਿਊਨਿਸਟ ਦੇਸ਼ਾਂ ਵਿਚ ਇਸ ਸਮਾਜਵਾਦੀ ਸੋਚ ਨੂੰ ਸਲਾਹਿਆ ਗਿਆ। ਆਪ ਨੇ ਆਪਣੇ ਉਪਦੇਸ਼ਾਂ ਨੂੰ ਲੈ ਕੇ ਰਾਜਸਥਾਨ, ਮਹਾਰਾਸ਼ਟਰਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਈ ਸ਼ਹਿਰਾਂ ਵਿਚ ਸਤਿਸੰਗ ਕੀਤੇ। ਪੁਸ਼ਕਰ, ਪ੍ਰਯਾਗ, ਹਰਿਦੁਆਰ, ਸੁਲਤਾਨਪੁਰੀ, ਪਨਘਟ ਆਦਿ ਤੀਰਥਾਂ ਦੀ ਯਾਤਰਾ ਕੀਤੀ। ਵਿਦਵਾਨਾਂ ਮੁਤਾਬਕ ਉਨ੍ਹਾਂ ਵੱਲੋਂ ਤ੍ਰਿਵੇਣੀ ਸੰਗਮ, ਗੋਦਾਵਰੀ, ਸਿੰਧ, ਕਾਬੁਲ, ਭਰਤਪੁਰ, ਕੋਠਾ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਖੁਰਾਲਗੜ੍ਹ ਜ਼ਿਲਾ ਹੁਸ਼ਿਆਰਪੁਰ ਆਦਿ ਸਥਾਨਾਂ ਦੀ ਯਾਤਰਾ ਕਰ ਕੇ ਮਨੁੱਖਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।

ਆਓ, ਅਸੀਂ ਸਾਰੇ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਉਂਦਿਆਂ ਉਨ੍ਹਾਂ ਦੇ ਦੱਸੇ ਮਾਰਗ ਅਤੇ ਉਪਦੇਸ਼ਾਂ ’ਤੇ ਚੱਲ ਕੇ ਸਮਾਜਿਕ ਢਾਂਚੇ ਵਿਚ ਆਈਆਂ ਤਰੇੜਾਂ ਊਚ-ਨੀਚ, ਸਮਾਜਿਕ ਨਾ-ਬਰਾਬਰੀ ਅਤੇ ਧਰਮ ਦੇ ਠੇਕੇਦਾਰਾਂ ਵਲੋਂ ਪਾਈਆਂ ਵਿੱਥਾਂ ਨੂੰ ਭਰੀਏ ਅਤੇ ਉਨ੍ਹਾਂ ਦੀ ਪਵਿੱਤਰ ਬਾਣੀ ਨੂੰ ਗ੍ਰਹਿਣ ਕਰ ਕੇ ਨਿਮਰਤਾ, ਆਪਸੀ ਪ੍ਰੇਮ-ਪਿਆਰ, ਸਮਾਨਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਅਤੇ ਸੁਨੇਹਾ ਦੇਈਏ ਅਤੇ ਬੇਗਮਪੁਰਾ ਸ਼ਹਿਰ ਰੂਪੀ ਸਮਾਜ ਦੀ ਸਿਰਜਣਾ ਕਰੀਏ।

ਲੇਖਕ : ਸਰਬਜੀਤ ਰਾਏ
 


author

Tanu

Content Editor

Related News