ਇਹ ਹੈ ਭਾਰਤ ਦੇਸ਼ ਸਾਡਾ ! ਮਹਾਨ ਸੱਭਿਆਚਾਰ ਦੇ ਵਾਰਿਸ ਕਰ ਰਹੇ ਸ਼ਰਮਨਾਕ ਕਾਰੇ

Wednesday, Feb 05, 2025 - 03:48 AM (IST)

ਇਹ ਹੈ ਭਾਰਤ ਦੇਸ਼ ਸਾਡਾ ! ਮਹਾਨ ਸੱਭਿਆਚਾਰ ਦੇ ਵਾਰਿਸ ਕਰ ਰਹੇ ਸ਼ਰਮਨਾਕ ਕਾਰੇ

ਕਦੇ ਆਪਣੇ ਉੱਚ ਆਦਰਸ਼ਾਂ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ, ਜਿਸ ਦੀਆਂ ਸਿਰਫ ਪਿਛਲੇ 12 ਦਿਨਾਂ ਦੀਆਂ ਮਿਸਾਲਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 18 ਜਨਵਰੀ ਨੂੰ ਅਮਰਾਵਤੀ (ਮਹਾਰਾਸ਼ਟਰ) ਦੇ ਇਕ ਪਿੰਡ ਵਿਚ ਕਾਲਾ ਜਾਦੂ ਕਰਨ ਦੇ ਸ਼ੱਕ ਵਿਚ ਇਕ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਪਿੱਛੋਂ ਉਸ ਨੂੰ ਪਿਸ਼ਾਬ ਪੀਣ ਅਤੇ ਕੁੱਤੇ ਦਾ ਮਲ ਖਾਣ ਲਈ ਮਜਬੂਰ ਕਰਨ ਤੋਂ ਇਲਾਵਾ ਲੋਹੇ ਦੀ ਰਾਡ ਨਾਲ ਮਾਰਨ ਦੇ ਦੋਸ਼ ’ਚ ਕੁਝ ਲੋਕਾਂ, ਜਿਨ੍ਹਾਂ ਨੇ ਉਸ ਨੂੰ ਕੁੱਟਿਆ ਸੀ, ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

* 20 ਜਨਵਰੀ ਨੂੰ ਸਮਾਣਾ (ਪੰਜਾਬ) ਦੇ ਇਕ ਪਿੰਡ ਵਿਚ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ 3 ਨਾਬਾਲਗ ਮੁੰਡਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

* 22 ਜਨਵਰੀ ਨੂੰ ‘ਰੰਗਾਰੈੱਡੀ’ ਜ਼ਿਲ੍ਹੇ (ਤੇਲੰਗਾਨਾ) ਦੇ ‘ਮੋਰਪੇਟ’ ਵਿਚ ਗੁਰੂਮੂਰਤੀ ਨਾਂ ਦੇ ਇਕ ਸਾਬਕਾ ਫੌਜੀ ਨੂੰ ਆਪਣੀ ਪਤਨੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਟੁਕੜਿਆਂ ਵਿਚ ਕੱਟਣ ਅਤੇ ਪ੍ਰੈਸ਼ਰ ਕੁੱਕਰ ਵਿਚ ਉਬਾਲਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।

* 22 ਜਨਵਰੀ ਨੂੰ ਹੀ ‘ਦੇਵਰੀਆ’ (ਉੱਤਰ ਪ੍ਰਦੇਸ਼) ਵਿਚ ਹਿਮਾਂਸ਼ੂ ਜੈਸਵਾਲ ਨਾਂ ਦੇ ਇਕ ਨੌਜਵਾਨ ਨੇ ਆਪਣੀ ਮਾਂ ਅੰਜਨਾ ਜੈਸਵਾਲ ਨੂੰ ਮਾਰ ਦਿੱਤਾ।

* 23 ਜਨਵਰੀ ਨੂੰ ਠਾਣੇ (ਮਹਾਰਾਸ਼ਟਰ) ਵਿਚ ਇਕ ਔਰਤ ਨੇ ਆਪਣੇ ਪ੍ਰੇਮੀ ਤੋਂ ਆਪਣੀ 15 ਸਾਲਾ ਧੀ ਦਾ ਜਬਰ-ਜ਼ਨਾਹ ਕਰਵਾ ਦਿੱਤਾ ਕਿਉਂਕਿ ਉਸ ਨੇ ਆਪਣੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖ ਲਿਆ ਸੀ।

* 23 ਜਨਵਰੀ ਨੂੰ ਹੀ ਦਿੱਲੀ ਦੀ ਇਕ ਅਦਾਲਤ ਨੇ ਇਕ ਨੌਜਵਾਨ ਨੂੰ ਆਪਣੀ ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿਚ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ।

* 24 ਜਨਵਰੀ ਨੂੰ ਗੋਰੇਗਾਓਂ (ਮਹਾਰਾਸ਼ਟਰ) ਵਿਚ ਇਕ ਲੜਕੀ ਨੂੰ ਕੁੱਟਣ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਇਕ ਆਟੋ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਲਾਜ ਦੌਰਾਨ ਉਸ ਦੇ ਗੁਪਤ ਅੰਗਾਂ ’ਚੋਂ ਸਰਜੀਕਲ ਬਲੇਡ ਅਤੇ ਰੋੜੇ ਨਿਕਲੇ।

* 25 ਜਨਵਰੀ ਨੂੰ ਭੋਗਪੁਰ ਬਲਾਕ (ਪੰਜਾਬ) ਦੇ ਇਕ ਪਿੰਡ ਵਿਚ ਇਕ 12 ਸਾਲਾ ਲੜਕੇ ਵਲੋਂ 14 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਪੀੜਤਾ ਦੀ ਮਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 25 ਜਨਵਰੀ ਨੂੰ ਹੀ ਦੇਵਰੀਆ (ਉੱਤਰ ਪ੍ਰਦੇਸ਼) ਵਿਚ ‘ਗੁੰਜਾ’ ਅਤੇ ‘ਕਵਿਤਾ’ ਨਾਂ ਦੀਆਂ 2 ਸਹੇਲੀਆਂ, ਜੋ ਆਪਣੇ-ਆਪਣੇ ਸ਼ਰਾਬੀ ਪਤੀਆਂ ਤੋਂ ਤੰਗ ਆ ਚੁੱਕੀਆਂ ਸਨ, ਨੇ ਰੁਦਰਪੁਰ ਦੇ ਦੁਗਧੇਸ਼ਵਰ ਨਾਥ ਮੰਦਰ ਵਿਚ ਇਕ-ਦੂਜੀ ਨੂੰ ਵਰਮਾਲਾ ਪਾ ਕੇ ਆਪਸ ’ਚ ਵਿਆਹ ਕਰ ਲਿਆ।

* 26 ਜਨਵਰੀ ਨੂੰ ਅਬੋਹਰ (ਪੰਜਾਬ) ਦੇ ਇਕ ਪਿੰਡ ਵਿਚ ਇਕ ਨਾਬਾਲਗ ਲੜਕੇ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ ਇਕ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 27 ਜਨਵਰੀ ਨੂੰ ਜੀਂਦ (ਹਰਿਆਣਾ) ਪੁਲਸ ਨੇ ਇਕ ਪੁਜਾਰੀ ਨੂੰ 14 ਸਾਲ ਦੀ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ।

* 27 ਜਨਵਰੀ ਨੂੰ ਹੀ ਬਨੂੜ (ਪੰਜਾਬ) ਵਿਚ ਇਕ 15 ਸਾਲਾ ਨਾਬਾਲਗਾ ਨੇ 6 ਮਹੀਨੇ ਦੇ ਮਰੇ ਹੋਏ ਭਰੂਣ ਨੂੰ ਜਨਮ ਦਿੱਤਾ।

* 28 ਜਨਵਰੀ ਨੂੰ ਲਖਨਊ ਵਿਚ ‘ਕੁੰਦਨ ਕਸ਼ਯਪ’ ਨਾਂ ਦੇ ਇਕ ਵਿਅਕਤੀ ਨੇ 3 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 29 ਜਨਵਰੀ ਨੂੰ ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) ਵਿਚ ਸਵੇਰ ਦੇ ਸਮੇਂ ਸਕੂਲ ਜਾ ਰਹੀ ਅਧਿਆਪਿਕਾ ਨੀਤੂ ਯਾਦਵ ਨਾਲ ਇਕਤਰਫਾ ਪਿਆਰ ’ਚ ਪਾਗਲ ਵਿਕਾਸ ਕੁਮਾਰ ਯਾਦਵ ਨਾਂ ਦੇ ਨੌਜਵਾਨ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਪੈਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ।

* 31 ਜਨਵਰੀ ਨੂੰ ਦਾਹੋਦ (ਗੁਜਰਾਤ) ਵਿਚ ਕਿਸੇ ਝਗੜੇ ਕਾਰਨ ਇਕ ਆਦਿਵਾਸੀ ਔਰਤ ਦੇ ਸਹੁਰੇ ਨੇ ਹੋਰ ਲੋਕਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਨੂੰ ਪਿੰਡ ਵਿਚ ਨੰਗਾ ਕਰ ਕੇ ਘੁਮਾਇਆ।

* 31 ਜਨਵਰੀ ਨੂੰ ਹੀ ਮੁੰਬਈ ਵਿਚ ਇਕ 15 ਸਾਲਾ ਨਾਬਾਲਗਾ ਨੇ ਆਪਣੀ ਮਾਂ ’ਤੇ ਆਪਣੇ ਪ੍ਰੇਮੀ ਕੋਲੋਂ ਉਸ ਨਾਲ ਕਈ ਸਾਲਾਂ ਤੱਕ ਜਬਰ-ਜ਼ਨਾਹ ਕਰਵਾਉਣ ਦੇ ਦੋਸ਼ ’ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 1 ਫਰਵਰੀ ਨੂੰ ਹਾਵੜਾ (ਪੱਛਮੀ ਬੰਗਾਲ) ਵਿਚ ਇਕ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਔਰਤ ਨੇ ਆਪਣੇ ਪਤੀ ਨੂੰ ਆਪਣਾ ਗੁਰਦਾ ਵੇਚਣ ਲਈ ਮਜਬੂਰ ਕੀਤਾ ਅਤੇ ਫਿਰ ਉਸ ਤੋਂ ਪ੍ਰਾਪਤ 10 ਲੱਖ ਰੁਪਏ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।

* 3 ਫਰਵਰੀ ਨੂੰ ਅੰਮ੍ਰਿਤਸਰ ਵਿਚ ਦਾਜ ਖਾਤਿਰ ਇਕ ਨਵੀਂ ਵਿਆਹੀ ਨੂੰ ਉਸ ਦੇ ਪਤੀ ਅਤੇ ਨਨਾਣ ਵਲੋਂ ਨੰਗੀ ਕਰ ਕੇ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ਵਿਚ ਪੁਲਸ ਨੇ ਪੀੜਤਾ ਦੇ ਪਤੀ ਰਾਜਨ ਨੂੰ ਗ੍ਰਿਫਤਾਰ ਕੀਤਾ।

* 3 ਫਰਵਰੀ ਨੂੰ ਹੀ ਦੇਵਰੀਆ (ਉੱਤਰ ਪ੍ਰਦੇਸ਼) ਦੇ ‘ਭਾਟਪਾਰ ਰਾਣੀ’ ਇਲਾਕੇ ਵਿਚ ‘ਟੁਨਟੁਨ ਪਾਸਵਾਨ’ ਨਾਂ ਦੇ ਇਕ 40 ਸਾਲਾ ਵਿਅਕਤੀ ਨੂੰ ਆਪਣੀ 13 ਸਾਲਾ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ।

* 3 ਫਰਵਰੀ ਨੂੰ ਹੀ ਉੱਜੈਨ (ਮੱਧ ਪ੍ਰਦੇਸ਼) ਵਿਚ ਭਾਜਪਾ ਵਿਧਾਇਕ ਸਤੀਸ਼ ਮਾਲਵੀਆ ਦੇ ਵੱਡੇ ਭਰਾ ਮੰਗਲ ਮਾਲਵੀਆ ਨੇ ਪੈਸਿਆਂ ਦੇ ਲੈਣ-ਦੇਣ ਦੇ ਝਗੜੇ ਵਿਚ ਆਪਣੇ ਪੁੱਤਰ ਅਰਵਿੰਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਉਪਰੋਕਤ ਘਟਨਾਵਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟ ਹੋਵੇਗੀ। ਇਸ ਲਈ, ਅਜਿਹਾ ਕਰਨ ਵਾਲਿਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਨਸੀਹਤ ਮਿਲੇ।

-ਵਿਜੇ ਕੁਮਾਰ


author

Harpreet SIngh

Content Editor

Related News