ਆਰ.ਐੱਸ.ਐੱਸ ਦੀ 100 ਸਾਲਾਂ ਦੀ ਮਾਣਮੱਤੀ ਯਾਤਰਾ

Saturday, Dec 07, 2024 - 01:34 PM (IST)

ਭਾਰਤ ਦੀ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਉੱਨਤੀ ਲਈ ਸੰਘਰਸ਼ ਦੇ 100 ਸਾਲਾਂ ਦੇ ਇਸ ਮਾਣਮੱਤੇ ਸਫ਼ਰ ਵਿਚ ਆਰ. ਐੱਸ. ਐੱਸ. ਨੇ ਦੇਸ਼ ਦੇ ਹਰ ਪਹਿਲੂ ਨੂੰ ਛੂਹਿਆ। ਰਾਸ਼ਟਰੀ ਸਵੈਮਸੇਵਕ ਸੰਘ ਦੀ ਸਥਾਪਨਾ 27 ਸਤੰਬਰ 1925 ਨੂੰ ਹੋਈ ਸੀ। ਸੰਗਠਨ ਦਾ ਸ਼ੁਰੂਆਤੀ ਉਦੇਸ਼ ਹਿੰਦੂ ਭਾਈਚਾਰੇ ਨੂੰ ਇਕਜੁੱਟ ਕਰਨ ਅਤੇ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਚਰਿੱਤਰ ਸਿਖਲਾਈ ਪ੍ਰਦਾਨ ਕਰਨਾ ਅਤੇ ‘ਹਿੰਦੂ ਅਨੁਸ਼ਾਸਨ’ ਸਥਾਪਤ ਕਰਨਾ ਸੀ। ਅਨੇਕਾਂ ਵਿਰੋਧਾਂ, ਰੁਕਾਵਟਾਂ ਅਤੇ ਸੰਕਟਾਂ ਨੂੰ ਪਾਰ ਕਰਦੇ ਹੋਏ ਸੰਘ ਦਾ ਦਾਇਰਾ, ਸ਼ਕਤੀ ਅਤੇ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ, ਇਸ ਲਈ ਸੰਘ ਦੀ ਚਰਚਾ ਵੀ ਹਰ ਪਾਸੇ ਹੁੰਦੀ ਨਜ਼ਰ ਆ ਰਹੀ ਹੈ। 100 ਸਾਲਾਂ ਦੇ ਸਫ਼ਰ ਵਿਚ ਕਈ ਪੜਾਅ ਹਨ।

ਹੁਣ ਸੰਘ ਦੇ ਕੰਮਾਂ ਦੀ ਵਿਕਾਸ ਯਾਤਰਾ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਜਿਸ ਕਾਰਨ ਅੱਜ ਸੰਘ ਪਰਿਵਾਰ ਬੋਹੜ ਦਾ ਰੁੱਖ ਬਣ ਗਿਆ ਹੈ। 1 ਲੱਖ ਸੰਘ ਸ਼ਾਖਾਵਾਂ, 15 ਕਰੋੜ ਸਵੈਮਸੇਵਕ , 2 ਲੱਖ ਸਕੂਲ, 5 ਲੱਖ ਅਧਿਆਪਕ, 1 ਕਰੋੜ ਵਿਦਿਆਰਥੀ, 2 ਕਰੋੜ ਭਾਰਤੀ ਮਜ਼ਦੂਰ ਸੰਘ ਦੇ ਮੈਂਬਰ, 1 ਕਰੋੜ ਵਿਦਿਆਰਥੀ ਪ੍ਰੀਸ਼ਦ ਮੈਂਬਰ, 17 ਕਰੋੜ ਭਾਜਪਾ ਮੈਂਬਰ, 1200 ਸਾਹਿਤਕ ਪ੍ਰਕਾਸ਼ਨ ਸਮੂਹ, 9 ਹਜ਼ਾਰ ਫੁੱਲ-ਟਾਈਮ ਵਰਕਰ, 7 ਲੱਖ ਸਾਬਕਾ ਸੈਨਿਕ, ਵਿਸ਼ਵ ਹਿੰਦੂ ਪ੍ਰੀਸ਼ਦ ਦੇ 1 ਕਰੋੜ ਮੈਂਬਰ, 1.5 ਲੱਖ ਲੋਕ ਸੇਵਾ ਕਾਰਕੁੰਨ, ਹਰ ਸਵੈਮਸੇਵਕ ਰਾਸ਼ਟਰ ਦੀ ਸਰਬਪੱਖੀ ਤਰੱਕੀ ਲਈ ਸੰਘ ਨਾਲ ਜੁੜਦਾ ਹੈ।

ਸੰਘ ਦੇ ਸੰਸਥਾਪਕ ਡਾ. ਹੈਡਗੇਵਾਰ ਜੀ ਨੇ ਕਿਹਾ ਸੀ ਕਿ ਸੰਘ ਦਾ ਕੰਮ ਸਿਰਫ ਸ਼ਾਖਾ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਉਸ ਨੂੰ ਸਮਾਜ ਵਿਚ ਜਾ ਕੇ ਕਰਨਾ ਹੈ। ਆਪਣੇ ਪਰਿਵਾਰ ਲਈ ਲੋੜੀਂਦੀ ਆਮਦਨ ਕਮਾਉਣਾ, ਪਰਿਵਾਰ ਦੀ ਦੇਖਭਾਲ ਕਰਨਾ ਅਤੇ ਨਿਯਮਿਤ ਤੌਰ ’ਤੇ ਸ਼ਾਖਾ ਵਿਚ ਜਾਣਾ ਕਾਫ਼ੀ ਨਹੀਂ ਹੋਵੇਗਾ। ਸਮਾਜਿਕ ਪਰਿਵਰਤਨ ਅਤੇ ਜਾਗ੍ਰਿਤੀ ਦੇ ਕਿਸੇ ਵੀ ਕੰਮ ਵਿਚ ਆਪਣਾ ਸਮਾਂ ਨਿਸ਼ਚਿਤ ਕਰਕੇ ਕਾਰਜਸ਼ੀਲ ਹੋਣਾ ਸੰਘ ਦਾ ਕੰਮ ਹੈ।

ਨਵੇਂ ਸਮਰਪਿਤ ਲੋਕ ਸ਼ਾਇਦ ਆਰ. ਐੱਸ. ਐੱਸ. ਰਾਹੀਂ ਸੰਘ ਵਿਚ ਸ਼ਾਮਲ ਨਹੀਂ ਵੀ ਹੋਣਗੇ ਪਰ ਸੰਘ ਦੇ ਸਵੈਮਸੇਵਕ ਵਜੋਂ ਅਸੀਂ ਉਨ੍ਹਾਂ ਨਾਲ ਜੁੜੀਏ। ਸਾਡੇ ਹੀ ਸਮਾਜ ਦੇ ਕੁਝ ਵਰਗਾਂ ਨੂੰ ਬਦਕਿਸਮਤੀ ਨਾਲ ਪੁਰਾਣੀਆਂ ਸਰਕਾਰਾਂ ਨੇ ਅਛੂਤ ਕਹਿ ਕੇ ਸਿੱਖਿਆ, ਸਹੂਲਤਾਂ ਅਤੇ ਸਨਮਾਨ ਤੋਂ ਵਾਂਝੇ ਰੱਖਿਆ। ਇਹ ਬਿਲਕੁਲ ਬੇਇਨਸਾਫ਼ੀ ਸੀ। ਇਸ ਬੇਇਨਸਾਫ਼ੀ ਨੂੰ ਦੂਰ ਕਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਅਤੇ ਆਪਣੇ ਸਾਂਝੇ ਵਿਰਸੇ ਨੂੰ ਯਾਦ ਕਰ ਕੇ ਅੱਗੇ ਵਧਣ ਦੇ ਯਤਨ ‘ਸਮਾਜਿਕ ਸਦਭਾਵਨਾ’ ਰਾਹੀਂ ਸ਼ੁਰੂ ਕੀਤੇ ਗਏ ਸਨ। ਜਾਣੋ ਕਿ ਸਮਾਜ ਦੇ ਕਿਹੜੇ-ਕਿਹੜੇ ਖੇਤਰਾਂ ਵਿਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਵਾਲੰਟੀਅਰ ਕੰਮ ਕਰਦੇ ਹਨ।

ਵਿਦਿਆ ਭਾਰਤੀ : ਇਹ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਗੈਰ-ਸਰਕਾਰੀ ਸੰਸਥਾ ਹੈ। ਇਸਦੀ ਸਥਾਪਨਾ 1977 ਵਿਚ ਮੁਰਲੀਧਰ ਦੱਤਾਤ੍ਰੇਯ ਦੇਵਰਸ ਵਲੋਂ ਕੀਤੀ ਗਈ ਸੀ। ਹਾਲਾਂਕਿ, ਪਹਿਲਾ ਸਰਸਵਤੀ ਸ਼ਿਸ਼ੂ ਮੰਦਰ 1952 ਵਿਚ ਗੋਰਖਪੁਰ ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਸਮੇਂ ਪੂਰੇ ਦੇਸ਼ ਵਿਚ ਲਗਭਗ 2 ਲੱਖ ਰਸਮੀ ਅਤੇ ਗੈਰ-ਰਸਮੀ ਸਕੂਲ ਚੱਲ ਰਹੇ ਹਨ। 

ਭਾਰਤੀ ਮਜ਼ਦੂਰ ਸੰਘ : ਦੱਤੋਪੰਤ ਠੇਂਗੜੀ ਵਲੋਂ ਭੋਪਾਲ ਵਿਚ 23 ਜੁਲਾਈ 1955 ਨੂੰ ਸਥਾਪਤ ਕੀਤਾ ਗਿਆ ਇਹ ਦੇਸ਼ ਦਾ ਸਭ ਤੋਂ ਵੱਡਾ ਕੇਂਦਰੀ ਮਜ਼ਦੂਰ ਸੰਗਠਨ ਹੈ। ਇਸ ਦਾ ਨਾਅਰਾ ਹੈ, ‘ਦੇਸ਼ ਕੇ ਹਿਤ ਮੇਂ ਕਰੇਂਗੇ ਕਾਮ, ਕਾਮ ਕੇ ਲੇਂਗੇ ਪੂਰੇ ਦਾਮ’। ਲਗਭਗ 2 ਕਰੋੜ ਮੈਂਬਰ ਹਨ। ਇਹ ਸੰਸਥਾ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਦੀ ਗੱਲ ਵੀ ਕਰਦੀ ਹੈ। ਭਗਵੇਂ ਝੰਡੇ ਨੂੰ ਝੰਡੇ ਵਜੋਂ ਅਪਣਾਇਆ ਗਿਆ ਹੈ।

ਭਾਰਤੀ ਕਿਸਾਨ ਸੰਘ : ਇਸ ਦੀ ਸਥਾਪਨਾ ਦੱਤੋਪੰਤ ਠੇਂਗੜੀ ਨੇ 4 ਮਾਰਚ 1979 ਨੂੰ ਕੀਤੀ ਸੀ। ਇਸ ਦਾ ਉਦੇਸ਼ ਭਾਰਤੀ ਕਿਸਾਨਾਂ ਦਾ ਸਰਬਪੱਖੀ ਵਿਕਾਸ ਹੈ।

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ : ਆਰ. ਐੱਸ. ਐੱਸ. ਦੇ ਦੂਜੇ ਸਰਸੰਘਚਾਲਕ ਸ਼੍ਰੀ ਗੁਰੂਜੀ ਦੀ ਪ੍ਰੇਰਣਾ ਨਾਲ 13 ਜੂਨ 1948 ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਸੀ। 9 ਜੁਲਾਈ 1949 ਨੂੰ ਇਸਦੀ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ਸਮੇਂ ਦੇਸ਼ ਭਰ ਵਿਚ ਇਸ ਦੇ 1 ਕਰੋੜ ਤੋਂ ਵੱਧ ਮੈਂਬਰ ਹਨ।

ਅਖਿਲ ਭਾਰਤੀ ਅਧਿਵਕਤਾ ਪ੍ਰੀਸ਼ਦ : ਇਸਦੀ ਸਥਾਪਨਾ 1992 ਵਿਚ ਦਿੱਲੀ ਵਿਚ ਕੀਤੀ ਗਈ ਸੀ। ਇਹ ਦੇਸ਼ ਭਰ ਦੇ ਵਕੀਲਾਂ ਨੂੰ ਇਕੱਠੇ ਕਰਨ ਦਾ ਪਲੇਟਫਾਰਮ ਹੈ।

ਆਲ ਇੰਡੀਆ ਗਾਹਕ ਪੰਚਾਇਤ : ਬਿੰਦੂਮਾਧਵ ਜੋਸ਼ੀ ਵਲੋਂ ਪੁਣੇ ਵਿਚ 1974 ਵਿਚ ਸਥਾਪਤ ਇਹ ਸੰਸਥਾ ਖਪਤਕਾਰਾਂ ਦੇ ਅਧਿਕਾਰਾਂ ਅਤੇ ਜਾਗਰੂਕਤਾ ਲਈ ਕੰਮ ਕਰਦੀ ਹੈ।

ਸੰਸਕਾਰ ਭਾਰਤੀ : ਇਹ ਲਲਿਤ ਕਲਾ ਦੇ ਖੇਤਰ ਵਿਚ ਰਾਸ਼ਟਰੀ ਚੇਤਨਾ ਜਗਾਉਣ ਦੇ ਉਦੇਸ਼ ਨਾਲ ਸਾਲ 1981 ਵਿਚ ਲਖਨਊ ਵਿਚ ਸਥਾਪਤ ਕੀਤੀ ਗਈ ਸੀ।

ਸੇਵਾ ਭਾਰਤੀ : 1979 ਵਿਚ ਸਥਾਪਤ ਸੰਸਥਾ ਦਾ ਇਹ ਪ੍ਰਾਜੈਕਟ ਮੁੱਖ ਤੌਰ ’ਤੇ ਆਦਿਵਾਸੀ ਖੇਤਰਾਂ ਵਿਚ ਕੰਮ ਕਰਦਾ ਹੈ।

ਸੰਸਕ੍ਰਿਤ ਭਾਰਤੀ : ਸੰਸਕ੍ਰਿਤ ਨੂੰ ਦੁਬਾਰਾ ਬੋਲੀ ਜਾਣ ਵਾਲੀ ਭਾਸ਼ਾ ਬਣਾਉਣ ਲਈ ਕੰਮ ਕਰ ਰਹੀ ਇਕ ਸੱਭਿਆਚਾਰਕ ਸੰਸਥਾ, 1996 ਵਿਚ ਸਥਾਪਤ ਕੀਤੀ ਗਈ ਸੀ।

ਵਿਸ਼ਵ ਹਿੰਦੂ ਪ੍ਰੀਸ਼ਦ : ਇਸ ਦੀ ਸਥਾਪਨਾ ਜਨਮ ਅਸ਼ਟਮੀ ਦੇ ਦਿਨ 1964 ਵਿਚ ਮੁੰਬਈ ਵਿਚ ਕੀਤੀ ਗਈ ਸੀ। ਇਸ ਦਾ ਮਨੋਰਥ ਹੈ, ਜੋ ਧਰਮ ਦੀ ਰੱਖਿਆ ਕਰਦਾ ਹੈ, ਧਰਮ ਉਸ ਦੀ ਰੱਖਿਆ ਕਰਦਾ ਹੈ।

ਸਵਦੇਸ਼ੀ ਜਾਗਰਣ ਮੰਚ : ਇਹ ਸੰਘ ਦਾ ਆਰਥਿਕ ਸੰਗਠਨ ਹੈ ਅਤੇ ਸਵਦੇਸ਼ੀ ਉਦਯੋਗਾਂ ਅਤੇ ਸੱਭਿਆਚਾਰ ਦੇ ਵਿਕਾਸ ਲਈ ਜਾਗਰੂਕਤਾ ਪੈਦਾ ਕਰਦਾ ਹੈ। ਲੋਕਾਂ ਨੂੰ ਸਵਦੇਸ਼ੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।

ਅਖਿਲ ਭਾਰਤੀ ਸਾਹਿਤ ਪ੍ਰੀਸ਼ਦ : ਇਸ ਦੀ ਸਥਾਪਨਾ 1966 ਵਿਚ ਨਵੀਂ ਦਿੱਲੀ ਵਿਚ ਹੋਈ ਸੀ। ਇਹ ਭਾਰਤੀ ਭਾਸ਼ਾਵਾਂ ਦਾ ਇਕ ਦੇਸ਼ਵਿਆਪੀ ਸੰਗਠਨ ਹੈ।

ਰਾਸ਼ਟਰ ਸੇਵਿਕਾ ਸਮਿਤੀ : ਲਕਸ਼ਮੀਬਾਈ ਕੇਲਕਰ, ਜੋ ਮਾਸੀ ਜੀ ਵਜੋਂ ਜਾਣੀ ਜਾਂਦੀ ਹੈ, ਨੇ ਔਰਤਾਂ ਦਰਮਿਆਨ ਕੰਮ ਕਰਨ ਲਈ ਆਰ. ਐੱਸ. ਐੱਸ. ਦੇ ਸੰਸਥਾਪਕ ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਨਾਲ ਸੁਲਾਹ ਕਰ ਕੇ 1936 ’ਚ ਵਿਜੇਦਸ਼ਮੀ ਦੇ ਦਿਨ ਰਾਸ਼ਟਰ ਸੇਵਿਕਾ ਸਮਿਤੀ ਦੀ ਸਥਾਪਨਾ ਕੀਤੀ ਸੀ।

ਭਾਰਤੀ ਜਨਸੰਘ ਪਾਰਟੀ : ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਨਹਿਰੂ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਅਤੇ ਇਕ ਰਾਸ਼ਟਰਵਾਦੀ ਸਿਆਸੀ ਪਾਰਟੀ ਦੀ ਸਥਾਪਨਾ ਲਈ ਤਤਕਾਲੀ ਸਰਸੰਘ ਚਾਲਕ ਸ਼੍ਰੀ ਗੁਰੂਜੀ ਤੋਂ ਵਰਕਰਾਂ ਦੀ ਮੰਗ ਕੀਤੀ। ਕੁਝ ਸੰਘ ਕਾਰਕੁੰਨ ਇਸ ਦੇ ਹੱਕ ਵਿਚ ਸਨ। ਭਾਰਤੀ ਜਨਸੰਘ ਦੀ ਰਸਮੀ ਸਥਾਪਨਾ 1951 ਵਿਚ ਹੋਈ ਸੀ।

-ਸ਼ਵੇਤ ਮਲਿਕ (ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਭਾਜਪਾ ਪੰਜਾਬ)


 


Tanu

Content Editor

Related News