ਹੁਣ ਰੇਲਗੱਡੀਆਂ ਵਿਚ ਬਦਮਾਸ਼ਾਂ ਵੱਲੋਂ ਲੁੱਟ-ਖੋਹ, ਗੋਲੀਬਾਰੀ ਅਤੇ ਛੇੜਛਾੜ

Saturday, Nov 16, 2024 - 02:54 AM (IST)

ਹੁਣ ਰੇਲਗੱਡੀਆਂ ਵਿਚ ਬਦਮਾਸ਼ਾਂ ਵੱਲੋਂ ਲੁੱਟ-ਖੋਹ, ਗੋਲੀਬਾਰੀ ਅਤੇ ਛੇੜਛਾੜ

ਦੇਸ਼ ਦੀ ‘ਜੀਵਨ ਰੇਖਾ’ ਅਖਵਾਉਣ ਵਾਲੀਆਂ ਭਾਰਤੀ ਰੇਲਾਂ ਵਿਚ ਪੁਲਸ ਦੀ ਗਸ਼ਤ ਦੇ ਬਾਵਜੂਦ ਆਏ ਦਿਨ ਲੁੱਟ-ਖੋਹ, ਗੋਲੀਬਾਰੀ ਅਤੇ ਛੇੜਛਾੜ ਵਰਗੀਆਂ ਘਟਨਾਵਾਂ ਜਾਰੀ ਰਹਿਣ ਕਾਰਨ ਰੇਲ ਯਾਤਰਾ ਅਸੁਰੱਖਿਅਤ ਹੁੰਦੀ ਜਾ ਰਹੀ ਹੈ ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 31 ਅਗਸਤ ਨੂੰ ਆਨੰਦ ਵਿਹਾਰ-ਰੀਵਾ ਐਕਸਪ੍ਰੈੱਸ ’ਚ ਕਾਨਪੁਰ (ਉੱਤਰ ਪ੍ਰਦੇਸ਼) ਸਟੇਸ਼ਨ ਦੇ ਨੇੜੇ ਲੁੱਟ ਦੇ ਇਰਾਦੇ ਨਾਲ ਦਾਖਲ ਹੋਏ 4-5 ਬਦਮਾਸ਼ਾਂ ਨੇ ਟ੍ਰੇਨ ਵਿਚ ਯਾਤਰਾ ਕਰ ਰਹੇ ਸਤਨਾ (ਮੱਧ ਪ੍ਰਦੇਸ਼) ਦੇ ਇਕ ਪਰਿਵਾਰ ਦੀ ਇਕ ਔਰਤ ਦਾ ਪਰਸ ਖੋਹ ਲਿਆ ਅਤੇ ਉਸ ਦੇ ਕੋਲ ਲੇਟੇ ਬੱਚੇ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਇਸ ਵਿਚ ਨਾਕਾਮ ਰਹਿਣ ਪਿੱਛੋਂ ਫ਼ਰਾਰ ਹੋ ਗਏ।

* 23 ਸਤੰਬਰ ਨੂੰ ‘ਲਖਨਊ-ਚੰਡੀਗੜ੍ਹ ਐਕਸਪ੍ਰੈੱਸ’ ਜਦੋਂ ‘ਨਗਰੀਆ’ (ਉੱਤਰ ਪ੍ਰਦੇਸ਼) ਰੇਲਵੇ ਸਟੇਸ਼ਨ ਦੇ ਨੇੜੇ ਜੰਗਲ ਵਿਚ ਕਿਸੇ ਸਥਾਨ ’ਤੇ ਰੁਕੀ, ਚੰਦ ਬਦਮਾਸ਼ ਖਿੜਕੀ ਦੇ ਕੋਲ ਬੈਠੀਆਂ ਔਰਤਾਂ ਦੀ ਸੋਨੇ ਦੀ ਚੇਨ ਸਮੇਤ ਹੋਰ ਗਹਿਣੇ ਉਡਾ ਕੇ ਫ਼ਰਾਰ ਹੋ ਗਏ।

* 20 ਅਕਤੂਬਰ ਨੂੰ ‘ਪਟਨਾ-ਲੋਕਮਾਨਯਾ ਤਿਲਕ ਐਕਸਪ੍ਰੈੱਸ’ ਟ੍ਰੇਨ ਵਿਚ ‘ਸਦਾਸ਼ਿਵਪੁਰ’ (ਓਡਿਸ਼ਾ) ਰੇਲਵੇ ਸਟੇਸ਼ਨ ਦੇ ਨੇੜੇ 4-5 ਹਥਿਆਰਬੰਦ ਬਦਮਾਸ਼ ਇਕ ਯਾਤਰੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਪਿੱਛੋਂ ਉਸ ਕੋਲੋਂ ਲੱਗਭਗ 5000 ਰੁਪਏ ਨਕਦ ਅਤੇ 2 ਬੈਗ ਵੀ ਖੋਹ ਕੇ ਲੈ ਗਏ।

* 9 ਨਵੰਬਰ ਨੂੰ ਨੈਨੀਤਾਲ (ਉੱਤਰਾਖੰਡ) ਜ਼ਿਲੇ ਦੇ ਹਲਦਵਾਨੀ ਰੇਲਵੇ ਸਟੇਸ਼ਨ ’ਤੇ 2 ਚਲਾਕ ‘ਰਾਣੀਖੇਤ ਐਕਸਪ੍ਰੈੱਸ’ ਵਿਚ ਇਕ ਯਾਤਰੀ ਦਾ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ।

* 13 ਨਵੰਬਰ ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਚ ‘ਅੰਮ੍ਰਿਤਸਰ-ਸਹਰਸਾ ਜਨਸੇਵਾ ਐਕਸਪ੍ਰੈੱਸ’ ਟ੍ਰੇਨ ਵਿਚ 3 ਬਦਮਾਸ਼ ਦਿਨ-ਦਿਹਾੜੇ 4 ਯਾਤਰੀਆਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਕੇ ਨਕਦੀ ਅਤੇ ਮੋਬਾਈਲ ਲੁੱਟ ਕੇ ਚੱਲਦੀ ਟ੍ਰੇਨ ਵਿਚੋਂ ਛਾਲ ਮਾਰ ਕੇ ਫ਼ਰਾਰ ਹੋ ਗਏ।

* ਅਤੇ ਹੁਣ 14 ਨਵੰਬਰ ਨੂੰ ਦਿੱਲੀ ਤੋਂ ਅਲੀਗੜ੍ਹ ਲੋਕਲ ਟ੍ਰੇਨ ਵਿਚ ਆਪਣੇ ਪਤੀ ਨਾਲ ਯਾਤਰਾ ਕਰ ਰਹੀ ਨਵ-ਵਿਆਹੁਤਾ ਲੜਕੀ ਨਾਲ ਅਲੀਗੜ੍ਹ (ਉੱਤਰ ਪ੍ਰਦੇਸ਼) ਵਿਚ 4 ਬਦਮਾਸ਼ਾਂ ਵੱਲੋਂ ਛੇੜਛਾੜ ਕਰਨ ਅਤੇ ਉਸਨੂੰ ਤੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਪਰੋਕਤ ਘਟਨਾਵਾਂ ਗਵਾਹ ਹਨ ਕਿ ਭਾਰਤੀ ਯਾਤਰੀ ਰੇਲਾਂ ਵਿਚ ਸੁਰੱਖਿਆ ਵਿਵਸਥਾ ਢੁੱਕਵੀਂ ਨਹੀਂ ਹੈ। ਇਸ ਲਈ ਰੇਲ ਮੰਤਰਾਲਾ ਨੂੰ ਇਸ ਸਬੰਧ ਵਿਚ ਤੁਰੰਤ ਜ਼ਰੂਰੀ ਕਦਮ ਉਠਾ ਕੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਕਿ ਉਹ ਬਿਨਾਂ ਕਿਸੇ ਭੈਅ ਅਤੇ ਖਤਰੇ ਦੇ ਯਾਤਰਾ ਕਰ ਸਕਣ।

-ਵਿਜੇ ਕੁਮਾਰ


author

Harpreet SIngh

Content Editor

Related News