ਸਾਹਿਤ, ਸੰਗੀਤ, ਨ੍ਰਿਤ, ਨਾਟਕ ਅਤੇ ਫ਼ਿਲਮ ’ਚ ਧਾਰਮਿਕ-ਫਿਰਕੂ ਜਨੂੰਨ ਖ਼ਤਰਨਾਕ
Saturday, Jan 24, 2026 - 04:44 PM (IST)
ਜੇਕਰ ਲੇਖਕ, ਕਲਾਕਾਰ ਜਾਂ ਕਿਸੇ ਵੀ ਰਚਨਾਤਮਕ ਵਿੱਦਿਆ ਨਾਲ ਜੁੜਿਆ ਵਿਅਕਤੀ ਕਹੇ ਕਿ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਕੰਮ ਮਿਲਣ ਤੋਂ ਪਹਿਲਾਂ ਇਸ ਗੱਲ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਉਹ ਕਿਸ ਧਰਮ, ਫਿਰਕੇ ਜਾਂ ਜਾਤੀ ਨਾਲ ਸਬੰਧ ਰੱਖਦਾ ਹੈ, ਤਾਂ ਇਹ ਸੰਕੇਤ ਹੈ ਕਿ ਕੁਝ ਲੋਕਾਂ ਵੱਲੋਂ ਸਮਾਜ ਵਿਚ ਜ਼ਹਿਰ ਘੋਲਣ ਦੀ ਕੋਸ਼ਿਸ਼ ਹੋ ਰਹੀ ਹੈ।
ਰਚਨਾ ਧਰਮ ਆਜ਼ਾਦ ਹੈ : ਸਾਹਿਤ, ਸੰਗੀਤ, ਫ਼ਿਲਮ ਨਿਰਮਾਣ ਵਰਗੇ ਕਲਾ-ਖੇਤਰ ਮੂਲ ਤੌਰ ’ਤੇ ਮਨੁੱਖੀ ਭਾਵਨਾਵਾਂ, ਵਿਭਿੰਨਤਾ ਅਤੇ ਸਮਾਜਿਕ ਸਰੋਕਾਰਾਂ ਦਾ ਸ਼ੀਸ਼ਾ ਹਨ, ਜਿਨ੍ਹਾਂ ਨੂੰ ਸਕਾਰਾਤਮਕ ਆਲੋਚਨਾ ਨਾਲ ਉਤਸ਼ਾਹ ਮਿਲਦਾ ਹੈ। ਜੇਕਰ ਕੁਝ ਇਸ ਦੇ ਉਲਟ ਹੋਵੇ, ਜਿਸ ਨਾਲ ਧਾਰਮਿਕ ਜਨੂੰਨ, ਫਿਰਕੂ ਤਣਾਅ ਅਤੇ ਇਕ-ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋਵੇ ਤਾਂ ਸਮਾਜ ਵੰਡ ਅਤੇ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਕੋਈ ਰਚਨਾ ਉਸ ਦੇ ਰਚਨਾਕਾਰ ਦੀ ਨਿੱਜੀ ਕੁੰਠਾ (ਨਿਰਾਸ਼ਾ) ਅਤੇ ਵੈਰ-ਭਾਵ ਦਾ ਪ੍ਰਗਟਾਵਾ ਕਰੇ ਤਾਂ ਪਾਠਕ ਅਤੇ ਦਰਸ਼ਕ ਵਰਗ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਕਿਤੇ ਇਸ ਦੇ ਪਿੱਛੇ ਕੋਈ ਵਿਗੜਿਆ ਹੋਇਆ ਏਜੰਡਾ ਜਾਂ ਪੱਖਪਾਤ ਤਾਂ ਨਹੀਂ ਹੈ। ਕੀ ਭਾਵਨਾਵਾਂ ਨੂੰ ਭੜਕਾ ਕੇ ਸਥਾਈ ਤੌਰ ’ਤੇ ਆਪਸੀ ਮੇਲ-ਜੋਲ, ਸਦਭਾਵਨਾ ਅਤੇ ਮਿਲਣਸਾਰੀ ਨੂੰ ਖ਼ਤਮ ਕਰਨਾ ਤਾਂ ਨਹੀਂ ਹੈ?
ਇਹ ਸਥਿਤੀ ਇੰਨੀ ਖ਼ਤਰਨਾਕ ਹੈ ਕਿ ਇਸ ਦੇ ਸ਼ੁਰੂ ਹੁੰਦੇ ਹੀ ਇਸ ’ਤੇ ਰੋਕ ਲਗਾਉਣ ਲਈ ਆਮ ਨਾਗਰਿਕ ਤੋਂ ਲੈ ਕੇ ਸ਼ਾਸਨ, ਪ੍ਰਸ਼ਾਸਨ ਅਤੇ ਸਰਕਾਰ ਤੱਕ ਨੂੰ ਤੁਰੰਤ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ। ਉਦਾਹਰਣ ਵਜੋਂ, ਜਦੋਂ ਕੋਈ ਲੇਖਕ ਜਾਂ ਕਲਾਕਾਰ ਵੀ ਇਹ ਕਹੇ ਕਿ ਉਸਨੂੰ ਇਕ ਵਿਸ਼ੇਸ਼ ਧਰਮ ਦਾ ਹੋਣ ਨਾਲ ਭਾਰਤ ਵਿਚ ਡਰ ਲੱਗਦਾ ਹੈ, ਉਸ ਨੂੰ ਕੰਮ ਨਹੀਂ ਮਿਲਦਾ ਅਤੇ ਉਹ ਅਸੁਰੱਖਿਅਤ ਮਹਿਸੂਸ ਕਰਦਾ ਹੈ ਤਾਂ ਤੁਰੰਤ ਜਨਤਾ ਨੂੰ ਇਹ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਕਿ ਉਸ ਦੀਆਂ ਗੱਲਾਂ ਵਿਚ ਸੱਚਾਈ ਹੈ ਜਾਂ ਉਹ ਮਨਘੜਤ ਹੈ ਅਤੇ ਫਿਰ ਸੱਚ ਦਾ ਸਾਥ ਦੇਣ ਅਤੇ ਝੂਠ ਦਾ ਨਕਾਬ ਉਤਾਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ।
ਕਲਾ ਅਤੇ ਸੱਚਾਈ : ਆਮ ਤੌਰ ’ਤੇ ਪਾਠਕ ਜਾਂ ਦਰਸ਼ਕ ਹਰ ਉਸ ਰਚਨਾ ਦੀ, ਭਾਵੇਂ ਉਹ ਕਿਤਾਬ ਹੋਵੇ ਜਾਂ ਫ਼ਿਲਮ, ਨ੍ਰਿਤ ਹੋਵੇ ਜਾਂ ਥੀਏਟਰ ਵਿਚ ਨਾਟਕ, ਸ਼ਲਾਘਾ ਕਰਦੇ ਹਨ ਜੋ ਉਨ੍ਹਾਂ ਦੇ ਦਿਲ ਨੂੰ ਛੂਹ ਲਵੇ, ਦਿਮਾਗ ਨੂੰ ਹਲੂਣ ਦੇਵੇ ਅਤੇ ਜਿਸ ਨਾਲ ਉਨ੍ਹਾਂ ਦਾ ਲਗਾਅ ਹੋਣ ਲੱਗੇ। ਇਸ ਦੇ ਨਾਲ ਹੀ, ਜੇਕਰ ਕੋਈ ਪੇਸ਼ਕਾਰੀ ਕਿਸੇ ਪ੍ਰਕਾਰ ਦਾ ਜੁੜਾਵ ਪੈਦਾ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਉਹ ਸਾਹਿਤ ਜਾਂ ਸਿਨੇਮਾ ਜਗਤ ਵਿਚ ਮੂਧੇ ਮੂੰਹ ਡਿੱਗ ਜਾਂਦੀ ਹੈ, ਭਾਵ ‘ਫਲਾਪ’ ਹੋ ਜਾਂਦੀ ਹੈ, ਜਿਸ ’ਤੇ ਕੋਈ ਵੀ ਆਪਣਾ ਸਮਾਂ ਅਤੇ ਪੈਸਾ ਖ਼ਰਚ ਨਹੀਂ ਕਰਨਾ ਚਾਹੇਗਾ। ਜੇਕਰ ਕੁਝ ਅਜਿਹਾ ਹੈ ਜੋ ਅਸਲ ਵਿਚ ਉੱਤਮ ਹੈ ਤਾਂ ਭਾਵੇਂ ਸ਼ੁਰੂ ਵਿਚ ਉਸ ਨੂੰ ਪ੍ਰਸ਼ੰਸਕ ਨਾ ਮਿਲਣ, ਪਰ ਉਹ ਆਪਣੀ ਗੁਣਵੱਤਾ ਕਾਰਨ ਇਕ ਮੂੰਹ ਤੋਂ ਦੂਜੇ ਮੂੰਹ ਤੱਕ ਭਾਵ ਪਬਲੀਸਿਟੀ ਰਾਹੀਂ ਆਪਣੀ ਸਹੀ ਥਾਂ ਪ੍ਰਾਪਤ ਕਰ ਲੈਂਦੀ ਹੈ। ਕੋਈ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਇਸ ਵਿਚ ਕਿਸ ਧਰਮ ਜਾਂ ਜਾਤੀ ਦੇ ਲੇਖਕਾਂ ਜਾਂ ਕਲਾਕਾਰਾਂ ਨੇ ਕੰਮ ਕੀਤਾ ਹੈ, ਬਸ ਉਹ ਪਸੰਦ ਆਉਣੀ ਚਾਹੀਦੀ ਹੈ। ਕਲਾਵਾਂ ਤਾਂ ਸਿਰਫ਼ ਦਰਪਣ (ਸ਼ੀਸ਼ਾ) ਹਨ, ਜਿਨ੍ਹਾਂ ਨੂੰ ਅਸੀਂ ਜਿੰਨਾ ਸਾਫ਼, ਸੁੰਦਰ ਅਤੇ ਸਵਾਰ ਕੇ ਪੇਸ਼ ਕਰਾਂਗੇ, ਉਨ੍ਹਾਂ ਨੂੰ ਓਨਾ ਹੀ ਪਸੰਦ ਕੀਤਾ ਜਾਵੇਗਾ। ਇਸ ਵਿਚ ਨਾ ਧਰਮ ਆਉਂਦਾ ਹੈ, ਨਾ ਜਾਤੀ ਜਾਂ ਕੁਝ ਹੋਰ, ਸਿਰਫ਼ ਸੱਚ ਦੇ ਦਰਸ਼ਨ ਹੁੰਦੇ ਹਨ। ‘ਕਾਲਜਈ’ (ਸਦੀਵੀ) ਹੋਣਾ ਇਹੀ ਹੈ।
ਕੀ ਗ਼ਲਤ ਹੈ? : ਕਿਸੇ ਇਕ ਧਰਮ ਨੂੰ ਖਲਨਾਇਕ ਦਿਖਾਉਣਾ, ਇਕ ਝੂਠ ਨੂੰ ਮਨਵਾਉਣ ਦੀ ਕੋਸ਼ਿਸ਼ ਅਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਗੁੱਸੇ ਤੋਂ ਲੈ ਕੇ ਹਿੰਸਾ ਤੱਕ ਦਾ ਮਾਹੌਲ ਬਣਾ ਸਕਦਾ ਹੈ। ਜਿਨ੍ਹਾਂ ਦੇ ਸਵਾਰਥ ਸਮਾਜ ਨੂੰ ਅਸਥਿਰ ਕਰਨ, ਭਾਵ ਦੰਗੇ-ਫ਼ਸਾਦ ਕਰਨ ਨਾਲ ਸਿੱਧ ਹੁੰਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ। ਇਸ ਨੂੰ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਠਹਿਰਾਇਆ ਜਾ ਸਕਦਾ। ਧਾਰਮਿਕ-ਫਿਰਕੂ ਜਨੂੰਨ ਜਦੋਂ ਵੱਖ-ਵੱਖ ਕਲਾਵਾਂ ਰਾਹੀਂ ਉੱਭਰ ਕੇ ਆਉਂਦਾ ਹੈ, ਤਾਂ ਉਸ ਦੇ ਨਤੀਜੇ ਵਿਨਾਸ਼ਕਾਰੀ ਹੀ ਹੋ ਸਕਦੇ ਹਨ ਅਤੇ ਇਸ ਤਰ੍ਹਾਂ ਦੀਆਂ ਘਟੀਆ ਗੱਲਾਂ ਕਹੀਆਂ ਜਾਂਦੀਆਂ ਹਨ ਕਿ ਜੇਕਰ ਇੱਥੇ ਸੁਰੱਖਿਅਤ ਨਹੀਂ ਹੋ ਤਾਂ ਪਾਕਿਸਤਾਨ ਜਾਂ ਕਿਤੇ ਹੋਰ ਚਲੇ ਜਾਓ। ਇਹ ਸਥਿਤੀ ਤਬਾਹੀ ਦਾ ਪਿਛੋਕੜ ਹੋ ਸਕਦੀ ਹੈ ਪਰ ਅਜਿਹੀ ਕਿਸਮਤ ਨਹੀਂ ਜਿਸ ਨੂੰ ਸਵੀਕਾਰ ਕੀਤਾ ਜਾ ਸਕੇ।
ਲੇਖਕਾਂ ਜਾਂ ਨਿਰਮਾਤਾਵਾਂ ਨੂੰ ਧਮਕੀਆਂ, ਕਿਤਾਬਾਂ, ਨਾਟਕਾਂ ਜਾਂ ਫ਼ਿਲਮਾਂ ’ਤੇ ਪਾਬੰਦੀ ਅਤੇ ਫਿਰ ਪੁਰਸਕਾਰ ਵਾਪਸੀ ਵਰਗੀਆਂ ਸਥਿਤੀਆਂ ਤੋਂ ਬਚਾਇਆ ਜਾ ਸਕਦਾ ਹੈ, ਬਸ਼ਰਤੇ ਕਿ ਸਮਾਂ ਗੁਆਏ ਬਿਨਾਂ ਸਹੀ ਉਪਾਅ ਅਤੇ ਸਖ਼ਤ ਕਾਰਵਾਈ ਹੋ ਜਾਵੇ। ਅਜਿਹੇ ਪ੍ਰਚਾਰ ’ਤੇ ਰੋਕ ਲੱਗਣਾ ਤਾਂ ਸਮਝ ਵਿਚ ਆਉਂਦਾ ਹੈ ਜੋ ਵਿਭਿੰਨਤਾ ਨੂੰ ਚੁਣੌਤੀ ਦਿੰਦਾ ਹੋਵੇ, ਅਸਹਿਣਸ਼ੀਲਤਾ ਨੂੰ ਉਤਸ਼ਾਹ ਦਿੰਦਾ ਹੋਵੇ ਅਤੇ ਰਚਨਾਕਾਰ ਦੀ ਆਜ਼ਾਦੀ ’ਤੇ ਹਮਲਾਵਰ ਹੋਵੇ ਪਰ ਜਦੋਂ ਅਜਿਹੀਆਂ ਰਚਨਾਵਾਂ ’ਤੇ ਪਾਬੰਦੀ ਲਗਾਈ ਜਾਵੇ ਜੋ ਧਾਰਮਿਕ ਪਾਖੰਡ ਨੂੰ ਉਜਾਗਰ ਕਰਦੀਆਂ ਹੋਣ, ਸਮਾਜਿਕ ਬੁਰਾਈਆਂ ਦਾ ਖ਼ੁਲਾਸਾ ਕਰਦੀਆਂ ਹੋਣ ਅਤੇ ਕਿਸੇ ਵੀ ਪੱਧਰ ’ਤੇ ਹੋਏ ਅੱਤਿਆਚਾਰ ਦਾ ਵਿਰੋਧ ਕਰਦੀਆਂ ਹੋਣ ਤਾਂ ਉਨ੍ਹਾਂ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰਨ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਰੋਕ ਲਗਾਉਣੀ ‘ਹਿੱਟਲਰਸ਼ਾਹੀ’ ਹੈ।
ਪਰਿਵਰਤਨ ਹੀ ਨਿਯਮ ਹੈ : ਸਾਡੇ ਦੇਸ਼ ਦੀ ਹਰ ਭਾਸ਼ਾ ਇਸ ਪੱਖੋਂ ਅਮੀਰ ਰਹੀ ਹੈ ਕਿ ਉਨ੍ਹਾਂ ਸਭ ਵਿਚ ਇਕ ਜਾਂ ਇਕ ਤੋਂ ਵੱਧ ਅਜਿਹੇ ਰਚਨਾਕਾਰ ਹੋਏ ਹਨ , ਜੋ ਆਪਣੀਆਂ ਰਚਨਾਵਾਂ ਰਾਹੀਂ ਲੇਖਣੀ ਤੋਂ ਲੈ ਕੇ ਸਿਨੇਮਾ ਤੱਕ ਨੂੰ ਨਾ ਸਿਰਫ਼ ਪ੍ਰਭਾਵਿਤ ਕਰਦੇ ਰਹੇ ਹਨ, ਸਗੋਂ ਉਹ ਵਿਰਾਸਤ ਵਜੋਂ ਜਾਣੀਆਂ ਜਾਂਦੀਆਂ ਹਨ। ਵੱਖ-ਵੱਖ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਹੋਣਾ ਉੱਤਮਤਾ ਦਾ ਪ੍ਰਮਾਣ ਹੈ। ਹੁਣ ਕਿਉਂਕਿ ਪਰਿਵਰਤਨ ਸੰਸਾਰ ਦਾ ਨਿਯਮ ਹੈ, ਜ਼ਿੰਦਗੀ ਦਾ ਵਹਾਅ ਬਿਨਾਂ ਰੁਕੇ ਚੱਲਦਾ ਰਹਿੰਦਾ ਹੈ, ਇਸ ਲਈ ਕੋਈ ਵੀ ਰੁਕਾਵਟ ਉਸਦੀ ਗਤੀ ਨੂੰ ਨਾ ਤਾਂ ਕੰਟਰੋਲ ਕਰ ਸਕਦੀ ਹੈ ਅਤੇ ਨਾ ਹੀ ਰੋਕ ਸਕਦੀ ਹੈ। ਇਸ ਦੀ ਉਦਾਹਰਣ ਇਹ ਹੈ ਕਿ ਜੋ ਆਧੁਨਿਕ ਟੈਕਨਾਲੋਜੀ ਜਾਂ ਨਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਝਿਜਕਦਾ ਹੈ, ਉਸ ਨੂੰ ਅਪਣਾਉਂਦਾ ਨਹੀਂ ਅਤੇ ਆਪਣੀ ਪੁਰਾਣੀ ਸੋਚ ’ਤੇ ਹੀ ਕਾਇਮ ਰਹਿੰਦਾ ਹੈ, ਉਹ ਬਹੁਤ ਜਲਦੀ ਭੁਲਾ ਦਿੱਤਾ ਜਾਂਦਾ ਹੈ, ਚਾਹੇ ਉਸ ਨੇ ਜੀਵਨ ਵਿਚ ਕਿੰਨੇ ਵੀ ਰਿਕਾਰਡ ਕਿਉਂ ਨਾ ਬਣਾਏ ਹੋਣ। ਜੇਕਰ ਰਚਨਾਕਾਰ ਆਪਣੀ ਪੁਰਾਣੀ ਸੋਚ ਦੇ ਭਰੋਸੇ ਬੈਠਾ ਰਿਹਾ ਤਾਂ ਉਹ ਪਿੱਛੜਿਆ ਹੋਇਆ ਹੀ ਕਹਾਏਗਾ।
ਪੂਰਨ ਚੰਦ ਸਰੀਨ
