‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
Thursday, Jul 30, 2026 - 03:41 AM (IST)
ਦੇਸ਼ ਅਤੇ ਵਿਦੇਸ਼ ’ਚ ਆਸਾਨੀ ਨਾਲ ਅਤੇ ਜਲਦੀ ਆਵਾਜਾਈ ਲਈ ਆਮ ਤੌਰ ’ਤੇ ਜਹਾਜ਼ਾਂ ਦੀ ਵਰਤੋਂ ਹੁੰਦੀ ਹੈ ਪਰ ਸਮੱਗਲਰਾਂ ਨੇ ਇਸ ਸਹੂਲਤ ਨੂੰ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 2 ਮਹੀਨਿਆਂ ’ਚ ਹੀ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਨਸ਼ਿਆਂ ਅਤੇ ਸੋਨੇ ਦੀ ਬਰਾਮਦਗੀ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
*1 ਜੂਨ ਨੂੰ ‘ਵਾਰਾਣਸੀ ਹਵਾਈ ਅੱਡੇ’ ਉੱਤੇ ‘ਬੈਂਕਾਕ’ ਤੋਂ ਆਈਆਂ 3 ਔਰਤਾਂ ਸਮੇਤ 6 ਨਾਗਰਿਕਾਂ ਦੇ ਟ੍ਰਾਲੀ ਬੈਗਾਂ ’ਚੋਂ 19 ਕਰੋੜ ਰੁਪਏ ਤੋਂ ਵੱਧ ਕੀਮਤ ਦਾ 19.7 ਕਿੱਲੋ ਉੱਚ ਸ਼੍ਰੇਣੀ ਦਾ ਗਾਂਜਾ ਬਰਾਮਦ ਕੀਤਾ ਗਿਆ।
*1 ਜੂਨ ਨੂੰ ਹੀ ‘ਮੁੰਬਈ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਕੇ ‘ਨਵੀਂ ਮੁੰਬਈ’ ਦੇ ਇਕ ਜੌਹਰੀ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 4.2 ਕਰੋੜ ਰੁਪਏ ਕੀਮਤ ਦਾ 2.5 ਕਿੱਲੋ ਸੋਨਾ ਬਰਾਮਦ ਕੀਤਾ।
*7 ਜੂਨ ਨੂੰ ‘ਦਿੱਲੀ ਹਵਾਈ ਅੱਡੇ’ ’ਤੇ ‘ਕੁਆਲਾਲੰਪੁਰ’ ਤੋਂ ਆਏ 2 ਯਾਤਰੀਆਂ ਦੇ ਸਾਮਾਨ ’ਚ ਗੀਜ਼ਰ ’ਚ ਲੁਕਾਇਆ ਹੋਇਆ 5.38 ਕਰੋੜ ਰੁਪਏ ਕੀਮਤ ਦਾ 15.38 ਕਿੱਲੋ ਉੱਚ ਸ਼੍ਰੇਣੀ ਦਾ ਗਾਂਜਾ ਫੜਿਆ ਗਿਆ।
*8 ਜੂਨ ਨੂੰ ‘ਮੁੰਬਈ ਹਵਾਈ ਅੱਡੇ’ ’ਤੇ 5 ਕਰੋੜ ਰੁਪਏ ਕੀਮਤ ਦਾ 3.2 ਕਿੱਲੋ ਸੋਨਾ (ਵੈਕਸ ਫਾਰਮ ’ਚ) ਫੜਿਆ ਗਿਆ। ਇਸ ਸਬੰਧ ’ਚ ਇਕ ਭਾਜਪਾ ਵਰਕਰ ਅਤੇ ਏਅਰਪੋਰਟ ਸਟਾਫ਼ ਸਮੇਤ 7 ਲੋਕ ਗ੍ਰਿਫ਼ਤਾਰ ਕੀਤੇ ਗਏ।
*9 ਜੂਨ ਨੂੰ ‘ਦਿੱਲੀ ਹਵਾਈ ਅੱਡੇ’ ’ਤੇ ‘ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ’ (ਡੀ. ਆਰ. ਆਈ.) ਨੇ ‘ਬੈਂਗਲੁਰੂ’ ਜਾਣ ਵਾਲੇ ਇਕ ਯਾਤਰੀ ਦੇ ਸਾਮਾਨ ’ਚ ਲੇਡੀਜ਼ ਸੂਟ ’ਚ ਲੁਕੋਈ 5.6 ਕਰੋੜ ਰੁਪਏ ਦੀ 7 ਕਿੱਲੋ ‘ਐਮਫੈਟਾਮਾਈਨ ਡਰੱਗ’ ਬਰਾਮਦ ਕੀਤੀ।
*16 ਜੂਨ ਨੂੰ ‘ਦਿੱਲੀ ਹਵਾਈ ਅੱਡੇ’ ’ਤੇ ‘ਕੁਆਲਾਲੰਪੁਰ’ ਤੋਂ ਆਏ ਇਕ ਭਾਰਤੀ ਯਾਤਰੀ ਕੋਲੋਂ 34.67 ਕਰੋੜ ਰੁਪਏ ਦੀ 6.9 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ।
*24 ਜੂਨ ਨੂੰ ‘ਹੈਦਰਾਬਾਦ ਹਵਾਈ ਅੱਡੇ’ ’ਤੇ ‘ਕੁਆਲਾਲੰਪੁਰ’ ਤੋਂ ਆਏ 2 ਯਾਤਰੀਆਂ ਕੋਲੋਂ 3.36 ਕਰੋੜ ਰੁਪਏ ਦਾ 2.271 ਕਿੱਲੋ ਸੋਨਾ ਬਰਾਮਦ ਕੀਤਾ ਗਿਆ, ਜੋ ਉਨ੍ਹਾਂ ਨੇ ਆਪਣੀ ਪੈਂਟ ਦੇ ਕਮਰ ਵਾਲੇ ਹਿੱਸੇ ’ਚ ਸਿਲਾਈ ਕਰ ਕੇ ਲੁਕੋਇਆ ਹੋਇਆ ਸੀ।
*30 ਜੂਨ ਨੂੰ ‘ਚੇਨਈ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ ‘ਅਦੀਸ ਅਬਾਬਾ’ ਤੋਂ ਆਈ ਇਕ ‘ਕੀਨੀਆਈ’ ਔਰਤ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਕੈਪਸੂਲਾਂ ਦੇ ਰੂਪ ’ਚ ਨਿਗਲ ਕੇ 850 ਗ੍ਰਾਮ ‘ਕੋਕੀਨ’ ਆਪਣੇ ਪੇਟ ’ਚ ਲੁਕੋਈ ਹੋਈ ਸੀ।
*30 ਜੂਨ ਨੂੰ ਹੀ ‘ਦਿੱਲੀ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ ‘ਬੈਂਕਾਕ’ ਤੋਂ ਪਰਤੇ 2 ਭਾਰਤੀ ਯਾਤਰੀਆਂ ਕੋਲੋਂ 5.56 ਕਰੋੜ ਰੁਪਏ ਕੀਮਤ ਦਾ 15.93 ਕਿੱਲੋ ਉੱਚ ਸ਼੍ਰੇਣੀ ਦਾ ਗਾਂਜਾ ਬਰਾਮਦ ਕੀਤਾ।
* 2 ਜੁਲਾਈ ਨੂੰ ‘ਕੋਚੀ ਹਵਾਈ ਅੱਡੇ’ ’ਤੇ ‘ਕੁਆਲਾਲੰਪੁਰ’ ਤੋਂ ਆਏ ਇਕ ਯਾਤਰੀ ਕੋਲੋਂ 1.5 ਕਰੋੜ ਰੁਪਏ ਕੀਮਤ ਦਾ 1 ਕਿੱਲੋ ਸੋਨਾ ਜ਼ਬਤ ਕੀਤਾ ਗਿਆ।
* 2 ਜੁਲਾਈ ਨੂੰ ਹੀ ‘ਅੰਮ੍ਰਿਤਸਰ ਹਵਾਈ ਅੱਡੇ’ ’ਤੇ ‘ਮੈਲਬੌਰਨ’ ਤੋਂ ਆਏ ਇਕ ਯਾਤਰੀ ਕੋਲੋਂ 70 ਲੱਖ ਰੁਪਏ ਕੀਮਤ ਦਾ 484 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ।
* 5 ਜੁਲਾਈ ਨੂੰ ‘ਮੁੰਬਈ ਹਵਾਈ ਅੱਡੇ’ ’ਤੇ ਦੁਬਈ ਤੋਂ ਆਈ ਇਕ ਮਹਿਲਾ ਯਾਤਰੀ ਕੋਲੋਂ ਪੈਂਟ ਅਤੇ ਕਮਰਬੰਦ ਦੇ ਅੰਦਰ ਲੁਕੋ ਕੇ ਲਿਆਂਦਾ ਗਿਆ 6 ਕਰੋੜ ਰੁਪਏ ਦੀ ਕੀਮਤ ਦਾ 4 ਕਿੱਲੋ ਸੋਨਾ ਬਰਾਮਦ ਹੋਇਆ।
*17 ਜੁਲਾਈ ਨੂੰ ‘ਮੁੰਬਈ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ 3 ਫਿਲੀਪੀਨੀ ਨਾਗਰਿਕਾਂ ਅਤੇ ਏਅਰਪੋਰਟ ਸਟਾਫ਼ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 7.49 ਕਰੋੜ ਰੁਪਏ ਦਾ 5 ਕਿੱਲੋ ਤੋਂ ਵੱਧ ਸੋਨਾ ਜ਼ਬਤ ਕੀਤਾ।
* 24 ਜੁਲਾਈ ਨੂੰ ‘ਮੁੰਬਈ ਹਵਾਈ ਅੱਡੇ’ ’ਤੇ ਜਹਾਜ਼ ਦੇ ਟਾਇਲਟ ’ਚ ਲੁਕੋ ਕੇ ਰੱਖਿਆ ਹੋਇਆ 5.63 ਕਰੋੜ ਰੁਪਏ ਕੀਮਤ ਦਾ 3.866 ਕਿੱਲੋ ਸੋਨਾ ਜ਼ਬਤ ਕਰ ਕੇ ਜਹਾਜ਼ ਦੇ ਸਫ਼ਾਈ ਕਰਮਚਾਰੀਆਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
*27 ਜੁਲਾਈ ਨੂੰ ‘ਦਿੱਲੀ ਹਵਾਈ ਅੱਡੇ’ ’ਤੇ ‘ਜਕਾਰਤਾ’ ਤੋਂ ਆਏ ਇਕ ਯਾਤਰੀ ਨੂੰ ਗ੍ਰਿਫ਼ਤਾਰ ਕਰ ਕੇ ਅਧਿਕਾਰੀਆਂ ਨੇ ਉਸ ਕੋਲੋਂ 744 ਗ੍ਰਾਮ ਸੋਨਾ ਫੜਿਆ।
* ਅਤੇ ਹੁਣ 27 ਜੁਲਾਈ ਨੂੰ ਹੀ ‘ਵਾਰਾਣਸੀ’ ਦੇ ‘ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ ‘ਸ਼ਾਰਜਾਹ’ ਤੋਂ ਆਏ ਇਕ ਭਾਰਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 70 ਲੱਖ ਰੁਪਏ ਦਾ 491.290 ਗ੍ਰਾਮ 24 ਕੈਰੇਟ ਦਾ ਸੋਨਾ ਜ਼ਬਤ ਕੀਤਾ, ਜੋ ਉਸ ਨੇ ਜਹਾਜ਼ ਦੀ ਸੀਟ ਦੇ ਹੇਠਾਂ ਲੁਕੋਇਆ ਹੋਇਆ ਸੀ।
ਦੇਸ਼ ਦੇ ਹਵਾਈ ਅੱਡਿਆਂ ਰਾਹੀਂ ਹੋ ਰਹੀ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਨੂੰ ਰੋਕਣ ਦਾ ਕੰਮ ਮੁੱਖ ਤੌਰ ’ਤੇ ਕਸਟਮ ਵਿਭਾਗ ਅਤੇ ਸੁਰੱਖਿਆ ਏਜੰਸੀਆਂ ਦਾ ਹੈ। ਇਹ ਏਜੰਸੀਆਂ ਕੁਝ ਹੱਦ ਤੱਕ ਇਸ ਕੰਮ ’ਚ ਸਫ਼ਲ ਵੀ ਹੋ ਰਹੀਆਂ ਹਨ ਪਰ ਜਿਸ ਤਰ੍ਹਾਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵੱਲੋਂ ਨਸ਼ਾ ਅਤੇ ਸੋਨਾ ਲਿਆਉਣ ਦੇ ਮਾਮਲੇ ਵਧ ਰਹੇ ਹਨ, ਉਨ੍ਹਾਂ ਨੂੰ ਦੇਖਦਿਆਂ ਦੇਸ਼ ਦੇ ਸਾਰੇ ਵੱਡੇ-ਛੋਟੇ ਹਵਾਈ ਅੱਡਿਆਂ ’ਤੇ ਸੁਰੱਖਿਆ ਅਤੇ ਨਿਗਰਾਨੀ ਤੰਤਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
— ਵਿਜੇ ਕੁਮਾਰ
