ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ

Monday, Aug 03, 2026 - 06:06 PM (IST)

ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ

ਆਜ਼ਾਦੀ ਦੀ ਮਨੁੱਖੀ ਲਾਲਸਾ ਨੇ ਦੁਨੀਆ ਭਰ ’ਚ ਅਨੇਕਾਂ ਆਜ਼ਾਦੀ ਅੰਦੋਲਨਾਂ ਨੂੰ ਜਨਮ ਦਿੱਤਾ ਹੈ। ਭਾਰਤ ਦਾ ਆਜ਼ਾਦੀ ਸੰਘਰਸ਼ ਵੀ ਸਾਮਰਾਜਵਾਦੀ ਬਸਤੀਵਾਦ ਦੇ ਵਿਰੁੱਧ ਲੜੀ ਗਈ ਇਕ ਲੰਬੀ ਅਤੇ ਅਸਮਾਨ ਲੜਾਈ ਦਾ ਨਤੀਜਾ ਸੀ। ਆਜ਼ਾਦੀ ਦਾ 80ਵਾਂ ਸਾਲ ਸਾਡੇ ਲਈ ਉਨ੍ਹਾਂ ਕਵੀਆਂ, ਲੇਖਕਾਂ ਅਤੇ ਰਚਨਾਕਾਰਾਂ ਨੂੰ ਨਮਨ ਕਰਨ ਦਾ ਮੌਕਾ ਹੈ, ਜਿਨ੍ਹਾਂ ਨੇ ਇਕ ਗੁਲਾਮ ਦੇਸ਼ ਦੇ ਦੁੱਖ ਅਤੇ ਉਸ ਦੀ ਆਜ਼ਾਦੀ ਦੀ ਤਾਂਘ ਨੂੰ ਅਜਿਹੇ ਸ਼ਕਤੀਸ਼ਾਲੀ ਵਿਰੋਧ ਦੇ ਗੀਤਾਂ ਵਿਚ ਬਿਆਨ ਕੀਤਾ, ਜਿਨ੍ਹਾਂ ਨੇ ਬਰਤਾਨਵੀ ਸਾਮਰਾਜ ਦੀਆਂ ਨੀਂਹਾਂ ਤੱਕ ਹਿਲਾ ਦਿੱਤੀਆਂ।

ਇਕ ਸੁਤੰਤਰ, ਸਮਾਨਤਾ-ਆਧਾਰਿਤ ਅਤੇ ਪ੍ਰਭੂਸੱਤਾ-ਸੰਪੰਨ ਰਾਸ਼ਟਰ ਦਾ ਇਹ ਸੁਪਨਾ ਉਸ ਸਮੇਂ ਦੇ ਲੇਖਕਾਂ, ਕਵੀਆਂ, ਗੀਤਕਾਰਾਂ, ਕਹਾਣੀਕਾਰਾਂ ਅਤੇ ਗਾਇਕਾਂ ਦੀਆਂ ਰਚਨਾਵਾਂ ਨਾਲ ਹੋਰ ਵੀ ਰੌਸ਼ਨ ਹੋਇਆ। ਉਨ੍ਹਾਂ ਦੀ ਲਿਖਤ ਅਤੇ ਪੇਸ਼ਕਾਰੀ ਨੇ ਵਿਦੇਸ਼ੀ ਰਾਜ ਦੇ ਵਿਰੁੱਧ ਦੇਸ਼ ਭਰ ਵਿਚ ਅਟੁੱਟ ਰਾਸ਼ਟਰੀ ਚੇਤਨਾ ਪੈਦਾ ਕੀਤੀ ਅਤੇ ਲੋਕਾਂ ਵਿਚ ਆਪਣੇ ਭਵਿੱਖ ਦੇ ਨਿਰਮਾਤਾ ਆਪ ਬਣਨ ਦਾ ਵਿਸ਼ਵਾਸ ਜਗਾਇਆ। ਅਨੇਕਾਂ ਸਮਾਜਿਕ ਵੰਡਾਂ ਨਾਲ ਵੰਡੇ ਹੋਏ ਸਮਾਜ ਅਤੇ ਕਈ ਰਿਆਸਤਾਂ ਵਿਚ ਖਿੰਡੇ ਹੋਏ ਦੇਸ਼ ਨੂੰ ਆਜ਼ਾਦੀ ਦੇ ਸੰਘਰਸ਼ ਲਈ ਇਕਜੁੱਟ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਇਸ ਲਈ ਗੁਲਾਮ ਬਣਾਈ ਗਈ ਜਨਤਾ ਦੇ ਆਹਤ ਸਵੈ-ਮਾਣ ਨੂੰ ਜਗਾਉਣਾ ਅਤੇ ਉਸ ਨੂੰ ਅਜਿਹੀ ਭਾਸ਼ਾ ਵਿਚ ਪ੍ਰਗਟ ਕਰਨਾ ਲਾਜ਼ਮੀ ਸੀ, ਜੋ ਲੋਕਾਂ ਦੀ ਰੂਹ ਨੂੰ ਝੰਜੋੜ ਦੇਵੇ ਅਤੇ ਉਨ੍ਹਾਂ ਦੇ ਦਿਲਾਂ ’ਚ ਆਜ਼ਾਦੀ ਦੀ ਲੌ ਜਗਾ ਦੇਵੇ।

ਆਜ਼ਾਦੀ ਅੰਦੋਲਨ ਦੇ ਕਵੀਆਂ ਅਤੇ ਸਾਹਿਤਕਾਰਾਂ ਨੇ ਬਰਤਾਨਵੀ ਹਕੂਮਤ ਦੇ ਜ਼ੁਲਮ ਅਤੇ ਬੇਇਨਸਾਫ਼ੀ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰ ਕੇ ਇਹ ਮਹੱਤਵਪੂਰਨ ਭੂਮਿਕਾ ਨਿਭਾਈ। ਦੇਸ਼-ਪ੍ਰੇਮ ਨਾਲ ਭਰਪੂਰ ਉਨ੍ਹਾਂ ਦੀਆਂ ਕਵਿਤਾਵਾਂ ਦੇ ਸ਼ਬਦ, ਲੈਅ ਅਤੇ ਸੁਰਾਂ ਨੇ ਲੋਕਾਂ ਦੇ ਮਨਾਂ ’ਚ ਸੁੱਤੀ ਪਈ ਆਜ਼ਾਦੀ ਦੀ ਤਾਂਘ ਨੂੰ ਜਗਾ ਦਿੱਤਾ। ਇਸ ਕੰਮ ’ਚ ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਅਹਿਮ ਯੋਗਦਾਨ ਪਾਇਆ, ਉਨ੍ਹਾਂ ’ਚ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਠਾਕੁਰ, ਬੰਕਿਮਚੰਦਰ ਚੱਟੋਪਾਧਿਆਇ, ਸਰੋਜਿਨੀ ਨਾਇਡੂ, ਮੁਹੰਮਦ ਇਕਬਾਲ, ਫ਼ੈਜ਼ ਅਹਿਮਦ ਫ਼ੈਜ਼, ਸਰਦਾਰ ਜਾਫ਼ਰੀ, ਜੋਸ਼ ਮਲੀਹਾਬਾਦੀ, ਆਗਾ ਸ਼ੋਰੀਸ਼ ਕਸ਼ਮੀਰੀ, ਮਜਾਜ਼ ਲਖਨਵੀ, ਰਾਮ ਪ੍ਰਸਾਦ ਬਿਸਮਿਲ, ਸੂਰਯਕਾਂਤ ਤ੍ਰਿਪਾਠੀ ‘ਨਿਰਾਲਾ’, ਸਾਹਿਰ ਲੁਧਿਆਣਵੀ, ਅੰਮ੍ਰਿਤਾ ਪ੍ਰੀਤਮ, ਕੈਫ਼ੀ ਆਜ਼ਮੀ, ਰਾਮਧਾਰੀ ਸਿੰਘ ‘ਦਿਨਕਰ’, ਸੁਬ੍ਰਮਣੀਅਮ ਭਾਰਤੀ, ਨਾਨਕ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਵਰਗੇ ਅਨੇਕ ਮਹਾਨ ਰਚਨਾਕਾਰ ਸ਼ਾਮਲ ਸਨ।

ਆਜ਼ਾਦੀ ਅੰਦੋਲਨ ਦੀ ਪ੍ਰੇਰਣਾਦਾਇਕ ਸ਼ਾਇਰੀ ਨੇ ਸਿਰਫ਼ ਰਾਜਨੀਤਿਕ ਆਜ਼ਾਦੀ ਦੀ ਹੀ ਗੱਲ ਨਹੀਂ ਕੀਤੀ, ਸਗੋਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ। ਇਸ ਨੇ ਲੋਕਾਂ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਕਿ ਮਨੁੱਖ ਦੀ ਆਜ਼ਾਦੀ ਦੀ ਤਾਂਘ ਆਖ਼ਿਰਕਾਰ ਹਰ ਜ਼ਾਲਮ ਤਾਕਤ ’ਤੇ ਜਿੱਤ ਹਾਸਲ ਕਰਦੀ ਹੈ। ਇਸ ਸਾਹਿਤ ਦੀਆਂ ਜੜ੍ਹਾਂ ਸਾਡੀ ਉਸ ਸੱਭਿਆਚਾਰਕ ਚੇਤਨਾ ’ਚ ਸਨ, ਜਿਸ ਨੇ ਹਰ ਕਿਸਮ ਦੀ ਗੁਲਾਮੀ ਅਤੇ ਬੇਇਨਸਾਫ਼ੀ ਨੂੰ ਰੱਦ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਜ਼ਫ਼ਰਨਾਮਾ’ ’ਚ ਮੁਗ਼ਲ ਸਾਮਰਾਜਵਾਦ ਦੀ ਤਿੱਖੀ ਆਲੋਚਨਾ ਅਤੇ ਜ਼ੁਲਮ ਵਿਰੁੱਧ ਡਟ ਕੇ ਖੜ੍ਹਨ ਦਾ ਨੈਤਿਕ ਸੰਦੇਸ਼ ਅੱਜ ਵੀ ਸਾਡੀ ਰਾਸ਼ਟਰੀ ਚੇਤਨਾ ਦਾ ਸਥਾਈ ਹਿੱਸਾ ਹੈ। ਉਨ੍ਹਾਂ ਦੀਆਂ ਇਹ ਅਮਰ ਪੰਕਤੀਆਂ ਅੱਜ ਵੀ ਸਾਨੂੰ ਉਸੇ ਤਰ੍ਹਾਂ ਪ੍ਰੇਰਿਤ ਕਰਦੀਆਂ ਹਨ— ‘‘ਚੁਨ ਕਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਿ-ਸ਼ਮਸ਼ੀਰ ਦਸਤ।’’ ਭਾਵ, ‘ਜਦੋਂ ਨਿਆਂ ਪ੍ਰਾਪਤ ਕਰਨ ਦੇ ਸਾਰੇ ਰਸਤੇ ਮੁੱਕ ਜਾਣ, ਤਾਂ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਲਵਾਰ ਚੁੱਕਣਾ ਜਾਇਜ਼ ਹੈ।’ ਆਜ਼ਾਦੀ ਅਤੇ ਨਿਆਂ ਦੀ ਇਹੀ ਲੌ ਪੀੜ੍ਹੀ-ਦਰ-ਪੀੜ੍ਹੀ ਜਗਦੀ ਰਹੀ ਹੈ ਅਤੇ ਅੱਜ ਦੇ ਆਜ਼ਾਦੀ-ਪ੍ਰੇਮੀ ਸਾਹਿਤ ਵਿਚ ਵੀ ਇਸ ਦੀ ਸਪੱਸ਼ਟ ਝਲਕ ਮਿਲਦੀ ਹੈ।

ਰਾਮ ਪ੍ਰਸਾਦ ਬਿਸਮਿਲ ਦੀਆਂ ਅਮਰ ਪੰਕਤੀਆਂ-‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ’ ਅੱਜ ਵੀ ਦੇਸ਼ਵਾਸੀਆਂ ਦੇ ਦਿਲਾਂ ਵਿਚ ਸੰਘਰਸ਼, ਕੁਰਬਾਨੀ ਅਤੇ ਦੇਸ਼-ਪ੍ਰੇਮ ਦੇ ਇਸੇ ਤਰ੍ਹਾਂ ‘ਮੇਰਾ ਰੰਗ ਦੇ ਬਸੰਤੀ ਚੋਲਾ... ਦਮ ਨਿਕਲੇ ਇਸ ਦੇਸ਼ ਕੀ ਖ਼ਾਤਿਰ, ਬਸ ਇਤਨਾ ਅਰਮਾਨ ਹੈ, ਏਕ ਬਾਰ ਇਸ ਰਾਹ ਮੇਂ ਮਰਨਾ ਸੌ ਜਨਮੋਂ ਕੇ ਸਮਾਨ ਹੈ...’ ਇਹ ਗੀਤ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨਾਲ ਸਦਾ ਲਈ ਜੁੜ ਗਿਆ। ਬੰਕਿਮਚੰਦਰ ਚੱਟੋਪਾਧਿਆਇ ਦਾ ‘ਵੰਦੇ ਮਾਤਰਮ’ ਮਾਤਭੂਮੀ ਪ੍ਰਤੀ ਸਮਰਪਣ ਦਾ ਬੇਮਿਸਾਲ ਗੀਤ ਹੈ, ਜਿਸ ਨੇ ਆਜ਼ਾਦੀ ਦੀ ਜੋਤ ਨੂੰ ਹੋਰ ਪ੍ਰਚੰਡ ਕੀਤਾ। ਗੁਰਦੇਵ ਰਬਿੰਦਰਨਾਥ ਠਾਕੁਰ ਦੀ ਪ੍ਰਸਿੱਧ ਕਵਿਤਾ ‘ਚਿੱਤੋ ਜੇਥਾ ਭੈਸ਼ੂਨਯੋ’’, ਅਜਿਹੇ ਭਾਰਤ ਦੀ ਕਲਪਨਾ ਕਰਦੀ ਹੈ ਜਿੱਥੇ ਲੋਕ ਨਿਡਰ ਹੋ ਕੇ, ਸਿਰ ਉੱਚਾ ਰੱਖ ਕੇ ਅਤੇ ਸਵੈ-ਮਾਣ ਨਾਲ ਜੀਵਨ ਬਤੀਤ ਕਰ ਸਕਣ।

ਰਾਮਧਾਰੀ ਸਿੰਘ ‘ਦਿਨਕਰ’ ਦੀਆਂ ਇਹ ਪ੍ਰਸਿੱਧ ਪੰਕਤੀਆਂ-‘ਸਮਰ ਸ਼ੇਸ਼ ਹੈ, ਨਹੀਂ ਪਾਪ ਕਾ ਭਾਗੀ ਕੇਵਲ ਵਿਆਧ, ਜੋ ਤਟਸਥ ਹੈਂ, ਸਮਯ ਲਿਖੇਗਾ ਉਨਕੇ ਭੀ ਅਪਰਾਧ।’ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਬੇਇਨਸਾਫ਼ੀ ਦੇ ਸਾਹਮਣੇ ਚੁੱਪ ਰਹਿਣਾ ਵੀ ਇਕ ਜੁਰਮ ਹੈ। ਅੱਲਾਮਾ ਇਕਬਾਲ ਦੀਆਂ ਇਹ ਪੰਕਤੀਆਂ- ‘ਉਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ... ਜਿਸ ਖੇਤ ਸੇ ਦਹਕਾਂ ਕੋ ਮਯੱਸਰ ਨਹੀਂ ਰੋਜ਼ੀ, ਉਸ ਖੇਤ ਕੇ ਹਰ ਖ਼ੋਸ਼ਾ-ਏ-ਗੰਦੁਮ ਕੋ ਜਲਾ ਦੋ।’’ ਅਜਿਹੀ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਉਂਦੀਆਂ ਹਨ, ਜਿੱਥੇ ਕਿਸਾਨ ਅਤੇ ਮਜ਼ਦੂਰ ਆਪਣੀ ਹੀ ਮਿਹਨਤ ਦੇ ਬਾਵਜੂਦ ਭੁੱਖੇ ਰਹਿਣ ਲਈ ਮਜਬੂਰ ਹੋਣ।

ਪੰਜਾਬੀ ਕਵੀ ਅਤੇ ਪੱਤਰਕਾਰ ਬਾਂਕੇ ਦਿਆਲ ਦੀ ਕਵਿਤਾ ‘ਪੱਗੜੀ ਸੰਭਾਲ ਜੱਟਾ’, ਜੋ ਉਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਜ਼ਾਲਮ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਲਿਖੀ ਸੀ, ਕਿਸਾਨਾਂ ਦੇ ਸਵੈ-ਮਾਣ ਅਤੇ ਹੱਕਾਂ ਦਾ ਪ੍ਰਤੀਕ ਬਣ ਗਈ। ਇਸੇ ਤਰ੍ਹਾਂ ਸੁਬ੍ਰਮਣੀਅਮ ਭਾਰਤੀ ਦੀ ਕਵਿਤਾ ‘ਵਿਦੁਥਲੈ’ ਨੇ ਇਕ ਆਜ਼ਾਦ ਅਤੇ ਇਕਜੁੱਟ ਭਾਰਤ ਦਾ ਸੁਪਨਾ ਪੇਸ਼ ਕਰਦਿਆਂ ਲੋਕਾਂ ਵਿਚ ਨਵੀਂ ਚੇਤਨਾ ਜਗਾਈ। ਜੋਸ਼ ਮਲੀਹਾਬਾਦੀ ਦੀ ਪ੍ਰਸਿੱਧ ਰਚਨਾ ‘ਸ਼ਿਕਸਤ-ਏ-ਜ਼ਿੰਦਾਂ ਦਾ ਖ਼ੁਆਬ’ ਸਾਮਰਾਜੀ ਹਕੂਮਤ ਵੱਲੋਂ ਬਣਾਈਆਂ ਗਈਆਂ ਜੇਲਾਂ ਦੀਆਂ ਕੰਧਾਂ ਦੇ ਢਹਿ ਜਾਣ ਅਤੇ ਆਜ਼ਾਦੀ ਦੇ ਲਾਜ਼ਮੀ ਆਗਮਨ ਦਾ ਤਾਕਤਵਰ ਪ੍ਰਤੀਕ ਬਣ ਕੇ ਉੱਭਰੀ।

ਆਜ਼ਾਦੀ ਮਿਲਣ ਤੋਂ ਬਾਅਦ ਵੀ ਇਹ ਸਾਹਿਤਕ ਪਰੰਪਰਾ ਜਾਰੀ ਰਹੀ। ਉਦਾਹਰਣ ਵਜੋਂ, ਸਾਹਿਰ ਲੁਧਿਆਣਵੀ ਦੀਆਂ ਕਵਿਤਾਵਾਂ ਅੱਜ ਵੀ ਆਪਣੀ ਡੂੰਘੀ ਮਨੁੱਖੀ ਸੰਵੇਦਨਾ, ਬੇਇਨਸਾਫ਼ ਸਮਾਜਿਕ ਵਿਵਸਥਾ ਪ੍ਰਤੀ ਉਨ੍ਹਾਂ ਦੀ ਬੇਚੈਨੀ ਅਤੇ ਸ਼ੋਸ਼ਿਤ ਲੋਕਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਕਾਰਨ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦੀਆਂ ਭਾਵਨਾਵਾਂ ਦੀ ਡੂੰਘਾਈ ਇਨ੍ਹਾਂ ਪੰਕਤੀਆਂ ਵਿਚ ਸਾਫ਼ ਨਜ਼ਰ ਆਉਂਦੀ ਹੈ-

ਮਜਬੂਰ ਹੂੰ ਮੈਂ, ਮਜਬੂਰ ਹੋ ਤੁਮ,

ਮਜਬੂਰ ਯੇ ਦੁਨੀਆ ਸਾਰੀ ਹੈ।

ਤਨ ਕਾ ਦੁੱਖ ਮਨ ਪਰ ਭਾਰੀ ਹੈ,

ਇਸ ਦੌਰ ਮੇਂ ਜੀਨੇ ਕੀ ਕੀਮਤ,

ਯਾ ਦਾਰ-ਓ-ਰਸਨ ਯਾ ਖ਼ਵਾਰੀ ਹੈ।

ਬਰਤਾਨਵੀ ਹਕੂਮਤ ਅਤੇ ਉਸ ਦੇ ਜ਼ੁਲਮਾਂ ਦੇ ਵਿਰੁੱਧ ਲਿਖੀਆਂ ਗਈਆਂ ਇਨ੍ਹਾਂ ਪ੍ਰਭਾਵਸ਼ਾਲੀ ਕਵਿਤਾਵਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਲੋਕਤੰਤਰੀ ਵਿਰੋਧ ਦੀ ਭਾਸ਼ਾ ਸੰਜਮ, ਮਰਿਆਦਾ ਅਤੇ ਸੱਭਿਆਚਾਰ ਨਾਲ ਭਰੀ ਹੋਵੇ, ਤਾਂ ਉਸ ਦਾ ਪ੍ਰਭਾਵ ਹੋਰ ਵੀ ਵੱਧ ਡੂੰਘਾ ਹੁੰਦਾ ਹੈ।

 

–ਅਸ਼ਵਨੀ ਕੁਮਾਰ
(ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ)


author

Shubam Kumar

Content Editor

Related News