ਪੰਜਾਬ ਸਰਕਾਰ ਦੇ ਦੋ ਬਿਜਲੀ ਨਿਗਮਾਂ ਨੇ ਸਥਾਪਿਤ ਕੀਤੇ ਨਵੇਂ ਮੀਲ ਪੱਥਰ
Monday, Mar 17, 2025 - 04:40 PM (IST)

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੀਤੇ ਕੱਲ੍ਹ 15 ਮਾਰਚ ਨੂੰ ਮੁੱਖ ਮੰਤਰੀ ਦੇ ਕਾਰਜਕਾਲ ਦੇ 3 ਸਾਲ ਪੂਰੇ ਕਰ ਲਏ ਹਨ ਅਤੇ ਪੰਜਾਬ ਸਰਕਾਰ ਨੇ ਚੌਥੇ ਸਾਲ ਵੱਲ ਆਪਣਾ ਸਫ਼ਰ ਸ਼ੁਰੂ ਕਰ ਲਿਆ ਹੈ। ਪੰਜਾਬ ਸਰਕਾਰ ਨੇ ਬਿਜਲੀ, ਸਿੱਖਿਆ, ਸਿਹਤ, ਵਪਾਰ ਅਤੇ ਉਦਯੋਗ, ਰੁਜ਼ਗਾਰ, ਭ੍ਰਿਸ਼ਟਾਚਾਰ ਵਿਰੋਧੀ, ਖੇਡਾਂ, ਸੱਭਿਆਚਾਰਕ ਆਦਿ ਖੇਤਰਾਂ ’ਚ ਪੰਜਾਬ ਦੇ ਨਾਗਰਿਕਾਂ ਦੀ ਭਲਾਈ ਲਈ ਕਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ। ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਲਈ ਕੀਤੀਆਂ ਗਈਆਂ ਵੱਖ-ਵੱਖ ਲੋਕ-ਪੱਖੀ ਪਹਿਲਕਦਮੀਆਂ ਦੇ ਪ੍ਰਤੱਖ ਨਤੀਜੇ ਸਾਹਮਣੇ ਆ ਰਹੇ ਹਨ।
ਪੰਜਾਬ ਸਰਕਾਰ ਦੀਆਂ ਦੋ ਬਿਜਲੀ ਕਾਰਪੋਰੇਸ਼ਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਕਾਰਨ ਵੱਡੀਆਂ ਪ੍ਰਾਪਤੀਆਂ ਦੇ ਮੀਲ ਪੱਥਰ ਸਥਾਪਿਤ ਕੀਤੇ ਹਨ। ਪੰਜਾਬ ਸਰਕਾਰ ਨੇ ਸਾਲ 2024 ਵਿਚ ਨਿੱਜੀ ਖੇਤਰ ਦੇ ਜੀ. ਵੀ. ਕੇ. ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ 1080 ਕਰੋੜ ਰੁਪਏ ਵਿਚ ਖਰੀਦ ਕੇ ਨਵਾਂ ਇਤਿਹਾਸ ਸਿਰਜਿਆ ਹੈ। ਪਾਵਰਕਾਮ ਵੱਲੋਂ ਇਹ ਥਰਮਲ ਪਲਾਂਟ ਦਾ ਸਭ ਤੋਂ ਘੱਟ ਕੀਮਤ ਉਤੇ ਕੀਤਾ ਖਰੀਦ ਸਮਝੌਤਾ ਹੈ। ਇਸ ਥਰਮਲ ਪਲਾਂਟ ਦੇ ਖਰੀਦਣ ਨਾਲ ਪੰਜਾਬ ਵਿਚ ਬਿਜਲੀ ਦੀ ਦਰ ਵਿਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ 300 ਤੋਂ 350 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਵੇਗੀ।
ਪਛਵਾੜਾ ਕੋਲਾ ਖਾਨ ਦਾ ਕੋਲਾ ਸਿਰਫ਼ ਸਰਕਾਰੀ ਬਿਜਲੀ ਪਲਾਂਟਾਂ ਲਈ ਵਰਤਿਆ ਜਾ ਸਕਦਾ ਹੈ। ਪੰਜਾਬ ਵੱਲੋਂ ਇਸ ਥਰਮਲ ਪਲਾਂਟ ਦੀ ਖਰੀਦ ਨਾਲ ਹੁਣ ਪਛਵਾੜਾ ਕੋਲਾ ਖਾਨ ਦਾ ਕੋਲਾ ਇਸ ਥਰਮਲ ਪਲਾਂਟ ਤੋਂ ਬਿਜਲੀ ਦੀ ਪੈਦਾਵਾਰ ਲਈ ਵਰਤਿਆ ਜਾਵੇਗਾ। ਜੀ. ਵੀ. ਕੇ. ਥਰਮਲ ਪਲਾਂਟ ਦੀ ਵਰਤੋਂ ਔਸਤਨ 34 ਫੀਸਦੀ ਰਹੀ ਹੈ, ਪਛਵਾੜਾ ਕੋਲੇ ਖਾਨ ਦੇ ਕੋਲੇ ਨਾਲ ਪਾਵਰਕਾਮ ਇਸ ਥਰਮਲ ਪਲਾਂਟ ਦੀ ਸਮਰੱਥਾ (34.73 ਫੀਸਦੀ ਤੋਂ 79 ਫੀਸਦੀ ਫੀਸਦੀ) ਵਧਾ ਸਕਦੀ ਹੈ।
ਕੇਂਦਰੀ ਪਛਵਾੜਾ ਕੋਲਾ ਖਾਨ : ਕੇਂਦਰੀ ਪਛਵਾੜਾ ਕੋਲਾ ਖਾਨ ਜੋ ਕਿ ਪੰਜਾਬ ਰਾਜ ਲਈ ਵਰਦਾਨ ਸਾਬਿਤ ਹੋਈ ਹੈ। ਪਾਵਰਕਾਮ ਨੂੰ ਕੋਲਾ ਮੁਹੱਈਆ ਕਰਨ ਵਾਲੇ ਹੋਰ ਸਾਰੇ ਸਰੋਤਾਂ ਦੇ ਮੁਕਾਬਲੇ ਪਛਵਾੜਾ ਕੇਂਦਰੀ ਕੋਲਾ ਖਾਨ ਦੇ ਕੋਲੇ ਦੀ ਗੁਣਵੱਤਾ ਬਹੁਤ ਵਧੀਆ ਹੈ। ਕੇਂਦਰੀ ਪਛਵਾੜਾ ਕੋਲਾ ਖਾਨ ਤੋਂ ਕੋਲੇ ਦੀ ਸਪਲਾਈ ਨਾਲ ਪਾਵਰਕਾਮ ਨੂੰ ਪੰਜਾਬ ਵਿਚ ਸਾਲ 2023 ਦੌਰਾਨ ਗਰਮੀਆਂ ਅਤੇ ਝੋਨੇ ਦੇ ਮੌਸਮ ਦੌਰਾਨ ਪੰਜਾਬ ਦੇ ਬਿਜਲੀ ਤਾਪ ਘਰਾਂ ਦੀ ਵਧੀ ਹੋਈ ਕੋਲੇ ਦੀ ਲੋੜ ਨੂੰ ਪੂਰਾ ਕਰਨ ਵਿਚ ਮਦਦ ਮਿਲੀ ਹੈ ਅਤੇ ਇਸ ਦੇ ਉੱਚ ਗੁਣਵੱਤਾ ਵਾਲੇ ਕੋਲੇ ਨਾਲ ਪਾਵਰਕਾਮ ਨੂੰ ਅੰਦਾਜ਼ਨ 700 ਕਰੋੜ ਰੁਪਏ ਸਾਲਾਨਾ ਦੀ ਬੱਚਤ ਹੋਵੇਗੀ।
ਸਾਲ 2022, 2023 ਅਤੇ 2024 ਦੇ ਝੋਨੇ ਦਾ ਮੌਸਮ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਇਕ ਓਲੰਪਿਕ ਦੇ ਬਰਾਬਰ ਸੀ, ਵਿਚ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਜਿਨ੍ਹਾਂ ਵਿਚ ਘਰੇਲੂ, ਵਪਾਰਕ, ਉਦਯੋਗਿਕ ਅਤੇ ਹੋਰ ਖਪਤਕਾਰਾਂ ’ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਤੋਂ ਵਾਧੂ ਬਿਜਲੀ ਸਪਲਾਈ ਕੀਤੀ ਗਈ। ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਜਿੱਥੇ ਸਾਰੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ, 2023 ਤੋਂ 600 ਯੂਨਿਟ 2 ਮਹੀਨਿਆਂ/1 ਮਹੀਨੇ ਲਈ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਵਿਚ ਲਗਭਗ 83 ਫੀਸਦੀ ਤੋਂ 90 ਫੀਸਦੀ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।
ਉਪਲਬਧ ਟਰਾਂਸਮਿਸ਼ਨ ਸਮਰੱਥਾ (ਏ. ਟੀ. ਸੀ.) : ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨੇ ਰਾਜ ਦੇ ਬਾਹਰੋਂ ਵਧੇਰੇ ਬਿਜਲੀ ਦਰਾਮਦ ਕਰਨ ਲਈ ਉਪਲਬਧ ਟਰਾਂਸਮਿਸ਼ਨ ਸਮਰੱਥਾ (ਏ. ਟੀ. ਸੀ. ਹੱਦ) ਨੂੰ 7100 ਮੈਗਾਵਾਟ ਤੋਂ ਵਧਾ ਕੇ 9500 ਮੈਗਾਵਾਟ ਕਰ ਦਿੱਤਾ ਹੈ, ਜਿਨ੍ਹਾਂ ਵਿਚ ਘਰੇਲੂ, ਵਪਾਰਕ, ਉਦਯੋਗਿਕ ਅਤੇ ਹੋਰ ਖਪਤਕਾਰਾਂ ’ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਤੋਂ ਵਾਧੂ ਬਿਜਲੀ ਸਪਲਾਈ ਕੀਤੀ ਗਈ!
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜ਼ੋਨ ਦੇ ਮੁੱਖ ਇੰਜੀਨੀਅਰ ਇੰਜੀ. ਰਤਨ ਮਿੱਤਲ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਸਮੇਂ 1 ਕਰੋੜ 8 ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੁਸ਼ਨਾਅ ਰਿਹਾ ਹੈ, ਇਸ ਵਿਚੋਂ 25.81 ਲੱਖ ਬਿਜਲੀ ਖਪਤਕਾਰ ਸਿਰਫ ਦੱਖਣ ਜ਼ੋਨ ਦੇ ਹਨ, ਜਿਨ੍ਹਾਂ ਵਿਚੋਂ 3,10,000 ਖੇਤੀਬਾੜੀ ਟਿਊਬਵੈੱਲ ਖਪਤਕਾਰ ਸ਼ਾਮਲ ਹਨ।
ਇੰਜੀ. ਰਤਨ ਮਿੱਤਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਮੇਂ-ਸਮੇਂ ’ਤੇ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈਆਂ ਗਈਆਂ ਮੁਹਿੰਮਾਂ ਵਿਚ ਦੱਖਣ ਜ਼ੋਨ ਨੇ ਸਾਲ 2023-24 ਵਿਚ 1,60,000 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚ 9617 ਬਿਜਲੀ ਖਪਤਕਾਰਾਂ ਨੂੰ 20 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2024-25 ਵਿਚ 2,60,000 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚ 9728 ਬਿਜਲੀ ਖਪਤਕਾਰਾਂ ਨੂੰ 23 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ। ਪਿਛਲੇ 3 ਸਾਲਾਂ ਵਿਚ ਪੰਜਾਬ ਦੇ ਸਾਰੇ ਵਿਭਾਗਾਂ, ਕਾਰਪੋਰੇਸ਼ਨ, ਬੋਰਡ ਅਤੇ ਬਾਕੀ ਸਰਕਾਰੀ ਅਦਾਰੇ ਵਿਚ 50000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਹਨ, ਇਕੱਲੇ ਪਾਵਰਕਾਮ ਵੱਲੋਂ 7000 ਤੋਂ ਵੱਧ ਨਵੀਆਂ ਨੌਕਰੀਆਂ ਪੂਰੀ ਪਾਰਦਰਸ਼ਤਾ ਨਾਲ ਦਿੱਤੀਆਂ ਗਈਆਂ ਹਨ।