ਫਿਰਕੂ ਤਾਕਤਾਂ ਦੀ ਗ੍ਰਿਫਤ ’ਚ ਫਸੇ ਲੋਕਾਂ ਲਈ ਅੰਦੋਲਨ ਚੱਲੇ
Friday, Jan 17, 2025 - 05:21 PM (IST)
ਕੇਂਦਰ ਦੀ ਭਾਜਪਾ ਸਰਕਾਰ ਹਰ ਤਰ੍ਹਾਂ ਦਾ ਕੁਸੱਤ ਬੋਲ ਕੇ ਲੋਕਾਂ ਦੇ ਦਿਮਾਗਾਂ ਨੂੰ ਦੇਸ਼ ਉਪਰ ਇਕ ਧਰਮ ਅਾਧਾਰਿਤ ਰਾਜਨੀਤਕ ਤੇ ਸਮਾਜਿਕ ਢਾਂਚਾ ਥੋਪਣ ਦੇ ਅਨੁਕੂਲ ਬਣਾਉਣਾ ਚਾਹੁੰਦੀ ਹੈ। ਇਸ ਮੰਤਵ ਲਈ ਯੋਜਨਾਬੱਧ ਢੰਗ ਨਾਲ ਹਿੰਦੂ ਧਰਮ ਨੂੰ ਕਲਪਿਤ ਖਤਰਿਆਂ ਦੀ ਗੁਹਾਰ ਲਗਾ ਕੇ ਧਾਰਮਿਕ ਘੱਟਗਿਣਤੀਆਂ, ਖਾਸ ਕਰ ਮੁਸਲਮਾਨਾਂ ਤੇ ਇਸਾਈਆਂ ’ਤੇ ਵਿਚਾਰਧਾਰਕ ਤੇ ਹਿੰਸਕ ਹਮਲੇ ਤੇਜ਼ ਕਰ ਦਿੱਤੇ ਗਏ ਹਨ।
ਦੇਸ਼ ਦੇ ਲੋਕਾਂ ਨਾਲ ਸੰਬੰਧਤ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਣ, ਖੇਤੀ ਸੰਕਟ ਵਰਗੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਅਣਡਿੱਠ ਕਰਕੇ ਹਿੰਦੂਆਂ-ਮੁਸਲਮਾਨਾਂ ਵਿਚਕਾਰ ਬਣਾਵਟੀ ਵਿਵਾਦਾਂ ਨੂੰ ਪ੍ਰਮੁੱਖਤਾ ਨਾਲ ‘ਗੋਦੀ ਮੀਡੀਆ’ ’ਤੇ ਜ਼ੋਰਦਾਰ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ।
ਦੇਸ਼ ਦੀ ਸਾਂਝੀ ਵਿਰਾਸਤ, ਜੋ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਫਿਰਕੂ ਸਦਭਾਵਨਾ ਤੇ ਅਮਨ-ਸ਼ਾਂਤੀ ਨਾਲ ਮਿਲ-ਜੁਲ ਕੇ ਰਹਿਣ ਦੀ ਹੈ, ਨੂੰ ਤਬਾਹ ਕਰਨ ਦਾ ਯਤਨ ਹੋ ਰਿਹਾ ਹੈ। ਸੰਘ ਪਰਿਵਾਰ ਦੇ ਮੈਂਬਰਾਂ ਵੱਲੋਂ ਮਸਜਿਦਾਂ ਹੇਠਾਂ ਮੰਦਰਾਂ ਦੇ ਹੋਣ ਦਾ ਬਿਰਤਾਂਤ ਸਿਰਜਣਾ ਆਮ ਵਰਤਾਰਾ ਬਣ ਗਿਆ ਹੈ। ਅਜਿਹੀਆਂ ਘਟਨਾਵਾਂ ਵਾਪਰਨ ਦੇ ਨਤੀਜੇ ਵਜੋਂ ਕਈ ਜਗ੍ਹਾ ਫਿਰਕੂ ਫਸਾਦ ਵੀ ਹੋਏ ਹਨ ਤੇ ਦੋਸ਼ੀਆਂ ਨੂੰ ਫੁੱਲਮਾਲਾ ਪਾ ਕੇ ਸਤਿਕਾਰਿਆ ਜਾਂਦਾ ਹੈ।
ਸੰਘ ਪਰਿਵਾਰ ਦੇ ਅਲੱਗ-ਅਲੱਗ ਮੈਂਬਰਾਂ ਵੱਲੋਂ ਕਈ ਵਾਰ ਆਪਣੇ ਖਤਰਨਾਕ ਮਨਸੂਬਿਆਂ ਨੂੰ ਛੁਪਾਉਣ ਵਾਸਤੇ ਵੱਖ-ਵੱਖ ਤੇ ਇਕ-ਦੂਸਰੇ ਤੋਂ ਪਾਟਵੀਂ ਬਿਆਨਬਾਜ਼ੀ ਕਰਕੇ ਸਾਧਾਰਨ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਜਦ ਕਿ ਹਕੀਕਤ ਇਹ ਹੈ ਕਿ ਇਹ ਸਾਰੇ ਸੰਗਠਨ ਦੇਸ਼ ਦੇ ਧਰਮਨਿਰਪੱਖ ਤੇ ਲੋਕਰਾਜੀ ਤੇ ਸੰਘਾਤਮਕ ਢਾਂਚੇ ਨੂੰ ਤੋੜਨ ਦੇ ਕੱਟੜ ਸਮਰਥਕ ਹਨ।
ਇਕ ਨੇਤਾ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਲਾਉਂਦਾ ਹੈ, ਜਦ ਕਿ ਦੂਸਰਾ ਮੁਸਲਮਾਨਾਂ ਨੂੰ ਦੇਸ਼ ’ਚੋਂ ਬਾਹਰ ਚਲੇ ਜਾਣ ਦੀ ਧਮਕੀ ਦੇ ਰਿਹਾ ਹੁੰਦਾ ਹੈ। ਇਸ ਨਾਲ ਵਿਸ਼ੇਸ਼ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ।
ਦੂਸਰੇ ਪਾਸੇ ਜੇਕਰ ਮੁਸਲਮਾਨ ਭਾਈਚਾਰੇ ’ਚੋਂ ਫਿਰਕੂ ਸੋਚ ਵਾਲਾ ਕੋਈ ਗੈਰ-ਜ਼ਿੰਮੇਵਾਰ ਆਦਮੀ ‘ਹਿੰਦੂ ਧਰਮ’ ਬਾਰੇ ਕੋਈ ਇਤਰਾਜ਼ਯੋਗ ਸ਼ਬਦ ਵੀ ਬੋਲ ਦਿੰਦਾ ਹੈ, ਤਦ ਉਸ ਨੂੰ ਦੇਸ਼ਧ੍ਰੋਹੀ ਜਾਂ ਕਿਸੇ ਹੋਰ ਸੰਗੀਨ ਕੇਸਾਂ ’ਚ ਗ੍ਰਿਫ਼ਤਾਰ ਕਰਕੇ ਜੇਲ੍ਹਾਂ ’ਚ ਬੰਦ ਕਰ ਦਿੱਤਾ ਜਾਂਦਾ ਹੈ।
ਮਹਾਨ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਕੇਂਦਰ ਦਾ ਪੰਜਾਬ ਪ੍ਰਤੀ ਵਤੀਰਾ ਹੋਰ ਵੀ ਨਿਰਦਈ ਤੇ ਸਾਜ਼ਿਸ਼ੀ ਰੂਪ ਧਾਰਨ ਕਰ ਗਿਆ ਹੈ। ਹਰ ਹੀਲੇ ਸੰਘ ਪਰਿਵਾਰ, ਪੰਜਾਬ ਅੰਦਰ ਆਪਣੀ ਵਿਚਾਰਧਾਰਕ ਪਕੜ ਤੇ ਜਥੇਬੰਦਕ ਸ਼ਕਤੀ ਮਜ਼ਬੂਤ ਕਰਨਾ ਚਾਹੁੰਦਾ ਹੈ।
ਇਸ ਕੰਮ ਲਈ ਸੂਬੇ ਦੀ ਗੈਰ-ਸਿੱਖ ਵਸੋਂ ਨੂੰ ‘ਸੰਘ’ ਦੇ ਇਸ ਪ੍ਰਾਯੋਜਨ ’ਚ ਭਾਗੀਦਾਰ ਬਣਾਉਣ ਲਈ ਸਰਕਾਰੀ ਏਜੰਸੀਆਂ ਆਪਣੇ ਏਜੰਟਾਂ ਰਾਹੀਂ ਫਿਰਕੂ ਤਣਾਅ ਪੈਦਾ ਕਰਨ ਵਾਲੀਆਂ ਘਟਨਾਵਾਂ ਨੂੰ ਅਮਲ ’ਚ ਲਿਆਉਂਦੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਪੱਖ ਤੋਂ ਖਾਲਿਸਤਾਨ ਦੇ ਨਾਮ ਨਿਹਾਦ ਸ਼ਰਾਰਤੀ, ਪ੍ਰੰਤੂ ਮੁੱਠੀ ਭਰ ਤੱਤਾਂ ਵੱਲੋਂ ਪੁਲਸ ਥਾਣਿਆਂ ਜਾਂ ਪਬਲਿਕ ਥਾਵਾਂ ’ਤੇ ਗ੍ਰੇਨੇਡ ਸੁੱਟਣ ਦੀਆਂ ਘਟਨਾਵਾਂ ਦੀ ਤਹਿ ਤੱਕ ਜਾ ਕੇ ਪੜਤਾਲ ਕੀਤੇ ਜਾਣ ਦੀ ਲੋੜ ਹੈ?
ਪੇਂਡੂ ਖੇਤਰਾਂ ਅੰਦਰ ਸੰਘ ਪੈਸੇ ਤੇ ਹੋਰ ਕਈ ਕਿਸਮ ਦੇ ਲਾਲਚ ਦੇ ਕੇ ਦਲਿਤ ਭਾਈਚਾਰੇ ’ਚੋਂ ਆਪਣੇ ਸਮਰਥਕ ਬਣਾ ਕੇ ਕਿਸਾਨ ਵਿਰੋਧੀ ਪ੍ਰਚਾਰ ਕਰ ਰਿਹਾ ਹੈ ਕਿ ‘‘ਭਾਜਪਾ ਕਿਸਾਨਾਂ ਦੀਆਂ ਜ਼ਮੀਨਾਂ ਦਲਿਤਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ, ਪ੍ਰੰਤੂ ਕਿਸਾਨ ਜਥੇਬੰਦੀਆਂ ਤੇ ਕਮਿਊਨਿਸਟ ਇਸ ਕੰਮ ’ਚ ਵੱਡਾ ਅੜਿੱਕਾ ਹਨ।’’ ਇਕ ਖਾਸ ਯੋਜਨਾ ਤਹਿਤ ਦਿੱਲੀ ਦੀਆਂ ਹੱਦਾਂ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਸ਼ਾਂਤਮਈ ਤੇ ਅਨੁਸ਼ਾਸਨਬੱਧ ਜੇਤੂ ਕਿਸਾਨ ਅੰਦੋਲਨ ਨੂੰ ਜਥੇਬੰਦ ਕਰਨ ਵਾਲੀਆਂ ਜਥੇਬੰਦੀਆਂ ’ਚ ਫੁੱਟ ਦੇ ਬੀਅ, ਬੀਜ ਦਿੱਤੇ ਗਏ ਹਨ। ਸੰਭਾਵਨਾ ਹੈ ਕਿ ਭਾਜਪਾ ਵੱਲੋਂ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਕਿਸਾਨੀ ਅੰਦੋਲਨ ਨੂੰ ਦੇਸ਼ ਪੱਧਰ ’ਤੇ ਬਦਨਾਮ ਕਰਨ ਲਈ ਵੱਡੀ ਮੁਹਿੰਮ ਚਲਾਈ ਜਾਵੇ।
ਕੁਝ ਮਾਅਰਕੇਬਾਜ਼ ਤੇ ਸ਼ਰਾਰਤੀ ਲੋਕਾਂ ਵੱਲੋਂ ਗੈਰ-ਜ਼ਰੂਰੀ ਹਿੰਸਕ ਕਾਰਵਾਈਆਂ ਕੀਤੇ ਜਾਣ ਦੀਆਂ ਸੰਭਾਵਨਾਵਾਂ ਤੋਂ ਵੀ ਅਵੇਸਲਾ ਨਹੀਂ ਹੋਇਆ ਜਾ ਸਕਦਾ। ਬਹੁਤ ਸਾਰੇ ਰਾਜਨੀਤਕ ਨੇਤਾਵਾਂ ਨੂੰ ਧਨ ਤੇ ਸੱਤਾ ਦਾ ਲਾਲਚ ਦੇਣ ਦੇ ਨਾਲ-ਨਾਲ ਸੀ. ਬੀ. ਆਈ. ਤੇ ਈ. ਡੀ. ਦਾ ਡਰ ਦਿਖਾ ਕੇ ਭਾਜਪਾ ਵੱਲ ਨੂੰ ਪਾਸਾ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ।
ਪਿਛਲੇ ਦਿਨਾਂ ’ਚ ਸਿੱਖਾਂ ਦੇ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ, ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਅੰਦਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਜਿਸ ਤਰ੍ਹਾਂ ਦਖ਼ਲਅੰਦਾਜ਼ੀ ਤੇ ਘੁਸਪੈਠ ਨਾਲ ਸਿੱਖ ਭਾਈਚਾਰੇ ਅੰਦਰ ਫੁੱਟ ਤੇ ਇਕ-ਦੂਸਰੇ ਪ੍ਰਤੀ ਬੇਵਿਸ਼ਵਾਸੀ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਇਸ ਖਿੱਤੇ ਦੇ ਵਸਨੀਕਾਂ ਲਈ ਵੱਡੇ ਖਤਰਿਆਂ ਦਾ ਲਖਾਇਕ ਹੈ।
ਕੇਂਦਰ ਸਰਕਾਰ ਦੀਆਂ ਇਹ ਸਾਜ਼ਿਸ਼ਾਂ, ਖਾਸ ਕਰ ਸਰਹੱਦੀ ਸੂਬੇ ਪੰਜਾਬ ਅੰਦਰ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡੇ ਖ਼ਤਰਿਆਂ ਦਾ ਸਬੱਬ ਬਣ ਸਕਦੀਆਂ ਹਨ। ਜੰਮੂ-ਕਸ਼ਮੀਰ ਦੇ ਲੋਕ ਪਹਿਲਾਂ ਹੀ ਕੇਂਦਰ ਦੀਆਂ ਗੈਰ-ਜਮਹੂਰੀ ਨੀਤੀਆਂ ਕਾਰਨ ਬੇਗਾਨਗੀ ਦੀ ਭਾਵਨਾ ਨਾਲ ਜ਼ਿੰਦਗੀ ਬਸਰ ਕਰ ਰਹੇ ਹਨ।
ਭਾਜਪਾ ਤੇ ਸੰਘ ਪਰਿਵਾਰ ਆਪਣੇ 1925 ’ਚ ਮਿਥੇ ਨਿਸ਼ਾਨੇ (ਧਰਮ ਆਧਾਰਿਤ ਗੈਰ-ਲੋਕਰਾਜੀ ਵਿਵਸਥਾ ਦੀ ਕਾਇਮੀ) ਦੀ ਪ੍ਰਾਪਤੀ ਲਈ ਬਜ਼ਿੱਦ ਹੈ।
ਇਹ ਜ਼ਿੰਮਾ ਦੇਸ਼ ਦੀਆਂ ਸਮੂਹ ਦੇਸ਼ ਭਗਤ, ਲੋਕਰਾਜੀ, ਅਗਾਂਹਵਧੂ ਤੇ ਖੱਬੀਆਂ ਸ਼ਕਤੀਆਂ ਦਾ ਹੈ ਕਿ ਉਹ ਫਿਰਕੂ ਤਾਕਤਾਂ ਦੀ ਚੁੰਗਲ ’ਚ ਫਸੇ ਸਮੂਹ ਲੋਕਾਂ ਨੂੰ ਮੁਕਤ ਕਰਾਉਣ ਲਈ ਵਿਸ਼ਾਲ ਰਾਜਨੀਤਕ ਤੇ ਵਿਚਾਰਧਾਰਕ ਘੋਲ ਦਾ ਡੰਕਾ ਵਜਾਉਣ।
ਮੰਗਤ ਰਾਮ ਪਾਸਲਾ